ਲਿੰਬੜੀ ਹਾਈਵੇਅ ਤੋਂ ਇੱਕ ਪੱਕੀ ਸੜਕ ਨਿਕਲ਼ਦੀ ਹੈ ਜੋ 10-12 ਕਿਲੋਮੀਟਰ ਦੂਰ ਪੈਂਦਾ ਮੋਟਾ ਟਿੰਬਲਾ ਪਿੰਡ ਨੂੰ ਜਾਂਦੀ ਹੈ। ਪਿੰਡ ਦੀ ਫਿਰਨੀ ਦੇ ਕੋਲ਼ ਹੀ ਵੰਕਰਵਾਸ ਨਾਮਕ ਥਾਂ ਹੈ ਜੋ ਪਿੰਡ ਦੇ ਦਲਿਤ ਬੁਣਕਰ (ਜੁਲਾਹੇ) ਭਾਈਚਾਰਿਆਂ ਦੇ ਨਿਵਾਸ ਲਈ ਨਿਰਧਾਰਤ ਕੀਤੀ ਗਈ ਹੈ। ਇਸ ਇਲਾਕੇ ਦੀਆਂ ਭੀੜੀਆਂ ਗਲ਼ੀਆਂ ਦੇ ਪਾਸਿਆਂ 'ਤੇ ਪ੍ਰਾਚੀਨ ਸ਼ੈਲੀ ਨਾਲ਼ ਬਣੇ ਪੱਕੇ ਤੇ ਕੱਚੇ ਘਰ ਖੱਡੀਆਂ ਦੇ ਸ਼ਟਲ ਦੀ ਤਾਲਬੱਧ ਅਵਾਜ਼ ਪੈਦਾ ਕਰਦੇ ਹਨ ਖਟ...ਖਟ...ਖਟ। ਕਿਸੇ-ਕਿਸੇ ਮੌਕੇ ਮਨੁੱਖੀ ਅਵਾਜ਼ਾਂ ਖੱਡੀ ਦੇ ਇਸ ਸੰਗੀਤ ਨੂੰ ਬੇਸੁਰਾ ਕਰ ਦਿੰਦੀਆਂ ਹਨ ਪਰ ਧਿਆਨ ਨਾਲ਼ ਸੁਣਿਆ, ਇਸ ਸੰਗੀਤ ਮਗਰ ਕਿਰਤ ਦੀ ਅਵਾਜ਼ ਵੀ ਕੰਨੀਂ ਪੈ ਜਾਵੇਗੀ। ਥੋੜ੍ਹਾ ਹੋਰ ਧਿਆਨ ਦਿੱਤਿਆਂ, ਤੁਸੀਂ ਰੇਖਾ ਬੇਨ ਵਾਘੇਲਾ ਦੀ ਕਹਾਣੀ ਦੀ ਕਿਸੇ ਭੂਮਿਕਾ ਵਾਂਗਰ, ਜ਼ੋਰ ਦੇਣੀਂ ਰੈਪ-ਟ੍ਰੈਪ-ਰੈਪ ਦੇ ਸੰਗੀਤ ਵਿਚਾਲੇ ਪੇਚੀਦਾ ਪੈਟਰਨ ਦੀ ਬੁਣਾਈ ਮਗਰ ਹਾਉਕਾ, ਅਕੇਵੇਂ ਦੀ ਧੁਨੀ ਵੀ ਫੜ੍ਹ ਹੀ ਲਵੋਗੇ।
''ਮੈਨੂੰ ਅੱਠਵੀਂ ਜਮਾਤ ਵਿੱਚ ਹੋਇਆਂ ਅਜੇ ਮਸਾਂ ਤਿੰਨ ਕੁ ਮਹੀਨੇ ਹੀ ਲੰਘੇ ਸਨ, ਉਦੋਂ ਮੈਂ ਲਿੰਬੜੀ ਦੇ ਹਾਸਟਲ ਵਿੱਚ ਰਹਿੰਦੀ ਹੁੰਦੀ ਸਾਂ ਤੇ ਪਹਿਲੀ ਤਿਮਾਹੀ ਦੇ ਪੇਪਰਾਂ ਤੋਂ ਬਾਅਦ ਘਰ ਆਈ ਹੋਈ ਸਾਂ। ਯਕਦਮ ਮੇਰੀ ਮਾਂ ਨੇ ਕਿਹਾ ਹੋਰ ਪੜ੍ਹਾਈ ਕਰਨ ਦੀ ਕੋਈ ਲੋੜ ਨਹੀਂ। ਮੇਰੇ ਵੱਡੇ ਭਰਾ, ਗੋਪਾਲ ਭਾਈ ਨੂੰ ਮਦਦ ਚਾਹੀਦੀ ਸੀ। ਉਹਨੇ ਵੀ ਗ੍ਰੈਜੁਏਸ਼ਨ ਤੋਂ ਐਨ ਪਹਿਲਾਂ ਪੜ੍ਹਾਈ ਛੱਡ ਦਿੱਤੀ ਸੀ... ਕਮਾਈ ਕਰਨ ਲਈ। ਮੇਰੇ ਦੋਵਾਂ ਭਰਾਵਾਂ ਦੀ ਪੜ੍ਹਾਈ ਜਾਰੀ ਰਹਿ ਸਕਦੀ ਇੰਨੇ ਸਾਡੇ ਪਰਿਵਾਰ ਕੋਲ਼ ਵਸੀਲੇ ਨਹੀਂ ਸਨ। ਬੱਸ ਇੰਝ ਹੀ ਮੈਂ ਪਟੋਲਾ ਕੰਮ ਦੇ ਰਾਹ ਪਈ,'' ਕੁਝ-ਕੁਝ ਤਿੱਖੇ ਪਰ ਸਪਾਟ ਸ਼ਬਦਾਂ ਵਿੱਚ ਰੇਖਾ ਬੇਨ ਨੇ ਗੱਲ ਮੁਕਾਈ। ਉਨ੍ਹਾਂ ਦੀ ਗੱਲਬਾਤ ਤੋਂ ਇਓਂ ਜਾਪਿਆਂ ਜਿਵੇਂ ਗ਼ਰੀਬੀ ਨੇ ਉਨ੍ਹਾਂ ਦੇ ਜੀਵਨ ਤੇ ਹੂੰਝਾ ਜਿਹਾ ਫੇਰ ਦਿੱਤਾ ਹੋਵੇ। ਉਮਰ ਦੇ 40ਵੇਂ ਵਰ੍ਹੇ ਨੂੰ ਪਾਰ ਕਰਦੇ-ਕਰਦੇ ਉਹ ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ਵਿਖੇ ਮੋਟਾ ਤਿੰਬਲਾ ਦੀ ਮਾਹਰ ਬੁਣਕਰ ਬਣ ਗਈ ਹਨ।
ਵਿਆਹ ਤੋਂ ਬਾਅਦ ਦੇ ਜੀਵਨ ਦੇ ਇੱਕ ਹੋਰ ਤੰਦ ਦਾ ਸਿਰਾ ਤਲਾਸ਼ਦਿਆਂ ਰੇਖਾ ਬੇਨ ਨੇ ਗੱਲ ਜਾਰੀ ਰੱਖੀ,''ਮੇਰੇ ਪਤੀ ਨੂੰ ਸ਼ਰਾਬ ਪੀਣ, ਜੂਆ ਖੇਡਣ, ਪਾਣ-ਮਸਾਲਾ, ਤੰਬਾਕੂ ਵਗੈਰਾ ਖਾਣ ਦੀ ਲੱਤ ਲੱਗੀ ਹੋਈ ਸੀ।'' ਵਿਆਹ ਉਨ੍ਹਾਂ ਲਈ ਯੱਬ ਤੋਂ ਘੱਟ ਨਹੀਂ ਸੀ ਅਕਸਰ ਉਹ ਆਪਣੇ ਪਤੀ ਨੂੰ ਛੱਡ ਆਪਣੇ ਪੇਕੇ ਘਰ ਆਉਂਦੀ ਰਹੀ ਪਰ ਅੱਗਿਓਂ ਮਾਪੇ ਰੇਖਾ ਨੂੰ ਆਪਣੇ ਪਤੀ ਕੋਲ਼ ਜਾਣ ਦੀਆਂ ਦੁਹਾਈਆਂ ਪਾਉਂਦੇ ਰਹਿੰਦੇ। ਉਨ੍ਹਾਂ ਦੀ ਹਾਲਤ ਬੜੀ ਤਰਸਯੋਗ ਸੀ ਤੇ ਉਨ੍ਹਾਂ ਬੜਾ ਕੁਝ ਝੱਲਿਆ ਵੀ। ''ਉਸ ਬੰਦੇ ਦਾ ਕੋਈ ਕਿਰਦਾਰ ਹੀ ਨਹੀਂ ਸੀ,'' ਉਹ ਖ਼ੁਲਾਸਾ ਕਰਦੀ ਹਨ।
