''ਗੱਲ ਸਿਰਫ਼ ਕਠਪੁਤਲੀਆਂ ਜਾਂ ਉਨ੍ਹਾਂ ਦੀ ਪੇਸ਼ਕਾਰੀ ਦੀ ਨਹੀਂ ਹੈ,'' ਰਾਮਚੰਦਰ ਪੁਲਵਰ ਕਹਿੰਦੇ ਹਨ। ਉਹ 40 ਸਾਲਾਂ ਤੋਂ ਵੱਧ ਸਮੇਂ ਤੋਂ ਤੋਲਪਾਵਕੂਤੁ ਸ਼ੈਲੀ ਵਿੱਚ ਕਠਪੁਤਲੀਆਂ ਦਾ ਖੇਡ ਦਿਖਾ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅੱਡੋ-ਅੱਡ ਭਾਈਚਾਰਿਆਂ ਦੇ ਕਠਪੁਤਲੀ ਕਲਾਕਾਰਾਂ ਦੁਆਰਾ ਸੁਣਾਈਆਂ ਜਾਣ ਵਾਲ਼ੀਆਂ ਬਹੁ-ਸੱਭਿਆਚਾਰਕ ਕਹਾਣੀਆਂ, ਕੇਰਲ ਦੇ ਮਾਲਾਬਾਰ ਇਲਾਕੇ ਦੀਆਂ ਸਮਕਾਲੀ ਪਰੰਪਰਾਵਾਂ ਨੂੰ ਰੇਖਾਂਕਿਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਉਹ ਅੱਗੇ ਦੱਸਦੇ ਹਨ,''ਸਭ ਤੋਂ ਅਹਿਮ ਗੱਲ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸਾਂਭੀ ਰੱਖਣ ਤੇ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਇਸ ਕਲਾ ਨੂੰ ਸੌਂਪਣਾ ਹੈ। ਤੋਲਪਾਵਕੂਤੁ ਜ਼ਰੀਏ ਅਸੀਂ ਜੋ ਕਹਾਣੀਆਂ ਸੁਣਾਉਂਦੇ ਹਾਂ ਉਨ੍ਹਾਂ ਦਾ ਇੱਕ ਡੂੰਘਾ ਅਰਥ ਹੁੰਦਾ ਹੈ ਤੇ ਇਹ ਸਮਝ ਲੋਕਾਂ ਨੂੰ ਬਿਹਤਰ ਇਨਸਾਨ ਬਣਨ ਵਿੱਚ ਮਦਦ ਕਰਦੀ ਹੈ।''
ਤੋਲਪਾਵਕੂਤੁ , ਕੇਰਲ ਵਿਖੇ ਸ਼ੈਡੋ ਪਪੇਟ ਥੀਏਟਰ ਦੀ ਇੱਕ ਰਵਾਇਤੀ ਕਲਾ ਹੈ। ਇਹ ਕਲਾ ਆਮ ਤੌਰ 'ਤੇ ਮਾਲਾਬਾਰ ਇਲਾਕੇ ਦੀ ਭਾਰਤਪੁੜਾ (ਨੀਲਾ) ਨਦੀ ਤਟ 'ਤੇ ਵੱਸੇ ਪਿੰਡਾਂ ਵਿੱਚ ਦੇਖਣ ਨੂੰ ਮਿਲ਼ਦੀ ਹੈ। ਕਠਪੁਤਲੀ ਕਲਾਕਾਰ ਅੱਡੋ-ਅੱਡ ਜਾਤੀਆਂ ਤੇ ਭਾਈਚਾਰਿਆਂ ਤੋਂ ਆਉਂਦੇ ਹਨ ਤੇ ਕੋਈ ਵੀ ਵਿਅਕਤੀ ਆਪਣੀ ਕਠਪੁਤਲੀ ਕਲਾ ਦਾ ਪ੍ਰਦਰਸ਼ਨ ਕਰ ਸਕਦਾ ਹੈ।
