ਜ਼ਾਕਿਰ ਹੁਸੈਨ ਅਤੇ ਮਹੇਸ਼ ਕੁਮਾਰ ਚੌਧਰੀ ਬਚਪਨ ਦੇ ਦੋਸਤ ਹਨ, ਅਤੇ ਇਸ ਸਮੇਂ ਉਮਰ ਦੇ ਚਾਲੀਵਿਆਂ ਵਿੱਚ ਵੀ ਉਹਨਾਂ ਵਿੱਚ ਕਾਫ਼ੀ ਨੇੜਤਾ ਹੈ। ਜ਼ਾਕਿਰ ਅਜਨਾ ਪਿੰਡ ਦੇ ਨਿਵਾਸੀ ਹਨ ਅਤੇ ਪਾਕੁਰ ਵਿਖੇ ਉਸਾਰੀ ਠੇਕੇਦਾਰ ਹਨ ਜਿੱਥੇ ਮਹੇਸ਼ ਛੋਟਾ ਜਿਹਾ ਰੈਸਟੋਰੈਂਟ ਚਲਾਉਂਦੇ ਹਨ।

“ਪਾਕੁਰ [ਜਿਲਾ] ਇੱਕ ਸ਼ਾਂਤਮਈ ਜਗ੍ਹਾ ਹੈ ਅਤੇ ਲੋਕ ਆਪਸ ਵਿੱਚ ਭਾਈਚਾਰੇ ਨਾਲ ਰਹਿੰਦੇ ਹਨ,” ਮਹੇਸ਼ ਜੀ ਦਾ ਕਹਿਣਾ ਹੈ।

“ਇਹ ਸਿਰਫ਼ ਹੇਮੰਤ ਬਿਸਵਾ ਸਰਮਾ [ਅਸਾਮ ਦੇ ਮੁੱਖ ਮੰਤਰੀ] ਵਰਗੇ ਬਾਹਰੋਂ ਆਏ ਲੋਕ ਹੀ ਹਨ ਜੋ ਲੋਕਾਂ ਨੂੰ ਆਪਣੇ ਭਾਸ਼ਨਾਂ ਨਾਲ ਭੜਕਾ ਰਹੇ ਹਨ,” ਆਪਣੇ ਦੋਸਤ ਦੇ ਨਾਲ ਬੈਠੇ ਜ਼ਾਕਿਰ ਕਹਿੰਦੇ ਹਨ।

ਪਾਕੁਰ, ਸੰਥਾਲ ਪਰਗਨਾ ਇਲਾਕੇ ਦਾ ਇੱਕ ਹਿੱਸਾ ਹੈ ਜੋ ਝਾਰਖੰਡ ਦੇ ਪੂਰਬੀ ਹਿੱਸੇ ਵਿੱਚ ਪੈਂਦਾ ਹੈ ਅਤੇ ਸੂਬੇ ਵਿੱਚ 20 ਨਵੰਬਰ 2024 ਨੂੰ ਵਿਧਾਨ ਸਭਾ ਚੋਣਾਂ ਹੋਣ ਜਾਂ ਰਹੀਆਂ ਹਨ। 2019 ਵਿੱਚ ਹੋਈਆਂ ਪਿਛਲੀਆਂ ਚੋਣਾਂ ਵਿੱਚ ਝਾਰਖੰਡ ਮੁਕਤੀ ਮੋਰਚਾ (ਜੇ. ਐਮ. ਐਮ.) ਦੀ ਅਗਵਾਈ ਵਾਲੇ ਗਠਜੋੜ ਨੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਸੀ।

ਸੱਤਾ ਵਿੱਚ ਮੁੜ ਵਾਪਸੀ ਲਈ ਹੁਣ ਭਾਜਪਾ ਨੇ ਅਸਾਮ ਦੇ ਮੁੱਖ ਮੰਤਰੀ ਨੂੰ ਵੋਟਰਾਂ ਨੂੰ ਰਿਝਾਉਣ ਲਈ ਭੇਜਿਆ ਹੈ। ਭਾਜਪਾ ਦੇ ਲੀਡਰਾਂ ਨੇ ਮੁਸਲਮਾਨਾਂ ਖਿਲਾਫ ਗੁੱਸਾ ਭੜਕਾਉਣ ਦੀ ਕੋਸ਼ਿਸ਼ ਵਿੱਚ ਉਹਨਾਂ ਨੂੰ ‘ਬੰਗਲਾਦੇਸ਼ ਤੋਂ ਆਏ ਘੁਸਪੈਠੀਆਂ’ ਦਾ ਨਾਮ ਦਿੱਤਾ ਹੈ।

