ਲੱਕੜਹਾਰੇ ਨੇ ਕੁਹਾੜਾ ਚੁੱਕਿਆ ਤੇ ਸਿਰ ਦੇ ਉੱਤੋਂ ਦੀ ਲਿਆਉਂਦੇ ਹੋਏ ਠਾਹ ਕਰਕੇ ਮੋਛੇ 'ਤੇ ਦੇ ਮਾਰਿਆ। ਉਹਦੀ 10 ਫੁੱਟ ਦੂਰ ਗਈ ਉਸ ਧਮਕ ਨੇ ਮੈਨੂੰ ਹਿਲਾ ਛੱਡਿਆ। ਉਹਦੀ ਪਿੱਠ ਤੋਂ ਮੁੜ੍ਹਕਾ ਚੋਂਦਾ ਹੋਇਆ ਉਹਦੇ ਲੱਕ ਦੁਆਲ਼ੇ ਬੱਝੇ ਤੋਲ਼ੀਏ ਨੂੰ ਭਿਓਂ ਰਿਹਾ ਸੀ। ਠਾਹ! ਉਹਨੇ ਦੂਜਾ ਵਾਰ ਕੀਤਾ। ਹੁਣ ਲੱਕੜ ਟੁੱਟਦੀ ਹੈ... ਹਵਾ ਵਿੱਚ ਦੂਰ ਤੱਕ ਪਰਖੱਚੇ ਉੱਡ ਜਾਂਦੇ ਹਨ। ਇਹ ਲੱਕੜਹਾਰਾ ਐੱਮ. ਕਮਾਚੀ ਹਨ। ਕਾਫੀ ਸਮਾਂ ਪਹਿਲਾਂ, ਉਹ ਖੇਤ ਮਜ਼ਦੂਰੀ ਕਰਿਆ ਕਰਦੇ ਸਨ। ਉਹ ਬਗੈਰ ਸਿਰ ਉਤਾਂਹ ਕੀਤਿਆਂ ਮੇਰੇ ਨਾਲ਼ ਗੱਲ ਕਰਦੇ ਹਨ, ਪਰ ਉਨ੍ਹਾਂ ਦੀਆਂ ਅੱਖਾਂ ਕੁਹਾੜੀ ਦੀ ਧਾਰ 'ਤੇ ਹੀ ਟਿਕੀਆਂ ਹੋਈਆਂ ਹਨ।
ਕਾਮਾਚੀ ਪਿਛਲੇ 30 ਸਾਲਾਂ ਤੋਂ ਤੰਜਾਵੁਰ ਦੇ ਇੱਕ ਬਹੁਤ ਪੁਰਾਣੇ ਬਾਗ਼- ਸ਼ਿਵਗੰਗਈ ਪੂੰਗਾ- ਦੇ ਨੇੜੇ ਬਣੇ ਸ਼ੈੱਡ ਹੇਠਾਂ ਆਪਣਾ ਵਰਕਸ਼ਾਪ ਚਲਾਉਂਦੇ ਰਹੇ ਹਨ। ਉਹ ਫਿਲਹਾਲ 67 ਸਾਲ ਦੇ ਹਨ ਤੇ ਕਰੀਬ 150 ਸਾਲ ਪੁਰਾਣਾ ਇਹ ਬਾਗ਼ ਉਨ੍ਹਾਂ ਦੀ ਉਮਰ ਤੋਂ ਦੋਗੁਣੇ ਤੋਂ ਵੀ ਵੱਧ ਵੱਡਾ ਹੈ। ਨੇੜੇ ਬਣਿਆ ਵਿਸ਼ਾਲ ਮੰਦਰ- ਬ੍ਰਹਦੀਸ਼ਵਰ ਕੋਵਿਲ-1,100 ਸਾਲ ਪੁਰਾਣਾ ਹੈ। ਜਿਹੜੇ ਸਾਜ਼ ਨੂੰ ਉਹ ਅਕਾਰ ਦੇ ਰਹੇ ਹਨ, ਗ੍ਰੰਥਾਂ ਵਿੱਚ ਉਹਦੇ ਉਲੇਖ ਦਾ ਇਤਿਹਾਸ ਇਨ੍ਹਾਂ ਸਾਰਿਆਂ ਤੋਂ ਕਿਤੇ ਵੱਧ ਪੁਰਾਣਾ ਹੈ। ਕਾਮਾਚੀ ਕਟਹਲ ਦੀ ਲੱਕੜ ਦੇ ਚਾਰ ਫੁੱਟ ਦੇ ਮੋਛੇ ਤੋਂ ਵੀਣਈ ਬਣਾ ਰਹੇ ਹਨ, ਜਿਹਨੂੰ ਆਮ ਤੌਰ 'ਤੇ ਵੀਣਾ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ।
ਉਹ ਆਪਣੇ ਸੱਜੇ ਪੈਰ ਨਾਲ਼ ਲੱਕੜ ਦੇ ਟੁਕੜੇ ਨੂੰ ਦੱਬਦੇ ਹਨ ਤਾਂ ਜੋ ਇਹ ਹਿੱਲ ਨਾ ਜਾਵੇ। ਇੱਕ ਵਾਰ ਜਦੋਂ ਉਹ ਤਿਆਰ ਹੋ ਗਿਆ ਤਾਂ ਵੀਣਾ ਦਾ ਕੁੰਡਮ (ਗੂੰਜ) ਬਣੇਗਾ। ਹਾਲਾਂਕਿ ਉਨ੍ਹਾਂ ਦਾ ਵਰਕ ਸ਼ੈੱਡ ਛਾਂ ਹੇਠ ਸੀ, ਪਰ ਫਿਰ ਵੀ ਬਹੁਤ ਗਰਮੀ ਸੀ। ਕਾਮਾਚੀ ਦਾ ਕੰਮ ਬਹੁਤ ਔਖਾ ਹੈ। ਇੱਕ ਦਿਨ ਦੀ ਮਿਹਨਤ ਅਤੇ ਹੁਨਰ ਦੇ ਬਦਲੇ, ਉਨ੍ਹਾਂ ਨੂੰ 600 ਰੁਪਏ ਦਿਹਾੜੀ ਮਿਲ਼ਦੀ ਹੈ। ਜਿੰਨੀ ਵਾਰ ਵੀ ਉਹ ਕੁਹਾੜੀ ਨਾਲ਼ ਸੱਟ ਮਾਰਦੇ ਹਨ, ਹਰ ਵਾਰੀਂ ਤੌਲੀਏ ਨਾਲ਼ ਮੁੜ੍ਹਕਾ ਪੂੰਝਦੇ ਹਨ।
ਕੁਝ ਘੰਟਿਆਂ ਦੇ ਅੰਦਰ, ਉਹ 30 ਕਿਲੋਗ੍ਰਾਮ ਮੋਛੇ ਨੂੰ ਛਿਲ-ਛਿਲ ਕੇ 20 ਕਿਲੋਗ੍ਰਾਮ ਦਾ ਕਰ ਦਿੰਦੇ ਹਨ। ਫਿਰ ਇਹ (ਲੱਕੜ) ਅਗਲੇਰੀ ਪ੍ਰਕਿਰਿਆ ਲਈ ਪੱਤਰਾਈ (ਵਰਕਸ਼ਾਪ) ਵਿੱਚ ਜਾਂਦੀ ਹੈ, ਜਿੱਥੇ ਕਾਰੀਗਰ ਇਸ ਨੂੰ ਛੈਣੀ ਨਾਲ਼ ਹੋਰ ਛਿਲ਼ਦੇ ਅਤੇ ਪਾਲਿਸ਼ ਕਰਦੇ ਹਨ। ਇੱਕ ਮਹੀਨੇ ਦੀ ਲੰਬੀ ਪ੍ਰਕਿਰਿਆ ਤੋਂ ਬਾਅਦ ਤਿਆਰ ਹੋਇਆ ਇਹ ਸਾਜ਼ ਵੀਣਾ (ਵੀਣਈ) ਇਹ ਸੰਗੀਤਕਾਰਾਂ ਦੇ ਹੱਥਾਂ ਵਿੱਚ ਪਹੁੰਚਦਾ ਹੈ ਅਤੇ ਸੁਰੀਲਾ ਸੰਗੀਤ ਕੱਢਦਾ ਹੈ।
ਵੀਣਾ ਦਾ ਜੱਦੀ ਸ਼ਹਿਰ ਤੰਜਾਵੁਰ ਹੈ। ਸਰਸਵਤੀ ਵੀਣਾ, ਜੋ ਤੰਜਾਵੁਰ ਵੀਣਾ ਦਾ ਇੱਕ ਪੁਰਾਣਾ ਸੰਸਕਰਣ ਹੈ, ਭਾਰਤ ਦਾ ਰਾਸ਼ਟਰੀ ਸਾਜ਼ ਹੈ ਅਤੇ ਮ੍ਰਿਦੰਗਮ ਤੇ ਬੰਸਰੀ ਦੇ ਨਾਲ਼ 'ਵੈਦਿਕ ਕਾਲ' ਦੇ ਹਵਾਲ਼ੇ ਨਾਲ਼ ਤਿੰਨ ' ਅਲੌਕਿਕ ਸਾਜ਼ਾਂ ' ਵਿੱਚੋਂ ਵੀ ਇੱਕ ਹੈ।
ਕਈ ਹੋਰ ਥਪਕੀ ਵਾਲ਼ੇ ਸਾਜ਼ਾਂ - ਮ੍ਰਿਦੰਗਮ, ਕਾਂਜੀਰਾ, ਤਵਿਲ, ਉਡੁੱਕਾਈ - ਦੀ ਤਰ੍ਹਾਂ ਵੀਣਾ ਵੀ ਕੁਡਲੋਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਕਸਬੇ ਪਨਰੂਟੀ ਦੇ ਨੇੜੇ ਬਾਗਾਂ ਤੋਂ ਆਪਣੀ ਯਾਤਰਾ ਸ਼ੁਰੂ ਕਰਦੀ ਹੈ, ਜੋ ਆਪਣੇ ਮਿੱਠੇ ਅਤੇ ਗੁੱਦੇਦਾਰ ਕਟਹਲ ਲਈ ਜਾਣਿਆ ਜਾਂਦਾ ਹੈ। ਕਟਹਲ ਦੇ ਰੁੱਖ ਤੇ ਇਹਦੀ ਲੱਕੜ ਦਾ ਭਾਰਤ ਦੇ ਕੁਝ ਪ੍ਰਸਿੱਧ ਸੰਗੀਤ ਸਾਜ਼ਾਂ ਨਾਲ਼ ਸਬੰਧ ਨੂੰ ਬਹੁਤੀ ਚੰਗੀ ਤਰ੍ਹਾਂ ਜਾਣਿਆ ਤੇ ਸਮਝਿਆ ਨਹੀਂ ਜਾਂਦਾ।
*****
"
ਮੈਨੂੰ ਸੁਣਨ ਬਾਅਦ ਉਹ ਰੁਕਣ ਲਈ ਮੰਨ ਗਿਆ,
ਬਿਲਕੁਲ ਉਸੇ ਹੱਥ ਵਾਂਗਰ ਜਿਹਨੂੰ ਕਿਸੇ ਰੋਕ ਨਾਲ਼ ਨਹੀਂ,
ਪਰ ਯਾਲ ਦੀ ਧੁਨੀ ਨਾਲ਼ ਕਾਬੂ ਕੀਤਾ ਜਾ ਸਕਦਾ ਹੈ।
''
ਤੰਜਾਵੁਰ ਵੀਣਾ ਨੂੰ 2013 ਵਿੱਚ ਭੂਗੋਲਿਕ ਸੰਕੇਤ (ਜੀਆਈ ਟੈਗ) ਮਿਲ਼ਿਆ ਸੀ। ਇਸ ਪਛਾਣ ਲਈ ਦਾਇਰ ਅਰਜ਼ੀ ( ਸਟੇਟਮੈਂਟ ਆਫ਼ ਕੇਸ ) ਵਿੱਚ ਵੀਣਾ ਦੇ ਇਤਿਹਾਸ ਦੇ ਹਿੱਸੇ ਵਜੋਂ ਕਈ ਹਵਾਲ਼ੇ ਭੇਜੇ ਗਏ ਸਨ। ਉਨ੍ਹਾਂ ਵਿੱਚੋਂ ਕੁਝ ਸੰਗਮ ਕਾਲ (ਲਗਭਗ 2,000 ਸਾਲ ਪਹਿਲਾਂ) ਨਾਲ਼ ਸਬੰਧਤ ਹਨ। ਉਸ ਸਮੇਂ ਵਰਤੀ ਜਾਣ ਵਾਲ਼ੀ ਵੀਣਾ ਨੂੰ ' ਯਾਲ ' ਕਿਹਾ ਜਾਂਦਾ ਸੀ।
"
ਜਿਸ ਵੇਲੇ ਮੈਨੂੰ ਕਿਹਾ ਸੀ
ਕਿ ਤੇ ਤੂੰ ਦੂਜੀਆਂ ਔਰਤਾਂ ਕੋਲ਼ ਗਿਆ ਤਾਂ ਉਹ ਮੇਰੇ
ਤੋਂ ਕੁਝ ਵੀ ਨਹੀਂ ਲੁਕਾਏਗਾ
ਤੇ ਉਹਨੇ ਕਈ ਵਾਰੀਂ ਆਪਣੀ ਯਾਲ ਦੀਆਂ ਸਹੁੰਆਂ
ਖਾਧੀਆਂ ਸੀ,
ਕੀ ਉਹ ਆਵੇਗਾ ਤੇ ਤੇਰੀ ਧੌਣ ਤੇ ਉਨ੍ਹਾਂ ਔਰਤਾਂ
ਦੀਆਂ ਚੂੜੀਆਂ ਨਾਲ਼ ਪਈਆਂ
ਖਰੋਚਾਂ ਨੂੰ ਦੇਖੇਗਾ, ਜੋ ਤੇਰੀਆਂ ਝੂਠੀਆਂ ਗੱਲਾਂ
ਦਾ ਭਰੋਸਾ ਕਰਦਿਆਂ
ਤੇਰੇ ਨਾਲ਼ ਹੋਣ ਨੂੰ ਰਾਜ਼ੀ ਹੋਈ
?"
