ਅੰਬਾਪਾਣੀ ਪਿੰਡ ਦੇ ਲੋਕ ਸੰਸਦ ਬਣਨ ਦੇ ਇਛੁਕ ਇੱਕ ਜਾਂ ਦੋ ਨੇਤਾਵਾਂ ਦੀ ਮੇਜ਼ਬਾਨੀ ਕਰਨਾ ਚਾਹੁੰਦੇ ਹਨ। ਪਿੰਡ ਵਾਸੀਆਂ ਨੂੰ ਉਡੀਕ ਹੈ ਕਿ ਕਦੋਂ ਉਨ੍ਹਾਂ ਨੂੰ ਆਪਣੇ ਘਰੇ ਤਾਜ਼ੇ ਪੀਹੇ ਆਟੇ ਤੋਂ ਬਣੀ ਜਵਾਰ ਭਾਖਰੀ ਜਾਂ ਖੇਡ-ਖੇਡ ਵਿੱਚ ਰੁੱਖ 'ਤੇ ਚੜ੍ਹ ਕੇ ਬੱਚਿਆਂ ਵੱਲੋਂ ਤੋੜੇ ਗਏ ਮਿੱਠੇ ਚਾਰੋਲੀ ਫਲ ਖੁਆਉਣ ਦਾ ਸੁੱਕ ਪ੍ਰਾਪਤ ਹੋਵੇਗਾ।
ਪੰਜ ਦਹਾਕੇ ਹੋ ਗਏ ਹਨ ਜਦੋਂ ਲੋਕਾਂ ਨੇ ਬਾਂਸ, ਗਾਰੇ ਅਤੇ ਗਾਂ ਦੇ ਗੋਬਰ ਨੂੰ ਮਿਲਾ ਕੇ ਆਪਣੇ ਘਰ ਬਣਾਏ ਸਨ। ਇਨ੍ਹਾਂ ਪੰਜਾਹ ਸਾਲਾਂ ਦੌਰਾਨ ਇੱਕ ਵੀ ਰਾਜਨੀਤਿਕ ਨੁਮਾਇੰਦੇ ਨੇ ਇੱਥੇ ਆਪਣਾ ਪੈਰ ਨਹੀਂ ਪਾਇਆ ਹੋਣਾ। ਸਤਪੁਰਾ ਦੀਆਂ ਪਥਰੀਲੀ ਢਲਾਨਾਂ ਦੇ ਵਿਚਕਾਰ ਫੈਲਿਆ ਇਹ ਕਸਬਾ ਆਉਣ-ਜਾਣ ਵਾਲ਼ੀ ਸੜਕ ਤੋਂ 13 ਕਿਲੋਮੀਟਰ ਦੀ ਉਚਾਈ 'ਤੇ ਸਥਿਤ ਹੈ।
818 ਦੀ ਆਬਾਦੀ (ਮਰਦਮਸ਼ੁਮਾਰੀ 2011) ਵਾਲ਼ੇ ਅੰਬਾਪਾਣੀ ਵਿੱਚ ਕੋਈ ਸੜਕ ਸੰਪਰਕ ਨਹੀਂ, ਕੋਈ ਬਿਜਲੀ ਲਾਈਨ ਨਹੀਂ, ਪਾਣੀ ਦੀ ਕੋਈ ਸਪਲਾਈ ਨਹੀਂ, ਕੋਈ ਮੋਬਾਈਲ ਫੋਨ ਨੈੱਟਵਰਕ ਨਹੀਂ, ਵਾਜਬ ਕੀਮਤ ਦੀ ਕੋਈ ਦੁਕਾਨ ਨਹੀਂ, ਕੋਈ ਪ੍ਰਾਇਮਰੀ ਸਿਹਤ ਕੇਂਦਰ ਨਹੀਂ ਅਤੇ ਨਾ ਹੀ ਕੋਈ ਆਂਗਣਵਾੜੀ ਕੇਂਦਰ ਹੀ ਹੈ। ਸਾਰੇ ਵਸਨੀਕ ਪਾਵਰਾ ਭਾਈਚਾਰੇ ਨਾਲ਼ ਸਬੰਧਤ ਹਨ ਜੋ ਰਾਜ ਵਿੱਚ ਅਨੁਸੂਚਿਤ ਕਬੀਲੇ ਹੇਠ ਸੂਚੀਬੱਧ ਹੈ। 120 ਪਰਿਵਾਰਾਂ ਵਿੱਚੋਂ ਜ਼ਿਆਦਾਤਰ ਦਾ ਵੰਸ਼ ਮੱਧ ਪ੍ਰਦੇਸ਼ ਦੇ ਚਾਰ ਜਾਂ ਪੰਜ ਵੱਡੇ ਕਬੀਲਿਆਂ ਦੀਆਂ ਜੜ੍ਹਾਂ ਨਾਲ਼ ਜੁੜਿਆ ਹੋਇਆ ਹੈ, ਜੋ ਉੱਤਰ ਵਿੱਚ ਸਿਰਫ਼ 30 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਇਸ ਕਸਬੇ ਵਿੱਚ ਕੋਈ ਫ਼ੋਨ ਜਾਂ ਟੀਵੀ ਨਹੀਂ ਹੈ ਭਾਵ ਇੱਥੇ ਕੋਈ ਨੈੱਟਵਰਕ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਦੀ ਮੰਗਲਸੂਤਰ ਦੀ ਚੇਤਾਵਨੀ ਤੋਂ ਲੈ ਕੇ ਕਾਂਗਰਸ ਪਾਰਟੀ ਦੇ ਸੰਵਿਧਾਨ ਦੀ ਰੱਖਿਆ ਦੇ ਮਸੌਦੇ ਤੇ 2024 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਨਾਲ਼ ਜੁੜੇ ਮੁੱਦੇ ਅੰਬਾਪਾਣੀ ਵੋਟਰਾਂ ਤੱਕ ਨਹੀਂ ਪਹੁੰਚੇ ਹਨ।
