ਖੇਤਾਂ ਵਿੱਚ ਕੰਮ ਕਰਦੇ ਖੇਤ-ਮਜ਼ਦੂਰ ਜਾਂ ਉੱਚੀ-ਉੱਚੀ ਗਾਉਂਦੇ ਲੂਣ ਕਿਆਰੀਆਂ ਵਿੱਚ ਕੰਮ ਕਰਨ ਵਾਲ਼ੇ ਜਾਂ ਖੰਦਕਾਂ ਪੁੱਟਣ ਵਾਲ਼ੇ ਮਜ਼ਦੂਰ ਜਾਂ ਆਪਣੀਆਂ ਕਿਸ਼ਤੀਆਂ 'ਤੇ ਸਵਾਰ ਮਛੇਰੇ, ਕੋਈ ਹੈਰਾਨੀਜਨਕ ਦ੍ਰਿਸ਼ ਪੇਸ਼ ਨਹੀਂ ਕਰ ਰਹੇ। ਸਾਡੇ ਰਵਾਇਤੀ ਸਭਿਆਚਾਰਾਂ ਵਿੱਚ, ਸਖ਼ਤ ਸਰੀਰਕ ਮਿਹਨਤ ਅਤੇ ਕਿਸੇ ਖਾਸ ਕਿੱਤੇ ਜਾਂ ਕਿਰਤ ਨਾਲ਼ ਜੁੜੇ ਗੀਤਾਂ ਵਿਚਕਾਰ ਇੱਕ ਅਟੁੱਟ ਬੰਧਨ ਹੈ। ਕਿੱਤਿਆਂ ਨਾਲ਼ ਜੁੜੇ ਲੋਕ ਗੀਤ ਲੰਬੇ ਸਮੇਂ ਤੋਂ ਸਾਡੇ ਸੱਭਿਆਚਾਰ ਦਾ ਹਿੱਸਾ ਰਹੇ ਹਨ। ਕਈ ਵਾਰ, ਇਹ ਗੀਤ ਇਕੱਠੇ ਕੰਮ ਕਰਨ ਵਾਲ਼ੇ ਲੋਕ ਸਮੂਹਾਂ ਨੂੰ ਉਤਸ਼ਾਹਤ ਕਰਨ ਅਤੇ ਤਾਲਮੇਲ ਸਥਾਪਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ ਅਤੇ ਕਈ ਵਾਰ ਉਹ ਆਪਣੇ ਥਕਾਵਟ ਭਰੇ ਕੰਮ ਦੀ ਰੁਟੀਨ, ਦੁੱਖ ਅਤੇ ਬੋਰੀਅਤ ਨੂੰ ਘਟਾਉਣ ਦਾ ਕੰਮ ਕਰਦੇ ਹਨ।

170 ਮੀਟਰ ਲੰਬੀ ਕੱਛ ਦੀ ਖਾੜੀ, ਛੋਟੀਆਂ ਨਦੀਆਂ, ਮੁਹਾਨਿਆਂ ਅਤੇ ਚਿੱਕੜ ਲੱਦੀਆਂ ਜ਼ਮੀਨਾਂ ਵਾਲ਼ਾ ਇਹ ਵਿਸ਼ਾਲ ਅੰਤਰ-ਜਵਾਰ ਖੇਤਰ ਵੱਡੀ ਵਾਤਾਵਰਣ ਪ੍ਰਣਾਲੀ ਅਤੇ ਕਈ ਸਮੁੰਦਰੀ ਜੀਵਾਂ ਦੇ ਪ੍ਰਜਨਨ ਸਥਾਨ ਵਜੋਂ ਵੀ ਕੰਮ ਕਰਦਾ ਹੈ। ਇਸ ਤਟੀ ਖੇਤਰ ਵਿੱਚ ਮੱਛੀ ਫੜ੍ਹਨਾ ਇੱਥੋਂ ਦੀ ਵੱਡੀ ਆਬਾਦੀ ਲਈ ਇੱਕ ਰਵਾਇਤੀ ਕਿੱਤਾ ਹੈ। ਇਹ ਗੀਤ ਮਛੇਰਿਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕਰਦਾ ਹੈ ਜਿਨ੍ਹਾਂ ਦੀ ਰੋਜ਼ੀ-ਰੋਟੀ ਤਟਵਰਤੀ ਖੇਤਰਾਂ ਵਿੱਚ ਚੱਲ ਰਹੀਆਂ ਵਿਕਾਸ ਗਤੀਵਿਧੀਆਂ ਦੇ ਨਾਮ 'ਤੇ ਤਬਾਹੀ ਵੱਲ ਨੂੰ ਜਾ ਰਹੀ ਹੈ।