ਕਾਲੀਥੋਕਾਈ 71, ਸੰਗਮ ਕਵਿਤਾ , ਨਾਇੱਕ ਮਾਂ ਨੂੰ ਦੱਸਣ ਵਾਲ਼ੀ ਉਪ-ਪਤਨੀ
ਭੂਗੋਲਿਕ ਸੰਕੇਤ ਰਿਕਾਰਡ ਵਿੱਚ ਕਟਹਲ ਦੀ ਲੱਕੜ ਨੂੰ ਵੀਣਾ ਦੇ ਕੱਚੇ ਮਾਲ਼ ਵਜੋਂ ਦਰਸਾਇਆ ਗਿਆ ਹੈ ਅਤੇ ਇਸ ਦੀ ਉਸਾਰੀ ਦਾ ਵਿਸਥਾਰ ਪੂਰਵਕ ਵੇਰਵਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ''ਚਾਰ ਫੁੱਟ ਲੰਬੀ ਵੀਣਾ ਦਾ ਗੋਲ਼ ਸਰੀਰ, ਮੋਟੀ ਤੇ ਚੌੜੀ ਗਰਦਨ ਜਿਸ ਦਾ ਸਿਰਾ ਅਜਗਰ ਦੇ ਆਕਾਰ ਵਿੱਚ ਤਿਆਰ ਕੀਤੀ ਜਾਂਦਾ ਹੈ।''
ਵੀਣਾ ਇਸ ਵਰਣਨ ਨਾਲ਼ੋਂ ਕਿਤੇ ਵਧੇਰੇ ਸ਼ਾਨਦਾਰ ਹੁੰਦੀ ਹੈ। ਕਈ ਥਾਵਾਂ 'ਤੇ ਆਕਰਸ਼ਕ ਮੋੜ ਵੀ ਹਨ ਅਤੇ ਕਈ ਥਾਵੀਂ ਦਿਲ ਖਿੱਚ ਲੈਣ ਵਾਲ਼ੀ ਨੱਕਾਸ਼ੀ ਵੀ। ਇਸ ਦੀ ਸਿਰੀ, ਜਿਸ ਨੂੰ ਯਾਲੀ ਕਿਹਾ ਜਾਂਦਾ ਹੈ, ਆਕਰਸ਼ਕ ਅਤੇ ਰੰਗੀਨ ਹੁੰਦੀ ਹੈ। ਇਸ ਦੇ ਸਿਰ ਵਿੱਚ 24 ਨਿਸ਼ਚਿਤ ਫ੍ਰੇਟ (ਧਾਤੂ ਲਾਈਨਾਂ) ਅਤੇ ਵਜਾਉਣ ਵਾਲ਼ੀਆਂ ਚਾਰ ਤਾਰਾਂ ਹੁੰਦੀਆਂ ਹਨ ਜੋ ਹਰ ਕਿਸਮ ਦੀਆਂ ਧੁਨਾਂ ਪੈਦਾ ਕਰ ਸਕਦੀਆਂ ਹਨ। 'ਵਿਸ਼ੇਸ਼' ਵੀਣਾ ਵਿੱਚ ਕੁਡਮ (ਰੇਜੋਨੈਂਸ) ਦੇ ਗੁੰਝਲਦਾਰ ਡਿਜ਼ਾਈਨ ਹੁੰਦੇ ਹਨ ਜੋ ਨਿਯਮਤ ਵੀਣਾ ਨਾਲ਼ੋਂ ਘੱਟੋ ਘੱਟ ਦੁੱਗਣੇ ਮਹਿੰਗੇ ਹੁੰਦੇ ਹਨ।
ਕਰੀਬ 30 ਤੋਂ 50 ਸਾਲ ਪਹਿਲਾਂ ਤੀਕਰ ਜਦੋਂ ਤੱਕ ਮਨੁੱਖੀ ਹੱਥ ਨੇ ਇਸ ਲੱਕੜ ਤੋਂ ਸਾਜ਼ ਨਹੀਂ ਘੜ੍ਹ ਲਿਆ, ਪਲਾਮਾਰਾਮ (ਕਟਹਲ ਦਾ ਰੁੱਖ) ਤਾਮਿਲਨਾਡੂ ਦੇ ਕੁਡਲੋਰ ਜ਼ਿਲ੍ਹੇ ਦੇ ਪਨਰੂਤੀ ਦੇ ਆਲ਼ੇ-ਦੁਆਲ਼ੇ ਦੇ ਪਿੰਡਾਂ ਦੇ ਬਾਗਾਂ ਵਿੱਚ ਉੱਗਦੇ ਰਹੇ। ਪਸ਼ੂਆਂ ਵਾਂਗ, ਇਹ ਰੁੱਖ ਵੀ ਨਿਵੇਸ਼ ਦਾ ਸਾਧਨ ਹਨ। ਇਨ੍ਹਾਂ ਦਾ ਮੁੱਲ ਦਿਨੋ-ਦਿਨ ਵਧਦਾ ਜਾਂਦਾ ਹੈ ਅਤੇ ਚੰਗੇ ਮੁਨਾਫੇ ਲਈ ਉਨ੍ਹਾਂ ਨੂੰ ਵੇਚਿਆ ਜਾ ਸਕਦਾ ਹੈ। 40 ਸਾਲਾ ਆਰ. ਵਿਜੈਕੁਮਾਰ, ਪਨਰੂਤੀ ਕਸਬੇ ਦੇ ਇੱਕ ਕਟਹਲ ਵਪਾਰੀ ਹਨ, ਉਹ ਦੱਸਦੇ ਹਨ ਕਿ ਜੇ ਰੁੱਖ ਦਾ ਤਣਾ ਅੱਠ ਹੱਥ ਚੌੜਾ ਹੋਵੇ ਅਤੇ 7 ਜਾਂ 9 ਫੁੱਟ ਉੱਚਾ ਹੈ, ਤਾਂ " ਇਕੱਲੇ ਰੁੱਖ ਤੋਂ 50,000 ਰੁਪਏ ਮਿਲ਼ਦੇ ਹਨ।''
ਕਿਸਾਨ ਰੁੱਖਾਂ ਨੂੰ ਉਦੋਂ ਤੱਕ ਨਹੀਂ ਕੱਟਦੇ ਜਦੋਂ ਤੱਕ ਬਹੁਤ ਐਮਰਜੈਂਸੀ ਦੀ ਸਥਿਤੀ ਨਾ ਹੋਵੇ। "ਪਰ ਜਦੋਂ ਸਾਨੂੰ ਬਿਮਾਰੀ ਨਾਲ਼ ਸਬੰਧਿਤ ਸੰਕਟ ਹੋਵੇ ਜਾਂ ਘਰ ਵਿੱਚ ਵਿਆਹ ਲਈ ਵੱਡੀ ਰਕਮ ਦੀ ਲੋੜ ਹੋਵੇ ਤਾਂ ਅਸੀਂ ਵੱਡੇ ਰੁੱਖਾਂ ਦੀ ਚੋਣ ਕਰਦੇ ਹਾਂ ਉਨ੍ਹਾਂ ਨੂੰ ਕੱਟਦੇ ਅਤੇ ਵੇਚਦੇ ਹਾਂ," 47 ਸਾਲਾ ਕਟਹਲ ਕਿਸਾਨ, ਕੇ. ਪੱਟੂਸਾਮੀ ਦੱਸਦੇ ਹਨ। "ਇੱਕ ਰੁੱਖ ਤੋਂ ਕੁਝ ਕੁ ਲੱਖ ਰੁਪਏ ਮਿਲ਼ ਜਾਂਦੇ ਹਨ। ਇਹ ਕਿਸੇ ਡਾਕਟਰੀ ਸੰਕਟ ਜਾਂ ਕਾਲਯਾਨਮ (ਵਿਆਹ) ਦੇ ਖਰਚਿਆਂ ਨੂੰ ਪੂਰਾ ਕਰਨ ਲਈ ਕਾਫ਼ੀ ਹੈ..."
