ਅਨੰਤਪੁਰ ਵਿਖੇ ਰੈਕਸਿਨ ਦਾ ਸਮਾਨ ਵੇਚਣ ਵਾਲ਼ੀਆਂ ਦੁਕਾਨਾਂ ਨਾਲ਼ ਭਰੀ ਇਹ ਗਲ਼ੀ, ਆਮ ਤੌਰ ‘ਤੇ ਕਈ ਨਿਊਜ-ਰੂਮਾਂ ਵਿੱਚ ਬੈਠੇ ਪੰਡਤਾਂ ਦੇ ਮੁਕਾਬਲੇ ਆਂਧਰਾ ਪ੍ਰਦੇਸ਼ ਦੀ ਰਾਜਨੀਤੀ ਦੀ ਵੱਧ ਸਟੀਕ ਤਸਵੀਰ ਪੇਸ਼ ਕਰ ਸਕਦੀ ਹੈ। ਅਨੰਤਪੁਰ ਦੇ ਕਈ ਪਬਲਿਕ ਬੁੱਧੀਜੀਵੀ, ਜਗਨਮੋਹਨ ਰੈਡੀ ਨੂੰ ਪਿਛਲੀਆਂ ਚੋਣਾਂ ਵਿੱਚ ਜਿੱਤਦੇ ਹੋਏ ਦੇਖ ਕੇ ਹੈਰਾਨ ਹੋ ਗਏ ਸਨ, ਪਰ ਰੈਕਸਿਨ ਦੀਆਂ ਦੁਕਾਨਾਂ ਵਾਲ਼ਿਆਂ ਨੇ ਇਸਦਾ ਅੰਦਾਜ਼ਾ ਪਹਿਲਾਂ ਹੀ ਲਾ ਲਿਆ ਸੀ। ਰੈਕਸਿਨ ਦੀ ਇੱਕ ਦੁਕਾਨ ਦੇ ਮਾਲਕ, ਡੀ. ਨਰਾਇਣਸਵਾਮੀ ਕਹਿੰਦੇ ਹਨ,“ਅਸੀਂ ਚੋਣਾਂ ਤੋਂ ਕੁਝ ਸਮਾਂ ਪਹਿਲਾਂ, ਵਾਈਐੱਸਆਰ ਕਾਂਗਰਸ ਪਾਰਟੀ (ਚੋਣ ਨਿਸ਼ਾਨ ਛਾਪੇ ਵਾਲ਼ੇ) ਦੇ ਜ਼ਿਆਦਾ ਤੋਂ ਜ਼ਿਆਦਾ ਕਾਠੀ ਬੈਗਾਂ ਦੀ ਸਿਲਾਈ ਸ਼ੁਰੂ ਕਰ ਦਿੱਤੀ ਸੀ।”
ਕਾਠੀ ਬੈਗਾਂ ਨੇ ਜਾਣ ਲਿਆ ਸੀ ਕਿ ਊਠ ਨੇ ਕਿਹੜੀ ਕਰਵਟ ਬਹਿਣਾ ਸੀ। ਵਾਈਐੱਸਆਰ ਕਾਂਗਰਸ ਪਾਰਟੀ ਨੇ ਛਾਪੇ ਵਾਲ਼ੇ ਬੈਗ ਦੀ ਭਾਰੀ ਮੰਗ ਨੇ ਇੱਥੇ ਸਾਲ 2019 ਦੇ ਵਿਧਾਨਸਭਾ ਚੋਣਾਂ ਦੇ ਨਤੀਜਿਆਂ ਦੀ ਭਵਿੱਖਬਾਣੀ ਕਰ ਦਿੱਤੀ ਸੀ।