ਇੱਥੋਂ ਦੇ ਹਿਸਾਬ ਨਾਲ਼ ਆਕਰਸ਼ਕ ਚੁਣਾਵੀ ਵਾਅਦੇ ਕੀ ਹੋ ਸਕਦਾ ਹੈ? ਉਂਗਿਆ ਗੁਰਜਾ ਪਾਵਰਾ ਕਹਿੰਦੇ ਹਨ,''ਸੜਕ।'' ਕਰੀਬ 56 ਸਾਲਾ ਉਂਗਿਆ ਪਿੰਡ ਦੇ ਮੂਲ਼ ਨਿਵਾਸੀਆਂ ਵਿੱਚੋਂ ਇੱਕ ਦੇ ਵੰਸ਼ਜ ਹਨ। ਕਰੀਬ ਇੱਕ ਦਹਾਕਾ ਪਹਿਲਾਂ ਜਦੋਂ ਉਨ੍ਹਾਂ ਨੇ ਆਪਣੇ ਘਰ ਵਿੱਚ ਸਟੀਲ ਦੀ ਅਲਮਾਰੀ ਲਈ ਪੈਸੇ ਜੋੜੇ ਸਨ, ਤਾਂ ਚਾਰ ਲੋਕਾਂ ਨੇ 75 ਕਿਲੋ ਦੀ ਅਲਮਾਰੀ ਨੂੰ ''ਸਟ੍ਰੈਚਰਰ ਵਾਂਗਰ'' ਚੁੱਕ ਕੇ ਚੜ੍ਹਾਇਆ ਸੀ।
ਖੇਤੀ ਤੋਂ ਮਿਲ਼ੇ ਝਾੜ ਨੂੰ ਦੋਪਹੀਆ ਵਾਹਨਾਂ 'ਤੇ ਲੱਦ ਕੇ ਮੋਹਰਾਲੇ ਬਜਾਰ ਤੋਂ 13 ਕਿਲੋਮੀਟਰ ਹੇਠਾਂ ਲਿਜਾਇਆ ਜਾਂਦਾ ਹੈ। ਉਹ ਵੀ ਇੱਕ ਵਾਰ ਵਿੱਚ ਕਰੀਬ ਇੱਕ ਕਿੱਟਲ ਝਾੜ ਹੀ ਢੋਇਆ ਜਾਂਦਾ ਹੈ। ਇਸ ਰਸਤੇ 'ਤੇ ਹਨ ਖੜ੍ਹਵੀਂਆਂ ਢਲਾਨਾਂ ਦੇ ਨਾਲ਼ ਖ਼ਤਰਨਾਕ ਮਿੱਟੀ ਦੇ ਊਬੜ-ਖਾਬੜ ਚੜ੍ਹਾਅ ਦੀ ਲੜੀ, ਤਿੱਖੇ ਮੋੜ, ਢਿੱਲੀ ਬਜਰੀ, ਪਹਾੜੀ ਧਾਰਾਵਾਂ ਤੇ ਕਦੇ-ਕਦਾਈਂ ਭਾਲੂ ਵੀ।
"ਦੂਜੇ ਪਾਸੇ, ਕਿਸੇ ਨੂੰ ਤਾਂ ਇਹ ਸੋਚਣਾ ਪਵੇਗਾ ਕਿ ਕੀ ਸੜਕ ਦੇ ਆਉਣ ਨਾਲ਼ ਗੈਰ-ਕਾਨੂੰਨੀ ਲੱਕੜ ਦੀ ਕਟਾਈ ਵਧੇਗੀ," ਉਂਗਿਆ ਸੋਚਦੇ ਹਨ।
ਉਨ੍ਹਾਂ ਦੀ ਪਤਨੀ ਬਧੀਬਾਈ ਮਹੀਨੇ ਦੇ ਜਿਆਦਾਤਰ ਸਮੇਂ ਇੱਧਰ-ਓਧਰ ਘੁੰਮਦੀ ਰਹਿੰਦੀ ਹਨ ਕਿਉਂਕਿ ਬਾਲ਼ਣ ਦੀ ਲੱਕੜ ਕੱਟਦੇ ਵੇਲ਼ੇ ਉਨ੍ਹਾਂ ਦੇ ਪੈਰ ਦੇ ਅੰਗੂਠੇ 'ਤੇ ਕੁਹਾੜੀ ਡਿੱਗ ਗਈ ਸੀ। ਫੱਟ ਇੰਨਾ ਡੂੰਘਾ ਹੈ ਪਰ ਉਨ੍ਹਾਂ ਨੇ ਪੱਟੀ ਤੱਕ ਨਹੀਂ ਬੰਨ੍ਹੀ। ਉਹ ਦੱਸਦੀ ਹਨ ਕਿ ਉਨ੍ਹਾਂ ਨੇ ਸੱਟ ਨੂੰ ਨਜ਼ਰਅੰਦਾਜ਼ ਕਿਉਂ ਕੀਤਾ,''ਮੋਹਰਾਲਾ ਕਿੰਵਾ ਹਰਿਪੁਰਾਪਰਯੰਤ ਜਾਵੇ ਲਾਗਤੇ (ਮੈਨੂੰ ਮੋਹਰਾਲੇ ਜਾਂ ਹਰਿਪੁਰਾ ਜਾਣਾ ਪੈਣਾ ਹੈ)। ਕੀ ਕੋਈ ਪਾਰਟੀ ਸਾਨੂੰ ਇੱਥੇ ਚੰਗਾ ਦਵਾਖਾਨਾ ਦੇ ਦਵੇਗੀ?'' ਉਹ ਹੱਸਦੇ ਹੋਏ ਪੁੱਛਦੀ ਹਨ।
ਅੰਬਾਪਾਣੀ ਵਿੱਚ, ਇੱਕ ਬੱਚੇ ਨੂੰ ਕੁਪੋਸ਼ਿਤ ਐਲਾਨਿਆ ਗਿਆ ਸੀ, ਹਾਲਾਂਕਿ ਪਰਿਵਾਰ ਨੂੰ ਨਹੀਂ ਪਤਾ ਕਿ ਬੱਚੀ ਇੰਨੀ ਜ਼ਿਆਦਾ ਕੁਪੋਸ਼ਿਤ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਕੋਈ ਆਂਗਣਵਾੜੀ ਨਹੀਂ ਹੈ ਜਿਸ ਦੀ ਮਨਜ਼ੂਰੀ ਲਗਭਗ ਇੱਕ ਦਹਾਕੇ ਪਹਿਲਾਂ ਮਿਲ਼ ਗਈ ਸੀ।
ਇਸ ਦੀ ਬਜਾਏ, ਮੋਹਰਾਲੇ ਵਿੱਚ ਇੱਕ ਆਂਗਣਵਾੜੀ ਵਰਕਰ ਕੋਲ਼ ਹੀ ਅੰਬਾਪਾਣੀ ਦਾ ਵਾਧੂ ਚਾਰਜ ਹੈ। ਉਹ ਲਾਭਪਾਤਰੀ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਰਾਸ਼ਨ ਪੈਕੇਜ ਦੇ ਨਾਲ਼-ਨਾਲ਼ ਆਇਰਨ ਅਤੇ ਫੋਲਿਕ ਐਸਿਡ ਦੀਆਂ ਗੋਲ਼ੀਆਂ ਲਈ ਹਰ ਕੁਝ ਹਫ਼ਤਿਆਂ ਵਿੱਚ ਇੱਕ ਵਾਰ ਮੁਸ਼ਕਲ ਯਾਤਰਾ ਕਰਦੀ ਹੋਈ ਇੱਥੇ ਅਪੜਦੀ ਹੈ। "ਜੇ ਸਾਡੇ ਕੋਲ਼ ਆਂਗਨਵਾੜੀ ਹੁੰਦੀ, ਤਾਂ ਘੱਟੋ-ਘੱਟ ਛੋਟੇ ਬੱਚੇ ਉੱਥੇ ਜਾ ਕੇ ਕੁਝ ਸਿੱਖਣ ਦੇ ਯੋਗ ਹੁੰਦੇ," ਬਧੀਬਾਈ ਕਹਿੰਦੀ ਹਨ, ਜਿਨ੍ਹਾਂ ਦੇ ਪਿੰਡ ਵਿੱਚ ਛੇ ਸਾਲ ਦੀ ਉਮਰ ਤੱਕ ਦੇ 50 ਤੋਂ ਵੱਧ ਬੱਚੇ ਹਨ। ਇਸ ਉਮਰ ਵਰਗ ਨੂੰ ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ ਯੋਜਨਾ (ਆਈਸੀਡੀਐੱਸ) ਦਾ ਲਾਭ ਮਿਲ਼ਦਾ ਹੈ, ਜਿਸ ਰਾਹੀਂ ਆਂਗਣਵਾੜੀ ਕੇਂਦਰ ਚਲਾਏ ਜਾਂਦੇ ਹਨ।
ਬੱਚੇ ਰਵਾਇਤੀ ਤੌਰ 'ਤੇ ਘਰ ਵਿੱਚ ਪੈਦਾ ਹੁੰਦੇ ਹਨ। ਹਾਲਾਂਕਿ, ਹਾਲ ਹੀ ਦੇ ਸਾਲਾਂ ਵਿੱਚ ਕੁਝ ਨੌਜਵਾਨ ਔਰਤਾਂ 13 ਕਿਲੋਮੀਟਰ ਦੂਰ, ਮੋਹਰਾਲੇ ਜਾਂ ਹਰੀਪੁਰਾ ਦੇ ਕਲੀਨਿਕਾਂ ਤੱਕ ਵੀ ਗਈਆਂ ਹਨ।
ਉਂਗਿਆ ਅਤੇ ਬਧੀਬਾਈ ਦੇ ਪੰਜ ਪੁੱਤਰ ਅਤੇ ਦੋ ਧੀਆਂ ਅਤੇ ਪੋਤੇ-ਪੋਤੀਆਂ ਦਾ ਇੱਕ ਵੱਡਾ ਸਮੂਹ ਹੈ। ਪਤੀ-ਪਤਨੀ ਖੁਦ ਅਨਪੜ੍ਹ ਹਨ, ਪਰ ਉਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਸਕੂਲ ਭੇਜਣ ਦੀ ਕੋਸ਼ਿਸ਼ ਕੀਤੀ। ਸੜਕ ਨਹੀਂ ਸੀ, ਤਾਂ ਇਹ ਮਕਸਦ ਕਦੇ ਪੂਰਾ ਨਾ ਹੋ ਸਕਿਆ।
ਲਗਭਗ ਦੋ ਦਹਾਕੇ ਪਹਿਲਾਂ ਤੱਕ ਤਾਂ ਇੱਥੇ ਸਕੂਲ ਦੀ 'ਇਮਾਰਤ' ਜਿਹੀ ਖੜ੍ਹੀ ਹੋਈ ਸੀ। ਇਹ ਬਾਂਸ ਅਤੇ ਕੱਖ-ਕਾਣ ਦਾ ਕੱਚਾ ਕਮਰਾ ਸੀ ਜੋ ਸ਼ਾਇਦ ਪਿੰਡ ਦਾ ਸਭ ਤੋਂ ਖਸਤਾ ਹਾਲ ਢਾਂਚਾ ਸੀ।
"ਹਾਲਾਂਕਿ ਇੱਕ ਅਧਿਆਪਕ ਨਿਯੁਕਤ ਕੀਤਾ ਗਿਆ ਹੈ, ਪਰ ਕੀ ਤੁਹਾਨੂੰ ਲੱਗਦਾ ਹੈ ਕਿ ਤਹਿਸੀਲ ਵਿੱਚ ਕਿਸੇ ਹੋਰ ਥਾਓਂ ਕੋਈ ਨਾ ਕੋਈ ਹਰ ਰੋਜ਼ ਇੱਥੇ ਆਵੇਗਾ?", ਅੰਬਾਪਾਣੀ ਦੇ ਵਸਨੀਕ ਬਾਜਿਆ ਕੰਡਲਿਆ ਪਵਾਰਾ ਦੇ ਪੁੱਤਰ ਰੂਪ ਸਿੰਘ ਪੁੱਛਦੇ ਹਨ। ਉਨ੍ਹਾਂ ਦੇ ਪਿਤਾ ਵੀ ਪਿੰਡ ਦੇ ਮੂਲ਼ ਨਿਵਾਸੀਆਂ ਵਿੱਚੋਂ ਹੀ ਇੱਕ ਦੇ ਵੰਸ਼ਜ ਹਨ, ਜਿਨ੍ਹਾਂ ਬਾਰੇ ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਦੋ ਪਤਨੀਆਂ ਤੋਂ ਉਨ੍ਹਾਂ ਦੇ 15 ਬੱਚੇ ਸਨ। ਸਿਰਫ਼ ਤਜ਼ਰਬੇਕਾਰ ਬਾਈਕਰ ਅਤੇ ਸਥਾਨਕ ਲੋਕ ਹੀ 40 ਮਿੰਟ ਦੀ ਯਾਤਰਾ ਦਾ ਖ਼ਤਰਾ ਮੁੱਲ ਲੈ ਸਕਦੇ ਹਨ। ਉਹ ਕਹਿੰਦੇ ਹਨ ਕਿ ਇਹ ਯਾਤਰਾ ਕਮਜ਼ੋਰ ਦਿਲ ਵਾਲ਼ਿਆਂ ਲਈ ਨਹੀਂ ਹੈ ਅਤੇ ਇੱਥੋਂ ਤੱਕ ਕਿ ਜੰਗਲਾਤ ਵਿਭਾਗ ਦੇ ਗਾਰਡ ਵੀ ਰਸਤਾ ਭਟਕ ਚੁੱਕੇ ਹਨ।