“ਮੇਰੇ ਗੁਆਂਢ ਵਿੱਚ ਹਿੰਦੂ ਰਹਿੰਦੇ ਹਨ ਅਤੇ ਸਾਡਾ ਇੱਕ ਦੂਜੇ ਦੇ ਘਰਾਂ ਵਿੱਚ ਆਉਣਾ ਜਾਣਾ ਹੈ,” ਜ਼ਾਕਿਰ ਆਪਣੀ ਗੱਲ ਜਾਰੀ ਰੱਖਦੇ ਹਨ, “ਹਿੰਦੂ-ਮੁਸਲਮਾਨ ਦਾ ਮੁੱਦਾ ਸਿਰਫ਼ ਵੋਟਾਂ ਵੇਲੇ ਹੀ ਸਿਰ ਚੱਕਦਾ ਹੈ। ਹੋਰ ਭਾਜਪਾ ਵਾਲੇ ਕਿਸ ਤਰ੍ਹਾਂ ਜਿੱਤਣਗੇ?”

ਸਤੰਬਰ 2024 ਵਿੱਚ ਜਮਸ਼ੇਦਪੁਰ ਵਿੱਚ ਇੱਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਸਾਰਾ ਜੋਰ ਘੁਸਪੈਠ ਦੇ ਮੁੱਦੇ ਨੂੰ ਉਜਾਗਰ ਕਰਨ ਵਿੱਚ ਲਾਇਆ। “ਸੰਥਾਲ ਪਰਗਨਾ (ਇਲਾਕਾ) ਵਿੱਚ ਆਦਿਵਾਸੀਆਂ ਦੀ ਗਿਣਤੀ ਦਿਨੋਂ ਦਿਨ ਘਟਦੀ ਜਾ ਰਹੀ ਹੈ, ਜ਼ਮੀਨਾਂ  ਹਥਿਆਈਆਂ ਜਾਂ ਰਹੀਆਂ ਹਨ, ਅਤੇ ਪੰਚਾਇਤਾਂ ਵਿੱਚ ਅਹੁਦਿਆਂ ਤੇ ਘੁਸਪੈਠੀਆਂ ਦੀ ਪਕੜ ਹੁੰਦੀ ਜਾਂ ਰਹੀ ਹੈ,” ਉਹਨਾਂ ਨੇ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ ਸੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਸ਼ਨਾਂ ਦਾ ਲਹਿਜਾ ਵੀ ਅਜਿਹਾ ਹੀ ਸੀ। ਭਾਜਪਾ ਦੇ ਚੋਣ ਮੈਨੀਫ਼ੈਸਟੋ ਅਨੁਸਾਰ, “ਅਸੀਂ ਝਾਰਖੰਡ ਵਿੱਚ ਗੈਰ-ਕਾਨੂੰਨੀ ਬੰਗਲਾਦੇਸ਼ੀ ਘੁਸਪੈਠ ਨੂੰ ਰੋਕਣ ਲਈ ਠੋਸ ਕਦਮ ਚੁੱਕਾਂਗੇ ਅਤੇ ਕਬੀਲਿਆਂ ਦੇ ਹੱਕਾਂ ਦੀ ਰਾਖੀ ਕਰਾਂਗੇ।’’

PHOTO • Ashwini Kumar Shukla
PHOTO • Ashwini Kumar Shukla

ਖੱਬੇ : ਅਜਨਾ ਵਿੱਚ ਇੱਕ ਕਿਸਾਨ ਜ਼ਮੀਨ ਵਾਹੁੰਦਾ ਹੋਇਆ। ਸੱਜੇ : ਜ਼ਾਕਿਰ ਹੁਸੈਨ ( ਸੱਜੇ ) ਅਤੇ ਮਹੇਸ਼ ਕੁਮਾਰ ਚੌਧਰੀ ( ਖੱਬੇ ) ਬਚਪਨ ਦੇ ਦੋਸਤ ਹਨ। ਮਹੇਸ਼ ਛੋਟਾ ਜਿਹਾ ਰੈਸਟੋਰੈਂਟ ਚਲਾਉਂਦੇ ਹਨ ਅਤੇ ਜ਼ਾਕਿਰ ਉਸਾਰੀ ਠੇਕੇਦਾਰ ਹਨ