ਕੱਛ ਦੇ ਮਛੇਰਿਆਂ ਦੀਆਂ ਯੂਨੀਅਨਾਂ, ਬੁੱਧੀਜੀਵੀ ਹਲਕਿਆਂ ਅਤੇ ਕਈ ਹੋਰ ਲੋਕਾਂ ਨੇ ਵੀ ਇਨ੍ਹਾਂ ਗਤੀਵਿਧੀਆਂ ਦੇ ਮਾੜੇ ਪ੍ਰਭਾਵਾਂ ਵਿਰੁੱਧ ਸ਼ਿਕਾਇਤ ਕੀਤੀ ਹੈ। ਉਹ ਮੁੰਦਰਾ ਥਰਮਲ ਪਲਾਂਟ (ਟਾਟਾ) ਅਤੇ ਮੁੰਦਰਾ ਪਾਵਰ ਪ੍ਰੋਜੈਕਟ (ਅਡਾਨੀ ਸਮੂਹ) ਨੂੰ ਤੇਜ਼ੀ ਨਾਲ਼ ਖਤਮ ਹੋ ਰਹੀ ਸਮੁੰਦਰੀ ਵਿਭਿੰਨਤਾ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ। ਸਭ ਤੋਂ ਵੱਧ ਬੁਰਾ ਪ੍ਰਭਾਵ ਇਸ ਖੇਤਰ ਦੇ ਮਛੇਰਾ ਭਾਈਚਾਰੇ ਨੂੰ ਪਿਆ ਹੈ। ਇੱਥੇ ਪੇਸ਼ ਕੀਤਾ ਗਿਆ ਗੀਤ, ਬਹੁਤ ਹੀ ਸਰਲ ਭਾਸ਼ਾ ਵਿੱਚ, ਇਨ੍ਹਾਂ ਚੁਣੌਤੀਆਂ ਵੱਲ ਇਸ਼ਾਰਾ ਕਰਦਾ ਹੈ।

ਇਸ ਗੀਤ ਨੂੰ ਮੁੰਦਰਾ ਤਾਲੁਕਾ ਦੀ ਜੁਮਾ ਵਾਘੇਰ ਨੇ ਖੂਬਸੂਰਤੀ ਨਾਲ਼ ਗਾਇਆ ਹੈ। ਜੁਮਾ ਖੁਦ ਇੱਕ ਮਛੇਰਾ ਹਨ। ਉਹ ਇਸ ਗਾਣੇ ਦੇ ਮੁੱਖ ਗਾਇਕ ਹਨ ਅਤੇ ਕੋਰਸ ਇਸੇ ਟੇਕ ਨੂੰ ਦੁਹਰਾਉਂਦਾ ਹੈ - ਹੋ ਜਮਾਲੋ (ਸੁਣੋ ਮਛੇਰਿਓ)। ਮਨ ਨੂੰ ਮੋਹ ਲੈਣ ਵਾਲ਼ੇ ਇਸ ਗੀਤ ਦਾ ਸੁਰੀਲਾਪਣ ਸਾਨੂੰ ਤੇਜ਼ੀ ਨਾਲ਼ ਬਦਲ ਰਹੇ ਕੱਛ ਦੇ ਦੂਰ-ਦੁਰਾਡੇ ਤਟਾਂ ਤੱਕ ਖਿੱਚ ਲੈ ਜਾਂਦਾ ਹੈ।

