“ਮੇਦਾਪੁਰਮ ’ਚ ਕਿਤੇ ਵੀ ਸਾਡੇ ਵਾਂਗ ਉਗਾੜੀ ਨਹੀਂ ਮਨਾਇਆ ਜਾਂਦਾ,” ਪਾਸਾਲਾ ਕੋਨਦੰਨਾ ਨੇ ਕਿਹਾ। 82 ਸਾਲਾ ਕਿਸਾਨ ਉਗਾੜੀ ਤਿਉਹਾਰ – ਨਵਾਂ ਤੇਲਗੂ ਸਾਲ - ਬਾਰੇ ਬੜੇ ਮਾਣ ਨਾਲ ਗੱਲ ਕਰਦਾ ਹੈ ਜੋ ਮਾਰਚ ਜਾਂ ਅਪ੍ਰੈਲ ਮਹੀਨੇ ਵਿੱਚ ਪੈਂਦਾ ਹੈ ਤੇ ਆਂਧਰਾ ਪ੍ਰਦੇਸ਼ ਵਿਚਲੇ ਉਸਦੇ ਪਿੰਡ ਵਿੱਚ ਮਨਾਇਆ ਜਾਂਦਾ ਹੈ।
ਮੇਦਾਪੁਰਮ, ਸ੍ਰੀ ਸੱਤਿਆ ਸਾਈਂ ਜ਼ਿਲ੍ਹੇ ਦਾ ਇੱਕ ਪਿੰਡ, ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਵੱਲੋਂ ਇਹ ਤਿਉਹਾਰ ਮਨਾਇਆ ਜਾਂਦਾ ਹੈ।
ਉਗਾੜੀ ਤੋਂ ਇੱਕ ਰਾਤ ਪਹਿਲਾਂ ਤਿਉਹਾਰ ਦੀ ਸ਼ੁਰੂਆਤ ਦੇਵਤਾ ਦੀ ਮੂਰਤੀ ਨੂੰ ਲੈ ਕੇ ਇੱਕ ਸ਼ੋਭਾ ਯਾਤਰਾ ਕੱਢਣ ਤੋਂ ਹੁੰਦੀ ਹੈ। ਗੁਫਾ ਤੋਂ ਮੰਦਿਰ ਤੱਕ ਦੀ ਮੂਰਤੀ ਦੀ ਯਾਤਰਾ ਨੂੰ ਸ਼ਰਧਾਲੂਆਂ ਵੱਲੋਂ ਬੜੀ ਉਮੀਦ ਅਤੇ ਉਤਸ਼ਾਹ ਨਾਲ ਦੇਖਿਆ ਜਾਂਦਾ ਹੈ। ਇਹ ਛੋਟਾ ਅਨੂਸੂਚਿਤ ਭਾਈਚਾਰਾ, ਜਿਸ ਦੀ ਨੁਮਾਇੰਦਗੀ ਮੰਦਿਰ ਦੇ ਅੱਠ ਰੱਖਿਅਕ ਪਰਿਵਾਰਾਂ ਵੱਲੋਂ ਕੀਤੀ ਜਾਂਦੀ ਹੈ, ਇਸ ਸਮਾਗਮ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੇ ਹਨ, ਭਾਵੇਂ ਕਿ ਉਹ ਮੇਦਾਪੁਰਮ ਵਿੱਚ ਘੱਟ ਗਿਣਤੀ ਵਿੱਚ ਹਨ, ਜਿਸਦੀ ਆਬਾਦੀ 6,641 (2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ) ਹੈ।
ਉਗਾੜੀ ਵਾਲੇ ਦਿਨ, ਵਾਹਨਾਂ ਨੂੰ ਸਜਾਉਣ ਵਾਲੀ ਰੰਗੀਨ ਸਜਾਵਟ ਨਾਲ ਪਿੰਡ ਜੀਵੰਤ ਹੋ ਉੱਠਦਾ ਹੈ ਜਿਹਨਾਂ ਨੂੰ ਜਸ਼ਨ ਦੇ ਚਿੰਨ੍ਹ ਵਜੋਂ ਮੰਦਿਰ ਦੇ ਦੁਆਲੇ ਘੁਮਾਇਆ ਜਾਂਦਾ ਹੈ। ਸ਼ਰਧਾਲੂ ਆਉਣ ਵਾਲੇ ਸਾਲ ਲਈ ਸਾਂਝੇ ਭਾਈਚਾਰੇ ਅਤੇ ਅਸ਼ੀਰਵਾਦ ਦੀ ਭਾਵਨਾ ਦੇ ਪ੍ਰਤੀਕ ਵਜੋਂ ਪ੍ਰਸਾਦਮ (ਪ੍ਰਸਾਦ) ਵੰਡਦੇ ਹਨ। ਜਿਵੇਂ ਹੀ ਵਾਹਨਾਂ ਦਾ ਜਲੂਸ ਨੇਪਰੇ ਚੜ੍ਹਦਾ ਹੈ, ਦੁਪਹਿਰ ਤੋਂ ਬਾਅਦ ਪੰਜੂ ਸੇਵਾ ਦੀ ਰਸਮ ਹੁੰਦੀ ਹੈ। ਇਸ ਰਸਮ ਲਈ ਸ਼ਰਧਾਲ਼ੂ ਉਸੇ ਰਸਤੇ ਤੋਂ ਜਾਂਦੇ ਹਨ ਜਿਸਨੂੰ ਪਿਛਲੀ ਰਾਤ ਸ਼ੋਭਾ ਯਾਤਰਾ ਕੱਢ ਕੇ ਸ਼ੁੱਧ ਕੀਤਾ ਗਿਆ ਸੀ।
ਇਹ ਤਿਉਹਾਰ ਦੇਵਤੇ ਦੀ ਮੂਰਤੀ ਨੂੰ ਪਿੰਡ ਵਾਪਸ ਲਿਆਉਣ ਦੀ ਪੂਰੀ ਕਹਾਣੀ ਨੂੰ ਦੁਬਾਰਾ ਪੇਸ਼ ਕਰਕੇ ਸਾਰਿਆਂ ਨੂੰ ਮਡਿਗਾ ਭਾਈਚਾਰੇ ਦੇ ਸੰਘਰਸ਼ਾਂ ਦੀ ਯਾਦ ਦਿਵਾਉਂਦਾ ਹੈ।
ਤਰਜਮਾ: ਅਰਸ਼ਦੀਪ ਅਰਸ਼ੀ