ਲੱਕੜਾਂ ਨੂੰ ਤੰਜਾਵੁਰ ਭੇਜਣ ਤੋਂ ਪਹਿਲਾਂ ਲੱਕੜ ਦੇ ਸਭ ਤੋਂ ਵਧੀਆ ਹਿੱਸਿਆਂ ਨੂੰ ਮ੍ਰਿਦੰਗਮ ਬਣਾਉਣ ਲਈ ਚੁਣਿਆ ਜਾਂਦਾ ਹੈ। ਕ੍ਰਿਸ਼ਨਾ (ਸੰਗੀਤਕਾਰ, ਲੇਖਕ, ਬੁਲਾਰੇ ਅਤੇ ਮੈਗਸੇਸੇ ਪੁਰਸਕਾਰ ਜੇਤੂ) ਨੇ ਆਪਣੀ ਕਿਤਾਬ ਸੇਬਾਸਟੀਅਨ ਐਂਡ ਸੰਨਜ਼: ਏ ਬ੍ਰੀਫ ਹਿਸਟਰੀ ਆਫ ਮ੍ਰਿਦੰਗਮ * ਵਿੱਚ ਇਸ ਸਾਜ਼ ਨੂੰ ਬਣਾਉਣ ਵਾਲ਼ੇ ਮੰਚ ਦੇ ਮਗਰਲੇ ਨਾਇਕਾਂ ਬਾਰੇ ਲਿਖਿਆ ਹੈ।
ਇਸ ਪੁਸਤਕ ਵਿੱਚ ਕ੍ਰਿਸ਼ਨ ਨੇ ਇਸ ਸਾਜ਼ ਨੂੰ "ਮ੍ਰਿਦੰਗਮ 101" ਕਿਹਾ ਹੈ। ਮ੍ਰਿਦੰਗਮ ਇੱਕ "ਸਿਲੰਡਰਨੁਮਾ ਦੋ-ਮੂੰਹਾ ਸਾਜ਼" ਹੈ। ਇਹ ਕਰਨਾਟਿਕ* ਸੰਗੀਤ ਪ੍ਰਦਰਸ਼ਨਾਂ ਅਤੇ ਭਰਤਨਾਟਿਅਮ ਵੋਕਲ ਵਿੱਚ ਵਰਤਿਆ ਜਾਣ ਵਾਲ਼ਾ ਪ੍ਰਾਇਮਰੀ ਪਰਕਸ਼ਨ ਸਾਜ਼ ਹੈ। ਕਟਹਲ ਦੀ ਲੱਕੜ ਤੋਂ ਬਣਿਆ ਇੱਕ ਖੋਖਲਾ ਸਰੀਰ, ਇਸਦਾ ਸਰੀਰ ਇੱਕ ਗੂੰਜ ਚੈਂਬਰ ਵਜੋਂ ਕੰਮ ਕਰਦੇ ਹਨ। ਮ੍ਰਿਦੰਗਮ ਦੇ ਦੋਵੇਂ ਸਿਰਿਆਂ 'ਤੇ ਚਮੜੇ ਦੀਆਂ ਤਿੰਨ-ਤਿੰਨ ਪਰਤਾਂ ਚੜ੍ਹੀਆਂ ਹੁੰਦੀਆਂ ਹਨ।
ਕ੍ਰਿਸ਼ਨ ਲਿਖਦੇ ਹਨ ਕਿ ਕਟਹਲ ਦਾ ਰੁੱਖ ਮ੍ਰਿਦੰਗਮ ਬਣਾਉਣ ਵਿੱਚ "ਪਵਿੱਤਰ ਪਿਆਲੇ" ਦਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਤੇ ਕਟਹਲ ਦਾ ਰੁੱਖ ਮੰਦਰ ਦੇ ਨੇੜੇ ਉੱਗਿਆ ਹੋਵੇ ਤਾਂ ਉਸ ਦੀ ਪਵਿੱਤਰਤਾ ਹੋਰ ਵੱਧ ਜਾਂਦੀ ਹੈ। ਉਹ ਕਹਿੰਦੇ ਹਨ ਕਿ ਅਜਿਹੀ ਲੱਕੜ ਤੋਂ ਬਣੇ ਸਾਜ਼ ਦੀ ਗੂੰਜ ਬੇਮਿਸਾਲ ਹੁੰਦੀ ਹੈ ਕਿਉਂਕਿ ਰੁੱਖ ਮੰਦਰ ਦੀਆਂ ਘੰਟੀਆਂ ਅਤੇ ਵੈਦਿਕ ਮੰਤਰਾਂ ਦੀਆਂ ਆਵਾਜ਼ਾਂ ਦੇ ਸੰਪਰਕ ਵਿੱਚ ਆਏ ਹੁੰਦੇ ਹਨ। ਮਨੀ ਅਈਅਰ ਵਰਗੇ ਕਲਾਕਾਰ ਇਸ ਕਿਸਮ ਦੇ ਸ਼ੁੱਭ ਰੁੱਖ ਤੋਂ ਮ੍ਰਿਦੰਗਮ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।
ਆਪਣੇ ਪਰਿਵਾਰ ਵਿੱਚ ਤੀਜੀ ਪੀੜ੍ਹੀ ਦੇ ਸਾਜ਼ ਨਿਰਮਾਤਾ ਕੁਪੂਸਾਮੀ ਅਸਾਰੀ ਨੇ ਕ੍ਰਿਸ਼ਨਾ ਨੂੰ ਦੱਸਿਆ ਕਿ "ਇਹ ਪੁਰਾਣੇ ਸਮੇਂ ਤੋਂ ਮੰਨਿਆ ਜਾਂਦਾ ਰਿਹਾ ਹੈ ਕਿ ਕਿਸੇ ਚਰਚ ਜਾਂ ਮੰਦਰ ਨੇੜਲੇ ਰੁੱਖ ਜਾਂ ਕਿਸੇ ਸੜਕ ਨੇੜਲੇ ਰੁੱਖ ਜਿੱਥੇ ਲੋਕ ਤੁਰਦੇ ਅਤੇ ਗੱਲਾਂ ਕਰਦੇ ਹਨ ਜਾਂ ਜਿੱਥੇ ਘੰਟੀਆਂ ਵੱਜਦੀਆਂ ਰਹਿੰਦੀਆਂ ਹੋਣ, ਚੰਗੀ ਆਵਾਜ਼ ਕੱਢਦੇ ਹਨ ਕਿਉਂਕਿ ਉਹ ਕੰਪਨ ਨੂੰ ਜਜ਼ਬ ਕਰਦੇ ਹਨ।
ਕ੍ਰਿਸ਼ਨਾ ਕਹਿੰਦੇ ਹਨ, "ਮ੍ਰਿਦੰਗਮ ਕਲਾਕਾਰਾਂ ਦਾ ਮੰਨਣਾ ਹੈ ਕਿ ਹਿੰਦੂ ਮੰਦਰ ਦੀਆਂ ਘੰਟੀਆਂ ਅਤੇ ਮੰਤਰ ਲੱਕੜ ਦੇ ਜਾਦੂਈ ਬਦਲਾਅ ਮਗਰਲੇ ਕਾਰਕ ਬਣਦੇ ਹਨ ਪਰ ਇਹ ਕਾਰੀਗਰ ਸਕਾਰਾਤਮਕ ਮਾਹੌਲ ਦੇ ਮਾਮਲੇ ਵਿੱਚ ਵਧੇਰੇ ਕੈਥੋਲਿਕ ਦਿਖਾਈ ਦਿੰਦੇ ਹਨ।''
ਅਪ੍ਰੈਲ 2022 ਵਿੱਚ, ਮੈਂ ਕਟਹਲ ਉਤਪਾਦਕਾਂ ਅਤੇ ਵਪਾਰੀਆਂ ਨੂੰ ਮਿਲ਼ਣ ਲਈ ਪਨਰੂਤੀ ਕਸਬੇ ਦਾ ਦੌਰਾ ਕੀਤਾ। ਦੁਪਹਿਰ ਦਾ ਸਮਾਂ ਸੀ ਜਦੋਂ ਮੈਂ ਕੁਪੂਸਾਮੀ ਅਸਾਰੀ ਦੀ ਵਿਅਸਤ ਵਰਕਸ਼ਾਪ ਦਾ ਦੌਰਾ ਕੀਤਾ। ਕੁਪੂਸਾਮੀ ਦੀ ਵਰਕਸ਼ਾਪ ਮ੍ਰਿਦੰਗਮ ਬਣਾਉਣ ਬਾਰੇ ਉਨ੍ਹਾਂ (ਕੁਪੂਸਾਮੀ) ਦੀ ਸੋਚ ਮਗਰਲੇ ਕਾਰਨਾਂ ਨਾਲ਼ ਮਿਲ਼ਦੀ-ਜੁਲਦੀ ਲੱਗੀ। ਇੱਥੇ ਆਧੁਨਿਕ ਲਾਥੇਆਂ ਅਤੇ ਮਸ਼ੀਨਾਂ ਦੇ ਨਾਲ਼-ਨਾਲ਼ ਪੁਰਾਣੇ ਦੇਵਤਿਆਂ ਦੀ ਰਵਾਇਤੀ ਸ਼ੈਲੀ ਵੀ ਸੀ।