''ਉਹ ਮੈਨੂੰ ਅਕਸਰ ਕੁੱਟਿਆ ਕਰਦਾ, ਜਦੋਂ ਮੈਂ ਗਰਭਵਤੀ ਹੁੰਦੀ ਉਦੋਂ ਵੀ।'' ਰੇਖਾ ਦੀ ਅਵਾਜ਼ ਵਿੱਚ ਬੀਤੇ ਦੇ ਫੱਟ ਅਜੇ ਤੱਕ ਅੱਲ੍ਹੇ ਹਨ। ''ਇੱਧਰੋਂ ਮੇਰੀ ਧੀ ਜੰਮੀ ਤੇ ਓਧਰੋਂ ਮੈਨੂੰ ਉਹਦੇ ਨਜਾਇਜ਼ ਰਿਸ਼ਤਿਆਂ ਦਾ ਪਤਾ ਲੱਗਿਆ ਪਰ ਜਿਵੇਂ-ਕਿਵੇਂ ਮੈਂ ਇੱਕ ਸਾਲ ਇੰਝ ਹੀ ਜਿਊਂਦੀ ਰਹੀ। ਉਨ੍ਹੀਂ-ਦਿਨੀਂ ਗੋਪਾਲ ਭਾਈ ਦੀ ਹਾਦਸੇ ਵਿੱਚ (2010 ਵਿੱਚ) ਮੌਤ ਹੋ ਜਾਂਦੀ ਹੈ ਤੇ ਉਨ੍ਹਾਂ ਦੇ ਹਥਲੇ ਪਟੋਲਾ ਕੰਮ ਅੱਧਵਾਟੇ ਲਮਕ ਜਾਂਦੇ ਹਨ। ਗੋਪਾਲ ਭਾਈ ਦੇ ਸਿਰ ਉਸ ਵਪਾਰੀ ਦਾ ਉਧਾਰ ਖੜ੍ਹਾ ਸੀ ਜੋ ਉਨ੍ਹਾਂ ਨੂੰ ਕੱਚਾ ਮਾਲ਼ ਦਿਆ ਕਰਦਾ। ਸੋ, ਮੈਂ ਪੰਜ ਮਹੀਨਿਆਂ ਲਈ ਆਪਣੇ ਪੇਕੇ ਘਰ ਚਲੀ ਗਈ ਤੇ ਭਰਾ ਦਾ ਅਧਵਾਟੇ ਲਮਕਿਆ ਕੰਮ ਪੂਰਾ ਕੀਤਾ। ਬਾਅਦ ਵਿੱਚ ਮੇਰਾ ਪਤੀ ਮੈਨੂੰ ਆਪਣੇ ਨਾਲ਼ ਲਿਜਾਣ ਆ ਗਿਆ।''
ਇਹ ਸੋਚ ਕੇ ਕਿ ਉਹ ਖ਼ੁਸ਼ ਹੈ, ਖ਼ੁਦ ਨੂੰ ਮੂਰਖ ਬਣਾਉਂਦੇ-ਬਣਾਉਂਦੇ ਕੁਝ ਸਾਲ ਹੋਰ ਬੀਤ ਗਏ ਤੇ ਉਹ ਬੱਚੀ ਨੂੰ ਪਾਲ਼ਦੀ ਰਹੀ ਤੇ ਦਰਦ ਸਹਿੰਦੀ ਰਹੀ। ''ਅਖ਼ੀਰ ਮੇਰੀ ਧੀ ਜਦੋਂ ਸਾਢੇ ਚਾਰ ਸਾਲਾਂ ਦੀ ਹੋਈ ਤਾਂ ਮੇਰੇ ਲਈ ਹੋਰ ਤਸ਼ੱਦਦ ਝੱਲ ਸਕਣਾ ਸੰਭਵ ਨਾ ਰਿਹਾ ਤੇ ਮੈਂ ਉਹਨੂੰ ਛੱਡ ਦਿੱਤਾ,'' ਰੇਖਾ ਬੇਨ ਦ੍ਰਿੜ ਸੁਰ ਵਿੱਚ ਕਹਿੰਦੀ ਹਨ। ਪਟੋਲਾ ਬੁਣਾਈ ਕਰਦਿਆਂ ਉਨ੍ਹਾਂ ਸਕੂਲ ਛੱਡਣ ਦੀ ਜੋ ਕੀਮਤ ਤਾਰੀ ਸੀ, ਉਹ ਅਖੀਰ ਸਹੁਰੇ ਘਰ ਨੂੰ ਵਿਦਾ ਕਹਿਣ ਤੋਂ ਬਾਅਦ ਕੰਮ ਆਈ। ਗ਼ਰੀਬੀ ਨੇ ਜਿਹੜੀਆਂ ਖਰੋਚਾਂ ਲਾਈਆਂ ਸਨ, ਇਸ ਖੱਡੀ ਦੀ ਖਟ-ਖਟ ਨੇ ਉਨ੍ਹਾਂ 'ਤੇ ਜਿਵੇਂ ਤੇਲ਼ ਮਲ਼ ਦਿੱਤਾ ਹੋਵੇ। ਇੰਝ ਰੇਖਾ ਦੇ ਜੀਵਨ ਵਿੱਚ ਨਵੀਂ ਸ਼ੁਰੂਆਤ ਹੁੰਦੀ ਹੈ ਤੇ ਇੱਕ ਮਜ਼ਬੂਤ ਔਰਤ ਸਾਹਮਣੇ ਆਉਂਦੀ ਹੈ।
ਸਮਾਂ ਬੀਤਣ ਨਾਲ਼ ਰੇਖਾ ਬੇਨ ਲਿੰਬੜੀ ਦੇ ਪਿੰਡਾਂ ਦੀ ਇਕਲੌਤੀ ਮਹਿਲਾ ਪਟੋਲਾ ਬੁਣਕਰ ਬਣ ਗਈ, ਇੱਕ ਅਜਿਹੀ ਬੁਣਕਰ ਜਿਸਦੀਆਂ ਉਂਗਲਾਂ ਤਾਣੇ ਤੇ ਪੇਟੇ ਦੇ ਧਾਗਿਆਂ ਨੂੰ ਬੜੀ ਸਹਿਜਤਾ ਨਾਲ਼ ਇਕਸਾਰ ਕਰ ਸਕਦੀਆਂ।
"ਸ਼ੁਰੂ ਵਿੱਚ, ਮੈਂ ਡਾਂਡੀ ਦੇ ਕੰਮ ਲਈ ਸਾਡੇ ਸਾਹਮਣੇ ਵਾਲ਼ੇ ਘਰ ਜਾਇਆ ਕਰਦੀ। ਇਸ ਨੂੰ ਸਿੱਖਣ ਵਿੱਚ ਮੈਨੂੰ ਲਗਭਗ ਇੱਕ ਮਹੀਨਾ ਲੱਗ ਗਿਆ," ਰੇਖਾ ਬੇਨ ਕਹਿੰਦੀ ਹਨ। ਸਾਡੇ ਨਾਲ਼ ਗੱਲ ਕਰਦਿਆਂ-ਕਰਦਿਆਂ ਉਨ੍ਹਾਂ ਨੇ ਸ਼ਟਲ ਫਿਟ ਕੀਤਾ, ਨਾਲ਼ ਹੀ ਤਜ਼ਰਬੇ ਦੇ ਵੱਟ ਹੰਢਾਈ ਆਪਣੀ ਗੱਲ੍ਹ ਨੂੰ ਪੂੰਝਿਆ ਤੇ ਆਪਣੀ ਕੋਹਣੀ ਨੂੰ ਖੱਡੀ 'ਤੇ ਟਿਕਾਈ ਕੰਮ ਕਰਨਾ ਜਾਰੀ ਰੱਖਿਆ। ਉਨ੍ਹਾਂ ਨੇ ਪੈਟਰਨ ਨੂੰ ਧਿਆਨ ਨਾਲ਼ ਤਾਣੇ ਅਤੇ ਪੇਟੇ ਦੇ ਧਾਗੇ ਨਾਲ਼ ਇਕਸੁਰ ਕੀਤਾ।