ਬਧੀਬਾਈ ਦੇ ਪੋਤੇ-ਪੋਤੀਆਂ ਵਿੱਚੋਂ ਇੱਕ, ਬਰਕੀਆ ਗਰਮੀਆਂ ਦੀਆਂ ਛੁੱਟੀਆਂ ਲਈ ਗੁਆਂਢੀ ਚੋਪੜਾ ਤਹਿਸੀਲ ਦੇ ਧਨੋਰਾ ਦੇ ਆਸ਼ਰਮ ਸਕੂਲ (ਖਾਸ ਕਰਕੇ ਅਨੁਸੂਚਿਤ ਕਬੀਲਿਆਂ ਅਤੇ ਖਾਨਾਬਦੋਸ਼ ਕਬੀਲਿਆਂ ਦੇ ਬੱਚਿਆਂ ਲਈ ਰਾਜ ਸਰਕਾਰ ਦੁਆਰਾ ਚਲਾਏ ਜਾ ਰਹੇ ਰਿਹਾਇਸ਼ੀ ਸਕੂਲ) ਤੋਂ ਵਾਪਸ ਆਈ ਹੈ। ਇੱਕ ਹੋਰ ਪੋਤਾ ਕਿਸੇ ਹੋਰ ਆਸ਼ਰਮ ਸਕੂਲ ਵਿੱਚ ਜਾਂਦਾ ਹੈ।
ਅੰਬਾਪਾਣੀ ਵਿਖੇ, ਸਾਨੂੰ ਸਟੀਲ ਦੇ ਗਿਲਾਸ ਵਿੱਚ ਨਦੀ ਦਾ ਪਾਣੀ ਅਤੇ ਕਾਲ਼ੀ ਚਾਹ ਛੋਟੇ ਸਿਰਾਮਿਕ ਕੱਪ ਵਿੱਚ ਦਿੱਤੇ ਗਏ। ਸਾਨੂੰ ਇਹ ਦੇਣ ਵਾਲ਼ੀਆਂ ਚਾਰ ਜਵਾਨ ਔਰਤਾਂ ਨੇ ਕਿਹਾ ਕਿ ਉਹ ਕਦੇ ਸਕੂਲ ਦੀਆਂ ਪੌੜੀਆਂ ਵੀ ਨਹੀਂ ਚੜ੍ਹੀਆਂ।
ਬਧੀਬਾਈ ਦੀ ਧੀ ਰੇਹੇਂਡੀ ਦਾ ਸਹੁਰਾ ਘਰ ਲਗਭਗ ਇੱਕ ਜਾਂ ਦੋ ਕਿਲੋਮੀਟਰ ਹੈ। ਉੱਥੇ ਪਹੁੰਚਣ ਲਈ, ਜੇ ਪਾਵਰਾ ਆਦਮੀ ਆਪਣੀ ਬਣਾਈ ਵਲ਼ੇਵੇਂਦਾਰ ਪਗਡੰਡੀ ਫੜ੍ਹਨ ਤਾਂ ਉਨ੍ਹਾਂ ਨੂੰ ਪਹਾੜੀ ਮਾਰਗ ਦੀ ਢਲਾਨ ਪਾਰ ਕਰਨੀ ਪੈਂਦੀ ਹੈ ਅਤੇ ਦੁਬਾਰਾ ਉੱਪਰ ਜਾਣਾ ਪੈਂਦਾ ਹੈ।
ਰੇਹੇਂਡੀ ਦਾ ਕਹਿਣਾ ਹੈ ਕਿ ਕੁਝ ਵੋਟਰ ਚਾਹੁੰਦੇ ਹਨ ਕਿ ਜਾਤੀ ਸਰਟੀਫਿਕੇਟ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਸਰਕਾਰੀ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਜਾਵੇ। ਆਲ਼ੇ-ਦੁਆਲ਼ੇ ਇਕੱਠੇ ਹੋਏ ਹੋਰ ਆਦਮੀਆਂ ਨੇ ਕਿਹਾ ਕਿ ਪਿੰਡ ਦੇ ਲਗਭਗ 20 ਤੋਂ 25 ਪ੍ਰਤੀਸ਼ਤ ਲੋਕਾਂ ਕੋਲ਼ ਰਾਸ਼ਨ ਕਾਰਡ ਨਹੀਂ ਹਨ।
ਰਾਸ਼ਨ ਦੀ ਦੁਕਾਨ (ਜਨਤਕ ਵੰਡ ਪ੍ਰਣਾਲੀ) ਮੋਹਰਾਲੇ ਤੋਂ ਲਗਭਗ 15 ਕਿਲੋਮੀਟਰ ਦੱਖਣ ਵਿੱਚ ਕੋਰਪਾਵਾਲ਼ੀ ਪਿੰਡ ਵਿੱਚ ਸਥਿਤ ਹੈ। ਸੰਸਥਾਗਤ ਜਣੇਪੇ ਦੀ ਘਾਟ ਕਾਰਨ ਇੱਥੇ ਛੇ ਸਾਲ ਦੇ ਬੱਚਿਆਂ ਨੂੰ ਜਨਮ ਸਰਟੀਫਿਕੇਟ ਨਹੀਂ ਮਿਲ਼ਿਆ ਹੈ। ਅਤੇ ਨਤੀਜੇ ਵਜੋਂ, ਪਰਿਵਾਰਾਂ ਨੂੰ ਛੋਟੇ ਮੈਂਬਰਾਂ ਲਈ ਆਧਾਰ ਕਾਰਡ ਪ੍ਰਾਪਤ ਕਰਨ ਜਾਂ ਉਨ੍ਹਾਂ ਨੂੰ ਪਰਿਵਾਰ ਦੇ ਰਾਸ਼ਨ ਕਾਰਡ ਵਿੱਚ ਲਾਭਪਾਤਰੀਆਂ ਵਜੋਂ ਰਜਿਸਟਰ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ।
ਇੱਥੋਂ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਦੀ ਸਭ ਤੋਂ ਵੱਡੀ ਮੰਗ ਪਾਣੀ ਉਪਲਬਧ ਕਰਾਉਣਾ ਹੈ।
