ਇਸ ਮੌਸਮ ਵਿੱਚ ਸਾਰੇ ਦੇ ਸਾਰੇ ਟਮਾਟਰ ਤੁਹਾਡੀ ਪਲੇਟ ਵਿੱਚ ਖਿਸਕ ਸਕਦੇ ਹਨ-ਪਰ ਸ਼ਰਤ ਹੈ ਕਿ ਜੇ ਤੁਸੀਂ ਇੱਕ ਗਾਂ ਹੋ ਤਾਂ ਅਤੇ ਜੇਕਰ ਤੁਸੀਂ ਇੱਕ ਬੱਕਰੀ ਹੋ ਤਾਂ ਅਗਲੇ ਮੌਸਮ ਤੁਹਾਡੀ ਪਲੇਟ ਦੀ ਵਾਰੀ।
ਅਨੰਤਪੁਰ ਟਮਾਟਰ ਮੰਡੀ ਦੇ ਕੋਲ਼ ਸਥਿਤ ਇਹ ਖੁੱਲ੍ਹਾ ਮੈਦਾਨ ਉਦੋਂ ਡੰਪਿੰਗ ਗਰਾਊਂਡ ਵਿੱਚ ਬਦਲ ਜਾਂਦਾ ਹੈ, ਜਦੋਂ ਇਸ ਫਲ ਜਾਂ ਸਬਜੀ ਦੇ ਭਾਅ ਇੰਝ ਹੀ ਡਿੱਗਦੇ ਜਾਂਦੇ ਹਨ। (ਟਮਾਟਰ ਅਜਿਹਾ ਫਲ ਹੈ, ਜਿਹਨੂੰ ਸਾਰੇ ਪੋਸ਼ਣ-ਵਿਗਿਆਨ ਸਬਜ਼ੀ ਦੇ ਸ਼੍ਰੇਣੀ ਵਿੱਚ ਹੀ ਰੱਖਦੇ ਹਨ, ਇਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ)। ਜੋ ਕਿਸਾਨ ਨੇੜੇ-ਤੇੜੇ ਦੇ ਪਿੰਡਾਂ ਤੋਂ ਇੱਥੇ ਆਪਣੀ ਪੈਦਾਵਾਰ ਵੇਚਣ ਆਉਂਦੇ ਹਨ, ਉਹ ਆਮ ਤੌਰ 'ਤੇ ਬਚੇ ਹੋਏ ਟਮਾਟਰ ਇੱਥੇ ਹੀ ਸੁੱਟ ਜਾਂਦੇ ਹਨ। ਇਸ ਥਾਂ ਅਕਸਰ ਬੱਕਰੀਆਂ ਦੇ ਝੁੰਡ ਦੇਖੇ ਜਾ ਸਕਦੇ ਹਨ। ਪੀ. ਕਦਿਰੱਪਾ ਕਹਿੰਦੇ ਹਨ,''ਜੇ ਬਰਸਾਤ ਦੇ ਦਿਨੀਂ ਬੱਕਰੀਆਂ ਟਮਾਟਰ ਖਾ ਲੈਣ ਤਾਂ ਉਨ੍ਹਾਂ ਨੂੰ ਫਲੂ ਹੋ ਜਾਂਦਾ ਹੈ।'' ਕਦਿਰੱਪਾ ਆਜੜੀ ਹਨ ਜੋ ਇੱਥੋਂ ਕਰੀਬ 5 ਕਿਲੋਮੀਟਰ ਦੂਰ ਅਨੰਤਪੁਰ ਜਿਲ੍ਹੇ ਵਿੱਚ ਸਥਿਤ ਬੁੱਕਾਰਾਯਾਸਮੁੰਦ੍ਰਮ ਪਿੰਡੋਂ ਆਪਣੀਆਂ ਬੱਕਰੀਆਂ ਇਸ ਕਸਬੇ ਵਿੱਚ ਲਿਆਉਂਦੇ ਹਨ।