ਭਦਰਸਰ ਦੇ ਜੁਮਾ ਵਾਘੇਰ ਦੁਆਰਾ ਗਾਇਆ ਗਿਆ ਇਹ ਲੋਕ ਗੀਤ ਸੁਣੋ

કરછી

હો જમાલો રાણે રાણા હો જમાલો (2), હી આય જમાલો લોધીયન જો,
હો જમાલો,જાની જમાલો,
હલો જારી ખણી ધરીયા લોધીયું, હો જમાલો
જમાલો રાણે રાણા હો જમાલો,હી આય જમાલો લોધીયન જો.
હો જમાલો જાની જમાલો, હો જમાલો
હલો જારી ખણી હોડીએ મેં વીયું.
જમાલો રાણે રાણા હો જમાલો,હી આય જમાલો લોધીયન જો.
હો જમાલો જાની જમાલો,
હલો લોધી ભાવર મછી મારીયું, હો જમાલો
જમાલો રાણે રાણા હો જમાલો,હી આય જમાલો લોધીયન જો.
હો જમાલો જાની જમાલો,
હલો મછી મારે બચા પિંઢજા પારીયું, હો જમાલો
જમાલો રાણે રાણા હો જમાલો, હી આય જમાલો લોધીયન જો.
હો જમાલો જાની જમાલો,
હલો પાંજો કંઠો પાં ભચાઈયું, હો જમાલો
જમાલો રાણે રાણા હો જમાલો, હી આય જમાલો લોધીયન જો.(૨)

ਪੰਜਾਬੀ

ਆਓ, ਆਓ ਸਮੁੰਦਰ ਦੇ ਰਾਜਿਓ
ਆਓ, ਰਲ਼ ਚੱਲੀਏ, ਸਾਡੇ ਮਛੇਰਿਆਂ ਦੀ ਟੋਲੀ
ਹਾਂ, ਸਾਡੇ ਮਛੇਰਿਆਂ ਦੀ ਇਹ ਟੋਲੀ
ਚਲੋ, ਆਪੋ-ਆਪਣਾ ਜਾਲ਼ ਕੱਢੀਏ ਤੇ ਸਮੁੰਦਰ ਨੂੰ ਚੱਲੀਏ,
ਆਓ, ਰਲ਼ ਚੱਲੀਏ, ਸਾਡੇ ਮਛੇਰਿਆਂ ਦੀ ਟੋਲੀ
ਆਓ! ਆਓ ਭਰਾਵੋ!
ਚਲੋ, ਆਪੋ-ਆਪਣਾ ਜਾਲ਼ ਕੱਢੀਏ ਤੇ ਸਮੁੰਦਰ ਨੂੰ ਚੱਲੀਏ,
ਚਲੋ ਚੱਲੀਏ, ਅਸੀਂ ਬੜੀਆਂ ਮੱਛੀਆਂ ਨੇ ਫੜ੍ਹਨੀਆਂ
ਆਓ, ਰਲ਼ ਚੱਲੀਏ, ਸਾਡੇ ਮਛੇਰਿਆਂ ਦੀ ਟੋਲੀ
ਆਓ, ਰਲ਼ ਚੱਲੀਏ, ਇਹ ਬੰਦਰਗਾਹਾਂ ਅਸਾਂ ਹੀ ਨੇ ਬਚਾਉਣੀਆਂ
ਆਪਣੀਆਂ ਬੰਦਰਗਾਹਾਂ ਬਚਾ ਲਈਏ।
ਆਓ, ਰਲ਼ ਚੱਲੀਏ, ਸਾਡੇ ਮਛੇਰਿਆਂ ਦੀ ਟੋਲੀ