ਪਿੰਡ ਵਿੱਚ ਖੂਹ, ਬੋਰਵੈੱਲ, ਹੈਂਡ ਪੰਪ ਜਾਂ ਪਾਈਪਲਾਈਨਾਂ ਵਰਗੇ ਕੋਈ ਸਿਸਟਮ ਉਪਲਬਧ ਨਹੀਂ ਹਨ। ਪਿੰਡ ਵਾਸੀ ਪੀਣ ਵਾਲ਼ੇ ਪਾਣੀ ਅਤੇ ਸਿੰਚਾਈ ਲਈ ਤਾਪੀ ਦੇ ਪੱਛਮ ਵੱਲ ਵਗਣ ਵਾਲ਼ੀਆਂ ਮਾਨਸੂਨ ਨਦੀਆਂ ਅਤੇ ਸਹਾਇਕ ਨਦੀਆਂ 'ਤੇ ਨਿਰਭਰ ਕਰਦੇ ਹਨ। ਇੱਥੇ ਪਾਣੀ ਦੀ ਗੰਭੀਰ ਕਮੀ ਬਹੁਤ ਘੱਟ ਹੁੰਦੀ ਹੈ, ਪਰ ਗਰਮੀਆਂ ਲੰਘਦੇ ਹੀ ਪਾਣੀ ਦੀ ਗੁਣਵੱਤਾ ਵਿਗੜ ਜਾਂਦੀ ਹੈ। ਰੇਹੇਂਦੀ ਕਹਿੰਦੀ ਹਨ,"ਕਈ ਵਾਰ ਅਸੀਂ ਲੋਕਾਂ ਨੂੰ ਡੱਬੇ ਲੈ ਕੇ ਮੋਟਰਸਾਈਕਲਾਂ 'ਤੇ ਪਾਣੀ ਲਿਆਉਣ ਲਈ ਭੇਜਦੇ ਹਾਂ।" ਪਾਣੀ ਲਿਆਉਣ ਦੀ ਜ਼ਿਆਦਾਤਰ ਜਿੰਮੇਦਾਰੀ ਔਰਤਾਂ ਤੇ ਕੁੜੀਆਂ ਦੇ ਸਿਰ ਆਉਂਦੀ ਹੈ ਜੋ ਦਿਹਾੜੀ ਵਿੱਚ ਕਈ ਵਾਰ ਪਾਣੀ ਦੇ ਭਾਂਡੇ ਘਰ ਲਿਆਉਂਦੀਆਂ ਹਨ, ਉਹ ਨੰਗੇ ਪੈਰੀਂ ਊਬੜ-ਖਾਬੜ ਰਸਤਿਆਂ ਥਾਣੀ ਲੰਘਦੀਆਂ ਹਨ।
ਸਕੂਲ ਦੀ ਇਮਾਰਤ ਵੱਲ ਜਾਣ ਵਾਲ਼ੇ ਕੱਚੇ ਰਸਤੇ 'ਤੇ, ਕਮਲ ਰਾਹੰਗਿਆ ਪਾਵਰਾ ਇੱਕ ਸਾਲ ਦੇ ਰੁੱਖ ਦੀ ਛਾਲ ਨੂੰ ਦੇਖ ਰਹੇ ਹਨ, ਜਿਸ 'ਤੇ ਤਿੱਖੇ ਕਿਨਾਰਿਆਂ ਵਾਲ਼ਾ ਸ਼ੰਕੂਨੁਮਾ ਧਾਤੂ ਦਾ ਕੱਪ ਰਗੜ ਰਹੇ ਹਨ। ਉਨ੍ਹਾਂ ਦੇ ਮੋਢਿਆਂ 'ਤੇ ਘਸੀ ਜਿਹੀ ਰੈਕਸੀਨ ਦਾ ਝੋਲ਼ਾ ਲਮਕ ਰਿਹਾ ਹੈ, ਜਿਸ ਵਿੱਚ ਸਾਲ ਦੇ ਰੁੱਖ (ਸ਼ੋਰੀਆ ਰੋਬਸਟਾ) ਤੋਂ ਲਗਭਗ ਤਿੰਨ ਕਿਲੋਗ੍ਰਾਮ ਸੁਗੰਧਿਤ ਰਾਲ ਭਰੀ ਹੋਈ ਹੈ। ਅੱਧੀ ਸਵੇਰ ਬੀਤ ਚੁੱਕੀ ਹੈ ਤੇ ਇੰਝ ਜਾਪ ਰਿਹਾ ਹੈ ਜਿਵੇਂ ਅੱਜ ਪਿਛਲੀ ਦੁਪਹਿਰ ਦਾ 44 ਡਿਗਰੀ ਸੈਲਸੀਅਸ ਦਾ ਅੰਕੜਾ ਪਾਰ ਹੋ ਜਾਵੇਗਾ।
ਕਮਲ, ਜਿਨ੍ਹਾਂ ਦਾ ਟੀਚਾ ਉਹ ਸਾਰੇ ਰਾਲ ਇਕੱਠੇ ਕਰਨਾ ਹੈ, ਨੂੰ ਹਰੀਪੁਰ ਬਾਜ਼ਾਰ ਵਿੱਚ ਇੱਕ ਕਿਲੋ ਰਾਲ ਲਈ 300 ਰੁਪਏ ਮਿਲ਼ਣ ਦੀ ਉਮੀਦ ਹੈ। ਜੇ ਤੁਸੀਂ ਦਿਨ ਵਿੱਚ ਪੰਜ ਘੰਟੇ ਕੰਮ ਕਰਦੇ ਹੋ, ਤਾਂ ਚਾਰ ਦਿਨਾਂ ਵਿੱਚ ਰਾਲ ਦਾ ਬੈਗ ਭਰ ਜਾਂਦਾ ਹੈ। ਸਥਾਨਕ ਤੌਰ 'ਤੇ, ਇਸ ਚਿਪਚਿਪੇ ਰਾਲ ਨੂੰ 'ਡਿੰਕ' ਵਜੋਂ ਜਾਣਿਆ ਜਾਂਦਾ ਹੈ। ਹਾਲਾਂਕਿ ਇਹ ਡਿੰਕ, ਲੱਡੂ ਵਿੱਚ ਇਸਤੇਮਾਲ ਹੋਣ ਵਾਲ਼ੀ ਗੂੰਦ ਨਹੀਂ ਹੈ, ਜੋ ਮਹਾਰਾਸ਼ਟਰ ਵਿੱਚ ਸਰਦੀਆਂ ਮੌਕੇ ਪਸੰਦੀਦਾ ਪਕਵਾਨ ਹੈ। ਇਸ ਰੁੱਖ ਦੇ ਰਾਲ ਵਿੱਚ ਕੁਝ ਕਸਤੂਰੀ ਜਿਹੀ ਗੰਧ ਹੁੰਦੀ ਹੈ ਅਤੇ ਇਸਦੀ ਵਰਤੋਂ ਅਗਰਬੱਤੀ ਵਰਗੇ ਪਰਫਿਊਮ ਬਣਾਉਣ ਵਿੱਚ ਕੀਤੀ ਜਾਂਦੀ ਹੈ।
ਰਾਲ ਨੂੰ ਲਾਹੁਣ ਦੀ ਪ੍ਰਕਿਰਿਆ ਵਿੱਚ ਰੁੱਖ ਦੇ ਬਾਹਰੇ ਛਿਲ਼ਕੇ (ਛਾਲ) ਨੂੰ ਜ਼ਮੀਨ ਤੋਂ ਕਰੀਬ ਇੱਕ ਮੀਟਰ ਦੀ ਉੱਚਾਈ 'ਤੇ ਕੁਝ ਹਿੱਸਿਆਂ ਨੂੰ ਸਾਵਧਾਨੀ ਨਾਲ਼ ਅੱਡ ਕੀਤਾ ਜਾਂਦਾ ਹੈ। ਫਿਰ ਇਹਨੂੰ ਦੁਹਰਾਉਣ ਤੋਂ ਪਹਿਲਾਂ ਰਾਲ ਦੇ ਬਾਹਰ ਆਉਣ ਲਈ ਕੁਝ ਦਿਨਾਂ ਤੱਕ ਉਡੀਕ ਕਰਨੀ ਹੁੰਦੀ ਹੈ।
