"ਬੀਤੀ ਰਾਤ ਮੇਰੀ ਮਾਂ ਅਤੇ ਮੇਰਾ ਇਸੇ ਮੁੱਦੇ 'ਤੇ ਝਗੜਾ ਹੋਇਆ ਸੀ," 21 ਸਾਲਾ ਆਸ਼ਾ ਬੱਸੀ ਕਹਿੰਦੀ ਹਨ। "ਪਿਛਲੇ ਸਾਢੇ ਤਿੰਨ ਸਾਲਾਂ ਤੋਂ, ਉਹ ਮੈਨੂੰ ਪੜ੍ਹਾਈ ਛੱਡ ਕੇ ਘਰ ਬੈਠਣ ਅਤੇ ਵਿਆਹ ਕਰਨ ਲਈ ਮਜ਼ਬੂਰ ਕਰ ਰਹੇ ਹਨ," ਉਹ ਦੱਸਦੀ ਹਨ।
ਯਵਤਮਾਲਨਗਰ ਦੇ ਸਾਵਿਤਰੀ ਜੋਤੀਰਾਓ ਕਾਲਜ ਆਫ਼ ਸੋਸ਼ਲ ਵਰਕ ਦੀ ਅੰਤਿਮ ਸਾਲ ਦੀ ਵਿਦਿਆਰਥਣ, ਆਸ਼ਾ ਸੋਸ਼ਲ ਵਰਕ ਦੀ ਡਿਗਰੀ ਦੀ ਪੜ੍ਹਾਈ ਕਰ ਰਹੀ ਹਨ। ਉਹ ਰਸਮੀ ਸਿੱਖਿਆ ਪ੍ਰਾਪਤ ਕਰਨ ਵਾਲ਼ੇ ਆਪਣੇ ਪਰਿਵਾਰ ਵਿੱਚੋਂ ਪਹਿਲੀ ਹਨ। "ਜੋ ਕੁੜੀਆਂ ਛੇਤੀ ਵਿਆਹ ਵਾਸਤੇ ਮੰਨ ਜਾਂਦੀਆਂ ਹਨ, ਪ੍ਰਸ਼ੰਸਾ ਖੱਟਦੀਆਂ ਹਨ। ਪਰ ਮੈਂ ਪੜ੍ਹਨਾ ਚਾਹੁੰਦੀ ਹਾਂ। ਅਜ਼ਾਦੀ ਹਾਸਲ ਕਰਨ ਦਾ ਇਹੀ ਇੱਕੋ ਇੱਕ ਤਰੀਕਾ ਹੈ," ਉਹ ਕਹਿੰਦੀ ਹਨ।
ਆਸ਼ਾ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਦੇ ਜੇਵਾਲ਼ੀ ਪਿੰਡ ਦੀ ਰਹਿਣ ਵਾਲ਼ੀ ਹਨ ਅਤੇ ਮਥੁਰਾ ਲਾਭਨ ਭਾਈਚਾਰੇ ਨਾਲ਼ ਸਬੰਧਤ ਹਨ। ਇਸ ਭਾਈਚਾਰੇ ਦੀ ਪਛਾਣ ਰਾਜ ਵਿੱਚ ਇੱਕ ਗੈਰ-ਨੋਟੀਫਾਈਡ ਕਬੀਲੇ (ਵਿਮੁਕਤ ਜਾਤੀ) ਵਜੋਂ ਕੀਤੀ ਗਈ ਹੈ। ਉਨ੍ਹਾਂ ਦੇ ਮਾਪੇ ਕਿਸਾਨ ਹਨ ਜੋ ਜੇਵਾਲ਼ੀ ਵਿਖੇ ਆਪਣੀ ਜ਼ਮੀਨ 'ਤੇ ਸੋਇਆ, ਕਪਾਹ, ਕਣਕ ਅਤੇ ਰਾਗੀ ਉਗਾਉਂਦੇ ਹਨ।
ਪਰਿਵਾਰ ਆਪਣੇ ਚਾਰ ਬੱਚਿਆਂ – ਤਿੰਨ ਧੀਆਂ ਅਤੇ ਇੱਕ ਪੁੱਤਰ ਦਾ ਪਾਲਣ ਪੋਸ਼ਣ ਕਰਨ ਲਈ ਖੇਤੀਬਾੜੀ 'ਤੇ ਨਿਰਭਰ ਕਰਦਾ ਹੈ। ਆਸ਼ਾ ਪਰਿਵਾਰ ਦਾ ਵੱਡਾ ਬੱਚਾ ਹੈ ਅਤੇ ਉਹ ਆਪਣੇ ਮਾਮੇ-ਮਾਮੀ ਕੋਲ਼ ਰਹਿ ਕੇ ਯਵਤਮਾਲ ਸ਼ਹਿਰ ਵਿੱਚ ਆਪਣੀ ਗ੍ਰੈਜੂਏਸ਼ਨ ਕਰ ਰਹੀ ਹਨ।
ਆਸ਼ਾ ਦੇ ਮਾਪਿਆਂ ਨੇ ਕੁਝ ਸਥਾਨਕ ਅਧਿਆਪਕਾਂ ਦੇ ਜ਼ੋਰ ਦੇਣ 'ਤੇ ਆਪਣੀ ਧੀ ਨੂੰ 7 ਸਾਲ ਦੀ ਉਮਰ ਵਿੱਚ ਆਪਣੇ ਘਰ ਦੇ ਨੇੜੇ ਜ਼ਿਲ੍ਹਾ ਪ੍ਰੀਸ਼ਦ (ਜੀਪੀ) ਸਕੂਲ ਵਿੱਚ ਦਾਖਲ ਕਰਵਾਇਆ। ਉਨ੍ਹਾਂ ਨੇ ਉੱਥੇ ਤੀਜੀ ਜਮਾਤ ਤੱਕ ਪੜ੍ਹਾਈ ਕੀਤੀ, ਫਿਰ ਜੇਵਾਲ਼ੀ ਤੋਂ 112 ਕਿਲੋਮੀਟਰ ਦੂਰ ਯਵਤਮਾਲ ਸ਼ਹਿਰ ਚਲੇ ਗਏ। ਉੱਥੇ ਆਸ਼ਾ ਨੇ ਮਹਾਰਾਸ਼ਟਰ ਰਾਜ ਬੋਰਡ ਨਾਲ਼ ਜੁੜੇ ਇੱਕ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਅਖ਼ੀਰ ਨੇੜਲੇ ਕਾਲਜ ਵਿੱਚ ਦਾਖਲ ਹੋ ਗਈ।
"ਆਮ ਤੌਰ 'ਤੇ, ਸਾਡੇ ਭਾਈਚਾਰੇ ਦੀਆਂ ਕੁੜੀਆਂ 7ਵੀਂ ਜਮਾਤ ਤੱਕ ਪੜ੍ਹਦੀਆਂ ਹਨ, ਜਿਸ ਤੋਂ ਬਾਅਦ ਉਹ ਹੌਲ਼ੀ-ਹੌਲ਼ੀ ਸਕੂਲ ਛੱਡਣ ਲੱਗਦੀਆਂ ਹਨ। ਸਿਰਫ਼ ਵਿਰਲੀਆਂ ਹੀ ਕਾਲਜ ਜਾਂਦੀਆਂ ਹਨ," ਆਸ਼ਾ ਕਹਿੰਦੀ ਹਨ। ਉਨ੍ਹਾਂ ਦੀ ਭੈਣ ਦਾ ਵਿਆਹ ਵੀ ਤਿੰਨ ਸਾਲ ਪਹਿਲਾਂ ਹੋਇਆ ਸੀ।