ਸ਼ਟਲ ਵਿੱਚ ਖਾਲੀ ਤਕਲੇ (ਫਿਰਕੀ) ਦੀ ਥਾਂ ਨਵੀਂ ਭਰੀ ਫਿਰਕੀ ਪਾਉਂਦਿਆਂ, ਉਹ ਖੱਡੀ ਦੇ ਦੋਵੇਂ ਪੈਡਲਾਂ 'ਤੇ ਦਬਾਅ ਪਾਉਂਦੀ ਹੋਈ ਤਾਣੇ ਦੇ ਧਾਗਿਆਂ ਨੂੰ ਉਤਾਂਹ ਚੁੱਕਦੀ ਹਨ ਤਾਂ ਜੋ ਸ਼ਟਲ ਨੂੰ ਇਹਦੇ ਵਿੱਚੋਂ ਦੀ ਲੰਘਾਇਆ ਜਾ ਸਕੇ। ਇੱਕ ਹੱਥ ਨਾਲ਼ ਪੇਟੇ ਦੇ ਧਾਗੇ ਦੀ ਚਾਲ਼ ਨੂੰ ਕੰਟਰੋਲ ਕਰਨ ਵਾਲ਼ੇ ਲੀਵਰ ਨੂੰ ਖਿੱਚਦਿਆਂ, ਦੂਜੇ ਹੱਥ ਨਾਲ਼ ਕਾਹਲੀ ਦੇਣੀ ਬੀਟਰ ਨੂੰ ਖਿੱਚਦੀ ਹਨ ਤਾਂਕਿ ਪੇਟੇ ਦੇ ਧਾਗੇ ਥਾਏਂ ਬਣੇ ਰਹਿਣ। ਰੇਖਾ ਬੇਨ ਦੇ ਹੱਥ ਪਟੋਲਾ ਬੁਣਨ, ਅੱਖਾਂ ਖੱਡੀ 'ਤੇ ਨੀਝ ਲਾਈ, ਦਿਮਾਗ਼ ਪੈਟਰਨ ਦੇ ਨਮੂਨੇ ਦਹੁਰਾਉਣ ਦੇ ਕੰਮੇ ਲੱਗੇ ਹਨ; ਜਦੋਂਕਿ ਉਨ੍ਹਾਂ ਦਾ ਹਰ ਆਉਂਦਾ ਸਾਹ ਆਪਣੇ ਜੀਵਨ ਤੇ ਕਲਾ ਬਾਰੇ ਦੱਸਦਾ ਜਾਂਦਾ ਹੈ।
ਰਵਾਇਤੀ ਤੌਰ 'ਤੇ ਪਟੋਲੂ ਦੀ ਬੁਣਾਈ ਦੀ ਗੱਲ ਕਰੀਏ ਤਾਂ ਇਹਦੇ ਲਈ ਘੱਟੋ-ਘੱਟ ਦੋ ਜਣੇ ਚਾਹੀਦੇ ਹੁੰਦੇ ਹਨ। ''ਕੋਈ ਇੱਕ ਜਣਾ ਡਾਂਡੀ ਵਰਕ ਕਰਦਾ ਹੈ, ਮਦਦਗਾਰ ਖੱਬੇ ਪਾਸੇ ਤੇ ਬੁਣਕਰ ਸੱਜੇ ਪਾਸੇ ਬਹਿੰਦਾ ਹੈ,'' ਉਹ ਖੋਲ੍ਹ ਕੇ ਦੱਸਦੀ ਹਨ। ਡਾਂਡੀ ਦੇ ਕੰਮ ਵਿੱਚ ਤਾਣੇ ਤੇ ਪੇਟੇ ਤੇ ਕਦੇ-ਕਦੇ ਦੋਵਾਂ ਧਾਗਿਆਂ ਨੂੰ ਇਕਸਾਰ ਕਰਨਾ ਸ਼ਾਮਿਲ ਰਹਿੰਦਾ ਹੈ, ਜੋ ਬੁਣੇ ਜਾ ਰਹੇ ਪਟੋਲਾ ਦੀ ਕਿਸਮ 'ਤੇ ਨਿਰਭਰ ਕਰਦਾ ਹੈ।
ਬੁਣਾਈ ਦੀ ਪੂਰੀ ਪ੍ਰਕਿਰਿਆ ਕਾਫੀ ਸਮਾਂ ਖਪਾਊ ਜਾਪਦੀ ਹੈ ਕੱਪੜੇ ਦੇ ਹਰੇਕ ਇੰਚ ਟੁਕੜੇ 'ਤੇ ਲੱਗੇ ਸਮੇਂ ਅਤੇ ਮਿਹਨਤ ਨੂੰ ਵੇਖਿਆਂ ਬੁਣਨ ਦੀ ਪ੍ਰਕਿਰਿਆ ਗੁੰਝਲਦਾਰ ਲੱਗਦੀ ਹੈ, ਹਾਲਾਂਕਿ ਰੇਖਾ ਬੇਨ, ਆਪਣੇ ਹੁਨਰਮੰਦ ਹੱਥਾਂ ਤੇ ਮੁਹਾਰਤ ਨਾਲ਼ ਹਰ ਕਦਮ ਨੂੰ ਸੁਖਾਲਾ ਬਣਾ ਦਿੰਦੀ ਹਨ। ਗਹੁ ਨਾਲ਼ ਦੇਖੋ ਤਾਂ ਬੁਣਾਈ ਦੀ ਇਹ ਮੁਕੰਮਲ ਪ੍ਰਕਿਰਿਆ ਇੱਕ ਸੁਪਨਾ ਲੱਗਦੀ ਹੈ, ਅਜਿਹਾ ਸੁਪਨਾ ਜੋ ਰੇਖਾ ਬੇਨ ਦੀਆਂ ਅੱਖਾਂ ਦੇਖਦੀਆਂ ਤੇ ਉਨ੍ਹਾਂ ਦੇ ਹੱਥ ਉਸ ਸੁਪਨੇ ਨੂੰ ਸਾਕਾਰ ਕਰਦੇ ਹੋਣ।
''ਇਕਹਿਰੀ ਇਕਤ ਵਿੱਚ, ਡਿਜਾਇਨ ਸਿਰਫ਼ ਪੇਟੇ 'ਤੇ ਹੀ ਪੈਂਦਾ ਹੈ। ਦੂਹਰੇ ਇਕਤ 'ਤੇ ਤਾਣੇ ਤੇ ਪੇਟੇ ਦੋਵਾਂ 'ਤੇ ਪੈਂਦਾ ਹੈ।'' ਦੋ ਕਿਸਮ ਦੇ ਪਟੋਲਾ ਵਿਚਾਲੇ ਫ਼ਰਕ ਸਮਝਾਉਂਦਿਆਂ ਉਹ ਕਹਿੰਦੀ ਹਨ।
ਇੱਕ ਨਮੂਨਾ ਹੀ ਦੋਵਾਂ ਕਿਸਮਾਂ ਨੂੰ ਅੱਡ-ਅੱਡ ਕਰਦਾ ਹੈ। ਝਾਲਾਵਾੜ ਦੇ ਪਟੋਲਾ ਇਕਹਿਰੇ ਇਕਤ ਕਿਸਮ ਦੇ ਹੁੰਦੇ ਹਨ ਜੋ ਬੰਗਲੁਰੂ ਦੇ ਰੇਸ਼ਮ ਤੋਂ ਬਣਾਏ ਜਾਂਦੇ ਹਨ, ਜਦੋਂਕਿ ਪਾਟਣ ਦੇ ਪਟੋਲਾ ਦੂਹਰੇ ਕਿਸਮ ਦੇ ਹੁੰਦੇ ਹਨ ਜੋ ਅਸਾਮ, ਢਾਕਾ ਤੇ ਇੱਥੋਂ ਤੱਕ ਕਿ ਇੰਗਲੈਂਡ ਦੇ ਮੋਟੇ ਰੇਸ਼ਮ ਨਾਲ਼ ਬੁਣੇ ਹੋਣ ਦਾ ਦਾਅਵਾ (ਬੁਣਕਰਾਂ ਵੱਲੋਂ) ਕੀਤਾ ਜਾਂਦਾ ਹੈ।