ਸਰਕਾਰੀ ਅਧਿਕਾਰੀਆਂ ਅਨੁਸਾਰ, ਰੁੱਖ ਦੇ ਅਧਾਰ ਨੂੰ ਸਾੜ ਕੇ ਰਾਲ ਇਕੱਠੀ ਕਰਨਾ-ਗੂੰਦ ਬਣਾਉਣ ਦਾ ਇੱਕ ਹੋਰ ਤਰੀਕਾ- ਜੰਗਲਾਂ ਨੂੰ ਨੁਕਸਾਨ ਪਹੁੰਚਾਉਣ ਵਾਲ਼ੇ ਪਾਸੇ ਇੱਕ ਉਭਰਦੀ ਸਮੱਸਿਆ ਹੈ। ਕਮਲ ਦਾ ਕਹਿਣਾ ਹੈ ਕਿ ਅੰਬਾਪਾਣੀ ਦੇ ਡਿੰਗ ਇਕੱਠਾ ਕਰਨਾ ਵਾਲ਼ੇ ਛਾਲ ਅੱਡ ਕਰਨ ਦਾ ਪਰੰਪਰਾਗਤ ਤਰੀਕਾ ਚੁਣਦੇ ਹਨ। ਉਹ ਕਾਰਨ ਦੱਸਦੇ ਹਨ,''ਸਾਡੇ ਘਰ ਇੱਕੋ ਹੀ ਇਲਾਕੇ ਵਿੱਚ ਹਨ। ਇਸਲਈ ਇੱਥੇ ਰੁੱਖ ਦੇ ਅਧਾਰ ਨੂੰ ਕੋਈ ਵੀ ਸਾੜਦਾ ਨਹੀਂ ਹੈ।''
ਰੁੱਖਾਂ ਦੀ ਰਾਲ, ਸਾਲ ਦੇ ਰੁੱਖਾਂ ਦੇ ਪੱਤੇ, ਜੰਗਲੀ ਫਲ, ਤੇਂਦੂ ਪੱਤੇ ਅਤੇ ਮਹੂਆ ਦੇ ਫੁੱਲਾਂ ਸਮੇਤ ਜੰਗਲ ਉਤਪਾਦਾਂ ਦਾ ਸੰਗ੍ਰਹਿ ਨਾ ਤਾਂ ਸਾਲ ਭਰ ਚੱਲਣ ਵਾਲ਼ਾ ਕੰਮ ਹੈ ਤੇ ਨਾ ਹੀ ਫਾਇਦੇਮੰਦ ਹੀ। ਕਮਲ ਵਰਗੇ ਆਦਮੀ ਰਾਲ ਤੋਂ ਪੂਰੇ ਸਾਲ ਵਿੱਚ ਲਗਭਗ 15,000-20,000 ਰੁਪਏ ਕਮਾ ਲੈਂਦੇ ਹਨ ਤੇ ਦੂਸਰੇ ਜੰਗਲੀ ਉਤਪਾਦਾਂ ਤੋਂ ਵੀ ਉਨ੍ਹਾਂ ਨੂੰ ਇੰਨੀ ਹੀ ਰਕਮ ਮਿਲ਼ ਜਾਂਦੀ ਹੈ।
ਅੰਬਾਪਾਣੀ ਦੇ 24 ਪਰਿਵਾਰਾਂ ਨੇ ਅਨੁਸੂਚਿਤ ਕਬੀਲੇ ਅਤੇ ਹੋਰ ਰਵਾਇਤੀ ਜੰਗਲਾਤ ਨਿਵਾਸੀ (ਅਧਿਕਾਰਾਂ ਦੀ ਮਾਨਤਾ) ਐਕਟ, 2006 ਦੇ ਤਹਿਤ ਜ਼ਮੀਨ ਦਾ ਮਾਲਿਕਾਨਾ ਹੱਕ ਪ੍ਰਾਪਤ ਮਿਲ਼ਿਆ ਹੈ। ਪਰ ਸਿੰਚਾਈ ਤੋਂ ਬਿਨਾਂ, ਇਹ ਜ਼ਮੀਨਾਂ ਸੁੱਕੇ ਮੌਸਮ ਵਿੱਚ ਬੰਜਰ ਹੀ ਬਣੀਆਂ ਰਹਿੰਦੀਆਂ ਹਨ।
ਲਗਭਗ ਇੱਕ ਦਹਾਕਾ ਪਹਿਲਾਂ, ਜਦੋਂ ਪਰਿਵਾਰ ਵੱਡੇ ਹੋਣੇ ਸ਼ੁਰੂ ਹੋਏ ਅਤੇ ਜ਼ਮੀਨ ਦੇ ਸਹਾਰੇ ਗੁਜਰ-ਬਸਰ ਟਿਕਾਊ ਨਾ ਰਿਹਾ, ਅੰਬਾਪਾਣੀ ਦੇ ਪਾਵਰਾ ਗੰਨਾ ਕੱਟਣ ਦੇ ਕੰਮ ਦੀ ਭਾਲ਼ ਵਿੱਚ ਪ੍ਰਵਾਸ ਕਰਨ ਲੱਗੇ। "ਹਰ ਸਾਲ, ਲਗਭਗ 15 ਤੋਂ 20 ਪਰਿਵਾਰ ਹੁਣ ਕਰਨਾਟਕ ਜਾਂਦੇ ਹਨ," ਕੇਲਾਰਸਿੰਘ ਜਾਮਸਿੰਘ ਪਾਵਰਾ ਕਹਿੰਦੇ ਹਨ, ਜੋ ਇੱਕ ਉਪ-ਠੇਕੇਦਾਰ ਹਨ, ਜਿਨ੍ਹਾਂ ਨੂੰ ਗੰਨੇ ਦੀ ਕਟਾਈ ਦਾ ਕੰਮ ਕਰਨ ਲਈ ਆਉਣ ਵਾਲ਼ੇ ਹਰੇਕ 'ਕੋਇਤਾ' ਲਈ 1,000 ਰੁਪਏ ਦਾ ਕਮਿਸ਼ਨ ਮਿਲ਼ਦਾ ਹੈ।
'ਕੋਇਤਾ' ਦਾ ਸ਼ਾਬਦਿਕ ਅਰਥ ਹੈ ਦਾਤੀ, ਜੋ ਮਹਾਰਾਸ਼ਟਰ ਦੇ ਗੰਨਾ ਖੇਤਾਂ ਵਿੱਚ ਕੰਮ ਕਰਨ ਵਾਲ਼ੇ ਪਤੀ-ਪਤਨੀ ਦੀ ਇਕਾਈ ਨੂੰ ਦਿੱਤਾ ਗਿਆ ਨਾਮ ਹੈ। ਅਨੁਭਵਹੀਣ ਗੰਨਾ ਮਜ਼ਦੂਰਾਂ ਦੇ ਰੂਪ ਵਿੱਚ ਪਾਵਰਾ ਪਰਿਵਾਰਾਂ ਨੂੰ ਗੰਨੇ ਦੇ ਖੇਤਾਂ ਵਿੱਚ ਹੋਰਨਾਂ ਮੁਕਾਬਲੇ ਪ੍ਰਤੀ ਕੋਇਤਾ 50,000 ਰੁਪਏ ਦਾ ਇੱਕਮੁਸ਼ਤ ਪੇਸ਼ਗੀ ਭੁਗਤਾਨ ਕੀਤਾ ਜਾਂਦਾ ਹੈ।
"ਕੋਈ ਹੋਰ ਕੰਮ ਉਪਲਬਧ ਨਹੀਂ ਹੈ," ਕੇਲਾਰਸਿੰਘ ਕਹਿੰਦੇ ਹਨ। ਜੇ ਦਿਹਾੜੀ ਦੇ 12-16 ਘੰਟੇ ਗੰਨਾ ਕੱਟਿਆ ਜਾਵੇ, ਬੰਡਲ ਕੀਤਾ ਜਾਵੇ ਅਤੇ ਫਿਰ ਗੰਨਾ ਫੈਕਟਰੀ ਜਾਣ ਵਾਲ਼ੇ ਟਰੈਕਟਰਾਂ 'ਤੇ ਭਾਰੀ ਬੰਡਲਾਂ ਨਾਲ਼ ਲੋਡ ਕੀਤਾ ਜਾਵੇ, ਤਾਂ ਕਿਤੇ ਜਾ ਕੇ ਇੱਕ ਜੋੜੇ ਹਰ ਮਹੀਨੇ ਲਗਭਗ 10,000 ਰੁਪਏ ਮਿਲ਼ਦਾ ਹੈ। ਕਈ ਵਾਰ ਉਹ ਤੜਕਸਾਰ ਤੱਕ ਕੰਮ ਕਰਦੇ ਰਹਿੰਦੇ ਹਨ।
ਰੂਪਸਿੰਘ ਦਾ ਕਹਿਣਾ ਹੈ ਕਿ ਅੰਬਾਪਾਣੀ ਨੇ ਗੰਨੇ ਦੀ ਵਾਢੀ ਕਰਨ ਗਏ ਦੋ ਮਜ਼ਦੂਰਾਂ ਦੀ ਮੌਤ ਦਰਜ ਕੀਤੀ ਹੈ। "ਪੇਸ਼ਗੀ ਭੁਗਤਾਨ ਦੇ ਪੈਸੇ ਕੁਝ ਦਿਨਾਂ ਦੇ ਅੰਦਰ ਖਰਚ ਹੋ ਜਾਂਦੇ ਹਨ। ਹਾਦਸਿਆਂ ਜਾਂ ਮੌਤਾਂ ਦੇ ਮਾਮਲੇ ਵਿੱਚ ਕੋਈ ਡਾਕਟਰੀ ਸਹਾਇਤਾ ਜਾਂ ਬੀਮਾ ਜਾਂ ਮੁਆਵਜ਼ਾ ਉਪਲਬਧ ਨਹੀਂ ਹੈ," ਉਹ ਕਹਿੰਦੇ ਹਨ।
ਰੇਹੇਂਡੀ ਦੇ ਘਰ ਇਕੱਠੇ ਹੋਏ ਆਦਮੀਆਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੂੰ ਘਰ ਦੇ ਨੇੜੇ ਨੌਕਰੀ ਮਿਲ਼ ਜਾਂਦੀ ਹੈ ਤਾਂ ਉਹ ਗੰਨੇ ਦੀ ਵਾਢੀ ਦਾ ਕੰਮ ਨਹੀਂ ਕਰਨਗੇ। ਉਹ ਉਪਰੋਕਤ ਸ਼ਬਦ ਭਾਸ਼ਾ ਦੇ ਮੁੱਦਿਆਂ, ਵਾਢੀ ਦੇ ਸਮੇਂ ਦੌਰਾਨ ਗੰਨੇ ਦੇ ਖੇਤਾਂ ਦੇ ਨੇੜੇ ਤੰਬੂਆਂ ਵਿੱਚ ਰਹਿਣ ਦੌਰਾਨ ਔਰਤਾਂ ਅਤੇ ਬੱਚਿਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਲਾਰੀਆਂ ਅਤੇ ਟਰੈਕਟਰਾਂ ਦੇ ਖਤਰਿਆਂ ਦਾ ਹਵਾਲ਼ਾ ਦਿੰਦੇ ਹੋਏ ਕਹਿੰਦੇ ਹਨ। "ਹਾਲਾਤ ਭਿਆਨਕ ਹਨ, ਪਰ ਹੋਰ ਕਿਹੜੇ ਕੰਮ ਵਿੱਚ ਇੰਨੀ ਵੱਡੀ ਰਕਮ ਐਡਵਾਂਸ ਦਿੱਤੀ ਜਾਂਦੀ ਹੈ?" ਕੇਲਾਰਸਿੰਘ ਪੁੱਛਦੇ ਹਨ।
ਉਹ ਦੱਸਦੇ ਹਨ ਕਿ ਅੰਬਾਪਾਣੀ ਦੇ ਲਗਭਗ 60 ਪ੍ਰਤੀਸ਼ਤ ਆਦਮੀ ਗੰਨੇ ਦੀ ਕਟਾਈ ਕਰਨ ਵਾਲ਼ੇ ਵਜੋਂ ਕੰਮ ਕਰਦੇ ਸਨ।
ਕਾਫ਼ੀ ਅਗਾਊਂ ਭੁਗਤਾਨ ਨਾ ਸਿਰਫ਼ ਛੋਟੇ ਘਰਾਂ ਦੀ ਮੁਰੰਮਤ ਜਾਂ ਬਾਈਕ ਖਰੀਦਣ ਲਈ ਲਾਭਦਾਇਕ ਹੈ, ਬਲਕਿ ਪਾਵਰਾ ਭਾਈਚਾਰੇ ਦੇ ਲਾੜੇ ਦੁਆਰਾ ਸੰਭਾਵਿਤ ਲਾੜੀ ਦੇ ਮਾਪਿਆਂ ਨੂੰ ਅਦਾ ਕੀਤੀ ਜਾਣ ਵਾਲ਼ੀ ਲਾੜੀ ਦੀ ਕੀਮਤ ਲਈ ਵੀ ਲਾਭਦਾਇਕ ਹੈ, ਜੋ ਕਿ ਪਾਵਰਾ ਪੰਚਾਇਤ ਦੁਆਰਾ ਗੱਲਬਾਤ ਕਰਕੇ ਨਿਰਧਾਰਤ ਕੀਤੀ ਗਈ ਰਕਮ ਹੁੰਦੀ ਹੈ।
