ਕਿਸ਼ਨਗੜ੍ਹ ਸੇਢਾ ਵਾਲਾ ਵਿਖੇ ਆਪਣੇ ਬਰਾਂਡੇ ਵਿੱਚ ਬੈਠੀ ਸੁਰਜੀਤ ਕੌਰ ਕਹਿੰਦੀ ਹਨ,''ਜੇ ਸਾਡੀ ਪੀੜ੍ਹੀ ਦੀਆਂ ਔਰਤਾਂ ਪੜ੍ਹੀਆਂ ਲਿਖੀਆਂ ਹੁੰਦੀਆਂ, ਤਾਂ ਹੋਰ ਚੰਗਾ ਹੁੰਦਾ।'' ਸੁਰਜੀਤ ਨੂੰ ਜਦੋਂ 5ਵੀਂ ਜਮਾਤ ਵਿੱਚ ਆਪਣੀ ਪੜ੍ਹਾਈ ਛੱਡਣੀ ਪਈ ਸੀ, ਉਦੋਂ ਉਨ੍ਹਾਂ ਦੀ ਉਮਰ ਆਪਣੇ ਪੋਤੇ-ਪੋਤੀਆਂ (ਦਾਦੀ ਨਾਲ਼ ਬੈਠੇ) ਜਿੰਨੀ ਹੀ ਰਹੀ ਹੋਵੇਗੀ।
''ਵਿੱਦਿਆ ਬੰਦੇ ਦੀ ਤੀਜੀ ਅੱਖ ਖੋਲ਼੍ਹ ਦਿੰਦੀ ਏ,'' 63 ਸਾਲਾ ਸੁਰਜੀਤ ਜ਼ੋਰ ਦਿੰਦਿਆਂ ਗੱਲ ਪੂਰੀ ਕਰਦੀ ਹਨ।
ਉਨ੍ਹਾਂ ਦੀ ਗੁਆਂਢਣ, 75 ਸਾਲਾ ਜਸਵਿੰਦਰ ਕੌਰ ਹਾਂ ਵਿੱਚ ਸਿਰ ਹਿਲਾਉਂਦੀ ਹਨ। ''ਔਰਤਾਂ ਜਦ ਬਾਹਰ ਨਿਕਲਦੀਆਂ ਨੇ ਤਾਂ ਦੁਨੀਆ ਦੀ ਸਮਝ ਆਉਂਦੀ ਏ,'' ਉਹ ਕਹਿੰਦੀ ਹਨ।
ਉਨ੍ਹਾਂ ਨੂੰ ਭਾਵੇਂ ਕਦੇ ਆਪਣੀ ਪੜ੍ਹਾਈ ਮੁਕੰਮਲ ਕਰਨ ਦਾ ਮੌਕਾ ਨਹੀਂ ਮਿਲ਼ਿਆ, ਫਿਰ ਵੀ ਉਨ੍ਹਾਂ ਲਈ ਹੋਰਨਾਂ ਨੂੰ ਸਿੱਖਿਅਤ ਕਰਨਾ ਬੜੀ ਵੱਡੀ ਗੱਲ ਰਹੀ ਹੈ। ਸੁਰਜੀਤ ਤੇ ਜਸਵਿੰਦਰ ਉਨ੍ਹਾਂ 16 ਔਰਤਾਂ ਵਿੱਚੋਂ ਸਨ ਜੋ 2020-2021 ਦੇ 13 ਮਹੀਨੇ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੀਆਂ ਬਰੂਹਾਂ 'ਤੇ ਬੈਠੀਆਂ ਰਹੀਆਂ। ਕੇਂਦਰ ਸਰਕਾਰ ਨੇ ਜੋ ਤਿੰਨ ਕਾਲ਼ੇ ਕਨੂੰਨ ਪਾਸ ਕੀਤੇ ਸਨ ਉਨ੍ਹਾਂ ਦੇ ਵਿਰੋਧ ਵਿੱਚ ਉਸ ਵੇਲ਼ੇ ਲਖੂਖਾ ਕਿਸਾਨ ਇੱਕ ਸਾਲ ਤੋਂ ਵੱਧ ਸਮੇਂ ਤੱਕ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਰਹੇ, ਕਿਸਾਨਾਂ ਨੂੰ ਖ਼ਦਸ਼ਾ ਸੀ ਜੇ ਉਨ੍ਹਾਂ ਹੁਣ ਵਿਰੋਧ ਨਾ ਜਤਾਇਆ ਤਾਂ ਉਨ੍ਹਾਂ ਨੂੰ ਆਪਣੀ ਉਪਜ ਦਾ ਘੱਟੋ-ਘੱਟ ਸਮਰਥਨ ਮੁੱਲ ਕਦੇ ਨਹੀਂ ਮਿਲ਼ਣਾ ਤੇ ਸਾਰੇ ਦਾ ਸਾਰਾ ਲਾਭ ਵੀ ਨਿੱਜੀ ਵਪਾਰੀਆਂ ਤੇ ਕਾਰਪੋਰੇਟਾਂ ਦੀ ਝੋਲ਼ੀ ਪੈ ਜਾਣਾ ਹੈ। ਕਿਸਾਨ ਧਰਨੇ ਨੂੰ ਲੈ ਕੇ ਪਾਰੀ ਦੀ ਮੁਕੰਮਲ ਕਵਰੇਜ ਇੱਥੇ ਪੜ੍ਹੋ।
ਮਈ 2024 ਨੂੰ ਜਦੋਂ ਇਸ ਰਿਪੋਰਟਰ ਨੇ ਕਿਸ਼ਨਗੜ੍ਹ ਸੇਢਾ ਸਿੰਘ ਵਾਲਾ ਦਾ ਦੌਰਾ ਕੀਤਾ ਤਾਂ ਪੰਜਾਬ ਦੇ ਬਾਕੀ ਹਿੱਸਿਆਂ ਵਾਂਗਰ ਇੱਥੇ ਵੀ ਲੋਕੀਂ ਵਾਢੀ ਸੀਜ਼ਨ ਦੀਆਂ ਤਿਆਰੀਆਂ ਵਿੱਚ ਰੁਝੇ ਨਜ਼ਰ ਆਏ।
ਸੱਤਾਧਾਰੀ ਪਾਰਟੀ ਦੀਆਂ ਕਿਸਾਨ-ਵਿਰੋਧੀ ਗਤੀਵਿਧੀਆਂ ਕਾਰਨ ਪਹਿਲਾਂ ਹੀ ਥਾਂ-ਥਾਂ ਵਿਰੋਧ ਹੋ ਰਿਹਾ ਸੀ, ਇਸੇ ਭਖਦੇ ਮਾਹੌਲ ਵਿੱਚ ਇੱਥੇ 1 ਜੂਨ ਨੂੰ ਚੋਣਾਂ ਪਈਆਂ।
''ਜੇ ਬੀਜੇਪੀ ਫੇਰ ਆ ਗਈ, ਤਾਂ ਉਹ ਇਹ (ਖੇਤੀ) ਕਨੂੰਨ ਫੇਰ ਲੈ ਆਉਣਗੇ,'' 60 ਸਾਲਾ ਜਰਨੈਲ ਕੌਰ ਕਹਿੰਦੀ ਹਨ, ਜਿਨ੍ਹਾਂ ਦੇ ਪਰਿਵਾਰ ਕੋਲ਼ 10 ਕਿੱਲੇ ਪੈਲ਼ੀ ਹੈ। ''ਵੋਟਾਂ ਸੋਚ-ਸਮਝ ਕੇ ਪਾਉਣੀਆਂ ਚਾਹੀਦੀਆਂ ਹਨ।''
(ਹਰਸਿਮਰਤ ਕੌਰ ਬਾਦਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਸੀਟ ਤੋਂ ਜੇਤੂ ਰਹੇ। ਚੋਣ ਨਤੀਜੇ 4 ਜੂਨ 2024 ਨੂੰ ਐਲਾਨੇ ਗਏ)
ਕਿਸਾਨ ਅੰਦੋਲਨ, ਜਿਹਦਾ ਲੰਗਰ ਦਸੰਬਰ 2021 ਨੂੰ ਸੁੱਟਿਆ ਗਿਆ ਸੀ, ਦੇ ਸਬਕ ਅੱਜ ਵੀ ਪੂਰੇ ਪਿੰਡ ਵਿੱਚ ਗੂੰਜਦੇ ਹਨ। ''ਪੱਕੀ-ਪਕਾਈ ਰੋਟੀ ਮੋਦੀ (ਸਰਕਾਰ) ਖੋਹ ਰਿਹਾ ਹੈ,'' ਜਸਵਿੰਦਰ ਕੌਰ ਦਾ ਕਹਿਣਾ ਹੈ। ''ਆਪਾਂ ਹੁਣ ਕਿਵੇਂ ਖੋਹਣ ਦੇ ਸਕਦੇ ਹਾਂ?''