ਸਮਾਜਿਕ ਕਾਰਕੁੰਨ ਅਸ਼ੋਕ ਵਰਮਾ ਨੇ ਭਾਜਪਾ ਵੱਲੋਂ ਰਾਜਨੀਤਿਕ ਫਾਇਦੇ ਲਈ ਇਸ ਮੁੱਦੇ ਦੀ ਵਰਤੋਂ ਕਰਨ ਦੀ ਨਿੰਦਿਆ ਕੀਤੀ ਹੈ। “ਇੱਕ ਝੂਠੀ ਕਹਾਣੀ ਰਚੀ ਜਾ ਰਹੀ ਹੈ। ਸੰਥਾਲ ਪਰਗਨਾ ਵਿੱਚ ਬੰਗਲਾਦੇਸ਼ੀ ਘੁਸਪੈਠ ਦਾ ਕੋਈ ਮੁੱਦਾ ਨਹੀਂ ਹੈ,” ਉਹ ਕਹਿੰਦੇ ਹਨ। ਉਹ ਧਿਆਨ ਦਿਵਾਉਂਦੇ ਹਨ ਕਿ ਛੋਟਾ ਨਾਗਪੁਰ ਅਤੇ ਸੰਥਾਲ ਪਰਗਨਾ ਟੈਂਨੈਂਸੀ ਐਕਟ ਅਨੁਸਾਰ ਆਦਿਵਾਸੀ ਜ਼ਮੀਨ ਹਰ ਕਿਸੇ ਨੂੰ ਵੇਚੀ ਨਹੀਂ ਜਾ ਸਕਦੀ, ਅਤੇ ਜਿੱਥੇ ਕਿਤੇ ਇਹ ਸੌਦਾ ਹੋਇਆ ਹੈ ਉਸ ਵਿੱਚ ਸਥਾਨਕ ਲੋਕ ਸਨ ਨਾ ਕਿ ਬੰਗਲਾਦੇਸ਼ੀ।

ਭਾਜਪਾ ਦੇ ਨੇਤਾ ਹਾਲ ਵਿੱਚ ਹੀ ਛਪੀ ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਮਿਸ਼ਨ (ਐਨ. ਸੀ. ਐਸ. ਟੀ.) ਦੀ ਰਿਪੋਰਟ ਦਾ ਹਵਾਲਾ ਦਿੰਦੇ ਹਨ ਜਿਸ ਅਨੁਸਾਰ ਬੰਗਲਾਦੇਸ਼ੀ ਘੁਸਪੈਠ ਕਾਰਨ ਝਾਰਖੰਡ ਦੇ ਸੰਥਾਲ ਪਰਗਨਾ ਇਲਾਕੇ ਦੀ ਜਨਸੰਖਿਆ ਬਦਲ ਰਹੀ ਹੈ। ਐਨ. ਸੀ. ਐਸ. ਟੀ. ਨੇ ਇਹ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਜਮਾਂ ਕੀਤੀ ਸੀ ਜਿਸ ਨੂੰ ਬਾਦ ਵਿੱਚ ਝਾਰਖੰਡ ਹਾਈ ਕੋਰਟ ਵਿੱਚ ਜਮਾਂ ਕਰਵਾਇਆ ਗਿਆ। ਇਸ ਰਿਪੋਰਟ ਨੂੰ ਹਾਲੇ ਤੱਕ ਜਨਤਕ ਨਹੀਂ ਕੀਤਾ ਗਿਆ।

ਅਸ਼ੋਕ ਵਰਮਾ ਐਨ. ਸੀ. ਐਸ. ਟੀ. ਦੀ ਜਾਂਚ ਕਰ ਰਹੀ ਇੱਕ ਅਜ਼ਾਦ ਟੀਮ ਦਾ ਹਿੱਸਾ ਹਨ ਅਤੇ ਉਹ ਇਸ ਖੋਜ ਨੂੰ ਨਿਰਾਧਾਰ ਦੱਸਦੇ ਹਨ। ਉਹ ਕਹਿੰਦੇ ਹਨ ਕਿ ਆਦਿਵਾਸੀ ਇੱਥੋਂ ਗਰੀਬੀ, ਭੁੱਖਮਰੀ, ਡਿੱਗਦੀ ਜਨਮ ਡਰ ਅਤੇ ਵੱਧਦੀ ਮੌਤ ਦੀ ਡਰ ਕਾਰਨ ਜਾ ਰਹੇ ਹਨ।

ਮੀਡੀਆ ਦਾ ਇਸ ਧਰੁਵੀਕਰਨ ਦੇ ਮੁੱਦੇ ਨੂੰ ਉਛਾਲਣਾ ਬਲਦੀ ਵਿੱਚ ਤੇਲ ਦਾ ਕੰਮ ਕਰ ਰਿਹਾ ਹੈ। “ਬਸ ਇਹਨੂੰ (ਟੀ. ਵੀ.) ਬੰਦ ਕਰ ਦਿਉ ਅਤੇ ਸ਼ਾਂਤੀ ਵਾਪਿਸ ਆ ਜਾਂਦੀ ਹੈ। ਅਖਬਾਰ ਤਾਂ ਪੜੇ ਲਿਖੇ ਲੋਕ ਪੜਦੇ ਹਨ, ਪਰ ਟੀ. ਵੀ. ਤਾਂ ਸਭ ਹੀ ਦੇਖਦੇ ਹਨ,” ਜ਼ਾਕਿਰ ਆਖਦੇ ਹਨ।