"ਤੁਸੀਂ ਸਵਾਲ ਪੁੱਛਦੇ ਰਹੋ," ਕੁਪੂਸਾਮੀ ਨੇ ਜਲਦੀ ਵਿੱਚ ਕਿਹਾ; ਉਨ੍ਹਾਂ ਨੇ ਬਹੁਤ ਸਾਰਾ ਕੰਮ ਕਰਨਾ ਸੀ। "ਤੁਸੀਂ ਕੀ ਜਾਣਨਾ ਚਾਹੁੰਦੇ ਹੋ?" ਕਟਹਲ ਦੀ ਲੱਕੜ ਹੀ ਕਿਉਂ, ਮੈਂ ਪੁੱਛਿਆ। "ਕਿਉਂਕਿ ਪਲਾਮਾਰਾਮ ਸੰਪੂਰਨ ਹੈ," ਉਨ੍ਹਾਂ ਨੇ ਕਿਹਾ। "ਇੱਕ ਤਾਂ ਇਸ ਦਾ ਭਾਰ ਬਹੁਤ ਘੱਟ ਹੁੰਦਾ ਹੈ ਤੇ ਨਦਾਮ (ਧੁਨ) ਬੇਹੱਦ ਸ਼ਾਨਦਾਰ। ਅਸੀਂ ਇੱਥੇ ਵੀਣਾ ਨੂੰ ਛੱਡ ਕੇ ਪਰਕਸ਼ਨ ਸਾਜ਼ ਬਣਾਉਂਦੇ ਹਾਂ।'' ਕੁਪੂਸਾਮੀ ਇੱਕ ਬਹੁਤ ਹੀ ਸਤਿਕਾਰਯੋਗ ਸੰਗੀਤਕਾਰ ਹਨ। "ਤੁਸੀਂ ਟੀ.ਐੱਮ. ਕ੍ਰਿਸ਼ਨਾ ਦੀ ਕਿਤਾਬ ਵਿੱਚ ਸਾਡੇ ਬਾਰੇ ਪੜ੍ਹ ਸਕਦੇ ਹੋ," ਉਹ ਮਾਣ ਨਾਲ਼ ਕਹਿੰਦੇ ਹਨ। "ਇਸ ਵਿੱਚ ਲੱਠੇ ਦੇ ਨਾਲ਼ ਮੇਰੀ ਇੱਕ ਫੋਟੋ ਵੀ ਹੈ।''
ਕੁਪੂਸਾਮੀ ਨੇ ਚੇਨਈ ਦੇ ਉਪਨਗਰ ਮਾਧਵਰਮ ਵਿੱਚ ਕਿੱਤਾਮੁਖੀ ਸਿਖਲਾਈ ਪ੍ਰਾਪਤ ਕੀਤੀ ਅਤੇ ਇਸ ਸਮੇਂ ਉਨ੍ਹਾਂ ਕੋਲ਼ "ਲਗਭਗ 50 ਸਾਲਾਂ ਦਾ ਤਜ਼ਰਬਾ" ਹੈ। ਉਨ੍ਹਾਂ ਨੇ 10 ਸਾਲ ਦੀ ਉਮਰ ਵਿੱਚ ਕੰਮ ਕਰਨਾ ਸਿੱਖਣਾ ਸ਼ੁਰੂ ਕਰ ਦਿੱਤਾ, ਉਹ ਵੀ ਮਾਮੂਲੀ ਜਾਣਕਾਰੀ ਦੇ ਨਾਲ਼, ਹਾਂ ਪਰ ਲੱਕੜ ਦੇ ਕੰਮ ਵਿੱਚ ਉਨ੍ਹਾਂ ਦੀ ਦਿਲਚਸਪੀ ਬਹੁਤ ਸੀ। "ਉਸ ਸਮੇਂ, ਸਾਰਾ ਕੰਮ ਹੱਥ ਨਾਲ਼ ਕੀਤਾ ਜਾਂਦਾ ਸੀ। ਮੇਰੇ ਪਿਤਾ ਜੀ ਪਲਾਮਾਰਾ ਨੂੰ ਅੰਦਰੋਂ ਖਾਲੀ (ਖੋਖਲਾ) ਕਰਨ ਦਾ ਕੰਮ ਕਰਦੇ ਜੋ ਵੰਦੀ ਸਕਰਮ (ਗੱਡੀ ਦੇ ਪਹੀਏ) ਨਾਲ਼ ਜੋੜ ਕੇ ਕੀਤਾ ਜਾਂਦਾ। ਦੋ ਆਦਮੀ ਪਹੀਏ ਨੂੰ ਘੁਮਾਉਂਦੇ ਤੇ ਪਿਤਾ ਜੀ ਅੰਦਰੋਂ ਖੋਖਲਾ ਕਰਨ ਦਾ ਕੰਮ ਕਰਦੇ।" ਪਰ ਸਮਾਂ ਬੀਤਣ ਦੇ ਨਾਲ਼, ਪਰਿਵਾਰ ਨੇ ਤਕਨਾਲੋਜੀ ਨੂੰ ਅਪਣਾਇਆ। "ਸਮੇਂ ਦੇ ਨਾਲ਼ ਅਸੀਂ ਵੀ ਬਦਲ ਗਏ ਹਾਂ।''
ਹੋਰ ਕਾਰੀਗਰਾਂ ਦੇ ਉਲਟ, ਉਨ੍ਹਾਂ ਨੂੰ ਨਵੀਆਂ ਕਿਸਮਾਂ ਦੀਆਂ ਮਸ਼ੀਨਾਂ ਵਿੱਚ ਡੂੰਘੀ ਦਿਲਚਸਪੀ ਹੈ। "ਪਹਿਲਾਂ, ਮ੍ਰਿਦੰਗਮ ਨੂੰ ਅੰਦਰੋਂ ਖਾਲੀ ਕਰਨ ਵਿੱਚ ਪੂਰਾ ਦਿਨ ਲੱਗ ਜਾਂਦਾ ਸੀ। ਹੁਣ ਲਾਥੇ ਦੀ ਵਰਤੋਂ ਕਰਕੇ ਬਹੁਤ ਜਲਦੀ, ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ਼ ਡਰਿੱਲ ਕੀਤੀ ਜਾ ਸਕਦੀ ਹੈ।'' ਉਹ ਪਨਰੂਤੀ ਵਿੱਚ ਲਾਥੇ ਦੀ ਵਰਤੋਂ ਕਰਨ ਵਾਲ਼ੇ ਪਹਿਲੇ ਵਿਅਕਤੀ ਸਨ। ਕੁਪੂਸਾਮੀ ਨੇ 25 ਸਾਲ ਪਹਿਲਾਂ ਮਸ਼ੀਨ ਲਗਾਈ ਸੀ। ਇਸ ਵਿਚਾਰ ਨੂੰ ਬਾਅਦ ਵਿੱਚ ਕਈ ਕਸਬਿਆਂ ਦੇ ਕਾਰੋਬਾਰੀਆਂ ਦੁਆਰਾ ਵਰਤਿਆ ਗਿਆ।
"ਇਸ ਤੋਂ ਇਲਾਵਾ" ਮੈਂ ਚਾਰ ਜਾਂ ਪੰਜ ਲੋਕਾਂ ਨੂੰ ਪਰਕਸ਼ਨ ਸਾਜ਼ ਬਣਾਉਣਾ ਸਿਖਾਇਆ ਹੈ। ਕੰਮ ਕਰਨਾ ਸਿੱਖਣ ਤੋਂ ਬਾਅਦ, ਉਨ੍ਹਾਂ ਨੇ ਆਪਣੀ ਦੁਕਾਨ ਸਥਾਪਤ ਕੀਤੀ ਅਤੇ ਚੇਨਈ ਦੇ ਮਯਲਾਪੁਰ ਵਿੱਚ ਉਸੇ ਪ੍ਰਚੂਨ ਵਿਕਰੇਤਾ ਨੂੰ ਆਪਣਾ ਬਣਾਇਆ ਸਾਮਾਨ ਵੇਚ ਦਿੱਤਾ, ਜਿੱਥੇ ਮੈਂ ਸਾਜ਼ੋ-ਸਾਮਾਨ ਵੇਚਦਾ ਸੀ। ਉਨ੍ਹਾਂ ਨੇ ਆਪਣੇ ਆਪ ਨੂੰ ਮੇਰੇ ਅਧੀਨ ਕੰਮ ਕੀਤੇ ਹੋਣ ਵਜੋਂ ਪੇਸ਼ ਕੀਤਾ। ਦੁਕਾਨ ਦਾ ਮਾਲਕ ਮੈਨੂੰ ਫ਼ੋਨ ਕਰਦਾ ਤੇ ਪੁੱਛਦਾ, 'ਤੁਸੀਂ ਕਿੰਨੇ ਲੋਕਾਂ ਨੂੰ ਕੰਮ ਕਰਨਾ ਸਿਖਾਇਆ ਹੈ?"' ਕੁਪੂਸਾਮੀ ਨੇ ਹੱਸਦੇ ਹੋਏ ਪੂਰਾ ਕਿੱਸਾ ਸੁਣਾਇਆ।
ਉਨ੍ਹਾਂ ਦੇ ਬੇਟੇ ਸਬਰੀਨਾਥਨ ਕੋਲ਼ ਇੰਜੀਨੀਅਰਿੰਗ ਦੀ ਡਿਗਰੀ ਹੈ। "ਮੈਂ ਉਸ ਨੂੰ ਔਜ਼ਾਰਾਂ ਨੂੰ ਮਾਪਣਾ ਅਤੇ ਬਣਾਉਣਾ ਸਿੱਖਣ ਲਈ ਕਿਹਾ ਤੇ ਇਹ ਵੀ ਕਿਹਾ ਕਿ ਜੇ ਉਸ ਕੋਲ਼ ਕੋਈ ਨੌਕਰੀ ਹੈ, ਤਾਂ ਵੀ ਉਹ ਕਿਰਾਏ ਦੇ ਮਜ਼ਦੂਰ ਰੱਖ ਸਕਦਾ ਹੈ, ਹੈ ਨਾ?"