ਬੰਨ੍ਹਾਈ ਅਤੇ ਰੰਗਾਈ ਦੀ ਗੁੰਝਲਦਾਰ ਪ੍ਰਕਿਰਿਆ ਜਿਸ ਨੂੰ ਇਕਤ ਕਿਹਾ ਜਾਂਦਾ ਹੈ, ਭਾਰਤ ਦੇ ਕਈ ਹਿੱਸਿਆਂ ਜਿਵੇਂ ਕਿ ਤੇਲੰਗਾਨਾ ਜਾਂ ਓਡੀਸ਼ਾ ਵਿੱਚ ਬੁਣਕਰਾਂ ਦੁਆਰਾ ਅਪਣਾਈ ਜਾਂਦੀ ਰਹੀ ਹੈ। ਪਰ, ਸਥਾਨ ਵਿਸ਼ੇਸ਼ ਤੋਂ ਇਲਾਵਾ, ਗੁਜਰਾਤੀ ਪਟੋਲਾ ਨੂੰ ਜੋ ਵਿਲੱਖਣ ਬਣਾਉਂਦਾ ਹੈ ਉਹ ਹੈ ਇਸਦੇ ਗੁੰਝਲਦਾਰ ਅਤੇ ਸਾਫ਼-ਸਪੱਸ਼ਟ ਡਿਜ਼ਾਈਨ ਅਤੇ ਰੇਸ਼ਮ ਦੇ ਸਾਫ਼ ਰੰਗ। ਬਣ ਕੇ ਤਿਆਰ ਉਤਪਾਦ ਮਹਿੰਗੇ ਹੁੰਦੇ ਹਨ ਤੇ ਇਨ੍ਹਾਂ ਦਾ ਸ਼ਾਹੀ ਸਰਪ੍ਰਸਤੀ ਦਾ ਇਤਿਹਾਸ ਵੀ ਰਿਹਾ ਹੈ।
ਪਾੜੀ ਪਟੋਲੇ ਭਾਟ , ਫਾਟੇ ਪਾਨ ਫੀਟੇ ਨਹੀਂ। ਇਹ ਇੱਕ ਪ੍ਰਸਿੱਧ ਗੁਜਰਾਤੀ ਕਹਾਵਤ ਹੈ। ਇਸ ਦੇ ਅਨੁਸਾਰ ਪਟੋਲਾ ਡਿਜ਼ਾਈਨ ਕਦੇ ਵੀ ਫਿੱਕਾ ਨਹੀਂ ਪੈਂਦਾ। ਕੱਪੜਾ ਫੱਟ ਜਾਂਦਾ ਹੈ ਪਰ ਡਿਜ਼ਾਈਨ ਬਣਿਆ ਰਹਿੰਦਾ ਹੈ। ਪਟੋਲਾ ਡਿਜ਼ਾਈਨ ਦੀ ਵਿਸ਼ੇਸ਼ਤਾ ਦੱਸਣਾ ਇੱਕ ਹੋਰ ਸਟੋਰੀ ਦੀ ਮੰਗ ਕਰਦਾ ਹੈ। ਫੇਰ ਕਦੇ ਸਹੀ।
ਆਪਣੇ ਪਤੀ ਦਾ ਘਰ ਛੱਡਣ ਤੋਂ ਬਾਅਦ ਵੀ, ਰੇਖਾ ਬੇਨ ਦੀ ਜ਼ਿੰਦਗੀ ਇੰਨੀ ਸੁਖਾਲ਼ੀ ਨਾ ਰਹੀ। ਉਸ ਵੇਲ਼ੇ ਉਨ੍ਹਾਂ ਨੂੰ ਬੁਣਾਈ ਦਾ ਕੰਮ ਛੱਡਿਆਂ ਖ਼ਾਸਾ ਸਮਾਂ ਲੰਘ ਚੁੱਕਿਆ ਸੀ। ਦੋਬਾਰਾ ਹੱਥ ਅਜ਼ਮਾਉਣਾ ਮੁਸ਼ਕਲ ਸੀ। "ਮੈਂ ਦੋ- ਤਿੰਨ ਲੋਕਾਂ ਨਾਲ਼ ਗੱਲ ਕੀਤੀ, ਪਰ ਕੰਮ ਦੇ ਮਾਮਲੇ ਵਿੱਚ ਕਿਸੇ ਨੇ ਵੀ ਮੇਰੇ 'ਤੇ ਭਰੋਸਾ ਨਾ ਕੀਤਾ," ਉਹ ਕਹਿੰਦੀ ਹਨ। "ਸੋਮਾਸਰ ਦੇ ਜਯੰਤੀ ਭਾਈ ਨੇ ਮੈਨੂੰ ਇੱਕ ਨਿਸ਼ਚਿਤ ਉਜਰਤ 'ਤੇ ਬੁਣਨ ਨੂੰ ਛੇ ਸਾੜੀਆਂ ਦਿੱਤੀਆਂ। ਪਰ ਮੈਨੂੰ ਕੰਮ ਛੱਡਿਆਂ ਚਾਰ ਸਾਲ ਬੀਤ ਗਏ ਸਨ, ਉਹੀ ਹੋਇਆ ਉਮੀਦ ਮੁਤਾਬਕ ਸਾੜੀ ਦੀ ਫਿਨੀਸ਼ਿੰਗ ਚੰਗੀ ਨਾ ਆਈ। ਉਨ੍ਹਾਂ ਨੂੰ ਮੇਰਾ ਕੰਮ ਕਿਸੇ ਕੱਚਘੜ੍ਹ ਹੱਥੋਂ ਹੋਇਆ ਜਾਪਿਆ ਤੇ ਉਨ੍ਹਾਂ ਮੈਨੂੰ ਦੋਬਾਰਾ ਕਦੇ ਮੌਕਾ ਨਾ ਦਿੱਤਾ। ਮੇਰੇ ਤੋਂ ਬਚਣ ਲਈ ਉਹ ਹਮੇਸ਼ਾ ਬਹਾਨੇ ਬਣਾਉਂਦੇ ਰਹਿੰਦੇ," ਰੇਖਾ ਬੇਨ ਨੇ ਲੰਬਾ ਸਾਹ ਲੈਂਦਿਆਂ ਕਿਹਾ। ਮੈਂ ਇਹ ਸੋਚ-ਸੋਚ ਕੇ ਹੈਰਾਨ ਸੀ ਕਿ ਇਸ ਗੱਲਬਾਤ ਦੌਰਾਨ ਜੇ ਕਿਤੇ ਪੇਟੇ ਦੀ ਸਹੀ ਤਰਤੀਬ ਵਿਗੜ ਜਾਂਦੀ ਤਾਂ ਕੀ ਹੁੰਦਾ, ਜੋ ਸਮੁੱਚੇ ਪੈਟਰਨ ਲਈ ਮਹੱਤਵਪੂਰਣ ਸੀ।
ਕੰਮ ਹੈ ਨਹੀਂ ਸੀ ਤੇ ਦਿਨ ਇਸੇ ਉਲਝਣ ਵਿੱਚ ਲੰਘਣ ਲੱਗੇ ਕਿ 'ਕੰਮ ਮੰਗਾਂ ਕਿ ਨਾ ਮੰਗਾਂ'। ਗ਼ਰੀਬੀ ਹੋਰ-ਹੋਰ ਵਧਣ ਲੱਗੀ। ਕੰਮ ਦੇ ਮਾਮਲੇ ਵਿੱਚ ਤਾਂ ਰੇਖਾ ਬੇਨ ਹਾੜ੍ਹੇ ਕੱਢਣ ਭੀਖ ਮੰਗਣ ਨੂੰ ਵੀ ਤਿਆਰ ਸੀ ਪਰ ਪੈਸਾ ਮੰਗਣ ਦੇ ਰਾਹ ਵਿੱਚ ਸਵੈ-ਮਾਣ ਆਉਣਾ ਸੁਭਾਵਕ ਸੀ। "ਅਖ਼ੀਰਕਾਰ, ਮੈਂ ਆਪਣੀ ਫੂਈ ਦੇ ਬੇਟੇ (ਭੂਆ ਦੇ ਮੁੰਡੇ) ਨਾਲ਼ ਗੱਲ ਕੀਤੀ। ਉਸਨੇ ਮੈਨੂੰ ਨੌਕਰੀ ਦਿੱਤੀ। ਇਸ ਵਾਰ ਕੰਮ ਦੀ ਗੁਣਵੱਤਾ ਵਿੱਚ ਕੁਝ ਸੁਧਾਰ ਹੋਇਆ ਸੀ ਜੋ ਉਸ ਨੂੰ ਪਸੰਦ ਵੀ ਆਇਆ। ਅਗਲੇ ਡੇਢ ਸਾਲ ਮੈਂ ਉਸ ਲਈ ਤਨਖਾਹ 'ਤੇ ਕੰਮ ਕੀਤਾ। ਇਹ ਇਕਹਿਰੀ ਇਕਤ ਬੁਣਾਈ ਸੀ ਅਤੇ ਪਟੋਲਾ ਸਾੜੀ ਬੁਣਨ ਬਦਲੇ ਮੈਨੂੰ 700 ਰੁਪਏ ਮਿਲ਼ਿਆ ਕਰਦੇ,'' ਰੇਖਾ ਬੇਨ ਯਾਦ ਕਰਦੀ ਹਨ। "ਜਦੋਂ ਮੈਂ ਤੇ ਮੇਰੀ ਭਾਬੀ (ਗੋਪਾਲਭਾਈ ਦੀ ਪਤਨੀ) ਇਕੱਠਿਆਂ ਕੰਮ ਕਰਦੇ ਤਾਂ ਤਿੰਨ ਦਿਨਾਂ ਵਿੱਚ ਅਸੀਂ ਇੱਕ ਸਾੜੀ ਬੁਣ ਲਿਆ ਕਰਦੇ। ਬਾਕੀ ਸਮਾਂ ਹੋਰ ਕੰਮਾਂ ਲਈ ਖਰਚ ਕਰਦੇ।
ਇਹ ਛੋਟੀ ਜਿਹੀ ਕਮਾਈ ਰੇਖਾ ਦੀ ਬਿਪਤਾ ਮਾਰੀ ਜ਼ਿੰਦਗੀ ਨੂੰ ਕੁਝ ਦਿਲਾਸਾ ਦਿੰਦੀ ਜਾਪਦੀ। ''ਮੈਂ ਸੋਚਿਆ,'' ਇੱਕ ਡੂੰਘਾ ਸਾਹ ਲੈਂਦਿਆਂ, ਉਨ੍ਹਾਂ ਗੱਲ ਸ਼ੁਰੂ ਕੀਤੀ,"ਕਿ ਆਪਣੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਇਹ ਚੰਗਾ ਰਹੂ ਜੇ ਮੈਂ ਸੁਤੰਤਰ ਤੌਰ 'ਤੇ ਕੰਮ ਕਰਾਂ। ਮੈਂ ਆਪਣੇ ਸਿਰ-ਬ-ਸਿਰ ਕੱਚਾ ਮਾਲ ਖਰੀਦਿਆ ਅਤੇ ਕਿਸੇ ਕੋਲ਼ੋਂ ਖੱਡੀ ਤਿਆਰ ਕਰਵਾਈ। ਇੱਕ ਵਾਰ ਜਦੋਂ ਖੱਡੀ/ਕਰਘਾ ਤਿਆਰ ਹੋ ਗਿਆ, ਮੈਂ ਤਾਣਾ ਲੈ ਕੇ ਆਈ ਅਤੇ ਘਰ ਵਿੱਚ ਬੁਣਨਾ ਸ਼ੁਰੂ ਕਰ ਦਿੱਤਾ।
"ਇਸ ਵਾਰ ਇਹ ਬੁਣਾਈ ਕਿਸੇ ਆਰਡਰ ਲਈ ਨਹੀਂ ਸੀ," ਉਹ ਮਾਣ ਨਾਲ਼ ਮੁਸਕਰਾਉਂਦੇ ਹੋਏ ਕਹਿੰਦੀ ਹਨ, "ਮੈਂ ਖ਼ੁਦ ਪਟੋਲਾ ਬੁਣਨਾ ਸ਼ੁਰੂ ਕੀਤਾ। ਮੈਂ ਘਰੋਂ ਹੀ ਬੁਣੇ ਹੋਏ ਪਟੋਲੇ ਵੇਚਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਦੇ ਦਿਨਾਂ 'ਚ ਮੈਂ ਹੌਲ਼ੀ-ਹੌਲ਼ੀ ਉਤਪਾਦਨ ਵਧਾਉਣਾ ਸ਼ੁਰੂ ਕੀਤਾ। ਇਹ ਇੱਕ ਸ਼ਾਨਦਾਰ ਪੁਲਾਂਘ ਸੀ- ਨਿਤਾਣੀ ਜ਼ਿੰਦਗੀ ਤੋਂ ਸੁਤੰਤਰ ਜੀਵਨ ਵੱਲ ਨੂੰ ਪਹਿਲਾ ਕਦਮ ਸੀ। ਇਸ ਸਭ ਦੇ ਬਾਵਜੂਦ, ਉਨ੍ਹਾਂ ਨੂੰ ਦੂਹਰੀ ਇਕਤ ਬੁਣਾਈ ‘ਤੇ ਆਪਣੀ ਪਕੜ ਦੀ ਘਾਟ ਤੇ ਗਿਆਨ ਦੀ ਘਾਟ ਰੜਕਦੀ ਰਹਿਣ ਲੱਗੀ।
"ਆਖਰਕਾਰ, ਮੈਂ ਆਪਣੇ ਵੱਡੇ ਚਾਚੇ ਕੋਲ਼ੋਂ ਸਿਖਲਾਈ ਪ੍ਰਾਪਤ ਕੀਤੀ। ਇਸ ਨੂੰ ਸਿੱਖਣ ਵਿਚ ਲਗਭਗ ਡੇਢ ਮਹੀਨਾ ਲੱਗ ਗਿਆ,'' ਰੇਖਾ ਕਹਿੰਦੀ ਹਨ। ਉਸ ਸਮੇਂ ਉਨ੍ਹਾਂ ਦੀ ਧੀ ਅਜੇ ਛੋਟੀ ਸੀ। ਉਹ ਚੌਥੀ ਜਮਾਤ ਵਿੱਚ ਪੜ੍ਹਦੀ ਸੀ। ਪਤੀ ਨਾਲ਼ ਕੋਈ ਰਿਸ਼ਤਾ ਬਾਕੀ ਨਾ ਰਹਿਣ ਕਾਰਨ ਸਾਰਾ ਵਿੱਤੀ ਬੋਝ ਰੇਖਾ ਸਿਰ ਆਣ ਪਿਆ। ਪਰ ਰੇਖਾ ਬੇਨ ਨੇ ਹਾਰ ਨਾ ਮੰਨੀ। "ਮੈਂ ਆਪਣੀ ਸਾਰੀ ਬਚਤ ਕੱਚਾ ਮਾਲ ਖਰੀਦਣ 'ਤੇ ਖਰਚ ਕਰ ਦਿੱਤੀ। ਮੈਂ ਰੇਸ਼ਮ ਦਾ ਧਾਗਾ ਖਰੀਦਿਆ ਅਤੇ ਇਸੇ ਧਾਗੇ ਨਾਲ਼ ਸੋਲ੍ਹਾਂ ਪਟੋਲਾ ਡਿਜ਼ਾਈਨ ਵੀ ਬਣਾਏ," ਉਹ ਕਹਿੰਦੀ ਹਨ।