ਉਨ੍ਹਾਂ ਨੂੰ ਕਈ ਹੋਰ ਚਿੰਤਾਵਾਂ ਵੀ ਵੱਢ-ਵੱਢ ਖਾ ਰਹੀਆਂ ਹਨ। ''ਕੁਝ ਸਾਲ ਪਹਿਲਾਂ ਤੱਕ ਕਿਸ਼ਨਗੜ੍ਹ ਸੇਢਾ ਸਿੰਘ ਵਾਲਾ ਦੇ ਦੋ-ਚਾਰ ਜਵਾਕ ਹੀ ਬਾਹਰ ਗਏ ਸੀ,'' ਸੁਰਜੀਤ ਕਹਿੰਦੀ ਹਨ। ਉਨ੍ਹਾਂ ਦਾ ਇਸ਼ਾਰਾ ਆਪਣੀ ਭਤੀਜੀ ਕੁਸ਼ਲਦੀਪ ਕੌਰ ਵੱਲ ਹੈ ਜੋ ਥੋੜ੍ਹਾ ਸਮਾਂ ਪਹਿਲਾਂ ਹੀ ਉੱਚ-ਸਿੱਖਿਆ ਵਾਸਤੇ ਬਰੈਂਪਟਨ, ਕਨੈਡਾ ਗਈ ਹੈ। ''ਇਹ ਸਭ ਬੇਰੁਜ਼ਗਾਰੀ ਕਰਕੇ ਹੈ। ਜੇ ਨੌਕਰੀਆਂ ਹੋਣ ਤਾਂ ਉਹ ਕਿਉਂ ਬਾਹਰ ਜਾਣ?'' ਉਨ੍ਹਾਂ ਨੇ ਹਿਰਖੇ ਮਨ ਨਾਲ਼ ਸਵਾਲ ਕੀਤਾ।
ਸੋ ਕਿਹਾ ਜਾ ਸਕਦਾ ਹੈ ਕਿ ਆਪਣੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਤੇ ਆਪਣੇ ਬੱਚਿਆਂ ਤੇ ਪੋਤੇ-ਪੋਤੀਆਂ ਲਈ ਰੁਜ਼ਗਾਰ ਦੀ ਉਮੀਦ ਰੱਖਣਾ ਹੀ ਪਿੰਡ ਵਾਸੀਆਂ ਲਈ ਇਨ੍ਹਾਂ ਚੋਣਾਂ ਦੇ ਅਹਿਮ ਮੁੱਦੇ ਰਹਿਣ ਵਾਲ਼ੇ ਹਨ।
''ਉਹ (ਲੀਡਰ) ਹਰ ਵਾਰੀ ਸਾਨੂੰ ਪਿੰਡਾਂ ਵਾਲਿਆਂ ਨੂੰ ਪੈਨਸ਼ਨ, ਸੜਕਾਂ ਤੇ ਗਲੀਆਂ-ਨਾਲੀਆਂ ਵਿੱਚ ਉਲਝਾਈ ਰੱਖਦੇ ਹਨ। ਪਿੰਡਾਂ ਦੇ ਲੋਕ ਤਾਂ ਇਹਨਾਂ ਮੁੱਦਿਆਂ 'ਤੇ ਹੀ ਵੋਟਾਂ ਪਾਉਂਦੇ ਆਏ ਨੇ,'' ਸੁਰਜੀਤ ਦੱਸਦੀ ਹਨ।
*****
ਪੰਜਾਬ ਦੇ ਦੱਖਣ ਵੱਲ ਪੈਂਦੇ ਜ਼ਿਲ੍ਹਾ ਮਾਨਸਾ ਦਾ ਪਿੰਡ ਕਿਸ਼ਨਗੜ੍ਹ ਸੇਢਾ ਸਿੰਘ ਵਾਲ਼ਾ, ਬਿਸਵੇਦਾਰੀ ਪ੍ਰਣਾਲੀ ਖ਼ਿਲਾਫ਼ ਚੱਲੇ ਪੈਪਸੂ ਮੁਜ਼ਾਰਾ ਅੰਦੋਲਨ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਲਈ ਜਾਣਿਆ ਜਾਂਦਾ ਹੈ, ਜਿੱਥੇ ਬੇਜ਼ਮੀਨੇ ਕਿਸਾਨਾਂ ਨੇ ਬੜੇ ਲੰਬੇ ਸੰਘਰਸ਼ ਕੀਤੇ ਤੇ ਅਖੀਰ 1952 ਵਿੱਚ ਉਨ੍ਹਾਂ ਨੂੰ ਭੋਇੰ ਦੇ ਮਾਲਿਕਾਨਾ ਹੱਕ ਮਿਲ਼ ਸਕੇ। 