"ਸਾਡਾ ਭਾਈਚਾਰਾ ਰੂੜੀਵਾਦੀ ਹੈ," ਆਸ਼ਾ ਕਹਿੰਦੀ ਹਨ। ਪਰਿਵਾਰ ਦਾ ਡਰ ਕਿ ਕੁੜੀਆਂ ਦੂਜੀਆਂ ਜਾਤ ਵਾਲ਼ਿਆਂ ਦੇ ਪਿਆਰ ਵੱਸ ਪੈ ਕੇ ਵਿਆਹ ਕਰਵਾ ਸਕਦੀਆਂ ਹਨ, ਕੁੜੀਆਂ ਨੂੰ ਵਿਆਹ ਦੇ ਦਬਾਅ ਹੇਠ ਪੀਹਣ ਲੱਗਦਾ ਹੈ। ਆਸ਼ਾ ਕਹਿੰਦੀ ਹੈ, "ਜੇ ਕੋਈ ਕੁੜੀ ਆਪਣੇ ਪ੍ਰੇਮੀ ਨਾਲ਼ ਭੱਜ ਜਾਂਦੀ ਹੈ, ਤਾਂ ਉਸਦੇ ਦੋਸਤਾਂ ਨੂੰ ਵੀ ਸਕੂਲ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਮੈਂ ਸਾਡੇ ਭਾਈਚਾਰੇ ਵਿੱਚ ਕਿਸੇ ਅਜਿਹੀ ਕੁੜੀ ਨੂੰ ਨਹੀਂ ਜਾਣਦੀ ਜਿਹਨੇ ਹੋਰ ਜਾਤ ਦੇ ਮੁੰਡੇ ਨਾਲ਼ ਵਿਆਹ ਕਰਵਾਇਆ ਹੋਵੇ।''
ਆਸ਼ਾ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਵਿਆਹ ਦਾ ਦਬਾਅ ਵਧ ਗਿਆ, ਜਿਸ ਦੌਰਾਨ ਉਹ ਜੇਵਾਲ਼ੀ ਪਿੰਡ ਵਿੱਚ ਰਹਿੰਦੀ ਰਹੀ। ਉਸ ਸਮੇਂ ਕਈ ਮੁੰਡਿਆਂ ਵਾਲ਼ੇ ਉਨ੍ਹਾਂ ਨੂੰ ਦੇਖਣ ਵੀ ਆਏ। "ਕੋਵਿਡ ਦੌਰਾਨ, ਮੇਰੇ ਇਲਾਕੇ ਦੀਆਂ 21 ਸਾਲ ਤੋਂ ਘੱਟ ਉਮਰ ਦੀਆਂ 30 ਤੋਂ ਵੱਧ ਕੁੜੀਆਂ ਦਾ ਵਿਆਹ ਕਰ ਦਿੱਤਾ ਗਿਆ ਜਿੱਥੇ ਮੈਂ ਰਹਿੰਦੀ ਹਾਂ," ਆਸ਼ਾ ਕਹਿੰਦੀ ਹਨ।
ਸਿੱਖਿਆ ਨੂੰ ਵਿਆਹ ਮੁਲਤਵੀ ਕਰਨ ਦੇ ਜਾਇਜ਼ ਕਾਰਨ ਵਜੋਂ ਨਹੀਂ ਦੇਖਿਆ ਜਾਂਦਾ ਕਿਉਂਕਿ ਜੇਵਾਲ਼ੀ ਵਿੱਚ ਕੁੜੀਆਂ ਦੀ ਸਿੱਖਿਆ ਲਈ ਕੋਈ ਉਤਸ਼ਾਹ ਨਹੀਂ ਹੈ। "ਲੋਕ ਮੈਨੂੰ ਸ਼ੱਕ ਦੀ ਨਜ਼ਰ ਨਾਲ਼ ਦੇਖਦੇ ਹਨ ਕਿਉਂਕਿ ਮੇਰੀ ਭੈਣ ਵਿਆਹੀ ਹੋਈ ਹੈ ਅਤੇ ਮੇਰਾ ਵਿਆਹ ਨਹੀਂ ਹੋਇਆ ਹੈ," ਆਸ਼ਾ ਕਹਿੰਦੀ ਹਨ।
