''ਜਦੋਂ ਕਰੋਨਾ ਫੈਲਣਾ ਸ਼ੁਰੂ ਹੋਇਆ ਉਦੋਂ ਤੋਂ ਕੋਚੀਆ (ਆੜ੍ਹਤੀਆਂ) ਨੇ ਸਾਡੇ ਪਿੰਡ ਆਉਣਾ ਬੰਦ ਕਰ ਦਿੱਤਾ, '' ਜਮੁਨਾ ਬਾਈ ਮੰਡਾਵੀ ਕਹਿੰਦੀ ਹਨ। ''ਇਸ ਗੱਲ ਨੂੰ ਤਿੰਨ ਹਫ਼ਤੇ ਲੰਘ ਗਏ ਜਦੋਂ ਉਹ ਪਿਛਲੀ ਵਾਰੀਂ ਟੋਕਰੀਆਂ ਖਰੀਦਣ ਆਏ ਸਨ। ਸੋ ਅਸੀਂ ਕੁਝ ਵੀ ਵੇਚ ਨਹੀਂ ਪਾ ਰਹੇ ਤੇ ਸਾਡੇ ਕੋਲ਼ ਕੁਝ ਵੀ ਖ਼ਰੀਦਣ ਜੋਗੇ ਪੈਸੇ ਨਹੀਂ।''
ਚਾਰਾ ਬੱਚਿਆਂ ਦੀ ਮਾਂ, ਵਿਧਵਾ ਜਮੁਨਾ ਬਾਈ, ਧਮਤਰੀ ਜ਼ਿਲ੍ਹੇ ਦੇ ਨਗਰੀ ਬਲਾਕ ਦੇ ਕੌਹਾਬਹਰਾ ਪਿੰਡ ਵਿੱਚ ਰਹਿੰਦੀ ਹਨ। ਕਰੀਬ 40 ਸਾਲਾ ਜਮੁਨਾ ਕਮਾਰ ਕਬੀਲੇ ਦੀ ਆਦਿਵਾਸੀ ਹਨ, ਜਿਹਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਛੱਤੀਸਗੜ੍ਹ ਦੇ ਖ਼ਾਸ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ) ਵਿੱਚ ਸ਼ਾਮਲ ਕੀਤਾ ਗਿਆ ਹੈ। ਪਿੰਡ ਦੇ ਇਸ ਹਿੱਸੇ ਵਿੱਚ ਉਨ੍ਹਾਂ ਜਿਹੇ ਹੋਰ ਵੀ 36 ਕਮਾਰ ਪਰਿਵਾਰ ਰਹਿੰਦੇ ਹਨ। ਉਨ੍ਹਾਂ ਵਾਂਗਰ ਹੀ, ਬਾਕੀ ਸਾਰੇ ਲੋਕੀਂ ਨੇੜਲੇ ਜੰਗਲਾਂ ਤੋਂ ਬਾਂਸ ਇਕੱਠਾ ਕਰਕੇ ਟੋਕਰੀਆਂ ਬੁਣ ਕੇ ਰੋਜ਼ੀਰੋਟੀ ਕਮਾਉਂਦੇ ਹਨ।
