ਡਰਾਈਵਰ ਨੇ ਉਸਨੂੰ ਤਸੱਲੀ ਦਿੱਤੀ ਕਿ ਉਹ ਉਸਨੂੰ ਘਰ ਛੱਡ ਦੇਵੇਗਾ, ਪਰ ਕਾਰ ਸੀ ਕਿ ਤੇਜ਼ ਗਤੀ ਨਾਲ ਉਲਟੀ ਦਿਸ਼ਾ ਵਿੱਚ ਜਾਂਦੀ ਰਹੀ। ਜਦ ਉਸਨੇ ਹਾਈਵੇਅ ਉੱਤੇ ਪਹਿਲਾ ਯੂ-ਟਰਨ ਉਲੰਘਿਆ, ਤਾਂ ਨੇਹਾ ਨੇ ਸੋਚਿਆ ਕਿ ਉਸਨੇ ਅਣਜਾਣੇ ਵਿੱਚ ਇਸਨੂੰ ਉਲੰਘ ਦਿੱਤਾ ਹੋਣਾ। ਦੂਜੀ ਯੂ-ਟਰਨ ਦੇ ਨੇੜੇ ਆਉਣ ਤੇ ਕਾਰ ਅੱਗੇ ਲੰਘ ਜਾਣ ’ਤੇ 15 ਸਾਲਾ ਨੇਹਾ ਦਾ ਸ਼ੱਕ ਵਧ ਗਿਆ। ਜਦ ਤੀਸਰੀ ਵਾਰ ਵੀ ਇਵੇਂ ਹੀ ਹੋਇਆ ਤਾਂ ਉਹ ਘਬਰਾ ਗਈ। ਉਸਦੀਆਂ ਅੱਖਾਂ ਭਰ ਆਈਆਂ; ਉਸਦਾ ਸਰੀਰ ਭਾਰੀ ਹੋਣ ਲੱਗਾ।
ਬੇਚੈਨੀ ਤੇ ਚਿੰਤਾ ਵਿੱਚ ਉਹ ਆਪਣੇ ਮਾਪਿਆਂ ਕੋਲ ਜਾਣ ਲਈ ਰੋਣ ਲੱਗੀ। ਕਾਰ ਵਿੱਚ ਉਸਦੇ ਨਾਲ ਬੈਠੀ ਔਰਤ ਤੇ ਡਰਾਈਵਰ ਨੇ ਉਸਨੂੰ ਚਿੰਤਾ ਨਾ ਕਰਨ ਦਾ ਕਹਿ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਪਰ ਨੇਹਾ ਸਮਝ ਚੁੱਕੀ ਸੀ ਕਿ ਉਹ ਵੱਡੀ ਮੁਸ਼ਕਿਲ ਵਿੱਚ ਫਸ ਗਈ ਹੈ। ਉਸਨੇ ਵੇਗ ਵਿੱਚ ਆ ਕੇ ਘਰ ਛੱਡਣ ਦਾ ਫੈਸਲਾ ਤਾਂ ਲੈ ਲਿਆ ਸੀ, ਤੇ ਉਸਨੂੰ ਹੁਣ ਇਸ ’ਤੇ ਪਛਤਾਵਾ ਹੋ ਰਿਹਾ ਸੀ।
ਸਾਲ ਦੀ ਸ਼ੁਰੂਆਤ ਵਿੱਚ, ਮਈ 2023 ਵਿੱਚ, ਨੇਹਾ ਦੀ ਆਪਣੇ ਮਾਪਿਆਂ ਨਾਲ ਇਸ ਗੱਲ ’ਤੇ ਬਹਿਸ ਹੋ ਗਈ ਕਿ ਉਹ ਆਪਣੀਆਂ ਕਿਤਾਬਾਂ ਨਾਲੋਂ ਫੋਨ ’ਤੇ ਜ਼ਿਆਦਾ ਸਮਾਂ ਲੱਗੀ ਰਹਿੰਦੀ ਹੈ। ਬਹਿਸ ਦਾ ਨਤੀਜਾ ਇਹ ਹੋਇਆ ਕਿ ਨੇਹਾ ਤੋਂ ਫੋਨ ਲੈ ਲਿਆ ਗਿਆ।