ਪੜ੍ਹਾਈ ਲਈ ਪਰਿਵਾਰਕ ਸਹਾਇਤਾ ਦੀ ਘਾਟ ਆਸ਼ਾ ਦੇ ਸ਼ਬਦਾਂ ਤੋਂ ਸਪੱਸ਼ਟ ਹੈ, "ਮੈਂ ਸਭ ਕੁਝ ਆਪਣੇ ਸਿਰ-ਬ-ਸਿਰ ਕਰਦੀ ਹਾਂ [ਸਿੱਖਿਆ ਲਈ]।'' ਉਹ ਗ੍ਰੈਜੂਏਟ ਕਰਨ ਵਾਲ਼ਾ ਪਹਿਲਾ ਬੱਚਾ ਹੋਣ ਕਰਕੇ ਉਸ ਨੂੰ ਆਪਣੇ ਪਰਿਵਾਰ ਤੋਂ ਬਹੁਤੀ ਸੇਧ ਨਹੀਂ ਮਿਲ਼ਦੀ। ਉਸ ਦੇ ਪਿਤਾ ਬਲਸਿੰਘ ਬੱਸੀ ਨੇ 11ਵੀਂ ਜਮਾਤ ਤੱਕ ਅਤੇ ਮਾਤਾ ਵਿਮਲ ਨੇ 5ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। "ਹੁਣ ਵੀ, ਉਹ ਮੇਰੀ ਪੜ੍ਹਾਈ ਤੋਂ ਬਹੁਤੀ ਉਮੀਦ ਨਹੀਂ ਕਰਦੇ ਕਿਉਂਕਿ ਮੈਂ ਇੱਕ ਔਰਤ ਹਾਂ," ਆਸ਼ਾ ਕਹਿੰਦੀ ਹਨ। ਸਿੱਖਿਆ ਦੀ ਉਮੀਦ ਕਰਨਾ " ਲੋਟਾਚਾ ਕਾਮ " ਬਣ ਗਿਆ ਹੈ - ਇਸ ਵਿੱਚ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਸੰਘਰਸ਼ ਸ਼ਾਮਲ ਹਨ।
ਆਸ਼ਾ ਕਹਿੰਦੀ ਹਨ, "ਪੜ੍ਹਾਈ ਦੇ ਮਾਮਲੇ ਵਿੱਚ ਮੇਰੇ ਪਰਿਵਾਰ ਵਿੱਚ ਕੋਈ ਵੀ ਮੇਰੇ ਨਾਲ਼ ਖੜ੍ਹਾ ਨਹੀਂ ਹੋਇਆ," ਆਸ਼ਾ ਕਹਿੰਦੀ ਹਨ,"ਕਾਸ਼ ਮੇਰੀ ਮਾਂ ਨੇ ਕਿਹਾ ਹੁੰਦਾ, ' ਤੂੰ ਕਰ , ਮੀ ਤੁਝਿਆ ਪਾਤਿਸ਼ੀ ਆਹੇ (ਤੂੰ ਪੜ੍ਹ, ਮੈਂ ਤੇਰੇ ਨਾਲ਼ ਹਾਂ)। ਵਿਡੰਬਨਾ ਇਹ ਹੈ ਕਿ ਮੇਰੀ ਮਾਂ ਹੀ ਮੇਰੀ ਪੜ੍ਹਾਈ ਦੀ ਸਭ ਤੋਂ ਮਜ਼ਬੂਤ ਆਲੋਚਕ ਹੈ," ਆਸ਼ਾ ਕਹਿੰਦੀ ਹਨ।