ਜਿਹੜੇ 'ਕੋਚੀਆ' ਦੀ ਗੱਲ ਉਹ ਕਰ ਰਹੀ ਹਨ, ਉਹ ਜਮੁਨਾ ਬਾਈ ਤੇ ਟੋਕਰੀਆਂ ਬਣਾਉਣ ਵਾਲ਼ੇ ਬਾਕੀ ਲੋਕਾਂ ਲਈ ਵੀ ਕਾਫ਼ੀ ਅਹਿਮੀਅਤ ਰੱਖਦਾ ਹੈ। ਉਹ ਆੜ੍ਹਤੀਏ ਜਾਂ ਵਪਾਰੀਆਂ ਹੀ ਹਨ ਜੋ ਹਰ ਹਫ਼ਤੇ ਇੱਕ ਵਾਰੀਂ ਇਸ ਪਿੰਡ ਟੋਕਰੀਆਂ ਖ਼ਰੀਦਣ ਆਉਂਦੇ ਹਨ, ਜਿਨ੍ਹਾਂ ਨੂੰ ਫਿਰ ਉਹ ਸ਼ਹਿਰ ਦੇ ਬਜ਼ਾਰਾਂ ਜਾਂ ਪਿੰਡਾਂ ਦੇ ਹਾਟਾਂ ਵਿੱਚ ਪ੍ਰਚੂਨ ਭਾਅ 'ਤੇ ਵੇਚਦੇ ਹਨ।
ਛੇਤੀ ਹੀ, ਉਨ੍ਹਾਂ ਨੂੰ ਕੌਹਾਬਹਰੀ ਦਾ ਚੱਕਰ ਲਾਇਆਂ ਮਹੀਨਾ ਬੀਤ ਜਾਣਾ- ਉਨ੍ਹਾਂ ਨੇ ਕੋਵਿਡ-19 ਤਾਲਾਬੰਦੀ ਤੋਂ ਬਾਅਦ ਤੋਂ ਹੀ ਆਉਣਾ ਬੰਦ ਕਰ ਦਿੱਤਾ ਹੈ।
ਜਮੁਨਾ ਦੇ ਚਾਰ ਬੱਚੇ ਹਨ- ਲਾਲੇਸ਼ਵਰੀ (12), ਜਿਹਨੇ 5ਵੀਂ ਤੋਂ ਬਾਅਦ ਹੀ ਸਕੂਲ ਛੱਡ ਦਿੱਤਾ, ਤੁਲੇਸ਼ਵਰੀ (8), ਲੀਲਾ (6) ਤੇ ਲਕਸ਼ਮੀ (4)। ਉਨ੍ਹਾਂ ਦੇ ਪਤੀ ਦੀ ਮੌਤ ਚਾਰ ਸਾਲ ਪਹਿਲਾਂ ਡਾਇਰੀਆ (ਦਸਤ) ਕਾਰਨ ਹੋਈ ਸੀ। ਪਤੀ ਦੀ ਮੌਤ ਵੇਲ਼ੇ ਉਹ ਕਰੀਬ 45 ਸਾਲ ਦੀ ਸਨ ਤੇ ਇਹ ਔਖ਼ੀ ਘੜੀ ਵਿੱਚ ਇਕੱਲੀ ਰਹਿ ਗਈ ਸਨ। ਇਹ ਤਾਲਾਬੰਦੀ ਨਾ ਸਿਰਫ਼ ਟੋਕਰੀਆਂ ਤੋਂ ਹੋਣ ਵਾਲ਼ੀ ਉਨ੍ਹਾਂ ਦੀ ਕਮਾਈ 'ਤੇ ਅਸਰ ਪਾ ਰਹੀ ਹੈ, ਸਗੋਂ ਦੂਜੇ ਵਸੀਲਿਆਂ ਤੋਂ ਹੋਣ ਵਾਲ਼ੀ ਕਮਾਈ ਨੂੰ ਵੀ ਢਾਹ ਲਾ ਰਹੀ ਹੈ।
ਜੰਗਲ ਵਿੱਚ ਇਹ ਮਹੂਏ ਦੇ ਫੁੱਲਾਂ ਦਾ ਮੌਸਮ ਹੈ (ਜਿਸ ਤੋਂ ਸਥਾਨਕ ਸ਼ਰਾਬ ਬਣਦੀ ਹੈ)- ਮੰਦੀ ਵੇਲ਼ੇ ਇੱਥੋਂ ਦੇ ਆਦਿਵਾਸੀਆਂ ਲਈ ਇਹ ਆਮਦਨੀ ਦਾ ਇੱਕ ਜ਼ਰੀਆ ਹੈ।