19 ਮਾਰਚ 1949 ਨੂੰ ਇੱਥੇ ਚਾਰ ਪ੍ਰਦਰਸ਼ਨਕਾਰੀਆਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਫਿਰ 2020-2021 ਦੇ ਦਿੱਲੀ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਦੇ ਵਾਰਸਾਂ ਨੂੰ ਸਨਮਾਨਿਤ ਕੀਤਾ ਗਿਆ।
ਭਾਵੇਂ ਕਿ ਪਿੰਡ ਇਤਿਹਾਸਕ ਸਰਗਰਮੀਆਂ ਦਾ ਗੜ੍ਹ ਰਿਹਾ ਹੈ, ਬਾਵਜੂਦ ਇਹਦੇ ਪਿੰਡ ਦੀਆਂ ਬਹੁਤੇਰੀਆਂ ਔਰਤਾਂ ਨੇ ਕਿਸਾਨ ਅੰਦੋਲਨ ਤੋਂ ਪਹਿਲਾਂ ਕਦੇ ਕਿਸੇ ਅੰਦੋਲਨ ਵਿੱਚ ਸ਼ਮੂਲੀਅਤ ਨਹੀਂ ਕੀਤੀ। ਦਿੱਲਿਓਂ ਮੁੜਨ ਤੋਂ ਬਾਅਦ ਉਨ੍ਹਾਂ ਅੰਦਰ ਸੰਸਾਰ ਨੂੰ ਅੱਡ ਨਜ਼ਰੀਏ ਨਾਲ਼ ਦੇਖਣ ਤੇ ਸਿੱਖਣ ਦੀ ਚੇਟਕ ਲੱਗੀ ਰਹਿੰਦੀ ਹੈ। ''ਪਹਿਲਾਂ ਤਾਂ ਸਾਡੇ ਕੋਲ ਕਿਹੜੀ ਵਿਹਲ ਸੀ,'' ਸੁਰਜੀਤ ਕੌਰ ਕਹਿੰਦੀ ਹਨ,''ਅਸੀਂ ਖੇਤਾਂ 'ਚ ਕੰਮ ਕਰਦੀਆਂ, ਕਪਾਹ ਚੁਗਦੀਆਂ, ਤੇ ਚਰਖਾ ਕੱਤਦੀਆਂ। ਹੁਣ ਤਾਂ ਸਾਰਾ ਕੁਝ ਮਸ਼ੀਨਾਂ ਨਾਲ਼ ਹੋਣ ਲੱਗ ਪਿਆ।''
ਉਨ੍ਹਾਂ ਦੀ ਦਰਾਣੀ, ਮਨਜੀਤ ਕੌਰ ਦਾ ਕਹਿਣਾ ਹੈ,''ਹੁਣ ਤਾਂ ਕਪਾਹ ਹੀ ਨਹੀਂ ਉਗਾਉਂਦੇ, ਲੋਕ ਖੱਦਰ ਵੀ ਨਹੀਂ ਪਹਿਨਦੇ। ਘਰੇ ਕੱਪੜਾ ਬੁਣਨ ਤਾਂ ਕੰਮ ਵੀ ਖ਼ਤਮ ਹੋ ਗਿਆ।'' ਉਨ੍ਹਾਂ ਨੂੰ ਇੰਝ ਲੱਗਦਾ ਕਿ ਪਿਛਲੇ ਸਮੇਂ ਵਿੱਚ ਆਏ ਇਸ ਬਦਲਾਅ ਕਾਰਨ ਉਨ੍ਹਾਂ ਲਈ ਧਰਨਿਆਂ-ਮੁਜ਼ਾਹਰਿਆਂ ਵਿੱਚ ਸ਼ਿਰਕਤ ਕਰਨਾ ਥੋੜ੍ਹਾ ਸੌਖਾ ਜ਼ਰੂਰ ਹੋ ਗਿਆ ਹੈ।