“ਮੇਰੇ ਮਾਪਿਆਂ ਨੇ ਮੇਰਾ ਫੋਨ ਖੋਹ ਲਿਆ, ਮੈਨੂੰ ਇਸ ਗੱਲ ’ਤੇ ਬਹੁਤ ਗੁੱਸਾ ਆਇਆ,” ਬਿਨ੍ਹਾਂ ਨਜ਼ਰਾਂ ਮਿਲਾਏ ਉਹ ਹੌਲੀ ਜਿਹੀ ਆਵਾਜ਼ ਵਿੱਚ ਕਹਿੰਦੀ ਹੈ। “ਮੈਂ ਬੱਸ ਉਹਨਾਂ ਤੋਂ ਦੂਰ ਜਾਣਾ ਚਾਹੁੰਦੀ ਸੀ।”
ਸੋ ਉਹ ਸਵੇਰੇ 6 ਕੁ ਵਜੇ ਘਰੋਂ ਨਿਕਲੀ ਅਤੇ ਆਪਣੇ ਮੁਹੱਲੇ ਦੀਆਂ ਭੀੜੀਆਂ ਗਲੀਆਂ ਵਿੱਚੋਂ ਲੰਘ ਕੇ ਹਾਈਵੇਅ ’ਤੇ ਪਹੁੰਚ ਗਈ। ਆਪਣੇ ਮਾਪਿਆਂ ’ਤੇ ਗੁੱਸੇ ਦੇ ਚਲਦੇ ਉਹ ਹਾਈਵੇਅ ’ਤੇ 7-8 ਕਿਲੋਮੀਟਰ ਤੁਰਦੀ ਗਈ ਅਤੇ ਫੇਰ ਉਸਨੂੰ ਅੰਦਾਜ਼ਾ ਹੋਇਆ ਕਿ ਉਹ ਕਾਫ਼ੀ ਦੂਰ ਆ ਗਈ ਸੀ। ਉਸ ਸਮੇਂ ਤੱਕ ਸੂਰਜ ਨੂੰ ਚੜ੍ਹੇ ਕੁਝ ਘੰਟੇ ਬੀਤ ਚੁੱਕੇ ਸਨ ਅਤੇ ਉਸਨੂੰ ਪਿਆਸ ਲੱਗ ਗਈ, ਪਰ ਉਸ ਕੋਲ ਪਾਣੀ ਦੀ ਬੋਤਲ ਖਰੀਦਣ ਲਈ ਪੈਸੇ ਨਹੀਂ ਸਨ।
ਉਸ ਅੱਗੇ ਇੱਕ ਚਮਕਦੀ ਕਾਲੀ ਸਿਡਾਨ(ਕਾਰ) ਆ ਕੇ ਰੁਕੀ। “ਇੱਕ ਸ਼ਖਸ ਕਾਰ ਚਲਾ ਰਿਹਾ ਸੀ ਅਤੇ ਇੱਕ ਔਰਤ ਪਿੱਛੇ ਬੈਠੀ ਸੀ,” ਨੇਹਾ ਨੇ ਯਾਦ ਕਰਦਿਆਂ ਕਿਹਾ। ਔਰਤ ਨੇ ਕਾਰ ਦਾ ਸ਼ੀਸ਼ਾ ਹੇਠਾਂ ਕੀਤਾ ਅਤੇ ਨੇਹਾ ਨੂੰ ਪੁੱਛਿਆ ਕਿ ਕੀ ਉਸਨੂੰ ਘਰ ਵਾਪਸ ਜਾਣ ਲਈ ਲਿਫਟ ਚਾਹੀਦੀ ਹੈ। “ਉਹ ਚੰਗੇ ਲੋਕ ਲੱਗ ਰਹੇ ਸਨ। ਥਕਾਵਟ ਕਾਰਨ ਪੈਦਲ ਵਾਪਸ ਜਾਣ ਦੀ ਮੇਰੇ ਵਿੱਚ ਹਿੰਮਤ ਨਹੀਂ ਸੀ ਅਤੇ ਬੱਸ ਦੀ ਟਿਕਟ ਲੈਣ ਲਈ ਮੇਰੇ ਕੋਲ ਪੈਸੇ ਨਹੀਂ ਸਨ।”