"ਇਸ ਕੰਮ ਨੂੰ ਕਰਨ ਲਈ ਘੱਟੋ-ਘੱਟ ਤਿੰਨ ਲੋਕਾਂ ਦੀ ਲੋੜ ਹੁੰਦੀ ਹੈ। ਪਰ ਮੈਂ ਇਕੱਲੀ ਸਾਂ। ਮੈਂ ਕਾਫ਼ੀ ਚਿਰ ਉਲਝੀ ਰਹੀ। ਪਾਸੀ ਵਿਚਾਰੂ ਜੇ ਕਰਵਾਣੂ ਚੇ ਏ ਮਰਾਜ ਕਰਵਾਣੂ ਸੇ। ਮਨ ਮੱਕਮ ਕਰੀ ਲਿਧੂ ਪਾਸੀ। (ਪਰ ਮੈਂ ਆਪਣੇ ਆਪ ਨੂੰ ਕਿਹਾ ਕਿ ਜੋ ਵੀ ਕਰਨਾ ਹੈ ਹੁਣ ਮੈਂ ਖੁਦ ਹੀ ਕਰਨਾ ਹੈ। ਮੈਂ ਖ਼ੁਦ ਨੂੰ ਤਿਆਰ ਕਰ ਲਿਆ)।'' ਹਾਲਾਂਕਿ, ਜਦੋਂ ਕਦੇ ਵੀ ਕਿਸੇ ਮਦਦ ਦੀ ਲੋੜ ਪੈਂਦੀ ਤਾਂ ਭਾਈਚਾਰੇ ਦੇ ਲੋਕ ਮਦਦ ਲਈ ਅੱਗੇ ਆਉਂਦੇ: ਜਿਸ ਵਿੱਚ ਗਲ਼ੀ ਦੇ ਦੋਵਾਂ ਸਿਰਿਆਂ 'ਤੇ ਗੱਡੇ ਖੰਭਿਆਂ 'ਤੇ ਵਲ੍ਹੇਟੇ ਧਾਗਿਆਂ ਨੂੰ ਮਾਇਆ ਲਾਉਣੀ ਤੇ ਮਜ਼ਬੂਤ ਕਰਨਾ; ਖੱਡੀ 'ਤੇ ਬੀਮ ਲਗਾਉਣਾ; ਬੀਮ ਵਿੱਚ ਧਾਗੇ ਦੀਆਂ ਤੰਦਾਂ ਨੂੰ ਸਹੀ ਕ੍ਰਮ ਵਿੱਚ ਜੋੜਨਾ ਤੇ ਫੇਨ ਰਾਹੀਂ ਅਤੇ ਬੁਣਾਈ ਲਈ ਹੈਂਡਲੂਮ ਤਿਆਰ ਕਰਨਾ, ਜਿਹੇ ਕੰਮ ਸ਼ਾਮਲ ਰਹਿੰਦੇ।
ਧਾਗੇ 'ਤੇ ਮਾਇਆ (ਸਟਾਰਚ) ਲਗਾਉਣਾ ਵੀ ਕਾਫ਼ੀ ਕੁਸ਼ਲਤਾ ਦੀ ਮੰਗ ਕਰਦਾ ਹੈ। ਜੇ ਕਿਤੇ ਥੋੜ੍ਹਾ ਜਿਹਾ ਵੀ ਜ਼ਿਆਦਾ ਆਟਾ ਧਾਗੇ ਨਾਲ਼ ਚਿਪਕ ਗਿਆ ਤਾਂ ਖੱਡੀ ਚੂਹਿਆਂ ਤੇ ਛਿਪਕਲੀਆਂ ਦੀ ਦਾਅਵਤ ਬਣ ਗਈ ਸਮਝੋ।
"ਦੂਹਰੀ ਇਕਤ ਬੁਣਨਾ ਇੰਨਾ ਸੌਖਾ ਨਹੀਂ ਸੀ। ਮੈਂ ਗ਼ਲਤੀਆਂ ਕੀਤੀਆਂ। ਤਾਣੇ ਤੇ ਪੇਟੇ ਦੇ ਧਾਗੇ ਦੀ ਇਕਸਾਰਤਾ ਦੀ ਊਣਤਾਈ। ਮੈਨੂੰ ਇਸ ਨੂੰ ਸਿੱਖਣ ਲਈ ਬਾਹਰੋਂ ਲੋਕਾਂ ਨੂੰ ਬੁਲਾਉਣਾ ਪਿਆ। ਇੱਕ ਵਾਰ ਬੁਲਾਇਆਂ ਤਾਂ ਕੋਈ ਨਾ ਆਉਂਦਾ ਪਰ ਮੈਨੂੰ ਚਾਰ ਜਾਂ ਪੰਜ ਵਾਰ ਜਾ-ਜਾ ਕੇ ਬੇਨਤੀਆਂ ਕਰਨੀਆਂ ਪਈਆਂ। ਪਰ ਫਿਰ ਸਭ ਕੁਝ ਮੇਰੇ ਕਾਬੂ ਵਿੱਚ ਆ ਗਿਆ!" ਮੁਸਕਰਾਉਂਦਿਆਂ ਉਨ੍ਹਾਂ ਕਿਹਾ, ਮੁਸਕਾਨ ਜੋ ਖ਼ਾਲਸ ਨਹੀਂ ਸੀ ਉਸ ਵਿੱਚ ਅਨਿਸ਼ਚਿਤਤਾ, ਡਰ, ਉਲਝਣ, ਹਿੰਮਤ ਅਤੇ ਦ੍ਰਿੜਤਾ ਦੇ ਨਾਲ਼-ਨਾਲ਼ ਸੰਤੁਸ਼ਟੀ ਦੀ ਭਾਵਨਾ ਵੀ ਸੀ। ਹਰ ਚੀਜ਼ ਦਾ ਨਿਯੰਤਰਣ ਵਿੱਚ ਆਉਣਾ ਮਤਲਬ ਤਾਣੇ ਤੇ ਪੇਟੇ ਦੇ ਧਾਗਿਆਂ ਦੀ ਇਕਸਾਰਤ 'ਤੇ ਪਕੜ ਮਜ਼ਬੂਤ ਹੁੰਦੇ ਜਾਣਾ, ਇਹ ਯਕੀਨੀ ਵੀ ਬਣਾਉਣਾ ਕਿ ਡਿਜਾਇਨ ਦੇ ਪੈਟਰਨ ਦਾ ਵਹਾਅ ਇੱਕੋ-ਜਿਹਾ ਰਹੇ ਜੋ ਪਟੋਲੂ ਦੀ ਕੀਮਤ ਤੈਅ ਕਰਦਾ ਹੈ ਕਿ ਇਹ ਕਿੰਨਾ ਮਹਿੰਗਾ ਵਿਕੇਗਾ।
ਗੁੰਝਲਦਾਰ ਦੂਹਰਾ ਇਕਤ ਪਟੋਲਾ ਪਾਟਣ ਮਾਡਲ ਤੋਂ ਆਉਂਦਾ ਹੈ। "ਪਾਟਣ ਬੁਣਕਰ ਇੰਗਲੈਂਡ ਤੋਂ ਰੇਸ਼ਮ ਲਿਆਉਂਦੇ ਹਨ, ਅਸੀਂ ਬੰਗਲੌਰ ਤੋਂ ਲਿਆਉਂਦੇ ਹਾਂ। ਬਹੁਤ ਸਾਰੇ ਵਪਾਰੀ ਰਾਜਕੋਟ ਜਾਂ ਸੁਰੇਂਦਰਨਗਰ ਤੋਂ ਪਟੋਲਾ ਖਰੀਦਦੇ ਹਨ ਅਤੇ ਇਸ 'ਤੇ ਪਾਟਣ ਦੀ ਮੋਹਰ ਲਗਾਉਂਦੇ ਹਨ," ਪਿੰਡ ਦੇ ਇੱਕ ਹੋਰ ਬੁਣਕਰ, ਵਿਕਰਮ ਪਰਮਾਰ (58) ਕਹਿੰਦੇ ਹਨ।
"ਉਹ ਇਸ ਨੂੰ ਸਾਡੇ ਕੋਲ਼ੋਂ 50, 60, 70,000 ਰੁਪਏ ਵਿੱਚ ਖਰੀਦਦੇ ਹਨ ਅਤੇ ਵੇਚਦੇ ਉੱਚੀ ਕੀਮਤ 'ਤੇ ਹਨ। ਉਹ ਬੁਣਦੇ ਵੀ ਹਨ ਪਰ ਉਨ੍ਹਾਂ ਨੂੰ ਇਹ ਤਰੀਕਾ ਸਸਤਾ ਲੱਗਦਾ ਹੈ," ਵਿਕਰਮ ਕਹਿੰਦੇ ਹਨ। ਪਿੰਡ ਦੇ ਇੱਕ ਤੋਂ ਬਾਅਦ ਕਈ ਬੁਣਕਰ ਝਲਵਾੜਾ ਦੇ ਸਸਤੇ ਪਟੋਲੇ ਦੀ ਕਹਾਣੀ ਭਾਵ ਪਾਟਣ ਸਟੈਂਪ ਨਾਲ਼ ਜੋੜ ਕੇ ਦੱਸਦੇ ਹਨ ਜੋ ਵੱਡੇ ਸ਼ਹਿਰਾਂ ਵਿੱਚ ਲੱਖਾਂ ਰੁਪਏ ਵਿੱਚ ਵਿਕਦਾ ਹੈ। ਇਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ।
