ਜਦ ਵੀ ਮੈਂ ਆਪਣੇ ਭਾਈਚਾਰੇ ਵਿੱਚੋਂ ਕਿਸੇ ਦੀ ਮੌਤ ਬਾਰੇ ਲਿਖਣ ਬੈਠਦਾ ਹਾਂ ਤਾਂ ਮੇਰਾ ਦਿਮਾਗ ਬਿਲਕੁਲ ਸੁੰਨ ਹੋ ਜਾਂਦਾ ਹੈ ਬਿਲਕੁਲ ਜਿਵੇਂ ਕਿਸੇ ਸਰੀਰ ਵਿੱਚੋਂ ਸਾਹ ਨਿਕਲ ਗਏ ਹੋਣ।
ਦੁਨੀਆਂ ਬਹੁਤ ਤਰੱਕੀ ਕਰ ਗਈ ਹੈ ਪਰ ਸਾਡਾ ਸਮਾਜ ਅੱਜ ਵੀ ਹੱਥੀਂ ਮੈਲ਼ਾ ਢੋਣ ਵਾਲ਼ਿਆਂ ਬਾਰੇ ਬਿਲਕੁਲ ਨਹੀਂ ਸੋਚਦਾ। ਸਰਕਾਰ ਇਹਨਾਂ ਮੌਤਾਂ ਨੂੰ ਨਕਾਰਦੀ ਰਹੀ ਹੈ ਪਰ ਇਸ ਸਾਲ ਲੋਕ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਰਾਮਦਾਸ ਅਠਾਵਲੇ ਨੇ ਅੰਕੜੇ ਪੇਸ਼ ਕੀਤੇ ਜਿਸ ਅਨੁਸਾਰ 2019-2023 ਦੌਰਾਨ 377 ਮੌਤਾਂ “ਸੀਵਰੇਜ ਅਤੇ ਸੈਪਟਿਕ ਟੈਂਕ ਦੀ ਹਾਨੀਕਾਰਕ ਸਫਾਈ” ਕਾਰਨ ਹੋਈਆਂ ਹਨ।
ਮੈਂ ਆਪ ਪਿਛਲੇ ਸੱਤ ਸਾਲਾਂ ਤੋਂ ਸੀਵਰੇਜ ਸਾਫ ਕਰਨ ਵਾਲ਼ਿਆਂ ਦੀਆਂ ਅਣਗਿਣਤ ਮੌਤਾਂ ਦੇਖੀਆਂ ਹਨ। ਚੇੱਨਈ ਦੇ ਅਵਡੀ ਜਿਲੇ ਦੇ ਵਿੱਚ ਹੀ 2022 ਤੋਂ ਬਾਅਦ 12 ਮੌਤਾਂ ਸੀਵਰੇਜ ਦੀ ਸਫਾਈ ਕਰਨ ਕਾਰਨ ਹੋਈਆਂ ਹਨ।
11 ਅਗਸਤ ਨੂੰ ਅਵਡੀ ਨਿਵਾਸੀ ਅਰੂਨਦਤਿਆਰ ਭਾਈਚਾਰੇ ਨਾਲ਼ ਸਬੰਧ ਰੱਖਦੇ 25 ਸਾਲਾ ਹਰੀ ਜੋ ਕਿ ਠੇਕੇ ਤੇ ਮਜਦੂਰੀ ਦਾ ਕੰਮ ਕਰਦੇ ਸਨ, ਸੀਵਰੇਜ ਡ੍ਰੇਨ ਦੀ ਸਫਾਈ ਕਰਦੇ ਸਮੇਂ ਡੁੱਬ ਗਏ ਸਨ।
ਬਾਰਾਂ ਦਿਨਾਂ ਬਾਅਦ ਮੈਂ ਹਰੀ ਅੰਨਾ ਦੀ ਮੌਤ ਬਾਰੇ ਰਿਪੋਰਟ ਕਰਨ ਗਿਆ ਤਾਂ ਉਹਨਾਂ ਦੀ ਮ੍ਰਿਤਕ ਦੇਹ ਉਹਨਾਂ ਦੇ ਘਰ ਫਰੀਜ਼ਰ ਵਾਲੇ ਬਕਸੇ ਵਿੱਚ ਪਈ ਸੀ। ਉਹਨਾਂ ਦੀ ਪਤਨੀ ਤਮਿਲ ਸੇਲਵੀ ਦੇ ਪਰਿਵਾਰ ਵਾਲੇ ਚਾਹੁੰਦੇ ਹਨ ਕਿ ਉਹ ਸਾਰੀਆਂ ਰਸਮਾਂ ਨਿਭਾਉਣ ਜਿਨ੍ਹਾਂ ਦੀ ਇਸ ਵੇਲੇ ਇੱਕ ਵਿਧਵਾ ਤੋਂ ਆਸ ਕੀਤੀ ਜਾਂਦੀ ਹੈ। ਉਸਦੇ ਰਿਸ਼ਤੇਦਾਰਾਂ ਨੇ ਉਸਦੇ ਪੂਰੇ ਸਰੀਰ ਤੇ ਹਲਦੀ ਲਾ ਕੇ ਨਹਾਉਣ ਤੋਂ ਬਾਅਦ ਉਸ ਦੀ ਤਾਲੀ [ਵਿਆਹੁਤਾ ਔਰਤ ਦੀ ਨਿਸ਼ਾਨੀ] ਕੱਟ ਦਿੱਤੀ। ਇਹਨਾਂ ਪੂਰੀਆਂ ਰਸਮਾਂ ਦੌਰਾਨ ਉਹ ਗੰਭੀਰ ਅਤੇ ਸ਼ਾਂਤ ਬੈਠੇ ਰਹੇ।




