ਜ਼ਾਕਿਰ ਅਨੁਸਾਰ, “ਚੋਣਾਂ ਦਾ ਮੁੱਖ ਮੁੱਦਾ ਮਹਿੰਗਾਈ ਹੋਣਾ ਚਾਹੀਦਾ ਹੈ। ਆਟਾ, ਚੌਲ, ਦਾਲ, ਤੇਲ ਸਭ ਕੁਝ ਬਹੁਤ ਮਹਿੰਗਾ ਹੋ ਚੁੱਕਾ ਹੈ”।

ਝਾਰਖੰਡ ਜਨਅਧਿਕਾਰ ਮਹਾਸਭਾ ਦੇ ਮੈਂਬਰ ਅਸ਼ੋਕ ਨਾਲ ਹੀ ਦੱਸਦੇ ਹਨ, “ਸੰਥਾਲ ਪਰਗਨਾ ਵਿੱਚ ਮੁਸਲਮਾਨਾਂ ਅਤੇ ਆਦਿਵਾਸੀਆਂ ਦਾ ਇੱਕੋ ਜਿਹਾ ਹੀ ਸੱਭਿਆਚਾਰ ਅਤੇ ਖਾਣਾ ਪੀਣਾ ਹੈ, ਅਤੇ ਉਹ ਇੱਕ ਦੂਜੇ ਦੇ ਤਿਉਹਾਰ ਵੀ ਮਨਾਉਂਦੇ ਹਨ। ਜੇ ਤੁਸੀਂ ਕਿਸੇ ਸਥਾਨਕ ਆਦਿਵਾਸੀ ਹਾਟ [ਬਜ਼ਾਰ] ਵਿੱਚ ਜਾਓਗੇ ਤਾਂ ਤੁਹਾਨੂੰ ਉੱਥੇ ਦੋਨੋਂ ਭਾਈਚਾਰਿਆਂ ਦੇ ਲੋਕ ਮਿਲਣਗੇ”।

*****

17 ਜੂਨ 2024 ਨੂੰ ਮੁਸਲਿਮ ਤਿਉਹਾਰ ਬਕਰੀਦ ਦੇ ਦਿਨ ਜਾਨਵਰਾਂ ਦੀ ਬਲੀ ਨੂੰ ਲੈ ਕੇ  ਗੋਪੀਨਾਥਪੁਰ ਵਿੱਚ ਫਿਰਕੂ ਤਣਾਅ ਆਪਣੇ ਚਰਮ ਤੇ ਸੀ। ਅਜਨਾ ਵਾਂਗ ਇਹ ਪਿੰਡ ਪਾਕੁਰ ਜਿਲ੍ਹੇ ਵਿੱਚ ਹੀ ਹੈ ਅਤੇ ਇੱਥੇ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਦੇ ਲੋਕ ਰਹਿੰਦੇ ਹਨ। ਇੱਕ ਸੰਕਰੀ ਜਿਹੀ ਨਹਿਰ ਦੇ ਪਾਰ ਗੁਆਂਢੀ ਸੂਬਾ ਪੱਛਮੀ ਬੰਗਾਲ ਹੈ। ਇੱਥੋਂ ਦੇ ਜਿਆਦਾਤਰ ਵਸਨੀਕ ਸੀਮਾਂਤ ਕਾਮੇ ਹਨ ਜੋ ਖੇਤੀਬਾੜੀ ਅਤੇ ਖੇਤਾਂ ਵਿੱਚ ਮਜਦੂਰੀ ਕਰਦੇ ਹਨ।

PHOTO • Ashwini Kumar Shukla
PHOTO • Ashwini Kumar Shukla

ਖੱਬੇ : ਨੋਮਿਤਾ ਦਾਸ ਅਤੇ ਉਹਨਾਂ ਦੇ ਪਤੀ ਦੀਪਚੰਦ ਮੰਡਲ ਤੇ ਉਹਨਾਂ ਦੇ ਘਰ ਦੇ ਬਾਹਰ ਜੂਨ 2024 ਨੂੰ ਹਮਲਾ ਕਰ ਦਿੱਤਾ ਗਿਆ ਸੀ। ਸੱਜੇ : ਉਹਨਾਂ ਕੋਲ ਨੁਕਸਾਨ ਦਾ ਸਬੂਤ ਫੋਟੋ ਦੇ ਰੂਪ ਵਿੱਚ ਹੈ ਜਿਸ ਦੇ ਆਧਾਰ ਤੇ ਉਹ ਮੁਆਵਜ਼ੇ ਦੀ ਮੰਗ ਕਰ ਰਹੇ ਹਨ