ਲਗਭਗ ਚਾਲੀ ਸਾਲ ਪਹਿਲਾਂ, ਰੇਖਾ ਬੇਨ ਤੋਂ ਪਹਿਲਾਂ ਦੀ ਪੀੜ੍ਹੀ ਦੇ 70 ਸਾਲਾ ਹਮੀਰਭਾਈ ਲਿੰਬੜੀ ਤਾਲੁਕਾ ਵਿੱਚ ਪਟੋਲਾ ਬੁਣਾਈ ਲੈ ਕੇ ਆਏ ਸਨ।
"ਅਰਜਨ ਭਾਈ ਮੈਨੂੰ ਭਯਾਵਦਰ ਤੋਂ ਰਾਜਕੋਟ ਇਲਾਕੇ ਲੈ ਆਏ," ਹਮੀਰਭਾਈ ਲਿੰਬੜੀ ਦੇ ਕਟਾਰੀਆ ਆਪਣੀ ਪਿੰਡ ਫੇਰੀ ਦੀ ਕਹਾਣੀ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ। "ਮੈਨੂੰ ਇੱਕ ਜਾਂ ਦੋ ਮਹੀਨੇ ਲਈ ਇੱਕ ਫੈਕਟਰੀ ਤੋਂ ਦੂਜੀ ਫੈਕਟਰੀ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਰਿਹਾ। ਇੱਕ ਵਾਰ ਮਾਲਕ ਨੇ ਮੈਨੂੰ ਪੁੱਛਿਆ: ' ਛੇਵਾ ਸੋ ? [ਤੁਸੀਂ ਕਿਸ ਜਾਤੀ ਨਾਲ਼ ਸਬੰਧਤ ਹੋ?] ਅਤੇ ਮੈਂ ਕਿਹਾ ' ਵੰਕਰ ' । ਬੱਸ ਇੰਨਾ ਸੁਣਨ ਦੀ ਦੇਰ ਸੀ ਉਨ੍ਹਾਂ ਕਿਹਾ ਕਿ ' ਕਲ ਥੀ ਨੋ ਟਾਵਤਾ , ਤਮਾਰਾ ਭੇਗੂ ਪਾਣੀ ਨਾਥ ਪੀਵੂ ' (ਕੱਲ੍ਹ ਤੋਂ ਨਾ ਆਵੀਂ, ਮੈਂ ਤੇਰੇ ਹੱਥੋਂ ਪਾਣੀ ਵੀ ਨਹੀਂ ਪੀਵਾਂਗਾ।)' ਉਸ ਤੋਂ ਬਾਅਦ, ਮੋਹਨਭਾਈ ਮਕਵਾਨਾ ਨੇ ਇੱਕ ਵਾਰ ਮੈਨੂੰ ਪੁੱਛਿਆ ਕਿ ਕੀ ਮੈਂ ਪਟੋਲਾ ਬੁਣਾਈ ਸਿੱਖਣਾ ਚਾਹੁੰਦਾ ਹਾਂ। ਮੈਂ ਪੰਜ ਰੁਪਏ ਦਿਹਾੜੀ ਨਾਲ਼ ਕੰਮ ਕਰਨਾ ਸ਼ੁਰੂ ਕੀਤਾ। ਪਹਿਲੇ ਛੇ ਮਹੀਨੇ ਮੈਂ ਡਿਜ਼ਾਈਨ ਬਾਰੇ ਸਿੱਖਿਆ, ਫਿਰ ਅਗਲੇ ਛੇ ਮਹੀਨਿਆਂ ਲਈ ਬੁਣਾਈ ਬਾਰੇ," ਉਹ ਕਹਿੰਦੇ ਹਨ। ਉਸ ਤੋਂ ਬਾਅਦ ਉਹ ਕਟਾਰੀਆ ਵਾਪਸ ਆ ਗਏ ਅਤੇ ਬੁਣਾਈ ਜਾਰੀ ਰੱਖਣ ਦੇ ਨਾਲ਼-ਨਾਲ਼ ਦੂਜਿਆਂ ਨੂੰ ਵੀ ਸਿਖਾਇਆ।
"ਮੈਂ ਪਿਛਲੇ 50 ਸਾਲਾਂ ਤੋਂ ਬੁਣਾਈ ਕਰ ਰਿਹਾ ਹਾਂ," ਇੱਕ ਹੋਰ ਬੁਣਕਰ, ਪੂਨਜਾਭਾਈ ਵਾਘੇਲਾ ਕਹਿੰਦੇ ਹਨ। "ਜਦੋਂ ਮੈਂ ਬੁਣਨਾ ਸ਼ੁਰੂ ਕੀਤਾ ਤਾਂ ਮੈਂ ਤੀਜੀ ਜਮਾਤ ਵਿੱਚ ਸੀ। ਪਹਿਲਾਂ, ਮੈਂ ਖਾਦੀ ਦਾ ਕੰਮ ਕਰਦਾ ਸੀ। ਫਿਰ ਮੈਂ ਪਟੋਲਾ ਸ਼ੁਰੂ ਕੀਤਾ। ਮੇਰੇ ਚਾਚੇ ਨੇ ਮੈਨੂੰ ਪਟੋਲਾ ਬੁਣਨਾ ਸਿਖਾਇਆ। ਮੈਂ ਉਦੋਂ ਤੋਂ ਇਹ ਕੰਮ ਕਰ ਰਿਹਾ ਹਾਂ। ਸਾਰੇ ਇਕਹਿਰੇ ਇਕਤ ਸੱਤ ਤੋਂ ਅੱਠ ਹਜ਼ਾਰ ਰੁਪਏ ਪ੍ਰਤੀ ਪੀਸ ਮਿਲ਼ਦਾ। "ਅਸੀਂ, ਪਤੀ-ਪਤਨੀ, ਸੁਰੇਂਦਰਨਗਰ ਵਿੱਚ ਪ੍ਰਵੀਨਭਾਈ ਲਈ ਕੰਮ ਕਰਦੇ ਸੀ ਅਤੇ ਹੁਣ ਅਸੀਂ ਪਿਛਲੇ ਛੇ-ਸੱਤ ਮਹੀਨਿਆਂ ਤੋਂ ਰੇਖਾ ਬੇਨ ਨਾਲ਼ ਕੰਮ ਕਰ ਰਹੇ ਹਾਂ," ਉਹ ਆਪਣੇ ਪਤਨੀ, ਜਸੂ ਬੇਨ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ।