ਹਾਲਾਂਕਿ ਪਿੰਡ ਦੀਆਂ ਕਈ ਔਰਤਾਂ ਲੀਡਰਸ਼ਿਪ ਵਿੱਚ ਆਪਣਾ ਹਿੱਸਾ ਪਾਉਂਦੀਆਂ ਰਹੀਆਂ ਹਨ, ਪਰ ਉਨ੍ਹਾਂ ਨਾਲ਼ ਹੋਈ ਗੱਲਬਾਤ ਤੋਂ ਇਹ ਸਪੱਸ਼ਟ ਹੋ ਰਿਹਾ ਸੀ ਕਿ ਉਨ੍ਹਾਂ ਦੇ ਅਹੁਦੇ ਸਿਰਫ਼ ਨਾਮ ਦੇ ਹੀ ਸਨ, ਹਕੀਕਤ ਇਸ ਤੋਂ ਮੁਖ਼ਤਲਿਫ਼ ਸੀ।
ਮਨਜੀਤ, 6,000 ਦੀ ਅਬਾਦੀ ਵਾਲ਼ੇ ਕਿਸ਼ਨਗੜ੍ਹ ਸੇਢਾ ਸਿੰਘ ਵਾਲ਼ਾ ਦੀ ਪਹਿਲੀ ਮਹਿਲਾ ਸਰਪੰਚ ਚੁਣੀ ਗਈ। ਦੋਵਾਂ ਔਰਤਾਂ ਦਾ ਵਿਆਹ ਚਚੇਰੇ ਭਰਾਵਾਂ ਨਾਲ਼ ਹੋਇਆ ਹੈ। ''ਜਦ ਪਹਿਲੀ ਵਾਰ ਚੋਣ ਲੜੀ ਸੀ ਤਾਂ ਮੈਨੂੰ ਸਾਰੇ ਪਿੰਡ ਨੇ ਸਰਬਸੰਮਤੀ ਨਾਲ਼ ਚੁਣ ਲਿਆ।'' ਸਾਲ 1998 ਦੀ ਉਹ ਸੀਟ ਔਰਤਾਂ ਲਈ ਹੀ ਰਾਖਵੀਂ ਸੀ। ''ਅਗਲੀ ਵਾਰ ਮੇਰੇ ਮੁਕਾਬਲੇ 'ਚ ਸਾਰੇ ਬੰਦੇ ਹੀ ਸਨ ਤੇ ਮੈਂ 400-500 ਵੋਟਾਂ 'ਤੇ ਜਿੱਤੀ ਸਾਂ,'' ਸਿਲਾਈਆਂ ਬੁਣਦਿਆਂ ਮਨਜੀਤ ਚੇਤੇ ਕਰਦੀ ਹਨ।
ਉਸੇ ਸਾਲ 12 ਔਰਤਾਂ ਹੋਰ ਚੁਣੀਆਂ ਗਈਆਂ। ਮਨਜੀਤ ਦਾ ਕਹਿਣਾ ਹੈ ਪਰ ਫ਼ੈਸਲੇ ਤਾਂ ਬੰਦੇ ਹੀ ਲੈਂਦੇ ਹਨ। ਆਪਣੀ ਦਸਵੀਂ ਤੱਕ ਦੀ ਪੜ੍ਹਾਈ ਨੂੰ ਬੜੇ ਮਾਣ ਨਾਲ਼ ਚਿਤਾਰਦਿਆਂ ਉਹ ਕਹਿੰਦੀ ਹਨ,''ਮੈਂ ਹੀ ਸੀ ਜਿਹਨੂੰ ਕੰਮ ਕਰਨ ਦਾ ਥੋੜ੍ਹਾ-ਬਹੁਤ ਪਤਾ ਸੀ।'' ਪੜ੍ਹਾਈ ਕਾਰਨ ਹੀ ਮਨਜੀਤ ਆਪਣੇ ਪਤੀ, ਕੁਲਵੰਤ ਸਿੰਘ, ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਮੰਨੇ-ਪ੍ਰਮੰਨੇ ਆਗੂ ਤੇ ਸਾਬਕਾ ਸਰਪੰਚ, ਕੁਲਵੰਤ ਦੀ ਮਦਦ ਨਾਲ਼ ਬਿਹਤਰ ਕੰਮ ਕੀਤਾ। 