PHOTO • Ashwini Kumar Shukla
PHOTO • Ashwini Kumar Shukla

ਖੱਬੇ : ਨੋਮਿਤਾ ਦੇ ਘਰ ਦੇ ਬਾਹਰ ਰਸੋਈ ਦੀ ਵੀ ਭੰਨਤੋੜ ਕੀਤੀ ਗਈ ਸੀ। ਸੱਜੇ : ਨਹਿਰ ਝਾਰਖੰਡ ਅਤੇ ਪੱਛਮੀ ਬੰਗਾਲ ਨੂੰ ਵੱਖ ਕਰਦੀ ਹੈ

ਗੰਧਈਪੁਰ ਪੰਚਾਇਤ ਦੇ ਵਾਰਡ ਨੰਬਰ 11 ਵਿੱਚ ਪੁਲਿਸ ਨੂੰ ਬੁਲਾਇਆ ਗਿਆ ਸੀ। ਮਾਮਲਾ ਇੱਕ ਵਾਰ ਠੰਡਾ ਪਿਆ ਪਰ ਅਗਲੇ ਹੀ ਦਿਨ ਦੁਬਾਰਾ ਰਫ਼ੜ ਪੈ ਗਿਆ। “ਭੀੜ ਪਥਰਾਅ ਕਰ ਰਹੀ ਸੀ,” ਸਥਾਨਕ ਨਿਵਾਸੀ ਸੁਧੀਰ ਦਾ ਕਹਿਣਾ ਹੈ ਜਿਹਨਾਂ ਨੇ ਮੌਕੇ ਤੇ 100-200 ਪੁਲਿਸ ਕਰਮਚਾਰੀ ਆਉਂਦੇ ਦੇਖੇ ਸਨ। “ਹਰ ਪਾਸੇ ਧੂੰਆਂ ਹੀ ਧੂੰਆਂ ਸੀ,” ਉਹ ਯਾਦ ਕਰਦੇ ਹਨ, “ਉਹਨਾਂ ਨੇ ਇੱਕ ਮੋਟਰਸਾਈਕਲ ਅਤੇ ਪੁਲਿਸ ਦੇ ਵਾਹਨ ਨੂੰ ਵੀ ਅੱਗ ਲਾ ਦਿੱਤੀ”।

ਨੋਮਿਤਾ ਮੰਡਲ ਆਪਣੀ ਬੇਟੀ ਨਾਲ ਆਪਣੇ ਘਰ ਵਿੱਚ ਹੀ ਸੀ ਜਦ ਉਹਨਾਂ ਨੇ ਧਮਾਕਾ ਸੁਣਿਆ। “ਇਕਦਮ ਸਾਡੇ ਘਰ ਤੇ ਪੱਥਰਾਂ ਦੀ ਬਰਸਾਤ ਹੋਣ ਲੱਗੀ। ਅਸੀਂ ਭੱਜ ਕੇ ਅੰਦਰ ਵੜ ਗਏ,” ਇਹ ਦੱਸਦਿਆਂ ਉਸਦੀ ਆਵਾਜ਼ ਵਿੱਚ ਹਾਲੇ ਵੀ ਡਰ ਹੈ।

ਉਦੋਂ ਤੱਕ ਬੰਦਿਆਂ ਦਾ ਇੱਕ ਝੁੰਡ ਤਾਲਾ ਤੋੜ ਕੇ ਅੰਡਰ ਵੜ ਆਇਆ। ਉਹਨਾਂ ਨੇ ਮਾਂ ਬੇਟੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। “ਉਹਨਾਂ ਨੇ ਮੇਰੇ ਇੱਥੇ ਅਤੇ ਇੱਥੇ ਮਾਰਿਆ,” 16 ਸਾਲ ਕੁੜੀ ਆਪਣੀ ਕਮਰ ਅਤੇ ਮੋਢੇ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹੈ, “ਮੈਨੂੰ ਹਾਲੇ ਵੀ ਦਰਦ ਹੁੰਦਾ ਹੈ”। ਉਹਨਾਂ ਆਦਮੀਆਂ ਨੇ ਕਮਰੇ ਤੋਂ ਅਲੱਗ ਰਸੋਈ ਨੂੰ ਵੀ ਅੱਗ ਲਾ ਦਿੱਤੀ, ਨੋਮਿਤਾ ਪਾਰੀ ਨੂੰ ਜਗ੍ਹਾ ਦਿਖਾਉਂਦਿਆਂ ਦੱਸਦੇ ਹਨ।