"ਖੱਡੀ 'ਤੇ ਉਨ੍ਹਾਂ ਦੇ ਨਾਲ਼ ਬੈਠਣ (ਧਾਗੇ ਦੀ ਇਕਸਾਰਤਾ ਵਿੱਚ ਮਦਦ ਕਰਨ ਵਿੱਚ) ਸਾਨੂੰ ਦਿਹਾੜੀ ਦੇ 200 ਰੁਪਏ ਮਿਲ਼ਦੇ ਹਨ। ਜੇ ਅਸੀਂ ਡਿਜ਼ਾਈਨ ਨਾਲ਼ ਜੁੜੇ ਕੁਝ ਛੋਟੇ-ਮੋਟੇ ਕੰਮ ਕਰੀਏ ਤਾਂ ਸਾਨੂੰ 60 ਜਾਂ 70 ਰੁਪਏ ਅੱਡ ਤੋਂ ਮਿਲ਼ ਸਕਦੇ ਹਨ। ਮੇਰੀ ਬੇਟੀ ਉਰਮਿਲਾ ਰੇਖਾ ਬੇਨ ਦੇ ਘਰ ਸੂਤ ਰੰਗਣ ਦੇ ਕੰਮ ਲਈ ਜਾਂਦੀ ਹੈ। ਉਸ ਨੂੰ 200 ਰੁਪਏ ਦਿਹਾੜੀ ਮਿਲ਼ਦੀ ਹੈ। ਅਸੀਂ ਪੂਰਾ ਟੱਬਰ ਮਿਲ਼ ਕੇ ਘਰ ਚਲਾਉਂਦੇ ਹਾਂ," ਜਸੂ ਬੇਨ ਕਹਿੰਦੀ ਹਨ।
"ਇਹ ਲੂਮ-ਸ਼ੂਮ ਅਤੇ ਬਾਕੀ ਸਭ ਕੁਝ ਰੇਖਾ ਬੇਨ ਦਾ ਹੀ ਹੈ," ਸਾਗਵਾਨ ਦੀ ਲੱਕੜ ਦੇ ਫਰੇਮ ਨੂੰ ਹੱਥ ਲਾਉਂਦੇ ਹੋਏ ਪੁੰਜਾ ਭਾਈ ਕਹਿੰਦੇ ਹਨ। ਇਕੱਲੀ ਖੱਡੀ/ਕਰਘੇ ਦੀ ਕੀਮਤ 35-40,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ। "ਸਾਡੇ ਕੋਲ਼ ਤਾਂ ਸਿਰਫ਼ ਸਾਡੀ ਕਿਰਤ ਹੀ ਹੈ। ਸਾਰੇ ਕੰਮਾਂ-ਕਾਰਾਂ ਨੂੰ ਰਲ਼ਾ ਕੇ ਅਸੀਂ ਮਹੀਨੇ ਦੇ ਲਗਭਗ 12,000 ਰੁਪਏ ਕਮਾ ਲੈਂਦੇ ਹਾਂ," ਪੂੰਜਾਭਾਈ ਕਹਿੰਦੇ ਹਨ, ਜਿਨ੍ਹਾਂ ਦੇ ਮੂੰਹੋਂ ਕਿਰਦਾ ਹਰ ਅਲਫਾਜ਼ ਮੁਫ਼ਲਿਸੀ 'ਤੇ ਪਰਦਾ ਪਾਉਂਦਾ ਜਾਪਦਾ ਹੈ।
ਜਿਓਂ ਹੀ ਕਾਰੋਬਾਰ ਰਾਹੇ ਪੈਣ ਲੱਗਿਆ, ਰੇਖਾ ਬੇਨ ਨੂੰ ਬੁਣਾਈ ਦਾ ਕੁਝ ਕੁ ਕੰਮ ਪੁੰਜਾ ਭਾਈ ਨੂੰ ਆਊਟਸੋਰਸ ਕਰਨਾ ਪਿਆ। "ਮੈਂ ਸਵੇਰੇ ਪੰਜ ਵਜੇ ਉੱਠਦੀ ਹਾਂ ਅਤੇ ਰਾਤੀਂ ਗਿਆਰਾਂ ਵਜੇ ਸੌਂਣ ਜਾਂਦੀ ਹਾਂ। ਮੈਂ ਹਰ ਸਮੇਂ ਕੰਮ ਹੀ ਕਰਦੀ ਰਹਿੰਦੀ ਹਾਂ। ਘਰ ਦਾ ਕੰਮ ਪਿਆ ਹੀ ਰਹਿੰਦਾ ਹੈ ਜੋ ਵੀ ਮੈਂ ਖੁਦ ਕਰਨਾ ਹੁੰਦਾ ਹੈ। ਬਾਹਰੀ ਕੰਮ, ਜਿਸ ਵਿੱਚ ਭਾਈਚਾਰੇ ਦੇ ਲੋਕਾਂ ਨਾਲ਼ ਰਿਸ਼ਤਾ ਬਣਾਈ ਰੱਖਣਾ ਵੀ ਸ਼ਾਮਲ ਹੈ, ਮੈਨੂੰ ਹੀ ਕਰਨੇ ਪੈਂਦੇ ਹਨ। ਪੂਰੇ ਕਾਰੋਬਾਰ ਦਾ ਬੋਝ ਵੀ ਮੇਰੇ ਸਿਰ 'ਤੇ ਹੀ ਹੈ।'' ਰੇਖਾ ਬੇਨ ਨੇ ਪੇਟੇ ਦੇ ਧਾਗੇ ਵਾਲ਼ੀ ਫਿਰਕੀ ਨੂੰ ਸ਼ਟਲ ਵੱਲ ਧੱਕਿਆ ਫਿਰ ਸ਼ਟਲ ਨੂੰ ਸੱਜਿਓਂ ਖੱਬੇ ਹਿਲਾਇਆ।
ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਸ਼ਟਲ ਨੂੰ ਸੱਜਿਓਂ ਖੱਬੇ, ਖੱਬਿਓਂ ਸੱਜੇ ਹਿੱਲਦੇ ਦੇਖਿਆ ਤੇ ਪਟੋਲਾ ਡਿਜ਼ਾਇਨ ਬਣਾਉਂਦੇ ਰੇਖਾ ਬੇਨ ਦੇ ਛੋਹਲੇ ਹੱਥ ਜਿਸ ਤਰੀਕੇ ਨਾਲ਼ ਕਰਘੇ ਨੂੰ ਸੁਚਾਰੂ ਢੰਗ ਨਾਲ਼ ਚਲਾ ਰਹੇ ਸਨ, ਮੈਨੂੰ ਕਬੀਰ ਦਾ ਇੱਕ ਦੋਹਾ ਯਾਦ ਆ ਗਿਆ:
‘नाचे ताना नाचे बाना नाचे कूँच पुराना
करघै बैठा कबीर नाचे चूहा काट्या ताना'
ਨੱਚੇ ਤਾਣਾ ਨੱਚੇ ਪੇਟਾ ਜਿਓਂ ਨੱਚੇ ਕੂੰਚ ਪੁਰਾਣਾ
ਕਰਘੇ ਬੈਠਾ ਕਬੀਰਾ ਨੱਚੇ ਚੂਹਾ ਕੁਤਰ ਗਿਆ ਤਾਣਾ
*ਰੇਸ਼ਿਆਂ ਨੂੰ ਸਾਫ਼ ਕਰਨ ਲਈ ਵਰਤਿਆ ਜਾਣ ਵਾਲ਼ਾ ਨਰਮ ਬਰਸ਼
ਲੇਖਕ ਇਸ ਲੇਖ ਦੀ ਸਮੱਗਰੀ ਵਿੱਚ ਸਹਾਇਤਾ ਦੇਣ ਲਈ ਜੈਸੁਖ ਵਾਘੇਲਾ ਦਾ ਧੰਨਵਾਦ ਕਰਨਾ ਚਾਹੁੰਦਾ ਹੈ।
ਤਰਜਮਾ: ਕਮਲਜੀਤ ਕੌਰ