ਮੈਂ ਚੌਥੇ ਦਿਨ ਉੱਥੇ ਅੱਪੜ ਗਿਆਂ; ਜਿਸ ਵੇਲ਼ੇ ਮੈਂ ਪਹੁੰਚਿਆਂ ਦੁਪਹਿਰ ਹੋ ਚੁੱਕੀ ਸੀ।
ਮੈਂ ਵਾਲੰਟੀਅਰਾਂ ਦੀ ਇੱਕ ਟੀਮ ਨਾਲ਼ ਚੇਨਈ ਤੋਂ ਵਾਇਨਾਡ ਦੇ ਰਾਹ ਜਾ ਪਿਆ। ਸਾਨੂੰ ਅਜਨਬੀਆਂ ਤੋਂ ਲਿਫ਼ਟ ਲੈਣੀ ਪਈ ਕਿਉਂਕਿ ਬੱਸਾਂ ਨਹੀਂ ਸਨ।
ਹਾਦਸੇ ਵਾਲ਼ੀ ਥਾਂ ਜੰਗ ਦੇ ਮੈਦਾਨ ਵਾਂਗ ਸੀ। ਐਂਬੂਲੈਂਸਾਂ ਆ ਰਹੀਆਂ ਸਨ ਤੇ ਜਾ ਰਹੀਆਂ ਸਨ। ਲੋਕ ਵੱਡੀਆਂ ਮਸ਼ੀਨਾਂ ਰਾਹੀਂ ਲਾਸ਼ਾਂ ਦੀ ਭਾਲ਼ ਕਰਨ ਵਿੱਚ ਰੁੱਝੇ ਹੋਏ ਸਨ। ਚੂਰਾਮਾਲਾ, ਅਟਾਮਾਲਾ ਅਤੇ ਮੁੰਡਕਾਈ ਦੇ ਕਸਬੇ ਜਿਓਂ ਤਬਾਹ ਹੀ ਹੋ ਗਏ। ਉੱਥੇ ਜ਼ਿੰਦਗੀ ਦਾ ਕੋਈ ਸੰਕੇਤ ਨਹੀਂ ਸੀ। ਵਸਨੀਕਾਂ ਦੀਆਂ ਭੁੱਬਾਂ ਡੂੰਘੀ ਉਦਾਸੀ ਵਿੱਚ ਡੁੱਬ ਗਈਆਂ ਕਿ ਉਹ ਆਪਣੇ ਸਾਕ-ਅੰਗਾਂ ਦੀਆਂ ਲਾਸ਼ਾਂ ਵੀ ਨਾ ਪਛਾਣ ਸਕੇ।
ਨਦੀ ਦੇ ਕਿਨਾਰੇ ਮਲਬੇ ਅਤੇ ਲਾਸ਼ਾਂ ਦੇ ਢੇਰ ਵਿੱਚ ਬਦਲ ਗਏ। ਰਾਹਤ ਕਰਮੀ ਅਤੇ ਪਰਿਵਾਰ ਡਾਂਗਾਂ ਲੈ ਕੇ ਕੰਢਿਓ ਕੰਢੀ ਚੱਲ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿਤੇ ਉਹ ਚਿੱਕੜ ਵਿੱਚ ਨਾ ਧੱਸ ਜਾਣ। ਮੇਰੀ ਲੱਤ ਚਿੱਕੜ ਵਿੱਚ ਦੱਬ ਗਈ। ਲਾਸ਼ਾਂ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਸੀ। ਸਰੀਰ ਦੇ ਅੰਗ ਖਿੱਲਰੇ ਹੋਏ ਸਨ। ਮੇਰਾ ਕੁਦਰਤ ਨਾਲ਼ ਬਹੁਤ ਨੇੜਲਾ ਰਿਸ਼ਤਾ ਹੈ। ਪਰ ਇਨ੍ਹਾਂ ਦ੍ਰਿਸ਼ਾਂ ਨੇ ਮੈਨੂੰ ਹੈਰਾਨ ਕਰਕੇ ਰੱਖ ਦਿੱਤਾ।
ਭਾਸ਼ਾ ਦੀ ਸਮੱਸਿਆ ਕਾਰਨ, ਮੈਂ ਕਿਸੇ ਨਾਲ਼ ਗੱਲ ਤਾਂ ਨਾ ਕਰ ਸਕਿਆ ਬੱਸ ਅਹਿੱਲ ਖੜ੍ਹਾ ਉੱਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ਼ ਵਹਿੰਦਾ ਰਿਹਾ। ਮੈਂ ਉਨ੍ਹਾਂ ਨੂੰ ਪਰੇਸ਼ਾਨ ਨਾ ਕਰਨ ਦਾ ਫ਼ੈਸਲਾ ਕੀਤਾ। ਮੈਨੂੰ ਇੱਥੇ ਪਹਿਲਾਂ ਆਉਣਾ ਚਾਹੀਦਾ ਸੀ, ਪਰ ਸਿਹਤ ਨੇ ਇਸ ਦੀ ਇਜਾਜ਼ਤ ਨਾ ਦਿੱਤੀ।
ਮੈਂ ਵਗਦੇ ਪਾਣੀ ਦਾ ਪਿੱਛਾ ਕੀਤਾ ਅਤੇ ਕੁਝ ਕਿਲੋਮੀਟਰ ਪੈਦਲ ਚੱਲਿਆ। ਘਰ ਚਿੱਕੜ ਵਿੱਚ ਦੱਬੇ ਹੋਏ ਸਨ। ਕੁਝ ਘਰ ਪੂਰੀ ਤਰ੍ਹਾਂ ਗਾਇਬ ਵੀ ਹੋ ਗਏ ਸਨ। ਹਰ ਜਗ੍ਹਾ ਵਲੰਟੀਅਰ ਲਾਸ਼ਾਂ ਦੀ ਭਾਲ਼ ਕਰਦੇ ਵੇਖੇ ਗਏ। ਫੌਜ ਵੀ ਰਾਹਤ ਕਾਰਜਾਂ 'ਚ ਲੱਗੀ ਹੋਈ ਸੀ। ਮੈਂ ਉੱਥੇ ਦੋ ਦਿਨ ਰਿਹਾ ਪਰ ਕੋਈ ਲਾਸ਼ ਨਾ ਮਿਲ਼ੀ। ਪਰ ਭਾਲ਼ ਨਿਰੰਤਰ ਜਾਰੀ ਰਹੀ। ਉਨ੍ਹਾਂ ਨੇ ਸਿਰਫ਼ ਚਾਹ ਅਤੇ ਦੁਪਹਿਰ ਦੇ ਖਾਣੇ ਲਈ ਆਰਾਮ ਕੀਤਾ। ਉੱਥੋਂ ਦੇ ਲੋਕਾਂ ਦੀ ਏਕਤਾ ਨੇ ਮੈਨੂੰ ਸੱਚਮੁੱਚ ਹੈਰਾਨ ਕਰਕੇ ਰੱਖ ਦਿੱਤਾ।