ਨੇਹਾ ਨੇ ਉਹਨਾਂ ਦੀ ਪੇਸ਼ਕਸ਼ ਮੰਨ ਲਈ। ਏ.ਸੀ. ਕਾਰਨ ਉਸਨੂੰ ਬੜਾ ਆਰਾਮ ਮਿਲਿਆ, ਉਸਨੇ ਆਪਣਾ ਸਿਰ ਪਿਛਾਂਹ ਸੁੱਟ ਦਿੱਤਾ ਅਤੇ ਰੁਮਾਲ ਨਾਲ ਆਪਣੇ ਮੱਥੇ ਦਾ ਪਸੀਨਾ ਪੂੰਝਿਆ। ਔਰਤ ਨੇ ਉਸਨੂੰ ਪਾਣੀ ਦੀ ਬੋਤਲ ਦਿੱਤੀ।
ਪਰ ਉਸਦਾ ਆਰਾਮ ਛੇਤੀ ਹੀ ਦਹਿਸ਼ਤ ਵਿੱਚ ਬਦਲ ਗਿਆ, ਜਦ ਉਹ ਆਦਮੀ ਉਸਨੂੰ ਉਸਦੇ ਘਰ ਤੋਂ ਕਾਫ਼ੀ ਦੂਰ ਲੈ ਗਿਆ। ਉਸਨੇ ਚੀਕਣ ਅਤੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਇੱਕ ਘੰਟਾ ਬਾਅਦ ਹੀ ਜਾ ਕੇ ਰੁਕੀ। ਉਹ ਭੋਪਾਲ ਪਹੁੰਚ ਚੁੱਕੇ ਸੀ। ਨੇਹਾ ਅਗਵਾ ਹੋ ਗਈ ਸੀ।
ਮੱਧ ਪ੍ਰਦੇਸ਼ ਗੁੰਮ ਹੋਏ ਬੱਚਿਆਂ ਦੇ ਅੰਕੜਿਆਂ ਦੇ ਮਾਮਲੇ ਵਿੱਚ ਲਗਾਤਾਰ ਸਭ ਤੋਂ ਉੱਪਰ ਬਣਿਆ ਹੋਇਆ ਹੈ। 2016 ਅਤੇ 2021 ਦੇ ਦਰਮਿਆਨ ਸੂਬੇ ਵਿੱਚ 60,031 ਮਾਮਲੇ (ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ) ਰਿਕਾਰਡ ਕੀਤੇ ਗਏ। 2022 ਵਿੱਚ ਚਾਈਲਡ ਰਾਈਟਸ ਅਤੇ ਯੂ (CRY) ਦੁਆਰਾ ਪਾਈ ਇੱਕ RTI ਦੇ ਮੁਤਾਬਕ 11,717 ਬੱਚੇ ਗੁੰਮ ਹੋਏ। ਹਰ ਸਾਲ ਔਸਤਨ 10,250 ਬੱਚੇ ਜਾਂ ਹਰ ਦਿਨ 28 ਬੱਚੇ ਗੁੰਮ ਹੁੰਦੇ ਹਨ ਜੋ ਕਿ ਭਾਰਤ ਦੇ ਕਿਸੇ ਵੀ ਹੋਰ ਸੂਬੇ ਨਾਲੋਂ ਬਹੁਤ ਜ਼ਿਆਦਾ ਹੈ।