ਇਹਨੂੰ ਇੱਕ ਤਰ੍ਹਾਂ ਦਾ ਖੁਲਾਸਾ ਹੀ ਸਮਝਣਾ ਚਾਹੀਦਾ ਹੈ ਕਿ ਖਾਣ-ਪੀਣ ਦੇ ਮਾਮਲੇ ਵਿੱਚ ਬੱਕਰੀਆਂ ਗਾਵਾਂ ਦੇ ਮੁਕਾਬਲੇ ਵੱਧ ਸੰਵੇਦਨਸ਼ੀਲ ਹੁੰਦੀਆਂ ਹਨ, ਇੱਥੋਂ ਤੱਕ ਕਿ ਟਮਾਟਰ ਖਾਦਿਆਂ ਉਨ੍ਹਾਂ ਨੂੰ ਫਲੂ ਹੋ ਜਾਂਦਾ ਹੈ। ਕੁਝ ਦਿਨਾਂ ਤੋਂ ਅਨੰਤਪੁਰ ਵਿੱਚ ਮੀਂਹ ਪੈ ਰਿਹਾ ਹੈ, ਫਲਸਰੂਪ ਬੱਕਰੀਆਂ ਨੂੰ ਉਨ੍ਹਾਂ ਦਾ ਪਸੰਦੀਦਾ ਭੋਜਨ ਨਹੀਂ ਦਿੱਤਾ ਜਾਂਦਾ। ਭਾਵੇਂ ਕਿ ਉਹ ਆਸਪਾਸ ਮੈਦਾਨ ਵਿੱਚ ਜੰਗਲੀ ਬੂਟੀ, ਘਾਹ ਚਰਦੀਆਂ ਰਹਿੰਦੀਆਂ ਹਨ ਪਰ ਇੱਕ ਤਿਰਛੀ ਨਜ਼ਰ ਆਪਣੇ ਵੈਰੀ 'ਤੇ ਵੀ ਟਿਕਾਈ ਰੱਖਦੀਆਂ ਹਨ। ਆਜੜੀ ਆਮ ਤੌਰ 'ਤੇ ਆਪਣੇ ਜਾਨਵਰਾਂ ਦੀ ਇਸ ਦਾਅਵਤ ਬਦਲੇ ਕਿਸਾਨਾਂ ਨੂੰ ਕੋਈ ਪੈਸਾ ਨਹੀਂ ਦਿੰਦੇ, ਕਿਉਂਕਿ ਕਦੇ-ਕਦੇ ਹਰ ਰੋਜ਼ ਹਜ਼ਾਰਾਂ ਹੀ ਟਮਾਟਰ ਸੁੱਟ ਦਿੱਤੇ ਜਾਂਦੇ ਹਨ।
ਅਨੰਤਪੁਰ ਮੰਡੀ ਵਿੱਚ ਆਮ ਤੌਰ 'ਤੇ ਟਮਾਟਰ ਦੇ ਭਾਅ 20 ਤੋਂ 30 ਰੁਪਏ ਕਿੱਲੋ ਹੁੰਦੇ ਹਨ। ਕਸਬੇ ਵਿੱਚ ਸਭ ਤੋਂ ਸਵੱਲੇ ਟਮਾਟਰ ਰਿਲਾਇੰਸ ਮਾਰਟ ਵਿੱਚ ਮਿਲ਼ਦੇ ਹਨ। ਮਾਰਟ ਦੇ ਹੀ ਇੱਕ ਕਰਮਚਾਰੀ ਦੱਸਦੇ ਹਨ,''ਇੱਕ ਵਾਰ ਤਾਂ ਅਸੀਂ ਸਿਰਫ਼ 12 ਰੁਪਏ ਕਿੱਲੋ ਦੇ ਹਿਸਾਬ ਨਾਲ਼ ਟਮਾਟਰ ਵੇਚੇ।'' ਇੱਕ ਸਬਜ਼ੀ ਵਾਲ਼ਾ ਦੱਸਦਾ ਹੈ,''ਮਾਰਟ ਕੋਲ਼ ਆਪਣੇ ਸਪਲਾਇਰ ਹਨ। ਪਰ ਅਸੀਂ ਟਮਾਟਰ ਮੰਡੀ ਤੋਂ ਖਰੀਦਦੇ ਹਾਂ ਅਤੇ ਦਿਨ ਢਲਣ ਤੱਕ ਖਰਾਬ ਹੋ ਰਹੇ ਟਮਾਟਰ ਸੁੱਟ ਦਿੰਦੇ ਹਾਂ।''