ਮੁਫ਼ਾਸਿਲ ਥਾਣੇ ਦੇ ਮੁੱਖੀ ਸੰਜੇ ਕੁਮਾਰ ਝਾ ਇਸ ਘਟਨਾ ਨੂੰ ਖਾਰਿਜ ਕਰਦੇ ਹੋਏ ਕਹਿੰਦੇ ਹਨ, “ਨੁਕਸਾਨ ਜਿਆਦਾ ਨਹੀਂ ਹੈ। ਇੱਕ ਝੋਂਪੜੀ ਨੂੰ ਅੱਗ ਲੱਗੀ ਹੈ ਅਤੇ ਥੋੜੀ ਬਹੁਤ ਭੰਨਤੋੜ ਹੋਈ ਹੈ। ਕੋਈ ਜਾਨੀ ਨੁਕਸਾਨ ਨਹੀਂ ਹੈ”।

32 ਸਾਲ ਨੋਮਿਤਾ ਝਾਰਖੰਡ ਦੇ ਪਾਕੁਰ ਜਿਲ੍ਹੇ ਵਿੱਚ ਗੋਪੀਨਾਥਪੁਰ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਉਹ ਉਹਨਾਂ ਪਰਿਵਾਰਾਂ ਵਿੱਚੋਂ ਇੱਕ ਹਨ ਜੋ ਇਸ ਇਲਾਕੇ ਵਿੱਚ ਕਈ ਪੀੜੀਆਂ ਤੋਂ ਰਹਿ ਰਹੇ ਹਨ। “ਇਹ ਸਾਡਾ ਘਰ ਅਤੇ ਸਾਡੀ ਜ਼ਮੀਨ ਹੈ,” ਉਹ ਦ੍ਰਿੜਤਾ ਨਾਲ ਕਹਿੰਦੇ ਹਨ।

PHOTO • Ashwini Kumar Shukla
PHOTO • Ashwini Kumar Shukla

ਖੱਬੇ : ਹਮਲੇ ਦੇ ਬਾਅਦ ਤੋਂ ਹੇਮਾ ਮੰਡਲ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਪਹਿਲਾਂ ਕੋਈ ਹਿੰਦੂ - ਮੁਸਲਮਾਨ ਦੀ ਫ਼ਿਕਰ ਨਹੀਂ ਹੁੰਦੀ ਸੀ ਪਰ ਹੁਣ ਹਰ ਵੇਲੇ ਡਰ ਲੱਗਿਆ ਰਹਿੰਦਾ ਹੈ ,’ ਉਹ ਕਹਿੰਦੇ ਹਨ। ਸੱਜੇ : ਉਹਨਾਂ ਦੇ ਰਸੋਈ ਦੀ ਵੀ ਭੰਨਤੋੜ ਕੀਤੀ ਗਈ

PHOTO • Ashwini Kumar Shukla
PHOTO • Ashwini Kumar Shukla

ਖੱਬੇ :’ ਇੱਥੇ ਮੁਸਲਮਾਨ ਹਿੰਦੂਆਂ ਨਾਲ ਡਟ ਕੇ ਖੜੇ ਰਹੇ ਹਨ ,’ ਰਿਹਾਨ ਸ਼ੇਖ ਕਹਿੰਦੇ ਹਨ। ਸੱਜੇ : ਉਹਨਾਂ ਕੋਈ ਇਸ ਹਾਦਸੇ ਦੀ ਫੋਨ ਵਿੱਚ ਵਿਡੀਓ ਵੀ ਹੈ

ਜਿਲਾ ਪ੍ਰੀਸ਼ਦ ਦੇ ਮੈਂਬਰ ਪਿੰਕੀ ਮੰਡਲ ਅਨੁਸਾਰ ਪਾਕੁਰ ਜਿਲ੍ਹੇ ਵਿੱਚ ਗੰਧਈਪੁਰ ਪੰਚਾਇਤ ਦਾ ਹਿੱਸਾ ਗੋਪੀਨਾਥਪੁਰ ਵਿੱਚ ਇੱਕ ਹਿੰਦੂ ਬਹੁਤਾਤ ਵਾਲਾ ਇਲਾਕਾ ਹੈ। ਨੋਮਿਤਾ ਦੇ ਪਤੀ ਦੀਪਚੰਦ ਦਾ ਪਰਿਵਾਰ ਇੱਥੇ ਪਿਛਲੀ ਪੰਜ ਪੀੜੀਆਂ ਤੋਂ ਰਹਿ ਰਿਹਾ ਹੈ। “ਪਹਿਲਾਂ ਕੋਈ ਹਿੰਦੂ-ਮੁਸਲਮਾਨ ਦਾ ਮਸਲਾ ਨਹੀਂ ਹੁੰਦਾ ਸੀ, ਪਰ ਬਕਰੀਦ ਦੇ ਹਾਦਸੇ ਤੋਂ ਬਾਅਦ ਹਾਲਾਤ ਵਿਗੜ ਗਏ ਹਨ,” 34 ਸਾਲਾ ਦੀਪਚੰਦ ਦੱਸਦੇ ਹਨ ਜੋ ਉਸ ਸਮੇਂ ਆਪਣੇ ਦੂਜੇ ਦੋ ਬੱਚਿਆਂ ਨਾਲ ਕਿਤੇ ਗਏ ਹੋਏ ਸਨ।