90ਵਿਆਂ ਦੇ ਦੌਰ ਵਿੱਚ, ਇਹ ਦੁਕਾਨਾਂ ਖ਼ਾਸ ਤੌਰ ‘ਤੇ ਸਸਤੇ ਅਤੇ ਟਿਕਾਊ ਬੈਗ ਸਿਊਂਦੀਆਂ ਸਨ। ਮੈਂ ਖ਼ੁਦ ਉਨ੍ਹਾਂ ਪਾਸੋਂ ਇੱਕ-ਦੋ ਬੈਗ ਖ਼ਰੀਦ ਚੁੱਕਿਆ ਸਾਂ। ਇੱਕ ਦਹਾਕਾ ਬੀਤਣ ਬਾਅਦ, ਸਕੂਲ ਬੈਗ ਵੇਚਣ ਲਈ ਬੂਟਾਂ ਦੀਆਂ ਦੁਕਾਨਾਂ ਵੱਧ ਮਸ਼ਹੂਰ ਹੋ ਗਈਆਂ ਸਨ। ਰੈਕਸਿਨ ਦੀਆਂ ਦੁਕਾਨਾਂ ਨੇ ਫ਼ਿਲਮੀ ਸਿਤਾਰਿਆਂ ਅਤੇ ਸਿਆਸਤਦਾਨਾਂ ਦੀ ਫ਼ੋਟੇ ਵਾਲ਼ੇ ਕਾਠੀ-ਬੈਗਾਂ (ਮੋਟਰਸਾਈਕਲਾਂ ਦੇ) ਦੀ ਵਿਕਰੀ ਸ਼ੁਰੂ ਕਰ ਦਿੱਤੀ; ਨਾਲ਼ ਹੀ, ਮੋਟਰਸਾਈਕਲ, ਆਟੋਰਿਕਸ਼ਾ ਅਤੇ ਸੋਫ਼ਿਆਂ ਵਾਸਤੇ ਸੀਟ ਕਵਰ ਅਤੇ ਕਾਰ ਦੇ ਕਵਰ ਵੀ ਵੇਚੇ ਜਾਣ ਲੱਗੇ ਸਨ। ਰਾਜਨੀਤਕ ਡਿਜ਼ਾਇਨਰ ਬੈਗ ਦੀ ਵਿਕਰੀ ਸਾਲ 2019 ਚੋਣਾਂ ਦੇ ਆਉਂਦੇ-ਆਉਂਦੇ ਆਪਣੇ ਸਿਖਰ ਜਾ ਪੁੱਜੀ ਸੀ। ਪਿਛਲੀ ਸਰਕਾਰ ਵੇਲ਼ੇ ਫ਼ਾਇਦਾ ਚੁੱਕਣ ਵਾਲ਼ੇ, ਤੇਲੁਗੂ ਦੇਸ਼ਮ ਪਾਰਟੀ ਦੇ ਇੱਕ ਮਤਦਾਤਾ ਨੇ 2019 ਵਿੱਚ ਮੈਨੂੰ ਦੱਸਿਆ,“ਅਸੀਂ ਭੁੱਖੇ ਰਹਿ ਸਕਦੇ ਹਾਂ ਪਰ ਅਸੀਂ ਅੱਜ ਵੀ ਆਪਣੀ ਪਾਰਟੀ ਦੇ ਝੁੰਡੇ ਨਾਲ਼ ਘੁੰਮਾਂਗੇ ਅਤੇ ਸਾਨੂੰ ਕਰਨਾ ਹੀ ਚਾਹੀਦਾ ਹੈ।” ਮੈਨੂੰ ਚੇਤੇ ਹੈ ਉਹ ਜਿਹੜੀ ਬਾਈਕ ‘ਤੇ ਸਵਾਰ ਸਨ ਉਸ ਨਾਲ਼ ਟੀਡੀਪੀ ਦਾ ਕਾਠੀ-ਬੈਗ ਲਮਕ ਰਿਹਾ ਸੀ।