1993 ਤੋਂ ਅਗਲੇ ਪੰਜ ਸਾਲ ਉਨ੍ਹਾਂ ਪਿੰਡ ਦੀ ਸੇਵਾ ਕੀਤੀ।
''ਇਹ ਚੋਣਾਂ ਜ਼ਿਆਦਾ ਔਖੀਆਂ ਹੁੰਦੀਆਂ ਨੇ, ਲੋਕ ਇੱਕ-ਦੂਜੇ 'ਤੇ ਵੋਟਾਂ ਲਈ ਜ਼ੋਰ ਪਾਉਂਦੇ ਨੇ। ਰਿਸ਼ਤੇਦਾਰ ਤੇ ਘਰਵਾਲੇ ਔਰਤਾਂ ਨੂੰ ਕਿਸੇ ਖ਼ਾਸ ਉਮੀਦਵਾਰ ਨੂੰ ਵੋਟ ਪਾਉਣ ਲਈ ਕਹਿ ਸਕਦੇ ਨੇ। ਲੋਕ ਸਭਾ ਚੋਣਾਂ ਵਿੱਚ ਕੋਈ ਨਹੀਂ ਪੁੱਛਦਾ,'' ਸੁਰਜੀਤ ਸਪੱਸ਼ਟ ਕਰਦੀ ਹਨ।
2009 ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਬਠਿੰਡਾ ਹਲਕੇ ਦੀ ਨੁਮਾਇੰਦਗੀ ਕਰਦੀ ਆਈ ਹਨ, ਜਿੱਥੇ ਇਹ ਪਿੰਡ ਵੀ ਪੈਂਦਾ ਹੈ। ਅਗਾਮੀ ਆਮ ਚੋਣਾਂ ਵਿੱਚ ਵੀ ਉਹ ਦੋਬਾਰਾ ਚੋਣ ਲੜ ਰਹੀ ਹਨ। ਬਾਕੀ ਉਮੀਦਵਾਰਾਂ ਵਿੱਚ ਆਈਏਐੱਸ ਤੋਂ ਸਿਆਸਤਦਾਨ ਬਣੀ, ਪਰਮਪਾਲ ਕੌਰ ਸਿੱਧੂ (ਭਾਜਪਾ), ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ (ਕਾਂਗਰਸ) ਤੇ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਖੇਤੀਬਾੜੀ ਮੰਤਰੀ, ਗੁਰਮੀਤ ਸਿੰਘ ਖੁੱਡੀਆ ਵੀ ਮੈਦਾਨ ਵਿੱਚ ਹਨ।