ਜੇਵਾਲ਼ੀ ਦਾ ਸਭ ਤੋਂ ਨਜ਼ਦੀਕੀ ਕਾਲਜ 12 ਕਿਲੋਮੀਟਰ ਦੂਰ ਬਿਤਾਰਾਗਾਓਂ ਪਿੰਡ ਵਿੱਚ ਹੈ। "ਇਕੱਲੇ ਸਕੂਲ ਜਾਣ ਦਾ ਮਤਲਬ ਹੈ ਕਿ ਮਾਪੇ ਆਪਣੀ ਧੀ ਦੀ ਸੁਰੱਖਿਆ ਲਈ ਡਰਦੇ ਹਨ। ਇਸ ਤਰ੍ਹਾਂ ਕੁੜੀਆਂ ਆਮ ਤੌਰ 'ਤੇ ਸਮੂਹਾਂ ਵਿੱਚ ਯਾਤਰਾ ਕਰਦੀਆਂ ਹਨ," ਆਸ਼ਾ ਕਹਿੰਦੀ ਹਨ, ਇਹ ਦੱਸਦੇ ਹੋਏ ਕਿ ਕਿਵੇਂ ਇੱਕ ਮਜ਼ਬੂਤ ਵਿਦਿਅਕ ਬੁਨਿਆਦੀ ਢਾਂਚਾ ਲੜਕੀਆਂ ਦੀ ਸਿੱਖਿਆ ਵਿੱਚ ਮਦਦ ਕਰ ਸਕਦਾ ਹੈ। "ਇੱਕ ਬੱਚੀ ਨੂੰ ਸਕੂਲੋਂ ਹਟਾਉਣ ਦਾ ਮਤਲਬ ਹੁਣ ਬਾਕੀ ਮਾਪੇ ਵੀ ਇੰਝ ਹੀ ਕਰਨਗੇ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਨਾਲ਼ ਜਾਣ ਵਾਲ਼ਾ ਕੋਈ ਨਹੀਂ ਹੋਵੇਗਾ।''
ਆਸ਼ਾ ਯਾਦ ਕਰਦੀ ਹਨ ਕਿ ਉਹ ਦਿਨ ਜਦੋਂ ਉਹ ਪੜ੍ਹਨ ਲਈ ਯਵਤਮਾਲ ਸ਼ਹਿਰ ਆਈ ਸਨ, ਉਹ ਦਿਨ ਆਸਾਨ ਨਹੀਂ ਸਨ। ਉਹ ਮਥੁਰਾ ਲਾਭਨ ਨਾਂ ਦੀ ਉਪਭਾਸ਼ਾ ਬੋਲਦੀ ਸੀ। ਇਹ ਬੋਲੀ ਸਿੱਖਿਆ ਦੇ ਮਾਧਿਅਮ ਮਰਾਠੀ ਤੋਂ ਵੱਖਰੀ ਸੀ। ਇੰਝ ਉਨ੍ਹਾਂ ਲਈ ਕਲਾਸ ਜਾਂ ਸਕੂਲ ਦੇ ਸਮਾਗਮਾਂ ਵਿੱਚ ਹਾਜ਼ਰ ਹੋਣਾ ਮੁਸ਼ਕਲ ਹੋ ਗਿਆ। ਆਸ਼ਾ ਕਹਿੰਦੀ ਹਨ, "ਮੇਰੇ ਸਹਿਪਾਠੀ ਮੇਰੀ ਭਾਸ਼ਾ ਦਾ ਮਜ਼ਾਕ ਉਡਾਉਂਦੇ ਸਨ। ਮੈਨੂੰ ਡਰ ਸੀ ਕਿ ਜੇ ਮੈਂ ਕਲਾਸ ਵਿੱਚ ਆਪਣੀ ਭਾਸ਼ਾ ਵਿੱਚ ਗੱਲ ਕੀਤੀ ਤਾਂ ਉਹ ਮੇਰੇ 'ਤੇ ਹੱਸਣਗੇ।''
