"ਪਹਿਲਾਂ-ਪਹਿਲ ਮੈਂ ਸਿਰਫ਼ ਦੁਖੀ ਹੁੰਦਾ, ਪਰ ਹੁਣ ਮੈਂ ਡੂੰਘੀ ਨਿਰਾਸ਼ਾ ਤੇ ਨਾਉਮੀਦੀ ਨਾਲ਼ ਭਰਿਆ ਪਿਆ ਹਾਂ," ਕਜਰੀ ਦੇ 56 ਸਾਲਾ ਪਿਤਾ, ਧੀਰੇਂਦਰ ਸਿੰਘ ਕਹਿੰਦੇ ਹਨ। ਉਹ ਲਖਨਊ ਦੇ ਇੱਕ ਨਿੱਜੀ ਕਾਲਜ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਹਨ ਅਤੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਉਹ ਆਪਣੀ ਪਤਨੀ ਅਤੇ ਦੋ ਧੀਆਂ (ਸਣੇ ਕਜਰੀ) ਨਾਲ਼ ਰਹਿੰਦੇ ਹਨ।
"ਮੈਂ ਲਗਭਗ 15 ਸਾਲਾਂ ਤੋਂ ਲਖਨਊ ਦੀਆਂ ਵੱਖੋ-ਵੱਖ ਕੰਪਨੀਆਂ ਤੇ ਕਾਲਜਾਂ ਵਿੱਚ ਸੁਰੱਖਿਆ ਗਾਰਡ ਦਾ ਕੰਮ ਕਰ ਚੁੱਕਿਆ ਹਾਂ। ਪਰ 2021 ਤੋਂ ਹੀ ਮੈਂ ਇੱਕ ਥਾਂ ਟਿਕ ਕੇ ਨੌਕਰੀ ਨਾ ਕਰ ਸਕਿਆ। ਕਿਉਂਕਿ ਕਦੇ ਮੈਨੂੰ ਪੁਲਿਸ ਕੋਲ਼ ਆਪਣਾ ਬਿਆਨ ਦਰਜ ਕਰਾਉਣ ਅਤੇ ਕਦੇ ਕਜਰੀ ਦੀ ਕੋਈ ਨਾ ਕੋਈ ਜਾਂਚ ਵਾਸਤੇ ਆਏ ਦਿਨ ਛੁੱਟੀ ਦੀ ਲੋੜ ਰਹਿੰਦੀ ਹੀ ਰਹੀ। ਬਾਰ-ਬਾਰ ਛੁੱਟੀ ਮੰਗੇ ਜਾਣ 'ਤੇ ਮੈਨੂੰ ਕੰਮ ਤੋਂ ਜਵਾਬ ਹੁੰਦਾ ਹੀ ਰਹਿੰਦਾ। ਫਿਰ ਮੈਨੂੰ ਦੁਬਾਰਾ ਨਵੀਂ ਨੌਕਰੀ ਲੱਭਣੀ ਪੈਂਦੀ ਹੈ," ਧੀਰੇਂਦਰ ਕਹਿੰਦੇ ਹਨ।
ਧੀਰੇਂਦਰ ਮਹੀਨੇ ਦਾ 9,000 ਰੁਪਏ ਕਮਾਉਂਦੇ ਹਨ, ਇੰਨੇ ਪੈਸਿਆਂ ਨਾਲ਼ ਪਰਿਵਾਰ ਦੇ ਖਰਚੇ ਪੂਰੇ ਨਹੀਂ ਪੈਂਦੇ। "ਮੈਂ ਕਜਰੀ ਨੂੰ ਬਾਰ-ਬਾਰ ਲਖਨਊ ਨਹੀਂ ਲਿਜਾ ਸਕਦਾ ਕਿਉਂਕਿ ਨਾ ਤਾਂ ਮੈਂ ਉਹਦੀ ਸੁਰੱਖਿਆ ਖਤਰੇ ਵਿੱਚ ਪਾਉਣੀ ਚਾਹੁੰਦਾ ਤੇ ਨਾ ਹੀ ਮੈਂ ਬਾਰ-ਬਾਰ ਆਉਣ-ਜਾਣ ਦਾ ਖ਼ਰਚਾ ਹੀ ਪੂਰਾ ਕਰ ਸਕਦਾਂ,ਖ਼ਾਸ ਕਰਕੇ ਉਦੋਂ ਜਦੋਂ ਕੁਝ ਵੀ ਨਜ਼ਰ ਨਾ ਆਉਂਦਾ ਹੋਵੇ।''