ਹਾਲਾਂਕਿ ਇਸ ਭਾਅ 'ਤੇ ਤਾਂ ਗਾਹਕ ਮੰਡੀ ਵਿੱਚ ਟਮਾਟਰ ਖਰੀਦਦੇ ਹਨ। ਸੋ ਕਿਸਾਨਾਂ ਦੀ ਝੋਲ਼ੀ ਤਾਂ ਬਹੁਤ ਮਾਮੂਲੀ ਰਕਮ ਹੀ ਪੈਂਦੀ ਹੈ, ਜੋ 6 ਰੁਪਏ ਕਿਲੋ ਤੋਂ ਲੈ ਕੇ ਵੱਧ ਤੋਂ ਵੱਧ 20 ਰੁਪਏ ਕਿਲੋ ਤੱਕ ਹੁੰਦੀ ਹੈ, ਇਹ ਸਭ ਵੀ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਟਮਾਟਰ ਦੀ ਕਿਹੜੀ ਕਿਸਮ ਹੈ ਅਤੇ ਮੰਡੀ ਵਿੱਚ ਇਹਦੀ ਆਮਦ ਕਦੋਂ ਹੁੰਦੀ ਹੈ। ਵੱਧ ਭਾਅ ਤਾਂ ਕਦੇ ਹੀ ਮਿਲ਼ਦਾ ਹੈ, ਉਹ ਵੀ ਇੱਕ ਜਾਂ ਦੋ ਦਿਨ ਤੋਂ ਵੱਧ ਨਹੀਂ ਟਿਕਦਾ। ਵਿਕਰੇਤਾ ਜੋ ਵੀ ਖ਼ਤਰਾ ਚੁੱਕਦੇ ਹਨ ਉਹ ਕਿਸਾਨ ਨਾਲ਼ ਉਨ੍ਹਾਂ ਦੀ ਨੇੜਤਾ ਜਾਂ ਦੂਰੀ ਨਾਲ਼ ਜੁੜਿਆ ਹੁੰਦਾ ਹੈ। ਬੇਸ਼ੱਕ ਸਭ ਤੋਂ ਵੱਧ ਖ਼ਤਰਾ ਕਿਸਾਨ ਨੂੰ ਹੈ। ਸਭ ਤੋਂ ਘੱਟ ਉਨ੍ਹਾਂ ਕਾਰਪੋਰੇਟ ਕੜੀਆਂ ਨੂੰ ਹੁੰਦਾ ਹੈ ਜੋ ਇਸ ਖੇਤਰ ਤੋਂ ਟਮਾਟਰ ਮੰਗਵਾ ਰਹੀਆਂ ਹੁੰਦੀਆਂ ਹਨ।
ਕੀਮਤਾਂ ਵਿੱਚ ਗਿਰਾਵਟ ਹੋਣ ਤੋਂ ਬਾਅਦ, ਇੱਕ ਵਾਰ ਇੱਕ ਵਪਾਰੀ ਨੇ ਟਮਾਟਰ ਦਾ ਇੱਕ ਪੂਰਾ ਟਰੱਕ ਸਿਰਫ਼ 600 ਰੁਪਏ ਵਿੱਚ ਖਰੀਦਿਆ ਅਤੇ ਉਹਨੂੰ ਮੰਡੀ ਵੇਚ ਦਿੱਤਾ। ''10 ਰੁਪਏ ਦਿਓ ਅਤੇ ਜਿੰਨੇ ਚਾਹੋ ਲੈ ਜਾਓ,'' ਉਹਦਾ ਸਬਜ਼ੀ ਵਿਕਰੇਤਾ ਚੀਕ ਚੀਕ ਕੇ ਓਫਰ ਦੇ ਰਿਹਾ ਸੀ। ਇਹ ਓਫਰ ਸਿਰਫ਼ ਓਦੋਂ ਲਈ ਸੀ, ਜਦੋਂ ਝੋਲ਼ਾ ਛੋਟਾ ਹੁੰਦਾ। ਵੱਡਾ ਝੋਲ਼ਾ ਹੋਣ 'ਤੇ, ਭਰੇ ਝੋਲ਼ੇ (ਟਮਾਟਰ ਨਾਲ਼) ਦੀ ਕੀਮਤ 20 ਰੁਪਏ ਸੀ। ਮੇਰੇ ਖਿਆਲ ਨਾਲ਼ ਉਹਨੇ ਉਸ ਦਿਨ ਠੀਕ-ਠਾਕ ਪੈਸਾ ਵੱਢ ਲਿਆ ਹੋਣਾ।
ਜਿਸ ਦਿਨ ਮੈਂ ਇਹ ਫ਼ੋਟੋ ਖਿੱਚੀ ਉਸ ਦਿਨ ਪੂਰੇ ਅਨੰਤਪੁਰ ਸ਼ਹਿਰ ਵਿੱਚ ਵਿਕਰੇਤਾਵਾਂ ਨੇ 20-25 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ਼ ਟਮਾਟਰ ਵੇਚੇ। ਰਿਲਾਇੰਸ ਮਾਰਟ ਨੇ ਇੱਕ ਕਿੱਲੋ ਦੀ ਕੀਮਤ 19 ਰੁਪਏ ਨਿਰਧਾਰਤ ਕੀਤੀ। ਇੱਥੇ ਸੈਲਫਾਂ 'ਤੇ ਨੈਸਲੇ ਅਤੇ ਹਿੰਦੂਸਤਾਨ ਯੂਨੀਲੀਵਰ ਜਿਹੇ ਮਲਟੀਨੈਸ਼ਨਲ ਬ੍ਰਾਂਡ ਦੇ ਟੋਮੈਟੋ ਸਾਸ ਦੇ ਭੰਡਾਰ ਲੱਗੇ ਰਹਿੰਦੇ ਹਨ, ਜੋ ਸ਼ਾਇਦ ਸਪੈਸ਼ਲ ਇਕਨਾਮਿਕ ਜ਼ੋਨ ਵਿੱਚ ਨਿਰਮਤ ਹੁੰਦੀ ਹੋਵੇਗੀ (ਜਿਹਨੂੰ ਸਰਕਾਰ ਵੱਲੋਂ ਵੀ ਹਮਾਇਤ ਮਿਲ਼ਦੀ ਰਹਿੰਦੀ ਹੈ।)
ਜੇਕਰ ਟਮਾਟਰ ਦੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਮੀਨੀ ਹਮਾਇਤ ਮਿਲ਼ੇ ਤਾਂ ਉਨ੍ਹਾਂ ਨੂੰ ਵੀ ਚੰਗਾ ਲੱਗਦਾ, ਪਰ ਉਨ੍ਹਾਂ ਦੀ ਹਮਾਇਤ ਨਹੀਂ ਦਿੱਤੀ ਜਾਂਦੀ। ਪਰ ਇਸ ਸਭ ਦੇ ਵਿਚਕਾਰ, ਜਦੋਂ ਵੀ ਟਮਾਟਰਾਂ ਦੇ ਭਾਅ ਡਿੱਗਦੇ ਹਨ ਤਾਂ ਸਿਰਫ਼ ਗਾਵਾਂ ਹੀ ਹੁੰਦੀਆਂ ਹਨ ਜੋ ਰਸੀਲੇ ਟਮਾਟਰ ਖਾ ਖਾ ਕੇ ਖੁਸ਼ ਰਹਿੰਦੀਆਂ ਹਨ।
ਤਰਜਮਾ: ਕਮਲਜੀਤ ਕੌਰ