"ਸ਼ੁੱਕਰਵਾਰ ਨੂੰ ਜੀ-20 ਸਿਖਰ ਸੰਮੇਲਨ ਲਈ ਆਏ ਮਹਿਮਾਨਾਂ ਦੀ ਆਓਭਗਤ ਵਿੱਚ ਦਿੱਲੀ ਜਗਮਗਾ ਉੱਠੀ, ਠੀਕ ਇਹੀ ਉਹ ਵੇਲ਼ਾ ਸੀ ਜਦੋਂ ਦਿੱਲੀ ਦੇ ਹਾਸ਼ੀਆਗਤ ਲੋਕੀਂ ਹਨ੍ਹੇਰੇ ਵਿੱਚ ਡੁੱਬ ਗਏ। ਇਨ੍ਹਾਂ ਵਿੱਚ ਉਜਾੜੇ ਗਏ ਕਿਸਾਨ, ਜੋ ਹੁਣ ਯਮੁਨਾ ਹੜ੍ਹ ਸ਼ਰਨਾਰਥੀ ਵੀ ਹਨ, ਜਿਨ੍ਹਾਂ ਨੂੰ ਪਹਿਲਾਂ ਹੀ ਨਜ਼ਰ ਨਾ ਆਉਣ ਦੇ ਆਦੇਸ਼ ਮਿਲ਼ੇ ਹੋਏ ਸਨ। ਉਨ੍ਹਾਂ ਨੂੰ ਗੀਤਾ ਕਲੋਨੀ ਫਲਾਈਓਵਰ ਹੇਠਾਂ ਬਣਾਏ ਆਪਣੇ ਆਰਜ਼ੀ ਘਰਾਂ ਤੋਂ ਖਦੇੜ ਕੇ ਨਦੀ ਕੰਢੇ ਵੱਲ ਨੂੰ ਅੰਦਰ ਜੰਗਲ ਵੱਲ ਭੇਜ ਦਿੱਤਾ ਗਿਆ ਹੈ ਤੇ ਅਗਲੇ ਤਿੰਨ ਇੱਥੇ ਹੀ ਲੁਕੇ ਰਹਿਣ ਦਾ ਹੁਕਮ ਵੀ ਸੁਣਾ ਦਿੱਤਾ ਹੈ।"
"ਸਾਡੇ ਵਿੱਚੋਂ ਕਈਆਂ ਨਾਲ਼ ਤਾਂ ਪੁਲਿਸ ਨੇ ਖਿੱਚਧੂਹ ਵੀ ਕੀਤੀ। ਸਾਨੂੰ ਕਿਹਾ ਅਗਲੇ 15 ਮਿੰਟਾਂ ਵਿੱਚ ਥਾਂ ਖਾਲੀ ਕਰ ਦਿਓ ਨਹੀਂ ਤਾਂ ਧੂਹ ਕੇ ਪਰ੍ਹਾਂ ਮਾਰਾਂਗੇ," ਹੀਰਾਲਾਲ ਨੇ ਪਾਰੀ ਨੂੰ ਦੱਸਿਆ।
ਜੰਗਲੀ ਇਲਾਕੇ ਵਿੱਚ ਉੱਚੇ-ਉੱਚੇ ਘਾਹ ਹੇਠ ਸੱਪ, ਬਿੱਛੂ ਤੇ ਹੋਰ ਕਈ ਖ਼ਤਰਨਾਕ ਜੀਵ ਲੁਕੇ ਰਹਿੰਦੇ ਹਨ। "ਸਾਡੇ ਪਰਿਵਾਰਾਂ ਕੋਲ਼ ਨਾ ਬਿਜਲੀ ਹੈ ਤੇ ਨਾ ਹੀ ਪਾਣੀ। ਅਜਿਹੀ ਹਾਲਤ ਵਿੱਚ ਜੇ ਕਿਸੇ ਨੂੰ ਕੋਈ ਜੀਵ ਲੜ ਜਾਵੇ ਤਾਂ ਕਿਤੇ ਕੋਈ ਡਾਕਟਰੀ ਸਹਾਇਤਾ ਵੀ ਨਹੀਂ ਮਿਲ਼ਣੀ," ਮਜ਼ਬੂਰ ਕਿਸਾਨ ਦੱਸਦਾ ਹੈ।

