*****
''ਆਸਾਰੀ ਮੂਲ ਰੂਪ ਵਿੱਚ ਵਿਸ਼ਵਕਰਮਾ ਭਾਈਚਾਰੇ ਦੇ ਮੈਂਬਰ ਹਨ। ਉਹ ਪਦਾਰਥ ਦੀ ਕਲਾ ਨਾਲ਼ ਸਬੰਧਤ ਲੋਕ ਹਨ, ਜੋ ਧਾਤੂ, ਪੱਥਰ ਤੇ ਲੱਕੜਾਂ 'ਤੇ ਸ਼ਿਲਪਕਾਰੀ ਕਰਦੇ ਹਨ। ਇਸ ਭਾਈਚਾਰੇ ਦੇ ਬਹੁਤ ਸਾਰੇ ਲੋਕੀਂ ਹੁਣ ਆਪਣੀ ਰਚਨਾਤਮਕ ਤਲਾਸ਼ ਤੋਂ ਵੱਖ ਹੋ ਕੇ ਆਪਣੇ ਪੇਸ਼ੇ ਨਾਲ਼ ਰਲ਼ਦੇ-ਮਿਲ਼ਦੇ ਤੇ ਜਾਤ-ਅਧਾਰਤ ਮਜ਼ਦੂਰੀ ਦਾ ਕੰਮ ਅਪਣਾ ਚੁੱਕੇ ਹਨ ਤੇ ਨਵੀਂ ਪੀੜ੍ਹੀ ਦੇ ਨੌਜਵਾਨ ਸਮਾਜਿਕ ਰੂਪ ਨਾਲ਼ ਕਿਸੇ ਸਨਮਾਨਜਨਕ ਪੇਸ਼ੇ ਦਾ ਰਾਹ ਫੜ੍ਹ ਚੁੱਕੇ ਹਨ,'' ਆਪਣੀ ਕਿਤਾਬ ਸੇਬੇਸਟਿਅਨ ਐਂਡ ਸੰਸ ਵਿੱਚ ਟੀ.ਐੱਮ. ਕ੍ਰਿਸ਼ਨਾ ਲਿਖਦੇ ਹਨ।
''ਜਦੋਂ ਅਸੀਂ ਜੱਦੀ ਤੇ ਜਾਤ ਅਧਾਰਤ ਪੇਸ਼ੇ ਦੀ ਗੱਲ ਕਰਦੇ ਹਾਂ, ਸਾਨੂੰ ਥੋੜ੍ਹਾ ਸੁਚੇਤ ਹੋਣ ਦੀ ਲੋੜ ਹੈ ਕਿ ਅਸੀਂ ਇਹਨੂੰ ਗਿਆਨ ਦੇ ਨਿਰਮਾਣ ਦੇ ਸੰਦਰਭ ਵਿੱਚ ਅੰਤਰਪੀੜ੍ਹੀਗਤ ਲਗਾਤਾਰਤਾ ਦੇ ਰੂਪ ਵਿੱਚ ਇੱਕ ਰੁਮਾਨ ਵਾਂਗਰ ਮਹਿਸੂਸ ਨਾ ਕਰੀਏ, ਕਿਉਂਕਿ ਸਾਡੀ ਸਮਾਜਕ ਸੰਰਚਨਾ ਵਿੱਚ ਸਾਰੇ ਲੋਕ ਤੇ ਸਾਰੇ ਪੇਸ਼ੇ ਬਰਾਬਰ ਨਹੀਂ ਹਨ,'' ਕ੍ਰਿਸ਼ਨ ਰੇਖਾਂਕਿਤ ਕਰਦੇ ਹਨ। ''ਜਾਤੀਗਤ ਵਿਸ਼ੇਸ਼-ਅਧਿਕਾਰ ਵਾਲ਼ੇ ਪਰਿਵਾਰਾਂ ਵਿੱਚ ਹਸਤਾਂਤਰਤ ਕੀਤੇ ਜਾਣ ਵਾਲ਼ੇ ਕੰਮ ਨੂੰ ਤੇ ਇਸ ਤਰ੍ਹਾਂ ਦੀ ਜਾਤੀ-ਸੀਮਤ ਸਾਂਝੇਦਾਰੀ ਦੀ ਹੈਜੇਮਨੀ ਦਾ ਸੰਰਖਣ ਗਿਆਨ ਮੰਨਿਆ ਜਾਂਦਾ ਹੈ। ਇਸ ਅਭਿਆਸ ਵਿੱਚ ਲੋਕਾਂ ਦਾ ਕਦੇ ਸ਼ੋਸਣ ਨਹੀਂ ਹੋਇਆ। ਉਹ ਪੇਸ਼ੇ ਤੇ ਕੰਮ ਜਿਨ੍ਹਾਂ ਨੂੰ ਸ਼ੋਸਤ ਤੇ ਵਾਂਝੇ ਭਾਈਚਾਰੇ ਦੇ ਲੋਕ ਪੀੜ੍ਹੀਆਂ ਤੋਂ ਕੰਮ ਕਰਦੇ ਆ ਰਹੇ ਹਨ, ਨੂੰ ਗਿਆਨ ਨਹੀਂ ਮੰਨਿਆ ਜਾਂਦਾ ਹੈ ਤੇ ਨਾ ਹੀ ਇਨ੍ਹਾਂ ਪੇਸ਼ਿਆਂ ਨਾਲ਼ ਜੁੜੇ ਲੋਕਾਂ ਨੂੰ ਗਿਆਨ ਦਾ ਨਿਰਮਾਣ ਕਰਨ ਵਾਲ਼ਾ ਹੀ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਹੇਅ ਦੀ ਨਜ਼ਰ ਨਾਲ਼ ਦੇਖਿਆ ਜਾਦਾ ਹੈ, ਉਨ੍ਹਾਂ ਦਾ ਕੋਈ ਮੁੱਲ ਪਾਇਆ ਜਾਂਦਾ ਤੇ ਉਨ੍ਹਾਂ ਦੇ ਕੰਮ ਨੂੰ ਸਿਰਫ਼ ਸਰੀਰਕ ਕਿਰਤ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੋ ਲੋਕੀਂ ਇਹ ਕੰਮ ਕਰਦੇ ਹਨ ਉਨ੍ਹਾਂ ਨੂੰ ਜਾਤੀਗਤ ਸ਼ੋਸਣ ਅਤੇ ਹਿੰਸਾ ਦਾ ਸਾਮਨਾ ਕਰਨਾ ਪੈਂਦਾ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਸਮਾਜਕ ਹਾਲਾਤਾਂ ਦੇ ਕਾਰਨ ਲੋਕ ਵਿਕਲਪਹੀਣ ਹੋ ਜਾਂਦੇ ਹਨ ਤੇ ਮਜ਼ਬੂਰ ਹੋ ਕੇ ਪਰਿਵਾਰਕ ਜਾਤ-ਅਧਾਰਤ ਪੇਸ਼ੇ ਨੂੰ ਅਪਣਾ ਲੈਂਦੇ ਹਨ।''
ਕ੍ਰਿਸ਼ਨਾ ਕਹਿੰਦੇ ਹਨ , "ਇਸ ਦੇਸ਼ ਦੇ ਸਾਰੇ ਸਾਜ਼ ਨਿਰਮਾਤਾਵਾਂ ਬਾਰੇ ਤਕਨੀਕੀ ਸ਼ਬਦਾਂ ਵਿੱਚ ਗੱਲ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਮਿਸਤਰੀ (ਕਾਰਪੇਂਟਰ) ਵਜੋਂ ਦੇਖਿਆ ਜਾਂਦਾ ਹੈ ਜੋ ਨਿਰਮਾਣ ਅਧੀਨ ਥਾਵਾਂ 'ਤੇ ਕੰਮ ਕਰਦੇ ਹਨ। ਇਹ ਸਾਜ਼-ਵਾਦਕ ਅਸਲ ਵਿੱਚ ਆਰਕੀਟੈਕਟ ਹੀ ਹਨ। ਉਨ੍ਹਾਂ ਨੂੰ ਉਹ ਪ੍ਰਸਿੱਧੀ ਦੇਣ ਤੋਂ ਇਨਕਾਰ ਕਰਨ ਪਿੱਛੇ ਜਾਤੀਵਾਦ ਦੀ ਰਾਜਨੀਤੀ ਹੈ, ਜਿਸ ਮਾਣ ਦੇ ਉਹ ਹੱਕਦਾਰ ਹਨ।''
ਕੁਪੂਸਾਮੀ ਕਹਿੰਦੇ ਹਨ ਕਿ ਮ੍ਰਿਦੰਗਮ ਬਣਾਉਣਾ ਜ਼ਿਆਦਾਤਰ ਮਰਦ-ਪ੍ਰਧਾਨ ਰੁਝਾਨ ਹੈ। "ਕੁਝ ਔਰਤਾਂ ਹਨ ਜੋ ਚਮੜੇ ਦੇ ਕੰਮ ਵਿੱਚ ਲੱਗੀਆਂ ਹੋਈਆਂ ਹਨ। ਪਰ ਲੱਕੜ ਦਾ ਕੰਮ ਸਿਰਫ਼ ਮਰਦਾਂ ਦੁਆਰਾ ਹੀ ਕੀਤਾ ਜਾਂਦਾ ਹੈ। ਇਸ ਕੰਮ ਲਈ ਮੁੱਖ ਤੌਰ 'ਤੇ ਵਰਤੀ ਜਾਣ ਵਾਲ਼ੀ ਲੱਕੜ ਉਸੇ ਕਟਹਲ ਦੇ ਰੁੱਖ ਦੀ ਹੁੰਦੀ ਹੈ ਜਿਹਦੇ ਫਲ ਲੱਗਣੇ ਬੰਦ ਹੋ ਗਏ ਹੁੰਦੇ ਹਨ। "ਪੁਰਾਣੇ ਤੇ ਗੈਰ-ਉਤਪਾਦਕ ਰੁੱਖਾਂ ਨੂੰ ''ਖ਼ਤਮ'' ਕਰਦੇ ਹਨ," ਕੁਪੂਸਾਮੀ ਕਹਿੰਦੇ ਹਨ। "ਦਸ ਰੁੱਖ ਕੱਟਣ ਬਦਲੇ ਉਹ 30 ਬੂਟੇ ਲਗਾਉਂਦੇ ਹਨ।''
ਲੱਕੜ ਦੀ ਚੋਣ ਵਿੱਚ ਕੁਪੂਸਾਮੀ ਦੇ ਕੁਝ ਮਾਪਦੰਡ ਹਨ। ਉਨ੍ਹਾਂ ਨੂੰ ਅਜਿਹੇ ਰੁੱਖਾਂ ਦੀ ਲੋੜ ਹੁੰਦੀ ਹੈ ਜੋ ਲਗਭਗ 9 ਜਾਂ 10 ਫੁੱਟ ਉੱਚੇ, ਕਾਫ਼ੀ ਚੌੜੇ ਅਤੇ ਮਜ਼ਬੂਤ ਹੋਣ ਅਤੇ ਇਹ ਵਾੜ ਦੇ ਨੇੜੇ ਜਾਂ ਸੜਕ ਦੇ ਕਿਨਾਰੇ ਉੱਗੇ ਹੋਏ ਹੋਣੇ ਚਾਹੀਦੇ ਹਨ। ਆਮ ਤੌਰ 'ਤੇ ਉਹ ਰੁੱਖ ਦਾ ਹੇਠਲਾ ਹਿੱਸਾ ਲੈਂਦੇ ਹਨ। ਉਨ੍ਹਾਂ ਦਾ ਤਜ਼ਰਬਾ ਹੈ ਕਿ ਇਸ ਹਿੱਸੇ ਦਾ ਗੂੜ੍ਹਾ ਰੰਗ ਵੱਧ ਗੂੰਜ ਪੈਦਾ ਕਰਦਾ ਹੈ।
ਇੱਕ ਦਿਨ ਵਿੱਚ, ਉਹ ਲਗਭਗ ਛੇ ਮ੍ਰਿਦੰਗਮ ਲਈ ਕਾਫ਼ੀ ਲੱਕੜ ਕੱਟ ਸਕਦੇ ਹਨ ਅਤੇ ਆਕਾਰ ਦੇ ਸਕਦੇ ਹਨ। ਪਰ ਫਿਨੀਸ਼ਿੰਗ ਦੇ ਕੰਮ ਨੂੰ ਦੋ ਦਿਨ ਹੋਰ ਲੱਗਣਗੇ। ਇਸ ਮ੍ਰਿਦੰਗਮ ਦੀ ਵਿਕਰੀ ਤੋਂ ਹੋਣ ਵਾਲ਼ਾ ਮੁਨਾਫਾ, ਜਿਸ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ, ਬਹੁਤ ਘੱਟ ਹੈ - ਜੇ ਸਾਨੂੰ ਮ੍ਰਿਦੰਗਮ 'ਤੇ 1,000 ਰੁਪਏ ਮਿਲ਼ਦੇ ਹਨ, ਤਾਂ ਇਹ ਖੁਸ਼ੀ ਦੀ ਗੱਲ ਹੈ," ਉਹ ਕਹਿੰਦੇ ਹਨ। ''ਮਜ਼ਦੂਰਾਂ ਨੂੰ 1,000 ਰੁਪਏ ਦਿੱਤੇ ਜਾਣੇ ਚਾਹੀਦੇ ਹਨ। ਇਹ ਬਹੁਤ ਮੁਸ਼ਕਲ ਕੰਮ ਹੈ ਅਤੇ ਜੇ ਇੰਨਾ ਪੈਸਾ ਨਹੀਂ ਦਿੰਦੇ, ਤਾਂ ਉਹ ਨਹੀਂ ਆਉਣਗੇ।''
ਲੱਕੜ ਵੀ ਸਾਰਾ ਸਾਲ ਉਪਲਬਧ ਨਹੀਂ ਹੁੰਦੀ। ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਕੋਈ ਵੀ ਫਲਦਾਰ ਰੁੱਖਾਂ ਨੂੰ ਨਹੀਂ ਕੱਟਦਾ। ਉਹ 25,000 ਰੁਪਏ ਦੇ ਹਿਸਾਬ ਨਾਲ਼ 20 ਲੌਗ ਖ਼ਰੀਦਣ ਲਈ 5 ਲੱਖ ਰੁਪਏ ਦਾ ਨਿਵੇਸ਼ ਕਰਦੇ ਹਨ ਅਤੇ ਉਹ ਇਸ ਸਬੰਧ ਵਿੱਚ ਸਰਕਾਰ ਵੱਲੋਂ ਮਦਦ ਚਾਹੁੰਦੇ ਹਨ। "ਜੇ ਸਰਕਾਰ ਸਾਨੂੰ ਲੱਕੜ ਖ਼ਰੀਦਣ ਲਈ ਸਬਸਿਡੀ ਜਾਂ ਕਰਜ਼ਾ ਦਵੇ... ਤਾਂ ਬਹੁਤ ਵਧੀਆ!"