ਇਸ ਝਿਜਕ ਨੇ ਆਸ਼ਾ ਦੀ ਸਕੂਲੀ ਤਰੱਕੀ ਵਿੱਚ ਰੁਕਾਵਟ ਪਾਈ। "ਛੇਵੀਂ ਜਮਾਤ ਤੱਕ, ਮੈਂ ਸਿਰਫ਼ ਮਰਾਠੀ ਵਰਣਮਾਲਾ ਲਿਖਣਾ ਸਿੱਖੀ, ਪੂਰੇ ਵਾਕ ਨਹੀਂ। ਮੈਂ ਪੰਜਵੀਂ ਜਮਾਤ ਤੱਕ ਕੁਤਰਾ (ਕੁੱਤਾ) ਅਤੇ ਮੰਜਰ (ਬਿੱਲੀ) ਵਰਗੇ ਮੁੱਢਲੇ ਸ਼ਬਦ ਵੀ ਨਹੀਂ ਪੜ੍ਹ ਸਕਦੀ ਸੀ।''
ਪਰ ਉਨ੍ਹਾਂ ਦੀਆਂ ਸਾਰੀਆਂ ਝਿਜਕਾਂ ਉਦੋਂ ਦੂਰ ਹੋ ਗਈਆਂ ਜਦੋਂ ਉਨ੍ਹਾਂ ਨੇ 10ਵੀਂ ਜਮਾਤ ਦੀ ਮਹਾਰਾਸ਼ਟਰ ਰਾਜ ਬੋਰਡ ਸੀਨੀਅਰ ਸੈਕੰਡਰੀ ਸਕੂਲ ਸਰਟੀਫਿਕੇਟ (ਐਸਐਸਸੀ) ਦੀ ਪ੍ਰੀਖਿਆ ਵਿੱਚ 79 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਅਤੇ ਆਪਣੇ ਮਾਮੇ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਵਿੱਚ ਮਦਦ ਕਰਨ ਲਈ ਮਨਾਉਣ ਵਿੱਚ ਕਾਮਯਾਬ ਰਹੀ। ਉਨ੍ਹਾਂ ਨੇ 12ਵੀਂ ਜਮਾਤ ਵਿੱਚ 63 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਸਨ।
ਆਸ਼ਾ ਦੀਆਂ ਅਕਾਦਮਿਕ ਪ੍ਰਾਪਤੀਆਂ ਅਜੇ ਵੀ ਉਨ੍ਹਾਂ ਦੇ ਆਸਪਾਸ ਵੱਸਦੇ ਲੋਕਾਂ ਲਈ ਬਹੁਤੇ ਮਾਅਨੇ ਨਹੀਂ ਰੱਖਦੀਆਂ - "ਮੇਰੇ ਮਾਪੇ ਮਾਣ ਨਾਲ਼ ਇਹ ਨਹੀਂ ਕਹਿ ਸਕਦੇ ਕਿ ਉਨ੍ਹਾਂ ਦੀ ਧੀ ਸ਼ਹਿਰ ਵਿੱਚ ਡਿਗਰੀ ਪ੍ਰਾਪਤ ਕਰ ਰਹੀ ਹੈ ਕਿਉਂਕਿ ਸਾਡੇ ਸਮਾਜ ਦੇ ਹਿਸਾਬ ਨਾਲ਼ ਇਹ ਯੋਗ ਪ੍ਰਾਪਤੀ ਨਹੀਂ ਹੈ।''
