ਝਾਰਖੰਡ ਦੇ ਚੇਚਰੀਆ ਪਿੰਡ ਵਿੱਚ ਸਵਿਤਾ ਦੇਵੀ ਦੇ ਮਿੱਟੀ ਦੇ ਘਰ ਦੀ ਕੰਧ ਤੋਂ ਡਾ. ਬੀ. ਆਰ. ਅੰਬੇਦਕਰ ਦੀ ਤਸਵੀਰ ਹੇਠਾਂ ਨੂੰ ਝਾਤ ਮਾਰ ਰਹੀ ਹੈ। “(ਵੋਟ ਦਾ ਹੱਕ) ਸਾਨੂੰ ਬਾਬਾ ਸਾਹਿਬ ਨੇ ਦਿੱਤਾ ਹੈ, ਇਸ ਕਰਕੇ ਅਸੀਂ ਵੋਟ ਪਾ ਰਹੇ ਹਾਂ,” ਸਵਿਤਾ ਨੇ ਕਿਹਾ।
ਸਵਿਤਾ ਕੋਲ ਇੱਕ ਬਿੱਘਾ (ਪੌਣਾ ਏਕੜ) ਜ਼ਮੀਨ ਹੈ ਜਿਸ ਵਿੱਚ ਉਹ ਖਰੀਫ਼ ਵੇਲੇ ਝੋਨਾ ਤੇ ਮੱਕੀ ਅਤੇ ਰੱਬੀ ਵੇਲੇ ਕਣਕ, ਛੋਲੇ ਤੇ ਤੇਲ ਦੇ ਬੀਜ ਉਗਾਉਂਦੀ ਹੈ। ਉਹਨੇ ਸੋਚਿਆ ਸੀ ਕਿ ਘਰ ਦੇ ਪਿਛਲੇ ਵਿਹੜੇ ਵਿਚਲੀ ਜ਼ਮੀਨ ਨੂੰ ਪੱਧਰਾ ਕਰਕੇ ਸਬਜ਼ੀਆਂ ਉਗਾਵੇਗੀ। “ਪਰ ਦੋ ਸਾਲ ਤੋਂ ਪਾਣੀ ਹੀ ਨਹੀਂ ਮਿਲਿਆ।” ਲਗਾਤਾਰ ਦੋ ਸਾਲ ਤੋਂ ਸੋਕਾ ਪੈਣ ਕਾਰਨ ਪਰਿਵਾਰ ’ਤੇ ਕਰਜ਼ਾ ਚੜ੍ਹ ਗਿਆ ਹੈ।
32 ਸਾਲਾ ਸਵਿਤਾ ਆਪਣੇ ਚਾਰ ਬੱਚਿਆਂ ਨਾਲ ਪਲਾਮੂ ਜ਼ਿਲ੍ਹੇ ਦੇ ਇਸ ਪਿੰਡ ਵਿੱਚ ਰਹਿੰਦੀ ਹੈ; ਉਹਦਾ ਪਤੀ, 37 ਸਾਲਾ ਪ੍ਰਮੋਦ ਰਾਮ 2,000 ਕਿਲੋਮੀਟਰ ਦੂਰ ਬੰਗਲੁਰੂ ਵਿੱਚ ਪਰਵਾਸੀ ਮਜ਼ਦੂਰ ਦੇ ਤੌਰ ’ਤੇ ਕੰਮ ਕਰਦਾ ਹੈ। “ਸਰਕਾਰ ਨੌਕਰੀਆਂ ਨਹੀਂ ਦੇ ਰਹੀ,” ਦਲਿਤ ਦਿਹਾੜੀਦਾਰ ਨੇ ਕਿਹਾ। “ਜਵਾਕਾਂ ਦਾ ਢਿੱਡ ਭਰਨ ਜੋਗਾ ਹੀ ਮਸਾਂ ਹੁੰਦਾ ਹੈ।”
ਉਸਾਰੀ ਵਾਲੀਆਂ ਜਗ੍ਹਾਵਾਂ ’ਤੇ ਕੰਮ ਕਰਕੇ ਪ੍ਰਮੋਦ ਮਹੀਨੇ ਦੇ 10,000 ਤੋਂ 12,000 ਰੁਪਏ ਕਮਾ ਲੈਂਦਾ ਹੈ। ਕਈ ਵਾਰ ਉਹ ਟਰੱਕ ਡਰਾਈਵਰ ਦੇ ਤੌਰ ’ਤੇ ਵੀ ਕੰਮ ਕਰਦਾ ਹੈ, ਪਰ ਇਹ ਕੰਮ ਸਾਰਾ ਸਾਲ ਨਹੀਂ ਮਿਲਦਾ। “ਜੇ ਚਾਰ ਮਹੀਨੇ ਮਰਦ ਘਰ ਬਹਿ ਜਾਣ ਤਾਂ ਸਾਨੂੰ ਭੀਖ ਮੰਗਣੀ ਪੈਂਦੀ ਹੈ। (ਪਰਵਾਸ ਤੋਂ ਇਲਾਵਾ) ਹੋਰ ਅਸੀਂ ਕਰ ਵੀ ਕੀ ਸਕਦੇ ਹਾਂ?” ਸਵਿਤਾ ਪੁੱਛਦੀ ਹੈ।
960 ਲੋਕਾਂ ਦੀ ਆਬਾਦੀ (2011 ਦੀ ਮਰਦਮਸ਼ੁਮਾਰੀ ਮੁਤਾਬਕ) ਵਾਲੇ ਪਿੰਡ ਚੇਚਰੀਆ ਦੇ ਜ਼ਿਆਦਾਤਰ ਮਰਦ ਕੰਮ ਦੀ ਤਲਾਸ਼ ਵਿੱਚ ਪਰਵਾਸ ਕਰਦੇ ਹਨ ਕਿਉਂਕਿ “ਇੱਥੇ ਨੌਕਰੀਆਂ ਨਹੀਂ ਮਿਲਦੀਆਂ। ਜੇ ਨੌਕਰੀਆਂ ਹੁੰਦੀਆਂ, ਫਿਰ ਲੋਕ ਕਿਤੇ ਹੋਰ ਕਿਉਂ ਜਾਂਦੇ?” ਸਵਿਤਾ ਦੀ 60 ਸਾਲਾ ਸੱਸ, ਸੁਰਪਤੀ ਦੇਵੀ ਨੇ ਕਿਹਾ।