ਕੁਪੂਸਾਮੀ ਦਾ ਕਹਿਣਾ ਹੈ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਤੋਂ ਮ੍ਰਿਦੰਗਮ ਦੀ ਮੰਗ ਚੰਗੀ ਹੈ। "ਇੱਕ ਮਹੀਨੇ ਵਿੱਚ, ਮੈਂ 50 ਮ੍ਰਿਦੰਗਮ ਅਤੇ 25 ਤਾਵਿਲ ਵੇਚਦਾ ਹਾਂ।'' ਸਹੀ ਰੁੱਖ ਲੱਭਣਾ ਅਤੇ ਇਸ ਨੂੰ ਲਗਭਗ ਚਾਰ ਮਹੀਨਿਆਂ ਲਈ ਸੁਕਾਉਣਾ ਇੱਕ ਮੁਸ਼ਕਲ ਕੰਮ ਹੈ। ਕੁਪੂਸਾਮੀ ਕਹਿੰਦੇ ਹਨ ਕਿ ਪਨਰੂਤੀ ਦੇ ਕਟਹਲ ਦੇ ਰੁੱਖਾਂ ਦੀ "ਬਹੁਤ ਮੰਗ ਹੈ ਕਿਉਂਕਿ ਉਹ ਚੰਗੀ ਗੁਣਵੱਤਾ ਦੇ ਹਨ।" ਉਨ੍ਹਾਂ ਦੀ ਰਾਏ ਹੈ ਕਿ ਇਹ ਲਾਲ ਮਿੱਟੀ ਵਿੱਚ ਉੱਗਦੇ ਹਨ ਅਤੇ ਚੰਗੀ ਆਵਾਜ਼ ਪੈਦਾ ਕਰਦੇ ਹਨ।
"ਤੁਸੀਂ ਦਸ ਫੁੱਟ ਲੰਬੇ ਲੌਗ ਨਾਲ਼ ਸਿਰਫ਼ ਤਿੰਨ ਮ੍ਰਿਦੰਗਮ ਬਣਾ ਸਕਦੇ ਹੋ, ਜਿਸ ਦੀ ਕੀਮਤ ਲਗਭਗ 25,000 ਰੁਪਏ ਹੈ। ਖ਼ਰੀਦੇ ਗਏ ਸਾਰੇ ਰੁੱਖ ਮ੍ਰਿਦੰਗਮ ਬਣਾਉਣ ਦੇ ਕੰਮ ਨਹੀਂ ਆਉਂਦੇ। ਹਰ ਰੁੱਖ ਦੀ ਲੱਕੜ ਰਲ਼ਵੀਂ-ਮਿਲ਼ਵੀਂ ਹੁੰਦੀ ਹੈ। ਹਰ ਲੱਕੜ ਸੰਗੀਤ ਪੈਦਾ ਕਰਨ ਲਈ ਕੱਟੀ ਵੀ ਨਹੀਂ ਜਾਂਦੀ। ਅਜਿਹੀ ਲੱਕੜ ਤੋਂ ਕੁਪੂਸਾਮੀ ਜੋ ਵਧੀਆ ਕੁਝ ਘੜ੍ਹ ਸਕਦੇ ਹਨ ਉਹ ਹੈ ਉਡੁੱਕਾਈ (ਇੱਕ ਕਿਸਮ ਦਾ ਡਮਰੂ)।
ਕੁਪੂਸਾਮੀ ਦੱਸਦੇ ਹਨ ਕਿ ਇੱਕ ਚੰਗੀ "ਕੱਟਾਈ" ਦੀ ਕੀਮਤ "ਏਟੂ ਰੂਬਾ" ਹੈ। ਉਹ ਮ੍ਰਿਦੰਗਮ ਬਣਾਉਣ ਲਈ ਲੱਕੜ ਦੇ ਬਣੇ ਗੋਲ਼ਾਕਾਰ ਹਿੱਸੇ ਨੂੰ ਦਰਸਾਉਣ ਲਈ ਉਹ ''ਕੱਟਾਈ'' ਸ਼ਬਦ ਦੀ ਵਰਤੋਂ ਕਰਦੇ ਹਨ, ਜਦੋਂਕਿ ''ਏਟੂ ਰੂਬਾ'' ਮਤਲਬ 8,000 ਰੁਪਏ ਹੁੰਦਾ ਹੈ। ਉਹ ਦੱਸਦੇ ਹਨ ਕਿ ਇਹ "ਓਨਾਮ ਨੰਬਰ" (ਬੇਹਤਰੀਨ ਕੁਆਲਿਟੀ) ਹੁੰਦਾ ਹੈ ਅਤੇ ਗਾਹਕ ਇਹਨੂੰ ਕਦੇ ਵਾਪਸ ਨਹੀਂ ਕਰਦੇ। ਹਾਂ "ਜੇ ਲੱਕੜ ਤਿੜਕ ਜਾਵੇ, ਜੇ ਆਵਾਜ਼ ਚੰਗੀ ਨਾ ਨਿਕਲ਼ੇ ਤਾਂ ਉਹ (ਗਾਹਕ) ਜ਼ਰੂਰ ਵਾਪਸ ਦੇ ਜਾਂਦੇ ਹਨ!''
ਆਮ ਤੌਰ 'ਤੇ, ਇੱਕ ਮ੍ਰਿਦੰਗਮ 22 ਜਾਂ 24 ਇੰਚ ਲੰਬਾ ਹੁੰਦਾ ਹੈ। ਉਹ ਕਹਿੰਦੇ ਹਨ ਕਿ ਇਹ ਸਾਜ਼ ਆਮ ਤੌਰ 'ਤੇ ਮਾਈਕ੍ਰੋਫੋਨ ਨਾਲ਼ ਵਜਾਇਆ ਜਾਂਦਾ ਹੈ। "ਕੁੱਟੂ [ਥੀਏਟਰ], ਜੋ ਬਿਨਾਂ ਮਾਈਕ ਵਜਾਇਆ ਜਾਂਦਾ ਹੈ, ਮ੍ਰਿਦੰਗਮ 28 ਇੰਚ ਲੰਬਾ ਹੁੰਦਾ ਹੈ ਅਤੇ ਇਸਦਾ ਮੂੰਹ ਰਤਾ ਮੁੜਿਆ ਤੇ ਤੰਗ ਹੁੰਦਾ ਅਤੇ ਦੂਜੇ ਪਾਸਿਓਂ ਚੌੜਾ ਹੁੰਦਾ ਹੈ। ਇਸ ਦੀ ਆਵਾਜ਼ ਕਾਫ਼ੀ ਦੂਰੋਂ ਵੀ ਸੁਣਾਈ ਦੇ ਜਾਂਦੀ ਹੈ ਕਿਉਂਕਿ ਧੁਨੀ ਚੰਗੀ ਤਰ੍ਹਾਂ ਤੈਰਦੀ ਹੈ।''
ਕੁਪੂਸਾਮੀ ਚੇਨਈ ਸ਼ਹਿਰ ਦੀਆਂ ਸੰਗੀਤ ਕੰਪਨੀਆਂ ਨੂੰ ਵੀ ਲੱਕੜ ਦਾ ਕਵਚ (ਖੋਲ) ਡਿਲੀਵਰ ਕਰਦੇ ਹਨ। ਉਹ ਇੱਕ ਮਹੀਨੇ ਵਿੱਚ 20 ਤੋਂ 30 ਖੋਲਾਂ ਦੀ ਮੰਗ ਕਰਦੇ ਹਨ। ਇੱਕ ਵਾਰ ਜਦੋਂ ਉਨ੍ਹਾਂ ਨੂੰ ਖੋਲ ਮਿਲ਼ ਜਾਂਦੇ ਹਨ, ਤਾਂ ਉਹ ਇਸ ਨੂੰ ਚਮੜੇ ਦੇ ਕਾਮਿਆਂ ਨੂੰ ਦਿੰਦੇ ਹਨ ਜੋ ਮ੍ਰਿਦੰਗਮ ਬਣਾਉਂਦੇ ਹਨ। ਇਸ ਪ੍ਰਕਿਰਿਆ ਨਾਲ਼ ਮ੍ਰਿਦੰਗਮ ਦੀ ਕੀਮਤ ਵਿੱਚ 4,500 ਰੁਪਏ ਦਾ ਵਾਧਾ ਹੁੰਦਾ ਹੈ। "ਫਿਰ ਜ਼ਿਪ ਵਾਲ਼ਾ ਇੱਕ ਬੈਗ ਵੀ ਦਿੱਤਾ ਜਾਂਦਾ ਹੈ," ਇਹ ਦੱਸਦੇ ਹੋਏ ਕੁਪੂਸਾਮੀ ਦੇ ਹੱਥ ਹਵਾ ਵਿੱਚ ਜ਼ਿਪਰ ਦਾ ਨਕਸ਼ਾ ਉਲੀਕਣ ਲੱਗਦੇ ਹਨ।
ਚੰਗੀ ਕੁਆਲਿਟੀ ਦੇ ਮ੍ਰਿਦੰਗਮ ਦੀ ਕੀਮਤ ਲਗਭਗ 15,000 ਰੁਪਏ ਹੈ। ਕੁਪੂਸਾਮੀ ਉਸ ਸਮੇਂ ਨੂੰ ਯਾਦ ਕਰਦੇ ਹਨ ਜਦੋਂ ਉਹ ਉਨ੍ਹਾਂ ਨੂੰ 50 ਅਤੇ 75 ਰੁਪਏ ਵਿੱਚ ਵੇਚਦੇ ਸਨ। "ਮੇਰੇ ਪਿਤਾ ਜੀ ਮੈਨੂੰ ਮਦਰਾਸ (ਹੁਣ ਚੇਨਈ) ਦੇ ਮਯਲਾਪੋਰ ਲੈ ਜਾਂਦੇ ਤਾਂ ਜੋ ਗੁਰੂ ਜੀ ਨੂੰ ਮ੍ਰਿਦੰਗਮ ਦਿੱਤਾ ਜਾ ਸਕੇ। ਅੱਗਿਓਂ ਉਹ ਸਾਨੂੰ ਕੜਕ ਨੋਟ ਦਿੰਦੇ ਸਨ! ਮੈਂ ਉਦੋਂ ਛੋਟਾ ਮੁੰਡਾ ਸੀ," ਉਹ ਮੁਸਕਰਾਉਂਦੇ ਹਨ।
ਕਰਨਾਟਕ ਸੰਗੀਤ ਦੀ ਦੁਨੀਆ ਦੇ ਕੁਝ ਮਹਾਨ ਮ੍ਰਿਦੰਗਮ ਕਲਾਕਾਰਾਂ ਵਿੱਚੋਂ ਕੁਝ ਕਰਾਈਕੁਡੀ ਮਨੀ, ਉਮਯਲਪੁਰਮ ਸ਼ਿਵਰਮਨ ਵਰਗੇ ਕਲਾਕਾਰਾਂ ਨੂੰ ਕੁਪੂਸਾਮੀ ਨੇ ਹੀ ਮ੍ਰਿਦੰਗਮ ਬਣਾ ਕੇ ਦਿੱਤਾ। "ਬਹੁਤ ਸਾਰੇ ਵਿਦਵਾਨ ਇੱਥੇ ਆਉਂਦੇ ਹਨ ਅਤੇ ਖ਼ਰੀਦਦੇ ਹਨ," ਉਹ ਮਾਣ ਭਰੇ ਸ਼ਬਦਾਂ ਵਿੱਚ ਕਹਿੰਦੇ ਹਨ। "ਇਹ ਇੱਕ ਮਸ਼ਹੂਰ ਦੁਕਾਨ ਹੈ, ਇੱਕ ਰਵਾਇਤੀ ਦੁਕਾਨ ..."