ਜਿਓਂ ਮਹਾਂਮਾਰੀ ਫ਼ੈਲੀ, ਲੋਕਾਂ ਅੰਦਰ ਆਪਣੇ ਪਸੰਦੀਦਾ ਸਿਆਸਤਦਾਨਾਂ ਨੂੰ ਆਪਣੀ ਬਾਈਕ ‘ਤੇ ਕਿਤੇ ਵੀ ਥਾਂ ਦੇਣ ਦੀ ਇੱਛਾ ਵੀ ਦਮ ਤੋੜਨ ਲੱਗੀ। ਇਸ ਤੋਂ ਪਹਿਲਾਂ, ਰੈਕਸਿਨ ਦੁਕਾਨਾਂ ਦੇ ਸਾਹਮਣੇ ਆਮ ਤੌਰ ‘ਤੇ ਸਿਆਸੀ ਸੁਨੇਹਿਆਂ ਅਤੇ ਚਿਹਰਿਆਂ ਵਾਲ਼ੇ ਕਾਠੀ-ਬੈਗ ਲਮਕਦੇ ਰਹਿੰਦੇ ਸਨ। ਹੁਣ ਉਹ ਸਧਾਰਣ ਡਿਜ਼ਾਇਨਾਂ ਨਾਲ ਸਜਾਏ ਗਏ ਬੈਗ ਜਾਂ ਪ੍ਰਸਿੱਧ ਕੰਪਨੀਆਂ ਦੇ ਲੋਗੋ ਵਾਲ਼ੇ ਬੈਗ ਬਣਾ ਰਹੇ ਹਨ। ਇਹਦੇ ਮਗਰਲਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਬਜ਼ਾਰ ਵਿੱਚ ਵੱਖ-ਵੱਖ ਪ੍ਰੋਡੈਕਟਾਂ ਦੀ ਮੰਗ ਲਗਾਤਾਰ ਡਿੱਗ ਰਹੀ ਹੈ, ਕਿਉਂਕਿ ਇਸ ਸਮੇਂ ਲੋਕ ਰੁਜ਼ਗਾਰ ਦੇ ਸੰਕਟ ਅਤੇ ਆਰਥਿਕ ਨੁਕਸਾਨ ਨਾਲ਼ ਜੂਝ ਰਹੇ ਹਨ।
ਇਹ ਵੀ ਹੋ ਸਕਦਾ ਹੈ ਕਿ ਤਾਲਾਬੰਦੀ ਸ਼ੁਰੂ ਹੋਣ ਤੋਂ ਬਾਅਦ ਤੋਂ ਜਨਤਕ ਥਾਵਾਂ ‘ਤੇ ਪੁਲਿਸ ਦੀ ਵੱਧਦੀ ਮੌਜੂਦਗੀ ਕਾਰਨ ਲੋਕ ਆਪਣੀ ਪਸੰਦ ਸਾਹਮਣੇ ਨਾ ਰੱਖਣਾ ਚਾਹੁੰਦੇ ਰਹੇ ਹੋਣ। ਨਰਾਇਣਸਵਾਮੀ ਦੱਸਦੇ ਹਨ,“ਜਦੋਂ ਪੁਲਿਸ ਵਾਲ਼ੇ ਕਿਸੇ ਗੱਲੋਂ ਤੁਹਾਨੂੰ ਰੋਕਣ ਤੇ ਜੇ ਤੁਸੀਂ ਕਿਸੇ ਅੱਡ ਪਾਰਟੀ (ਪੁਲਿਸ ਵਾਲ਼ੇ ਦੀ ਪਸੰਦੀਦਾ ਪਾਰਟੀ ਤੋਂ ਛੁੱਟ) ਦੇ ਨਿਕਲ਼ ਆਵੋ ਤਾਂ ਤੁਸੀਂ ਮੁਸ਼ਕਲ ਵਿੱਚ ਪੈ ਸਕਦੇ ਹੁੰਦੇ ਹੋ।”
ਤਰਜਮਾ: ਕਮਲਜੀਤ ਕੌਰ