ਛੋਟੀ ਉਮਰੇ ਵਿਆਹ ਲੜਕੀਆਂ ਦੇ ਸਿੱਖਿਆ ਪ੍ਰਤੀ ਉਤਸ਼ਾਹ ਨੂੰ ਘਟਾਉਂਦਾ ਹੈ। "ਜੇ ਉਨ੍ਹਾਂ ਦਾ ਵਿਆਹ 16 ਸਾਲ ਦੀ ਉਮਰ ਵਿੱਚ ਹੋਣਾ ਤੈਅ ਹੀ ਹੈ, ਤਾਂ ਫਿਰ ਪੜ੍ਹਾਈ ਲਈ ਕੁੜੀਆਂ ਇੰਨੀ ਸਖ਼ਤ ਮਿਹਨਤ ਕਿਉਂ ਕਰਨ?" ਆਸ਼ਾ ਪੁੱਛਦੀ ਹਨ। ਬਾਵਜੂਦ ਇਹਦੇ ਆਸ਼ਾ ਦੇ ਉਤਸ਼ਾਹ ਵਿੱਚ ਰਤਾ ਫ਼ਰਕ ਨਾ ਪਿਆ। ਆਪਣੀ ਪੜ੍ਹਾਈ ਵਿੱਚ ਭਰੋਸਾ ਰੱਖਦਿਆਂ ਉਹ ਕਹਿੰਦੀ ਹੈ, "ਜੇ ਮੈਂ ਪੜ੍ਹੀ-ਲਿਖੀ ਹੋਵਾਂਗੀ ਤਾਂ ਹੀ ਸੁਰੱਖਿਅਤ ਭਵਿੱਖ ਦਾ ਸੁਪਨਾ ਦੇਖ ਸਕਦੀ ਹਾਂ।''
ਆਸ਼ਾ ਨੂੰ ਪੜ੍ਹਨ ਦਾ ਮਜ਼ਾ ਆਉਂਦਾ ਹੈ। ਸਰਿਤਾ ਅਵਹਾਦ ਦੀ ਹਮਰਸਤਾ ਨਕਰਤਾਨਾ ਅਤੇ ਸੁਨੀਤਾ ਬਰਡੇ ਦੀ ਫਿੰਡਰੀ ਉਨ੍ਹਾਂ ਦੀਆਂ ਕੁਝ ਪਸੰਦੀਦਾ ਕਿਤਾਬਾਂ ਹਨ, ਜੋ ਹਾਸ਼ੀਏ 'ਤੇ ਪਈਆਂ ਔਰਤਾਂ ਦੇ ਜੀਵਨ ਬਾਰੇ ਕਹਾਣੀਆਂ ਦੱਸਦੀਆਂ ਹਨ। ਉਹ ਮਹਿਲਾ ਅਧਿਐਨ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕਰਨਾ ਚਾਹੁੰਦੀ ਹਨ ਅਤੇ ਪਹਿਲਾਂ ਹੀ ਸੋਨੀਪਤ ਦੀ ਅਸ਼ੋਕਾ ਯੂਨੀਵਰਸਿਟੀ ਵਿੱਚ ਯੰਗ ਇੰਡੀਆ ਫੈਲੋ ਵਜੋਂ ਚੁਣੀ ਜਾ ਚੁੱਕੀ ਹਨ।
ਯਵਤਮਾਲ ਸ਼ਹਿਰ ਨੇ ਆਸ਼ਾ ਦਾ ਆਤਮਵਿਸ਼ਵਾਸ ਵਧਾਇਆ ਹੈ। "ਭਾਵੇਂ ਮੇਰੇ ਰਿਸ਼ਤੇਦਾਰ ਸਮਾਜ ਸੇਵਾ ਵਿੱਚ ਡਿਗਰੀ ਪ੍ਰਾਪਤ ਕਰਨਾ ਘਟੀਆ ਸਮਝਦੇ ਹੋਣ, ਪਰ ਮੇਰੇ ਲਈ ਇਹ ਬੜੇ ਫ਼ਾਇਦੇ ਦਾ ਕਦਮ ਰਿਹਾ," ਉਹ ਕਹਿੰਦੀ ਹਨ। ਮਥੁਰਾ ਲਾਭਨ ਭਾਈਚਾਰੇ ਨਾਲ਼ ਸਬੰਧਤ ਘਰਾਂ ਦੇ ਸਮੂਹ ਨੂੰ ਟਾਂਡੇ ਕਿਹਾ ਜਾਂਦਾ ਹੈ। ਉਹ ਆਮ ਤੌਰ 'ਤੇ ਪਿੰਡਾਂ ਤੋਂ ਬਹੁਤ ਦੂਰ ਹੁੰਦੇ ਹਨ। ਆਸ਼ਾ ਕਹਿੰਦੀ ਹਨ,"ਇਸ ਅਲੱਗ-ਥਲੱਗਤਾ ਕਾਰਨ ਅਸੀਂ ਆਧੁਨਿਕ, ਪ੍ਰਗਤੀਸ਼ੀਲ ਸੋਚ ਦੇ ਸੰਪਰਕ ਵਿੱਚ ਨਹੀਂ ਰਹਿ ਪਾ ਰਹੇ ਹਾਂ।'' ਕਾਲਜ ਵਿੱਚ ਉਨ੍ਹਾਂ ਦੇ ਅਧਿਆਪਕਾਂ ਨੇ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ, ਖ਼ਾਸਕਰ ਪ੍ਰੋਫੈਸਰ ਘਣਸ਼ਿਆਮ ਦਰਾਨੇ, ਜੋ ਮਰਾਠੀ ਪੜ੍ਹਾਉਂਦੇ ਸਨ।
"ਇੱਕ ਵਿਸ਼ਵਾਸ ਹੈ ਕਿ ਔਰਤਾਂ ਵਿੱਚ ਪ੍ਰਾਪਤੀ ਕਰਨ ਦੀ ਸਮਰੱਥਾ ਨਹੀਂ ਹੈ," ਨਿਰਾਸ਼ਾ ਨਾਲ਼ੋਂ ਵੀ ਵੱਧ ਤਲਖ਼ ਹੁੰਦਿਆਂ ਆਸ਼ਾ ਕਹਿੰਦੀ ਹਨ। "ਮੈਂ ਇਸ ਨੂੰ ਬਦਲਣਾ ਚਾਹੁੰਦੀ ਹਾਂ। ਮੈਂ ਕੁਝ ਪ੍ਰਾਪਤ ਕਰਨਾ ਚਾਹੁੰਦੀ ਹਾਂ ਅਤੇ ਫਿਰ ਆਪਣੇ ਪਿੰਡ ਵਾਪਸ ਜਾ ਕੇ ਕੁੜੀਆਂ ਵਿੱਚ ਪ੍ਰਗਤੀਸ਼ੀਲ ਤਬਦੀਲੀ ਲਿਆਉਣਾ ਚਾਹੁੰਦੀ ਹਾਂ। ਮੈਂ ਉਨ੍ਹਾਂ ਨੂੰ ਮੈਦਾਨ ਛੱਡ ਕੇ ਭੱਜਣ ਨਹੀਂ ਦੇਣਾ ਚਾਹੁੰਦੀ।''
ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਉਣ ਵਾਲ਼ੇ ਵਿਆਹ ਦੇ ਸੀਜ਼ਨ ਦਾ ਸਾਹਮਣਾ ਕਰਨਾ ਪਵੇਗਾ। ਆਸ਼ਾ ਦਾ ਕਹਿਣਾ ਹੈ ਕਿ ਇਸ ਦੌਰਾਨ ਵਿਆਹ ਦਾ ਦਬਾਅ ਜ਼ਿਆਦਾ ਹੁੰਦਾ ਹੈ। "ਉਸ ਸਮੇਂ ਦਾ ਸਾਹਮਣਾ ਕਰਨ ਲਈ ਮੈਨੂੰ ਬਹੁਤ ਤਾਕਤ ਦੀ ਲੋੜ ਹੁੰਦੀ ਹੈ।''
ਤਰਜਮਾ: ਕਮਲਜੀਤ ਕੌਰ