ਅੰਜਨ ਪਿੰਡ ਦੇ ਨਾਲ਼ ਹੀ ਇੱਕ ਪਵਿੱਤਰ ਪਹਾੜੀ, ਕੇਸਰੀ (ਭਗਵਾ) ਤੇ ਚਿੱਟੇ ਝੰਡਿਆਂ ਨਾਲ਼ ਭਰੀ ਹੋਈ ਹੈ। ਚਿੱਟੇ ਝੰਡੇ ਕੁਦਰਤ ਦੀ ਪੂਜਾ ਕਰਨ ਵਾਲ਼ੇ ਸਰਨਾ ਆਦਿਵਾਸੀ ਭਾਈਚਾਰਿਆਂ ਦੇ ਹਨ। ਇਹ ਝਾਰਖੰਡ ਦੇ ਗੁਮਲਾ ਜਿਲ੍ਹੇ ਦੇ ਓਰਾਓਂ ਆਦਿਵਾਸੀਆਂ ਦੇ ਝੰਡੇ ਹਨ। ਭਗਵਾ ਝੰਡੇ ਉਨ੍ਹਾਂ ਹਿੰਦੂਆਂ ਦੇ ਹਨ ਜਿਨ੍ਹਾਂ ਨੇ 1985 ਵਿੱਚ ਪਹਾੜੀ ਦੀ ਟੀਸੀ 'ਤੇ ਹਨੂੰਮਾਨ ਦਾ ਇੱਕ ਮੰਦਰ ਬਣਵਾਇਆ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਹਿੰਦੂ ਭਗਵਾਨ ਹਨੂੰਮਾਨ ਦਾ ਜਨਮ-ਅਸਥਾਨ ਹੈ।
ਬਾਂਸ ਦੇ ਬੂਹੇ 'ਤੇ ਲੱਗੇ ਦੋ ਵੱਡੇ ਸਾਰੇ ਬੈਨਰ ਭਗਤਾਂ ਦਾ ਸੁਆਗਤ ਕਰਦੇ ਹਨ। ਇਨ੍ਹਾਂ 'ਤੇ ਦੋ ਕਮੇਟੀਆਂ ਦੇ ਨਾਮ ਝਰੀਟੇ ਹੋਏ ਹਨ। ਜੰਗਲਾਤ ਵਿਭਾਗ ਤੇ ਅੰਜਨ ਪਿੰਡ ਦੇ ਲੋਕਾਂ ਦੁਆਰਾ ਸਾਂਝੇ ਤੌਰ 'ਤੇ ਸੰਚਾਲਤ ਗੁਮਲਾ ਜੰਗਲ ਪ੍ਰਬੰਧਕੀ ਮੰਡਲ (ਸੰਯੁਕਤ ਗ੍ਰਾਮ ਵਣ ਪ੍ਰਬੰਧਨ ਕਮੇਟੀ)। ਇਹ ਕਮੇਟੀ ਇਕੱਠਿਆਂ ਰਲ਼ ਕੇ 2016 ਤੋਂ ਤੀਰਥ-ਅਸਥਾਨ ਅਤੇ ਪਾਰਕਿੰਗ ਦਾ ਪ੍ਰਬੰਧਨ ਸੰਭਾਲ਼ਦੀ ਹੈ। ਸਾਲ 2019 ਵਿੱਚ ਸਥਾਪਤ ਹਿੰਦੂਆਂ ਦੀ ਕਮੇਟੀ ''ਅੰਜਨ ਧਾਮ ਮੰਦਰ ਵਿਕਾਸ ਸਮਿਤੀ'' ਮੰਦਰ ਦਾ ਪ੍ਰਬੰਧਨ ਦੇਖਦੀ ਹੈ।
ਸੁਆਗਤੀ ਬੂਹੇ ਦੇ ਨਾਲ਼ ਅੰਦਰਲੇ ਪਾਸੇ ਸਾਹਮਣੇ ਉਪਰ ਜਾਣ ਵਾਲ਼ੀਆਂ ਦੋ ਪੌੜੀਆਂ ਹਨ। ਦੋਵੇਂ ਅੱਡੋ-ਅੱਡ ਪੂਜਾ ਸਥਲਾਂ ਨੂੰ ਜਾਂਦੀਆਂ ਹਨ। ਇੱਕ ਪੌੜੀ ਤੁਹਾਨੂੰ ਸਿੱਧਿਆਂ ਪਹਾੜੀ ਦੀ ਟੀਸੀ 'ਤੇ ਬਣੇ ਹਨੂੰਮਾਨ ਮੰਦਰ ਵੱਲ ਲੈ ਜਾਂਦੀ ਹੈ। ਦੂਸਰੀ ਪੌੜੀ ਦੋ ਗੁਫ਼ਾਵਾਂ ਵੱਲ ਜਾਂਦੀ ਹੈ, ਜਿਨ੍ਹਾਂ ਵਿੱਚ ਆਦਿਵਾਸੀ ਪਾਹਨ ਹਿੰਦੂ ਮੰਦਰ ਦੇ ਵਜੂਦ ਵਿੱਚ ਆਉਣ ਤੋਂ ਪਹਿਲਾਂ ਤੋਂ ਹੀ ਪੂਜਾ ਕਰਦੇ ਆਏ ਹਨ।
ਦੋ ਅੱਡ-ਅੱਡ ਪੂਜਾ ਸਥਲਾਂ ਦੇ ਨੇੜੇ ਦੋਵਾਂ ਦੇਵਤਿਆਂ ਦੀ ਸੇਵਾ ਕਰਨ ਵਾਲ਼ੇ ਲੋਕਾਂ ਵੱਲੋਂ ਆਪੋ-ਆਪਣੇ ਉਦੇਸ਼ਾਂ ਲਈ ਗੋਲਕਾਂ ਰੱਖੀਆਂ ਗਈਆਂ ਹਨ। ਇੱਕ ਗੁਫ਼ਾ ਦੇ ਸਾਹਮਣੇ, ਇੱਕ ਮੰਦਰ ਦੇ ਅੰਦਰ। ਤੀਜੀ ਗੋਲਕ ਵਿਹੜੇ ਵਿੱਚ ਹੈ, ਜੋ ਬਜਰੰਗ ਦਲ ਦੀ ਹੈ। ਇਸ ਗੋਲਕ ਦੇ ਪੈਸੇ ਦੀ ਵਰਤੋਂ ਮੰਗਲਵਾਰ ਦੇ ਲੰਗਰ ਵਾਸਤੇ ਕੀਤੀ ਜਾਂਦੀ ਹੈ, ਜਿਸ ਅੰਦਰ ਸੰਗਤਾਂ ਲਈ ਖਾਣ-ਪੀਣ ਦਾ ਬੰਦੋਬਸਤ ਕੀਤਾ ਜਾਂਦਾ ਹੈ ਤੇ ਅੰਜਨ ਪਿੰਡ ਨੇੜੇ, ਪਹਾੜੀ ਦੀ ਤਲਹਟੀ ਵਿੱਚ ਇੱਕ ਹੋਰ ਗੋਲਕ ਹੈ, ਜਿਸ ਅੰਦਰਲੇ ਪੈਸੇ ਨਾਲ਼ ਆਦਿਵਾਸੀਆਂ ਨੂੰ ਪੂਜਾ ਸਮੱਗਰੀ ਜਾਂ ਪ੍ਰਸ਼ਾਦ ਖਰੀਦਣ ਵਿੱਚ ਮਦਦ ਮਿਲ਼ਦੀ ਹੈ।
''ਇਸ ਇਲਾਕੇ ਵਿੱਚ ਸਾਰੇ ਆਦਿਵਾਸੀ ਹਨ। ਅੰਜਨ ਪਿੰਡ ਵਿੱਚ ਪਹਿਲਾਂ ਕੋਈ ਪੰਡਤ ਨਹੀਂ ਸਨ।'' ਸਾਬਕਾ ਗ੍ਰਾਮ ਪ੍ਰਧਾਨ ਰੰਜੈ ਓਰਾਓਂ (42) ਇਸ ਧਾਰਮਿਕ ਸਥਲ ਵਿੱਚ ਪੂਜਾ ਵਿਵਸਥਾ ਬਾਰੇ ਮੈਨੂੰ ਦੱਸ ਰਹੇ ਹਨ। ਹਾਲ ਦੇ ਸਮੇਂ ਬਨਾਰਸ ਤੋਂ ਪੰਡਤ ਇਸ ਇਲਾਕੇ ਵਿੱਚ ਆਏ ਹਨ। ਇੱਥੋਂ ਦੇ ਉਰਾਂਵ ਆਦਿਵਾਸੀ ਸਾਲਾਂ ਤੋਂ ਕੁਦਰਤੀ ਦੇਵੀ ਅੰਜਨੀ ਦੀ ਪੂਜਾ ਕਰਦੇ ਆ ਰਹੇ ਹਨ, ਪਰ ਅਸੀਂ ਕਦੇ ਨਹੀਂ ਜਾਣਦੇ ਸਾਂ ਕਿ ਅੰਜਨੀ ਦਾ ਸਬੰਧ ਹਨੂੰਮਾਨ ਨਾਲ਼ ਸੀ, '' ਉਹ ਕਹਿੰਦੇ ਹਨ।
ਰੰਜੈ ਮੁਤਾਬਕ, ''ਪੰਡਤ ਆਏ ਤੇ ਉਨ੍ਹਾਂ ਨੇ ਇਹ ਕਹਾਣੀ ਉਡਾ ਦਿੱਤੀ ਕਿ ਅੰਜਨੀ ਅਸਲ ਵਿੱਚ ਹਨੂੰਮਾਨ ਦੀ ਮਾਂ ਸਨ। ਅੰਜਨ ਨੂੰ ਹਨੂੰਮਾਨ ਦਾ ਪਵਿੱਤਰ ਜਨਮ-ਅਸਥਾਨ ਐਲਾਨ ਦਿੱਤਾ ਗਿਆ ਤੇ ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ, ਪਹਾੜੀ ਦੇ ਠੀਕ ਉੱਪਰ ਹਨੂੰਮਾਨ ਦਾ ਇੱਕ ਮੰਦਰ ਬਣ ਗਿਆ ਤੇ ਉਸ ਥਾਂ ਨੂੰ ਅੰਜਨ ਧਾਮ ਐਲਾਨ ਦਿੱਤਾ ਗਿਆ।''