ਕਜਰੀ ਦੇ ਲੱਭਣ ਦੇ ਸਾਢੇ ਤਿੰਨ ਸਾਲਾਂ ਬਾਅਦ ਵੀ ਨਿਆ ਲਈ ਇੰਨਾ ਭਟਕਣ ਦੇ ਬਾਵਜੂਦ ਉਨ੍ਹਾਂ ਦੇ ਹੱਥ ਵਿੱਚ ਕੁਝ ਨਹੀਂ ਆਇਆ। ਕਾਨੂੰਨੀ ਸਹਾਇਤਾ ਦਫ਼ਤਰ, ਮੋਹਨ ਲਾਲਗੰਜ ਥਾਣੇ ਅਤੇ ਕੈਸਰਬਾਗ ਜ਼ਿਲ੍ਹਾ ਅਦਾਲਤ ਦੇ ਇੰਨੇ ਗੇੜੇ ਮਾਰਨ ਦੇ ਬਾਵਜੂਦ ਵੀ ਅਜੇ ਤੱਕ ਮੈਜਿਸਟਰੇਟ ਦੇ ਸਾਹਮਣੇ ਕਜਰੀ ਦਾ ਬਿਆਨ ਤੱਕ ਦਰਜ ਨਹੀਂ ਕੀਤਾ ਗਿਆ, ਕਿਉਂਕਿ ਜੇ ਭਾਰਤੀ ਦੰਡਾਵਲੀ ਦੀ ਧਾਰਾ 164 ਦੀ ਗੱਲ ਕਰੀਏ ਤਾਂ ਇਸ ਅਨੁਸਾਰ ''ਅਦਾਲਤ ਪੁਲਿਸ ਤੋਂ 2020 ਦੀ ਐੱਫ਼ਆਈਆਰ ਮੰਗੇਗੀ'' ਉਸ ਵੇਲ਼ੇ ਦੀ, ਜਦੋਂ ਕਜਰੀ ਨੂੰ ਬਚਾਇਆ ਗਿਆ ਸੀ, ਧੀਰੇਂਦਰ ਬਿਆਨ ਕਰਦੇ ਹਨ।
ਕਜਰੀ ਦੇ ਮਾਮਲੇ ਵਿੱਚ ਸਿਰਫ਼ ਇੱਕੋ ਵਾਰ ਹੀ ਐੱਫ਼ਆਈਆਰ ਦਾਇਰ ਹੋਈ, ਉਹ ਵੀ ਉਹਦੇ ਲਾਪਤਾ ਹੋਣ ਦੇ ਦੋ ਦਿਨ ਬਾਅਦ, ਜੋ ਧੀਰੇਂਦਰ ਨੇ ਦਸੰਬਰ 2010 'ਚ ਭਾਰਤੀ ਦੰਡਾਵਲੀ ਦੀ ਧਾਰਾ 363 ਅਤੇ 364 ਤਹਿਤ ਦਰਜ ਕਰਵਾਈ ਸੀ। ਇਹ ਲਿਖਤੀ ਦਸਤਾਵੇਜ਼ ਹੈ ਜੋ ਸਮੇਂ ਦੇ ਨਾਲ਼ ਮਿਟਣਾ ਸ਼ੁਰੂ ਹੋ ਗਿਆ ਹੈ। 14 ਸਾਲ ਬਾਅਦ, ਇਹ ਹੁਣ ਪੜ੍ਹਿਆ ਵੀ ਨਹੀਂ ਜਾਂਦਾ। ਪੁਲਿਸ ਕੋਲ਼ 2010 ਦੀ ਇਸ ਐਫ਼ੱਆਈਆਰ ਦੀ ਡਿਜੀਟਲ ਜਾਂ ਡੁਪਲੀਕੇਟ ਕਾਪੀ ਵੀ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ 2020 (ਕਜਰੀ ਦੇ ਲੱਭਣ) ਦੀ ਫ਼ੌਲੋ ਐੱਫ਼ਆਈਆਰ ਦਰਜ ਕਰਨ ਵਾਸਤੇ ਵੀ ਉਸ ਪੁਰਾਣੀ ਐੱਫ਼ਆਈਆਰ ਦੀ ਲੋੜ ਹੈ।
ਕੁੱਲ ਮਿਲ਼ਾ ਕੇ ਕਿਹਾ ਜਾਵੇ ਕਿ ਮੌਜੂਦਾ ਸਮੇਂ ਅਦਾਲਤ ਨੂੰ ਜੋ '2020 ਐੱਫਆਈਆਰ' ਚਾਹੀਦੀ ਹੈ ਉਹ ਮੌਜੂਦ ਹੀ ਨਹੀਂ ਅਤੇ ਇਸੇ ਕਾਰਨ ਕਜਰੀ ਦਾ ਕੇਸ ਨਿਆਂ ਪ੍ਰਣਾਲੀ ਦੇ ਰਿਕਾਰਡ ਵਿੱਚ ਵੀ ਨਹੀਂ ਹੈ।