ਤੋਲਪਾਵਕੂਤੁ ਦੀ ਪੇਸ਼ਕਾਰੀ, ਮੰਦਰ ਦੇ ਬਾਹਰ ਸਥਿਤ ਕੂਤੁਮਾਡਲ ਨਾਮਕ ਇੱਕ ਨਾਟਸ਼ਾਲਾ ਵਿੱਚ ਕੀਤੀ ਜਾਂਦੀ ਹੈ। ਇਸ ਕਲਾ ਦੀ ਪੇਸ਼ਕਾਰੀ ਦਾ ਲੁਤਫ਼ ਹਰ ਭਾਈਚਾਰੇ ਤੇ ਉਮਰ ਵਰਗ ਦੇ ਲੋਕੀਂ ਚੁੱਕਦੇ ਹਨ। ਰਵਾਇਤੀ ਰੂਪ ਨਾਲ਼ ਇਹਦਾ ਪ੍ਰਦਰਸ਼ਨ ਦੇਵੀ ਭਦਰਕਾਲੀ ਦੇ ਪਵਿੱਤਰ ਬਾਗ਼ ਦੇ ਪਰੰਪਰਾਗਤ ਮਾਹੌਲ ਵਿੱਚ ਮਨਾਏ ਜਾਣ ਵਾਲ਼ੇ ਸਲਾਨਾ ਤਿਓਹਾਰ ਵਿੱਚ ਕੀਤਾ ਜਾਂਦਾ ਹੈ। ਇਸ ਪੇਸ਼ਕਾਰੀ ਵਿੱਚ ਹਿੰਦੂ ਮਹਾਂ-ਕਾਵਿ ਰਾਮਾਇਣ ਤੋਂ ਰਾਮ ਤੇ ਰਾਵਣ ਦਰਮਿਆਨ ਹੋਏ ਮਹਾਂਯੁੱਧ ਨੂੰ ਦਰਸਾਉਂਦਾ ਹੈ। ਹਾਲਾਂਕਿ, ਇਸ ਪੇਸ਼ਕਾਰੀ ਵਿੱਚ ਸਿਰਫ਼ ਰਮਾਇਣ ਦੀਆਂ ਧਾਰਮਿਕ ਕਹਾਣੀਆਂ ਨੂੰ ਹੀ ਨਹੀਂ ਦਰਸਾਇਆ ਜਾਂਦਾ, ਸਗੋਂ ਇਨ੍ਹਾਂ ਵਿੱਚ ਲੋਕ-ਕਥਾਵਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ।
ਕਠਪੁਤਲੀ ਕਲਾਕਾਰ ਨਰਾਇਣ ਨਾਇਰ ਕਹਿੰਦੇ ਹਨ,''ਆਪਣੀ ਪੇਸ਼ਕਾਰੀ ਵਾਸਤੇ, ਸਾਨੂੰ ਮਾਲੀ ਮਦਦ ਤੇ ਲੋਕਾਂ ਦਾ ਸਮਰਥਨ ਪਾਉਣ ਵਾਸਤੇ ਸੰਘਰਸ਼ ਕਰਨਾ ਪੈਂਦਾ ਹੈ। ਬਹੁਤੇ ਲੋਕੀਂ ਤੋਲਪਾਵਕੂਤੁ ਦੇ ਮਹੱਤਵ ਤੋਂ ਅਣਜਾਣ ਹਨ ਤੇ ਉਨ੍ਹਾਂ ਦੀ ਨਜ਼ਰ ਵਿੱਚ ਇਸ ਕਲਾ ਨੂੰ ਸਾਂਭੀ ਰੱਖਣ ਦੇ ਕੋਈ ਮਾਇਨੇ ਨਹੀਂ ਹਨ।''
ਇਹ ਫ਼ਿਲਮ ਕਠਪੁਤਲੀ ਕਲਾਕਾਰ ਬਾਲਕ੍ਰਿਸ਼ਨ ਪੁਲਵਰ, ਰਾਮਚੰਦਰ ਪੁਲਾਵਰ, ਨਰਾਇਣ ਨਾਇਰ ਤੇ ਸਦਾਨੰਦ ਪੁਲਵਰ ਦੀ ਅਵਾਜ਼ ਸਾਡੇ ਤੱਕ ਪਹੁੰਚਾਉਂਦੀ ਹੈ, ਜਿਨ੍ਹਾਂ ਨੇ ਇੰਨੇ ਜਫ਼ਰ ਜਾਲਣ ਤੋਂ ਬਾਅਦ ਵੀ ਇਸ ਕਲਾ ਨੂੰ ਜਿਊਂਦੇ ਰੱਖਣ ਦੀ ਕੋਸ਼ਿਸ਼ ਨਹੀਂ ਛੱਡੀ।
ਇਹ ਸਟੋਰੀ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐੱਮਐੱਮਐੱਫ਼) ਤੋਂ ਮਿਲ਼ੀ ਫ਼ੈਲੋਸ਼ਿਪ ਤਹਿਤ ਲਿਖੀ ਗਈ ਹੈ।
ਤਰਜਮਾ: ਕਮਲਜੀਤ ਕੌਰ