“ਕਿਸੇ ਨੇ ਪੁਲਿਸ ਨੂੰ ਬੁਲਾਇਆ ਨਹੀਂ ਤਾਂ ਕਿ ਪਤਾ ਸਾਡੇ ਨਾਲ ਕਿ ਹੁੰਦਾ,” ਨੋਮਿਤਾ ਦਾ ਕਹਿਣਾ ਹੈ।  ਅਗਲੇ ਹਫ਼ਤੇ ਉਹਨਾਂ ਨੇ ਆਪਣੇ ਸਹੁਰੇ ਪਰਿਵਾਰ ਤੋਂ 50,000 ਰੁਪਏ ਉਧਰ ਲਏ ਤਾਂ ਕਿ ਘਰ ਦੀਆਂ ਖਿੜਕੀਆਂ ਤੇ ਗਰਿੱਲ ਅਤੇ ਦਰਵਾਜ਼ੇ ਲਗਾਏ ਜਾ ਸਕਣ। “ਸਾਨੂੰ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਹੋਣਾ ਸੀ,” ਦੀਪਚੰਦ ਜੀ ਦਾ ਕਹਿਣਾ ਹੈ, ਜੋ ਦਿਹਾੜੀ ਤੇ ਕੰਮ ਕਰਦੇ ਹਨ। “ਕਾਸ਼ ਕਿ ਮੈਂ ਉਸ ਦਿਨ ਕੰਮ ਤੇ ਨਾ ਗਿਆ ਹੁੰਦਾ,” ਉਹ ਨਾਲ ਹੀ ਦੱਸਦੇ ਹਨ।

ਹੇਮਾ ਮੰਡਲ ਆਪਣੇ ਵਰਾਂਡੇ ਵਿੱਚ ਤੇਂਦੂ ਦੇ ਪੱਤਿਆਂ ਨਾਲ ਬੀੜੀਆਂ ਬਣਾ ਰਹੇ ਹਨ। “ਪਹਿਲਾਂ ਕੋਈ ਹਿੰਦੂ-ਮੁਸਲਮਾਨ ਦਾ ਮੁੱਦਾ ਨਹੀਂ ਸੀ ਪਰ ਹੁਣ ਲਗਾਤਾਰ ਇੱਕ ਡਰ ਬਣਿਆ ਰਹਿੰਦਾ ਹੈ”। ਉਹ ਨਾਲ ਹੀ ਕਹਿੰਦੇ ਹਨ ਕਿ ਜਦ ਨਹਿਰ ਵਿੱਚ ਪਾਣੀ ਸੁੱਕ ਗਿਆ , “ਤਾਂ ਦੁਬਾਰਾ ਲੜਾਈਆਂ ਸ਼ੁਰੂ ਹੋ ਜਾਣਗੀਆਂ”। ਫੇਰ ਬੰਗਾਲ ਦੇ ਲੋਕ ਬਾਡਰ ਪਾਰ ਤੋਂ ਧਮਕੀਆਂ ਦਾ ਸ਼ੋਰ ਚੁੱਕ ਦੇਣਗੇ। “ਸ਼ਾਮ ਛੇ ਵਜੇ ਤੋਂ ਬਾਅਦ ਇਹ ਸਾਰੀ ਸੜਕ ਸੁੰਨਸਾਨ ਹੋ ਜਾਨਦੀ ਹੈ,” ਉਹ ਦੱਸਦੇ ਹਨ।

ਇਹ ਨਹਿਰ ਜੋ ਕਿ ਵਿਵਾਦ ਦਾ ਕੇਂਦਰ ਬਿੰਦੂ ਹੈ, ਹੇਮਾ ਦੇ ਘਰ ਨੂੰ ਜਾਣ ਵਾਲੀ ਸੜਕ ਦੇ ਨਾਲ ਨਾਲ ਚਲਦੀ ਹੈ। ਦੁਪਹਿਰ ਵਿੱਚ ਵੀ ਇਹ ਇਲਾਕਾ ਸੁੰਨਸਾਨ ਹੈ ਅਤੇ ਸ਼ਾਮ ਵੇਲੇ ਲਾਈਟਾਂ ਨਾ ਹੋਣ ਕਾਰਨ ਇਹ ਬਿਲਕੁਲ ਹਨੇਰੇ ਵਿੱਚ ਡੁੱਬ ਜਾਂਦਾ ਹੈ।