ਕੁਪੂਸਾਮੀ ਮ੍ਰਿਦੰਗਮ ਨਾਲ਼ ਜੁੜੇ ਕਈ ਕਿੱਸੇ ਸਾਂਝੇ ਕਰਦੇ ਹਨ। ਉਨ੍ਹਾਂ ਦੀਆਂ ਕਹਾਣੀਆਂ ਪੁਰਾਣੇ ਅਤੇ ਨਵੇਂ ਵਿਚਕਾਰ ਅੰਤਰਾਂ ਬਾਰੇ ਸ਼ਾਨਦਾਰ ਗੱਲਾਂ ਕਰਦੀਆਂ ਹਨ। "ਕੀ ਤੁਸੀਂ ਮਰਹੂਮ ਪਾਲਘਾਟ ਮਨੀ ਅਈਅਰ ਨੂੰ ਜਾਣਦੇ ਹੋ? ਉਨ੍ਹਾਂ ਨੇ ਜੋ ਮ੍ਰਿਦੰਗਮ ਵਰਤਿਆ ਉਹ ਬਹੁਤ ਭਾਰੀ ਸੀ। ਇਸ ਨੂੰ ਚੁੱਕੀ ਰੱਖਣ ਲਈ ਉਨ੍ਹਾਂ ਨੇ ਆਪਣੀ ਨਾਲ਼ ਇੱਕ ਆਦਮੀ ਵੀ ਰੱਖਿਆ ਹੋਇਆ ਸੀ!" ਭਾਰੀ ਮ੍ਰਿਦੰਗਮ ਦੀ ਆਵਾਜ਼ "ਗਨੀਰ, ਗਨੀਰ" (ਸਪੱਸ਼ਟ ਅਤੇ ਉੱਚੀ) ਸੀ। ਪਰ ਅੱਜ ਦੀ ਪੀੜ੍ਹੀ ਇੰਨੀ ਖੇਚਲ ਕਿੱਥੋਂ ਕਰ ਸਕਦੀ ਹੈ, ਕੁਪੂਸਾਮੀ ਕਹਿੰਦੇ ਹਨ।
''ਜਦੋਂ ਬਾਹਰ ਦੇਸ਼ ਲੈ ਜਾਣਾ ਹੋਵੇ ਤਾਂ ਲੋਕਾਂ ਨੂੰ ਹੌਲ਼ੇ ਸਾਜ਼ ਚਾਹੀਦੇ ਹੁੰਦੇ ਹਨ। ਉਹ ਉਨ੍ਹਾਂ ਨੂੰ ਮੇਰੇ ਕੋਲ਼ ਲੈ ਆਉਂਦੇ ਹਨ ਤੇ ਮੈਂ ਉਨ੍ਹਾਂ ਦਾ ਭਾਰ 12 ਤੋਂ ਛੇ ਕਿੱਲੋ ਤੱਕ ਘਟਾ ਦਿੰਦਾ ਹਾਂ।'' ਮੈਂ ਪੁੱਛਦੀ ਹਾਂ ਇਹ ਕਿਵੇਂ ਸੰਭਵ ਹੈ। ''ਅਸੀਂ ਮ੍ਰਿਦੰਗਮ ਦੇ ਖੋਖਲੇ ਢਿੱਡ 'ਚੋਂ ਖੁਰਚ-ਖੁਰਚ ਕੇ ਵਾਧੂ ਲੱਕੜ ਬਾਹਰ ਕੱਢ ਲੈਂਦੇ ਹਾਂ,'' ਉਹ ਦੱਸਦੇ ਹਨ। ''ਅਸੀਂ ਉਦੋਂ ਤੱਕ ਖੁਰਚਦੇ ਰਹਿੰਦੇ ਹਾਂ ਜਦੋਂ ਤੱਕ ਇਹਦਾ ਭਾਰ ਛੇ ਕਿੱਲੋ ਤੱਕ ਨਾ ਆ ਜਾਵੇ।''
ਤੁਸੀਂ ਕਹਿ ਸਕਦੇ ਹੋ ਕਿ ਮ੍ਰਿਦੰਗਮ ਦਾ ਢਿੱਡ ਕੱਟ ਦਿੱਤਾ ਜਾਂਦਾ ਹੈ ...
ਉਹ ਨਾ ਸਿਰਫ਼ ਮ੍ਰਿਦੰਗਮ ਬਲਕਿ ਥਾਪ ਨਾਲ਼ ਵੱਜਣ ਵਾਲ਼ੇ ਹੋਰ ਸੰਗੀਤ ਸਾਜ਼ਾਂ ਨੂੰ ਵੀ ਪੂਰੀ ਦੁਨੀਆ ਵਿੱਚ ਭੇਜਦੇ ਹਨ। ਉਨ੍ਹਾਂ ਕਿਹਾ,''ਪਿਛਲੇ 20 ਸਾਲਾਂ ਤੋਂ ਮਲੇਸ਼ੀਆ 'ਚ ਉਰੂਮੀ ਮੇਲਮ (ਦੋ-ਮੱਥੇ ਵਾਲ਼ੇ ਢੋਲ਼) ਭੇਜ ਰਿਹਾ ਹਾਂ। ਕੋਵਿਡ ਦੌਰਾਨ ਇਹ ਕੰਮ (ਬਾਹਰ ਭੇਜਣਾ) ਰੁੱਕ ਗਿਆ..."
ਕਟਹਲ ਦਾ ਰੁੱਖ ਮ੍ਰਿਦੰਗਮ, ਤਵਿਲ, ਤਬੇਲਾ, ਵੀਣਾ , ਕਾਂਜੀਰਾ, ਉਡੁਕਾਈ, ਉਡੂਮੀ, ਪੰਬਾਈ ਬਣਾਉਣ ਲਈ ਢੁਕਵਾਂ ਹੈ... ਕੁਪੂਸਾਮੀ ਨੇ ਨਾਵਾਂ ਦੀ ਸੂਚੀ ਦਿੱਤੀ ਹੈ। "ਮੈਂ ਲਗਭਗ 15 ਕਿਸਮਾਂ ਦੇ ਸੰਗੀਤ ਸਾਜ਼ ਬਣਾ ਸਕਦਾ ਹਾਂ।''
ਉਹ ਕਾਰੀਗਰਾਂ ਅਤੇ ਹੋਰ ਸੰਗੀਤ ਸਾਜ਼ ਨਿਰਮਾਤਾਵਾਂ ਤੋਂ ਵੀ ਜਾਣੂ ਹਨ। ਉਨ੍ਹਾਂ ਵਿੱਚੋਂ ਉਹ ਕੁਝ ਕੁ ਦੇ ਨਾਮ ਤੇ ਪਤੇ ਵੀ ਜਾਣਦੇ ਹਨ। "ਕੀ ਤੁਸੀਂ ਨਾਰਾਇਣਨ ਨੂੰ ਮਿਲ਼ ਚੁੱਕੀ ਹੋ, ਜੋ ਵੀਣਾ ਬਣਾਉਂਦੇ ਹਨ? ਉਹ ਤੰਜਾਵੁਰ ਵਿੱਚ ਸਾਊਥ ਮੇਨ ਰੋਡ 'ਤੇ ਰਹਿੰਦੇ ਹਨ, ਹੈ ਨਾ? ਅਸੀਂ ਉਸ ਨੂੰ ਜਾਣਦੇ ਹਾਂ।" ਕੁਪੂਸਾਮੀ ਕਹਿੰਦੇ ਹਨ ਕਿ ਵੀਣਾ ਬਣਾਉਣਾ ਬਹੁਤ ਮੁਸ਼ਕਲ ਕੰਮ ਹੈ। "ਮੈਂ ਇੱਕ ਅਸਾਰੀ ਨੂੰ ਵੀਣਾ ਬਣਾਉਂਦੇ ਦੇਖਿਆ ਸੀ। ਉਹ ਵੀਣਾ ਦਾ ਘੁੰਮਣ ਵਾਲ਼ਾ ਹਿੱਸਾ ਬਣਾ ਰਹੇ ਸਨ। ਮੈਂ ਦੋ ਘੰਟੇ ਚੁੱਪ ਬੈਠਾ ਰਿਹਾ ਅਤੇ ਵੇਖਦਾ ਰਿਹਾ। ਉਹ ਕੁਝ ਲੱਕੜਾਂ ਨੂੰ ਕੱਟਦੇ, ਉਨ੍ਹਾਂ ਨੂੰ ਆਕਾਰ ਦਿੰਦੇ ਅਤੇ ਉਨ੍ਹਾਂ ਦੀ ਜਾਂਚ ਕਰਦੇ। ਇਹ ਇੱਕ ਸ਼ਾਨਦਾਰ ਅਤੇ ਦਿਲਚਸਪ ਤਜ਼ਰਬਾ ਸੀ ..."