ਗੀਤ ਦੀ ਸ਼੍ਰੇਣੀ : ਰਵਾਇਤੀ ਲੋਕਗੀਤ

ਸਮੂਹ : ਭੋਇੰ, ਥਾਵਾਂ ਤੇ ਲੋਕਾਂ ਦੇ ਗੀਤ

ਗੀਤ : 13

ਗੀਤ ਦਾ ਸਿਰਲੇਖ : ਜਮਾਲੋ ਰਾਣੇ ਰਾਣਾ ਹੋ ਜਮਾਲੋ

ਸੰਗੀਤਕਾਰ : ਦੇਵਲ ਮੇਹਤਾ

ਗਾਇਕ : ਮੁੰਦਰਾ ਤਾਲੁਕਾ ਵਿਖੇ ਭਦ੍ਰੇਸਰ ਪਿੰਡ ਦੇ ਜੁਮਾ ਵਾਘੇਰ

ਵਰਤੀਂਦੇ ਸਾਜ਼ : ਢੋਲ਼, ਹਰਮੋਨੀਅਮ ਤੇ ਬੈਂਜੋ

ਰਿਕਾਰਡਿੰਗ ਦਾ ਵਰ੍ਹਾ : 2021, ਕੇਐੱਮਵੀਐੱਸ ਸਟੂਡੀਓ

ਇਹ 341 ਗੀਤ ਜਿਨ੍ਹਾਂ ਨੂੰ ਭਾਈਚਾਰੇ ਦੁਆਰਾ ਚਲਾਏ ਜਾਂਦੇ ਰੇਡਿਓ ਸੁਰਵਾਨੀ ਨੇ ਰਿਕਾਰਡ ਕੀਤਾ ਸੀ, ਕੱਛ ਮਹਿਲਾ ਵਿਕਾਸ ਸੰਗਠਨ ( ਕੇਐੱਮਵੀਐੱਸ ) ਰਾਹੀਂ ਪਾਰੀ ਨੂੰ ਪ੍ਰਾਪਤ ਹੋਏ ਹਨ। ਇਨ੍ਹਾਂ ਗੀਤਾਂ ਨੂੰ ਸੁਣਨ ਲਈ , ਵਿਜਿਟ ਕਰੋ : ਰਣ ਦੇ ਗੀਤ: ਕੱਛੀ ਲੋਕਗੀਤਾਂ ਦਾ ਪਟਾਰਾ

ਪ੍ਰੀਤੀ ਸੋਨੀ , ਕੇਐੱਮਵੀਐੱਸ ਦੇ ਸਕੱਤਰ ਅਰੁਣਾ ਢੋਲਕੀਆ , ਕੇਐੱਮਵੀਐੱਸ ਦੇ ਪ੍ਰੋਜੈਕਟ ਕੋਆਰਡੀਨੇਟਰ ਅਮਦ ਸਮੇਜਾ ਅਤੇ ਭਾਰਤੀਬੇਨ ਗੋਰ ਦਾ ਉਨ੍ਹਾਂ ਦੀ ਅਨਮੋਲ ਸਹਾਇਤਾ ਦੇਣ ਲਈ ਤਹਿ-ਦਿਲੋਂ ਧੰਨਵਾਦ।

ਤਰਜਮਾ: ਕਮਲਜੀਤ ਕੌਰ

Series Curator : Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Other stories by Pratishtha Pandya
Illustration : Jigyasa Mishra

ਜਗਿਆਸਾ ਮਿਸ਼ਰਾ ਉੱਤਰ ਪ੍ਰਦੇਸ਼ ਦੇ ਚਿਤਰਾਕੂਟ ਅਧਾਰਤ ਸੁਤੰਤਰ ਪੱਤਰਕਾਰ ਹਨ।

Other stories by Jigyasa Mishra
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur