ਉਹ ਭਾਰਤ ਦੀ ਅਜ਼ਾਦੀ ਖਾਤਰ ਲੜੇ ਅਤੇ ਅਜ਼ਾਦੀ ਦੇ 70 ਸਾਲ ਬੀਤ ਜਾਣ ਬਾਅਦ ਵੀ ਲੜ ਹੀ ਰਹੇ ਹਨ- ਪਰ ਇਸ ਵਾਰ ਉਨ੍ਹਾਂ ਦੀ ਲੜਾਈ ਦੇਸ਼ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਨਿਆ ਦਵਾਉਣ ਨੂੰ ਲੈ ਕੇ ਹੈ।
ਹੌਸਾਬਾਈ ਪਾਟਿਲ , ਜੋ ਹੁਣ 91 ਸਾਲਾਂ ਦੀ ਹਨ, ਤੂਫਾਨ ਸੈਨਾ ਦੀ ਮੈਂਬਰ ਸਨ। ਇਹ ਉਸ ਸਮੇਂ ਮਹਾਰਾਸ਼ਟਰ ਦੇ ਸਤਾਰਾ ਇਲਾਕੇ ਦੀ ਪ੍ਰਤੀ ਸਰਕਾਰ (ਆਰਜੀ ਭੂਮੀਗਤ ਸਰਕਾਰ) ਦੀ ਹਥਿਆਰਬੰਦ ਸ਼ਾਖਾ ਸੀ, ਜਿਹਨੇ 1943 ਵਿੱਚ ਹੀ ਬ੍ਰਿਟਿਸ਼ ਸ਼ਾਸਨ ਪਾਸੋਂ ਅਜ਼ਾਦੀ ਦਾ ਐਲਾਨ ਕੀਤਾ ਸੀ। 1943 ਅਤੇ 1946 ਦਰਮਿਆਨ, ਹੌਸਾਬਾਈ ਉਨ੍ਹਾਂ ਇਨਕਲਾਬੀਆਂ ਦੇ ਦਲ ਦਾ ਹਿੱਸਾ ਸਨ, ਜਿਨ੍ਹਾਂ ਨੇ ਬ੍ਰਿਟਿਸ਼ ਰੇਲਾਂ, ਸ਼ਾਹੀ ਖਜਾਨੇ ਅਤੇ ਡਾਕਘਰਾਂ 'ਤੇ ਹਮਲੇ ਕੀਤੇ ਸਨ।
ਤੂਫਾਨ ਸੈਨਾ ਦੇ 'ਫੀਲਡ ਮਾਰਸ਼ਲ' ਰਾਮ ਚੰਦਰ ਸ਼੍ਰੀਪਤੀ ਲਾਡ ਸਨ, ਜਿਨ੍ਹਾਂ ਨੂੰ ਕੈਪਟਨ ਭਾਊ (ਮਰਾਠੀ ਵਿੱਚ ਭਾਊ ਦਾ ਮਤਲਬ ਵੱਡਾ ਭਰਾ ਹੁੰਦਾ ਹੈ) ਦੇ ਨਾਮ ਨਾਲ਼ ਜਾਣਿਆ ਜਾਂਦਾ ਸੀ। 7 ਜੂਨ 1943 ਨੂੰ ਲਾਡ ਨੇ ਬ੍ਰਿਟਿਸ਼ ਰਾਜ ਦੇ ਅਧਿਕਾਰੀਆਂ ਦੀ ਤਨਖਾਹ ਲਿਜਾ ਰਹੀ ਪੂਨੇ-ਮਿਰਾਜ ਟ੍ਰੇਨ 'ਤੇ ਹੋਏ ਯਾਦਗਾਰੀ ਹਮਲੇ ਦੀ ਆਗਵਾਈ ਕੀਤੀ ਸੀ।
ਜਦੋਂ ਅਸੀਂ ਸਤੰਬਰ 2016 ਨੂੰ ਉਨ੍ਹਾਂ ਨਾਲ਼ ਮਿਲ਼ੇ ਸਾਂ ਤਾਂ ਲੈਡ, ਜੋ ਉਸ ਵੇਲ਼ੇ 94 ਸਾਲਾਂ ਦੇ ਸਨ, ਸਾਨੂੰ ਦੱਸਣਾ ਚਾਹੁੰਦੇ ਸਨ ਕਿ ''ਇਹ ਪੈਸਾ ਕਿਸੇ ਦੀ ਜੇਬ੍ਹ ਵਿੱਚ ਨਹੀਂ ਗਿਆ, ਸਗੋਂ ਪ੍ਰਤੀ ਸਰਕਾਰ ਨੂੰ ਸੌਂਪ ਦਿੱਤਾ ਗਿਆ।'' ਅਸੀਂ ਉਹ ਪੈਸਾ ਲੋੜਵੰਦਾਂ ਅਤੇ ਗ਼ਰੀਬਾਂ ਵਿੱਚ ਵੰਡ ਦਿੱਤਾ।''
29-30 ਨਵੰਬਰ, 2018 ਨੂੰ ਦਿੱਲੀ ਵਿਖੇ ਹੋਣ ਵਾਲ਼ੇ ਕਿਸਾਨ ਮੁਕਤੀ ਮਾਰਚ ਤੋਂ ਪਹਿਲਾਂ ਕੈਪਟਨ ਭਾਊ ਅਤੇ ਹੌਸਾਬਾਈ ਨੇ ਖੇਤੀ ਸੰਕਟ ਨੂੰ ਸਮਰਪਤ ਸੰਸਦ ਦੇ 21 ਦਿਨਾ ਸੈਸ਼ਨ ਦੀ ਮੰਗ ਕਰਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਪਣੀ ਹਮਾਇਤ ਦਿੱਤੀ।
ਇਨ੍ਹਾਂ ਵੀਡਿਓ ਵਿੱਚ ਕੈਪਟਨ ਭਾਊ ਸਾਨੂੰ ਚੇਤੇ ਦਵਾਉਂਦੇ ਹਨ ਕਿ ਅੱਜ ਕਿਸਾਨਾਂ ਦਾ ਆਤਮ-ਹੱਤਿਆ ਕਰਨਾ ਸਾਡੇ ਲਈ ਕਿੰਨਾ ਸ਼ਰਮਨਾਕ ਹੈ ਅਤੇ ਹੌਸਾ ਬਾਈ ਜ਼ੋਰ ਦੇ ਕੇ ਕਹਿੰਦੀ ਹਨ ਕਿ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੀ ਵਧੀਆ ਕੀਮਤ ਦੇਵੇ ਅਤੇ ਸਰਕਾਰ ਜਾਗੇ ਅਤੇ ਗ਼ਰੀਬਾਂ ਲਈ ਬੇਹਤਰ ਕੰਮ ਕਰੇ।
ਤਰਜਮਾ: ਕਮਲਜੀਤ ਕੌਰ