2020-2021 ਦਾ ਦਿੱਲੀ ਧਰਨਾ ਔਰਤਾਂ ਦੇ ਜੀਵਨ ਵਿੱਚ ਬਦਲਾਅ ਦੀ ਕਿਰਨ ਬਣ ਉਭਰਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਕਿਹਨੂੰ ਵੋਟ ਪਾਉਣੀ ਹੈ, ਇਸ ਫ਼ੈਸਲੇ ਨੂੰ ਕੋਈ ਪ੍ਰਭਾਵਤ ਨਹੀਂ ਕਰਦਾ। ''ਜਨਾਨੀ ਪਹਿਲਾਂ ਘਰ ਦੀ ਚਾਰਦੀਵਾਰੀ ਅੰਦਰ ਕੈਦ ਰਹਿੰਦੀ ਸੀ। ਇਹ ਧਰਨੇ ਸਾਡੇ ਵਾਸਤੇ ਸਕੂਲ ਨੇ, ਤੇ ਅਸੀਂ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਏ,'' ਮਾਣਮਤੀ ਸੁਰਜੀਤ ਕਹਿੰਦੀ ਹਨ।
26 ਨਵੰਬਰ 2020 ਦੇ ਉਸ ਦਿਹਾੜੇ ਨੂੰ ਚੇਤੇ ਕਰਦਿਆਂ ਜਦੋਂ ਉਨ੍ਹਾਂ ਦਿੱਲੀ ਚਾਲੇ ਪਾਏ ਸਨ, ਉਹ ਕਹਿੰਦੀ ਹਨ,''ਅਸੀਂ ਤਿਆਰੀ ਨਾਲ਼ ਨਹੀਂ ਸੀ ਗਏ। ਸਭ ਨੂੰ ਲੱਗਿਆ ਕਿ ਉਹ (ਸੁਰੱਖਿਆ ਫੋਰਸ) ਕਿਸਾਨਾਂ ਨੂੰ ਲੰਘਣ ਨਹੀਂ ਦੇਣਗੇ ਤੇ ਜਿੱਥੇ ਵੀ ਰੋਕਣਗੇ ਉੱਥੇ ਬਹਿ ਜਾਵਾਂਗੇ,'' ਉਹ ਬਹਾਦੁਰਗੜ੍ਹ ਨੇੜਲੇ ਟੀਕਰੀ ਬਾਰਡਰ 'ਤੇ ਨਾ-ਮਾਤਰ ਸਮਾਨ ਨਾਲ਼ ਇੰਨੇ ਲੰਬੇ ਸਮੇਂ ਤੱਕ ਟਿਕੇ ਰਹਿਣ ਦੀ ਗੱਲ ਕਰਦਿਆਂ ਕਹਿੰਦੀ ਹਨ। ''ਸਾਡੇ ਕੋਲ ਰੋਟੀਆਂ ਪਕਾਉਣ ਨੂੰ ਕੁਝ ਨਹੀਂ ਸੀ, ਇੱਧਰੋਂ-ਉੱਧਰੋਂ ਮੰਗ ਕੇ ਕੰਮ ਚਲਾਇਆ। ਨਾ ਕੋਈ ਪਖਾਨੇ ਦੀ ਸਹੂਲਤ ਸੀ ਨਾ ਬਾਥਰੂਮਾਂ ਦੀ।'' ਇਸ ਸਭ ਦੇ ਬਾਵਜੂਦ ਵੀ ਉਹ ਇੱਕ ਸਾਲ- ਤਿੰਨੋਂ ਕਨੂੰਨ ਰੱਦ ਹੋਣ ਤੱਕ- ਤੋਂ ਵੱਧ ਸਮੇਂ ਤੱਕ ਮੋਰਚੇ 'ਤੇ ਡਟੀਆਂ ਰਹੀਆਂ।
ਬਹੁਤਾ ਪੜ੍ਹੇ-ਲਿਖੇ ਨਾ ਹੋਣ ਦੇ ਬਾਵਜੂਦ ਵੀ ਸੁਰਜੀਤ ਨੂੰ ਕਿਤਾਬਾਂ ਪੜ੍ਹਨ ਤੇ ਹੋਰ-ਹੋਰ ਸਿੱਖਣ ਦੀ ਰੁਚੀ ਲੱਗੀ ਰਹਿੰਦੀ ਹੀ ਹੈ,''ਭੈਣਾਂ ਸੋਚਦੀਆਂ ਹਨ ਕਿ ਜੇ ਉਹ ਪੜ੍ਹੀਆਂ-ਲਿਖਦੀਆਂ ਹੁੰਦੀਆਂ ਤਾਂ ਧਰਨੇ ਵਿੱਚ ਜ਼ਿਆਦਾ ਵਧੀਆ ਸਾਥ ਦੇ ਸਕਦੀਆਂ।''