ਨਹਿਰ ਦੀ ਗੱਲ ਕਰਦਿਆਂ ਰਿਹਾਨ ਸ਼ੇਖ ਕਹਿੰਦੇ ਹਨ, “ਹਾਦਸੇ ਵਿੱਚ ਸ਼ਾਮਿਲ ਸਾਰੇ ਲੋਕ ਦੂਜੇ ਪਾਸੇ ਤੋਂ ਸਨ, (ਪੱਛਮੀ) ਬੰਗਾਲ ਤੋਂ। ਇੱਥੋਂ ਦੇ ਮੁਸਲਮਾਨ ਹਿੰਦੂਆਂ ਨਾਲ ਡਟ ਕੇ ਖੜੇ ਰਹੇ ਹਨ”। ਰਿਹਾਨ ਠੇਕੇ ਤੇ ਵਾਹੀ ਕਰਦੇ ਹਨ ਅਤੇ ਝੋਨਾ, ਸਰੋਂ ਅਤੇ ਮੱਕੀ ਉਗਾਉਂਦੇ ਹਨ। ਸੱਤ ਜੀਆਂ ਦੇ ਪਰਿਵਾਰ ‘ਚੋਂ ਕਮਾਉਣ ਵਾਲੇ ਉਹ ਇਕੱਲੇ ਹਨ।

ਭਾਜਪਾ ਦੀ ਬਿਆਨਬਾਜੀ ਨੂੰ ਖਾਰਿਜ ਕਰਦੇ ਉਹ ਪੱਤਰਕਾਰ ਤੋਂ ਪੁੱਛਦੇ ਹਨ, “ਅਸੀਂ ਇੱਥੇ ਕਈ ਪੀੜੀਆਂ ਤੋਂ ਰਹਿ ਰਹੇ ਹਾਂ। ਕੀ ਅਸੀਂ ਬੰਗਲਾਦੇਸ਼ੀ ਹਾਂ?”

ਤਰਜਮਾ: ਨਵਨੀਤ ਕੌਰ ਧਾਲੀਵਾਲ

Ashwini Kumar Shukla

ਅਸ਼ਵਨੀ ਕੁਮਾਰ ਸ਼ੁਕਲਾ ਝਾਰਖੰਡ ਦੇ ਵਿੱਚ ਰਹਿਣ ਵਾਲ਼ੇ ਇੱਕ ਫ੍ਰੀਲਾਂਸ ਪੱਤਰਕਾਰ ਹਨ ਅਤੇ ਉਨ੍ਹਾਂ ਨੇ ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ, ਨਵੀਂ ਦਿੱਲੀ (2018-2019) ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਹ 2023 ਪਾਰੀ-ਐਮਐਮਐਫ ਫੈਲੋ ਹਨ।

Other stories by Ashwini Kumar Shukla
Editor : Sarbajaya Bhattacharya

ਸਰਬਜਯਾ ਭੱਟਾਚਾਰਿਆ, ਪਾਰੀ ਦੀ ਸੀਨੀਅਰ ਸਹਾਇਕ ਸੰਪਾਦਕ ਹਨ। ਉਹ ਬੰਗਾਲੀ ਭਾਸ਼ਾ ਦੀ ਮਾਹਰ ਅਨੁਵਾਦਕ ਵੀ ਹਨ। ਕੋਲਕਾਤਾ ਵਿਖੇ ਰਹਿੰਦਿਆਂ ਉਹਨਾਂ ਨੂੰ ਸ਼ਹਿਰ ਦੇ ਇਤਿਹਾਸ ਤੇ ਘੁਮੱਕੜ ਸਾਹਿਤ ਬਾਰੇ ਜਾਣਨ 'ਚ ਰੁਚੀ ਹੈ।

Other stories by Sarbajaya Bhattacharya
Translator : Navneet Kaur Dhaliwal

ਪੰਜਾਬ ਦੀ ਜੰਮਪਲ ਨਵਨੀਤ ਕੌਰ ਧਾਲੀਵਾਲ ਖੇਤੀਬਾੜੀ ਵਿਗਿਆਨੀ ਹਨ। ਉਹ ਮਨੁੱਖੀ ਸਮਾਜ ਦੀ ਸਿਰਜਣਾ, ਕੁਦਰਤੀ ਵਸੀਲਿਆਂ ਦੀ ਸਾਂਭ-ਸੰਭਾਲ਼ ਤੇ ਵਿਰਾਸਤ ਤੇ ਰਵਾਇਤੀ ਗਿਆਨ ਨੂੰ ਸਾਂਭੇ ਜਾਣ ਵਿੱਚ ਯਕੀਨ ਰੱਖਦੀ ਹਨ।

Other stories by Navneet Kaur Dhaliwal