ਪਾਵਰਾ ਕਬੀਲੇ ਵਿਚਕਾਰ ਸਮਾਜਿਕ ਅਤੇ ਵਿਆਹੁਤਾ ਸਬੰਧਾਂ ਨੂੰ ਨਿਯੰਤਰਿਤ ਕਰਨ ਵਾਲ਼ੇ ਨਿਯਮ ਵਿਲੱਖਣ ਹਨ। ਰੂਪ ਸਿੰਘ ਦੱਸਦਾ ਹੈ ਕਿ ਪੰਚਾਇਤ ਵਿਆਹ ਦੇ ਝਗੜਿਆਂ ਨੂੰ ਕਿਵੇਂ ਨਿਯੰਤਰਿਤ ਕਰਦੀ ਹੈ। ਗੱਲਬਾਤ ਦੌਰਾਨ ਦੋਵੇਂ ਧਿਰਾਂ ਇੱਕ-ਦੂਜੇ ਤੋਂ ਕੁਝ ਗਜ਼ ਦੀ ਦੂਰੀ 'ਤੇ ਬੈਠਦੀਆਂ ਹਨ, ਜਿਸ ਨੂੰ ਝਗੜਾ ਕਿਹਾ ਜਾਂਦਾ ਹੈ। ਕਈ ਵਾਰ ਲੜਕੀ ਨੂੰ ਵਿਆਹ ਤੋਂ ਕੁਝ ਦਿਨ ਬਾਅਦ ਇੱਜ਼ਤ ਨਾਮ ਦੇ ਭੁਗਤਾਨ ਦੇ ਨਾਲ਼ ਉਹਦੇ ਪੇਕੇ ਘਰ ਮੋੜ ਦਿੱਤਾ ਜਾਂਦਾ ਹੈ, ਪਰ ਜੇਕਰ ਉਹ ਕਿਸੇ ਹੋਰ ਆਦਮੀ ਨਾਲ਼ ਭੱਜ ਜਾਂਦੀ ਹੈ ਤਾਂ ਲਾੜੀ ਦੇ ਪਰਿਵਾਰ ਨੂੰ ਉਸ ਨੂੰ ਮਿਲੇ ਲਾੜੀ ਦੇ ਮੁਆਵਜ਼ੇ ਦਾ ਦੁੱਗਣਾ ਭੁਗਤਾਨ ਕਰਨਾ ਪੈਂਦਾ ਹੈ।
ਜਲਗਾਓਂ ਦੇ ਜ਼ਿਲ੍ਹਾ ਕੁਲੈਕਟਰ ਆਯੁਸ਼ ਪ੍ਰਸਾਦ ਕਹਿੰਦੇ ਹਨ, "ਅੰਬਾਪਾਣੀ ਸੱਚਮੁੱਚ ਇੱਕ ਵਿਲੱਖਣ ਪਿੰਡ ਹੈ।'' ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਦਸੰਬਰ 2023 ਵਿੱਚ ਪਿੰਡ ਦਾ ਦੌਰਾ ਕਰਨ ਲਈ 10 ਕਿਲੋਮੀਟਰ ਦੀ ਯਾਤਰਾ ਕਰਨ ਵਾਲ਼ਾ ਪਹਿਲਾ ਜ਼ਿਲ੍ਹਾ ਕੁਲੈਕਟਰ ਸੀ। "ਇਸ (ਪਿੰਡ) ਦੀ ਭੂਗੋਲਿਕ ਸਥਿਤੀ ਕਾਰਨ ਵਿਲੱਖਣ ਚੁਣੌਤੀਆਂ ਹਨ, ਪਰ ਅਸੀਂ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।'' ਇੱਕ ਕੇਂਦਰੀ ਕਨੂੰਨੀ ਚੁਣੌਤੀ ਇਹ ਹੈ ਕਿ ਪਿੰਡ ਨੂੰ ਮਾਲੀਆ ਵਿਭਾਗ ਤੋਂ ਮਾਨਤਾ ਨਹੀਂ ਮਿਲ਼ੀ ਹੈ, ਕਿਉਂਕਿ ਇਹ ਮੂਲ਼ ਰੂਪ ਨਾਲ਼ ਜੰਗਲਾਤ ਭੂਮੀ 'ਤੇ ਵੱਸਿਆ ਹੈ। ਪ੍ਰਸਾਦ ਕਹਿੰਦੇ ਹਨ,''ਅੰਬਾਪਾਣੀ ਨੂੰ ਪਿੰਡ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਇੰਝ ਕਈ ਸਰਕਾਰੀ ਯੋਜਨਾਵਾਂ ਵੀ ਇਸ ਪਾਸੇ ਆ ਸਕਦੀਆਂ ਹਨ।''
ਫਿਲਹਾਲ, ਸਕੂਲ ਦੇ ਕਮਰੇ ਤੇ ਇਹਦੇ ਬਾਹਰ ਟੁੱਟੀ-ਭੱਜੀ ਟਾਇਲਟ ਦੀ ਥਾਂਵੇਂ 300 ਤੋਂ ਵੱਧ ਰਜਿਸਟਰਡ ਵੋਟਰ 13 ਮਈ ਨੂੰ ਆਪਣੀ ਵੋਟ ਪਾਉਣਗੇ। ਅੰਬਾਪਾਣੀ, ਜਲਗਾਓਂ ਜ਼ਿਲ੍ਹੇ ਦੇ ਰਾਵੇਰ ਸੰਸਦੀ ਹਲਕੇ ਦੇ ਅਧੀਨ ਆਉਂਦਾ ਹੈ। ਈਵੀਐੱਮ ਅਤੇ ਹੋਰ ਸਾਰੀ ਵੋਟਿੰਗ ਸਮੱਗਰੀ ਨੂੰ ਪੈਦਲ ਅਤੇ ਮੋਟਰਸਾਈਕਲਾਂ 'ਤੇ ਉੱਪਰ ਲਿਜਾਇਆ ਜਾਵੇਗਾ।
ਅਧਿਕਾਰੀਆਂ ਨੇ ਦੱਸਿਆ ਕਿ ਆਮ ਚੋਣਾਂ ਵਿੱਚ ਇਸ ਬੂਥ 'ਤੇ ਔਸਤਨ 60 ਪ੍ਰਤੀਸ਼ਤ ਵੋਟਿੰਗ ਹੁੰਦੀ ਰਹੀ ਹੈ ਅਤੇ ਅੰਬਾਪਾਣੀ ਪਿੰਡ ਨੂੰ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਨ ਲਈ ਲੋੜੀਂਦੀ ਹਰ ਚੀਜ਼ ਤੱਕ ਪਹੁੰਚ ਬਣਾਉਣ ਵਿੱਚ ਮਦਦ ਮਿਲ਼ੇਗੀ। ਬੱਸ ਲੋਕਤੰਤਰ ਦਾ ਇਨਾਮ ਹੀ ਹੌਲ਼ੀ-ਹੌਲ਼ੀ ਮਿਲ਼ੇਗਾ।
ਪੰਜਾਬੀ ਤਰਜਮਾ: ਕਮਲਜੀਤ ਕੌਰ