*****
ਕੁਝ ਕੁ ਦਿਨ ਹੋਏ ਹਰਸਿਮਰਤ ਕੌਰ ਬਾਦਲ ਚੋਣ ਪ੍ਰਚਾਰ ਲਈ ਪਿੰਡ ਆਏ। ''ਇਹ ਤਾਂ ਬਸ ਚੋਣਾਂ ਵੇਲੇ ਆਉਂਦੇ ਨੇ,'' ਆਪਣੇ ਖੇਤੋਂ ਤੋੜੀਆਂ ਤੂਤਾਂ ਦਾ ਸਵਾਦ ਲੈਂਦਿਆਂ ਸੁਰਜੀਤ ਕਹਿੰਦੀ ਹਨ।
ਸਤੰਬਰ 2020 ਨੂੰ, ਕਿਸਾਨਾਂ ਖ਼ਿਲਾਫ਼ ਆਰਡੀਨੈਂਸ ਲਿਆਉਣ ਤੇ ਕਨੂੰਨ ਬਣਾਉਣ ਖ਼ਿਲਾਫ਼ ਆਪਣਾ 'ਵਿਰੋਧ' ਦਰਜ ਕਰਾਉਂਦਿਆਂ ਬਾਦਲ ਨੇ ਕੇਂਦਰੀ ਵਜ਼ਾਰਤ (ਯੂਨੀਅਨ ਕੈਬੀਨਟ) ਤੋਂ ਅਸਤੀਫਾ ਦੇ ਦਿੱਤਾ ਸੀ। ''ਮੰਤਰੀ ਪਦ ਤਾਂ ਉਦੋਂ ਛੱਡਿਆ ਜਦੋਂ ਕਿਸਾਨਾਂ ਨੇ ਉਨ੍ਹਾਂ (ਸ਼ਿਰੋਮਣੀ ਅਕਾਲੀ ਦਲ) ਦਾ ਵਿਰੋਧ ਕੀਤਾ,'' ਅਸਤੀਫਾ ਦੇਣ ਮਗਰਲੀ ਪੂਰੀ ਖੇਡ ਸਮਝਾਉਂਦਿਆਂ ਸੁਰਜੀਤ ਕਹਿੰਦੀ ਹਨ। ''ਪਹਿਲਾਂ ਤਾਂ ਉਹ ਤੇ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ, ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫ਼ਾਇਦੇ ਗਿਣਾ ਰਹੇ ਸੀ।''
ਸਾਥੀ ਕਿਸਾਨ ਭੈਣ-ਭਰਾਵਾਂ ਨਾਲ਼ ਸਾਂਝੀਵਾਲ਼ਤਾ ਨਿਭਾਉਂਦਿਆਂ 13 ਮਹੀਨੇ ਇੰਨੀਆਂ ਕਠੋਰ ਹਾਲਤਾਂ ਵਿੱਚ ਮੋਰਚੇ 'ਤੇ ਸਾਬਤ-ਕਦਮ ਡਟੇ ਰਹਿਣ ਤੋਂ ਬਾਅਦ ਸੁਰਜੀਤ ਹੁਣ ਬਾਦਲ ਦੀਆਂ ਗੱਲਾਂ ਤੋਂ ਪ੍ਰਭਾਵਤ ਨਹੀਂ ਹੋਏ। ''ਮੈਂ ਨਹੀਂ ਉਹਨੂੰ ਸੁਣਨ ਗਈ,'' ਦ੍ਰਿੜਤਾ ਭਰੇ ਲਹਿਜੇ ਵਿੱਚ ਉਹ ਕਹਿੰਦੀ ਹਨ।
ਤਰਜਮਾ: ਕਮਲਜੀਤ ਕੌਰ