*****
ਮੈਂ ਪਹਿਲੀ ਵਾਰ ਵੀਣਾ ਬਣਾਉਣ ਵਾਲ਼ੇ ਕਾਰੀਗਰਾਂ ਨੂੰ ਨਾਰਾਇਣਨ ਦੇ ਵਰਕਸ਼ਾਪ ਵਿੱਚ 2015 ਵਿੱਚ ਮਿਲ਼ੀ ਸਾਂ। ਉਨ੍ਹਾਂ ਨੇ ਮੈਨੂੰ ਅਗਸਤ 2023 ਵਿੱਚ ਦੁਬਾਰਾ ਆਉਣ ਦਾ ਸੱਦਾ ਦਿੱਤਾ। "ਤੈਨੂੰ ਘਰ ਯਾਦ ਹੈ, ਹੈ ਨਾ? ਘਰ ਦੇ ਬਾਹਰ ਇੱਕ ਰੁੱਖ ਹੈ,'' ਉਨ੍ਹਾਂ ਕਿਹਾ। ਉਨ੍ਹਾਂ ਦਾ ਇੰਝ ਕਹਿਣਾ ਤੁਹਾਨੂੰ ਥੋੜ੍ਹਾ ਅਜੀਬ ਲੱਗ ਸਕਦਾ ਹੈ। ਪਰ ਉਸ ਸਾਊਥ ਮੇਨ ਸਟ੍ਰੀਟ ਗਲੀ 'ਤੇ, ਉਨ੍ਹਾਂ ਦੇ ਘਰ ਦੇ ਸਾਹਮਣੇ ਸਿਰਫ਼ ਇੱਕ ਪੁੰਗਾਈ ਦਾ ਰੁੱਖ (ਹਾਂਗੇ ਦਾ ਰੁੱਖ) ਸੀ। ਉਨ੍ਹਾਂ ਦੇ ਘਰ ਦੀ ਪਹਿਲੀ ਮੰਜ਼ਿਲ ਦੇ ਸਾਹਮਣੇ ਸੀਮੈਂਟ ਨਾਲ਼ ਬਣੀ ਵੀਣਾ ਸਜਾਈ ਗਈ ਸੀ। ਘਰ ਦੇ ਪਿਛਲੇ ਪਾਸੇ ਕੰਮ ਵਾਲ਼ੀ ਥਾਂ ਹਾਲੇ ਵੀ ਉਸੇ ਹਾਲਤ ਵਿੱਚ ਦਿਖਾਈ ਦਿੰਦੀ ਹੈ। ਸੀਮੇਂਟ ਦੀ ਬਣੀ ਸਲੈਬ 'ਤੇ ਸੰਦ ਰੱਖੇ ਸਨ ਤੇ ਕੰਧ 'ਤੇ ਫੋਟੋਆਂ ਅਤੇ ਕੈਲੰਡਰ ਟੰਗੇ ਹੋਏ ਸਨ। ਵਰਕਸ਼ਾਪ ਦੇ ਫਰਸ਼ 'ਤੇ ਵੀਣਾ ਪਈਆਂ ਸਨ ਜੋ ਹਾਲੇ ਬਣਾਏ ਜਾਣ ਦੀ ਪ੍ਰਕਿਰਿਆ ਵਿੱਚ ਹੀ ਸਨ।.
ਜਦੋਂ ਵੀਣਾ ਸ਼ਿਵਗੰਗਾਈ ਪੁੰਗਾ ਤੋਂ ਇੱਥੇ ਆਉਂਦੀ ਹੈ, ਤਾਂ ਉਹ ਠੋਸ ਅਤੇ ਅਜੀਬ ਆਕਾਰ ਵਿੱਚ ਲੱਕੜ ਦੇ ਟੁਕੜੇ ਵਾਂਗ ਦਿਖਾਈ ਦਿੰਦੀ ਹੈ। ਪਰ ਵਰਕਸ਼ਾਪ ਤੱਕ ਪਹੁੰਚਣ ਤੋਂ ਬਾਅਦ, ਸੰਦ ਬਦਲ ਜਾਂਦੇ ਹਨ, ਕੰਮ ਕਰਨ ਦਾ ਤਰੀਕਾ ਬਦਲ ਜਾਂਦਾ ਹੈ ਅਤੇ ਕੁਦਰਤੀ ਤੌਰ 'ਤੇ ਨਤੀਜਾ ਵੀ ਬਦਲ ਹੀ ਜਾਂਦਾ ਹੈ। ਖੋਖਲੇ ਪੇਟ ਵਾਲੀ ਲੱਕੜ ਦੇ 16 ਇੰਚ ਦੇ ਟੁਕੜੇ ਤੋਂ ਨਾਰਾਇਣਨ ਅਤੇ ਉਨ੍ਹਾਂ ਦੇ ਸਹਾਇਕ ਛਿਲਕੇ 14.5 ਇੰਚ ਦੀ ਮੋਟਾਈ ਵਾਲਾ ਕਟੋਰਾ ਬਣਾਉਂਦੇ ਹਨ, ਜਿਸ ਦੀਆਂ ਕੰਧਾਂ ਸਿਰਫ ਅੱਧਾ ਇੰਚ ਮੋਟੀਆਂ ਹੁੰਦੀਆਂ ਹਨ। ਉਹ ਕਹਿੰਦੇ ਹਨ ਕਿ ਉਹ ਲੱਕੜ 'ਤੇ ਗੋਲ਼ਾ ਬਣਾਉਣ ਲਈ ਕੰਪਾਸ ਦੀ ਵਰਤੋਂ ਕਰਦੇ ਹਨ ਅਤੇ ਫਿਰ ਛੈਣੀ ਦੀ ਮਦਦ ਨਾਲ਼ ਵਾਧੂ ਲੱਕੜ ਨੂੰ ਛਿਲ ਕੇ ਕੱਢਿਆ ਜਾਂਦਾ ਹੈ।
ਉਨ੍ਹਾਂ ਵਿੱਚੋਂ ਸੰਗੀਤ ਨਿਕਲ ਸਕੇ, ਇਹਦੇ ਲਈ ਲੱਕੜ ਨੂੰ ਰੁਕ-ਰੁਕ ਕੇ ਛਿੱਲਣਾ ਪੈਂਦਾ ਹੈ। ਰੁਕਣਾ ਇਸਲਈ ਵੀ ਮਹੱਤਵਪੂਰਨ ਹੈ ਕਿਉਂਕਿ ਇੰਝ ਲੱਕੜ ਨੂੰ ਸੁੱਕਣ ਅਤੇ ਤਿਆਰ ਕਰਨ ਵਿੱਚ ਸਹਾਇਤਾ ਮਿਲ਼ਦੀ ਹੈ। ਬਾਹਰੋਂ ਚੰਗੀ ਤਰ੍ਹਾਂ ਸੁੱਕਣ ਤੋਂ ਬਾਅਦ ਲੱਕੜ ਦਾ ਭਾਰ ਵੀ ਘੱਟ ਜਾਂਦਾ ਹੈ। ਫਿਰ ਸ਼ਿਵਗੰਗਾਈ ਪੋਂਗਾ ਤੋਂ ਆਈ ਲੱਕੜ ਦੇ ਆਕਾਰ ਨੂੰ 30 ਇੰਚ ਤੋਂ ਕੱਟ ਕੇ ਤੰਜਾਵੁਰ ਵਿੱਚ 20 ਇੰਚ ਤੱਕ ਘਟਾ ਦਿੱਤਾ ਜਾਂਦਾ ਹੈ। ਵੀਣਈ ਪੱਟਰਈ ਵਿੱਚ, ਲੱਕੜ ਨੂੰ ਉਦੋਂ ਤੱਕ ਛਿਲਿਆ ਜਾਂਦਾ ਹੈ ਜਦੋਂ ਤੱਕ ਇਸਦਾ ਭਾਰ ਅੱਠ ਕਿਲੋ ਤੱਕ ਨਾ ਰਹਿ ਜਾਵੇ ਤੇ ਚੁੱਕਣੀ ਵੀ ਅਸਾਨ ਰਹੇ।
ਆਪਣੀ ਵਰਕਸ਼ਾਪ ਦੇ ਸਾਹਮਣੇ ਘਰ ਵਿੱਚ ਬੈਠੇ ਨਾਰਾਇਣਨ ਨੇ ਮੈਨੂੰ ਇੱਕ ਵੀਣਾ ਦਿੱਤੀ ਅਤੇ ਕਿਹਾ, "ਇਸ ਨੂੰ ਚੁੱਕਿਓ।'' ਇਹ ਸੁੱਘੜ ਤੇ ਠੀਕ-ਠਾਕ ਭਾਰੀ ਹੈ। ਇਹਦੇ ਹਰ ਹਿੱਸੇ ਨੂੰ ਬਾਰੀਕੀ ਨਾਲ਼ ਪਾਲਿਸ਼ ਕੀਤਾ ਗਿਆ ਹੈ। ''ਇਹ ਸਾਰੇ ਕੰਮ ਹੱਥੀਂ ਕੀਤੇ ਗਏ ਹਨ,'' ਨਰਾਇਣ ਕਹਿੰਦੇ ਹਨ। ਉਨ੍ਹਾਂ ਦੀ ਅਵਾਜ਼ ਵਿੱਚ ਮਾਣ ਝਲ਼ਕਦਾ ਹੈ।
"ਵੀਣਾ ਸਿਰਫ਼ ਤੰਜਾਵੁਰ ਵਿੱਚ ਬਣਾਈ ਜਾਂਦੀ ਹੈ। ਇੱਥੋਂ ਸਾਰੀ ਦੁਨੀਆਂ ਵਿੱਚ ਸਪਲਾਈ ਹੁੰਦੀ ਹੈ। ਸਾਡੇ ਕੋਲ਼ ਇਹ ਭੂਗੋਲਿਕ ਸੰਕੇਤ (ਜੀਆਈ) ਹੈ, ਜਿਹਦੇ ਲਈ ਅਸੀਂ ਬਿਨੈ ਕੀਤਾ ਸੀ। ਵਕੀਲ ਸੰਜੇ ਗਾਂਧੀ ਦੀ ਮਦਦ ਨਾਲ਼ ਸਾਨੂੰ ਉਹ ਮਿਲ਼ ਵੀ ਗਿਆ," ਨਾਰਾਇਣਨ ਕਹਿੰਦੇ ਹਨ।
ਇਸ ਔਜ਼ਾਰ ਨੂੰ ਬਣਾਉਣ ਲਈ ਜੈਕਫਰੂਟ ਦੀ ਲੱਕੜ ਦੀ ਵਰਤੋਂ ਕੀਤੀ ਜਾਂਦੀ ਹੈ। "ਕਿਉਂਕਿ ਪਲਾਮਾਰਾਮ ਹਰ ਵਾਤਾਵਰਣ ਦੇ ਅਨੁਕੂਲ ਹੈ। ਤੰਜਾਵੁਰ 'ਚ ਅੱਜ ਤਾਪਮਾਨ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਤੇ ਜਦੋਂ ਤੁਸੀਂ ਇਹਨੂੰ ਅਮਰੀਕਾ ਲੈ ਜਾਂਦੇ ਹੋ ਜਿੱਥੇ ਤਾਪਮਾਨ ਜ਼ੀਰੋ ਡਿਗਰੀ ਵੀ ਹੋ ਸਕਦਾ ਹੈ, ਤਦ ਵੀ ਇਹ ਠੀਕ ਤਰ੍ਹਾਂ ਕੰਮ ਕਰੇਗਾ ਤੇ ਜੇ ਤੁਸੀਂ ਇਸ ਨੂੰ ਗਰਮ ਦੇਸ਼ਾਂ ਵਿੱਚ ਲੈ ਜਾਓ - ਉਦਾਹਰਨ ਲਈ ਪੱਛਮੀ ਏਸ਼ੀਆਈ ਦੇਸ਼ਾਂ ਵਿੱਚ, ਤਦ ਵੀ ਇਹ ਠੀਕ ਕੰਮ ਕਰੇਗਾ। ਦਰਅਸਲ ਇਹ ਹਰ ਥਾਵੇਂ ਚੰਗੀ ਤਰ੍ਹਾਂ ਵੱਜਦਾ ਹੈ। ਇਸੇ ਦੁਰਲੱਭ ਗੁਣਵੱਤਾ ਦੇ ਕਾਰਨ ਅਸੀਂ ਕਟਹਲ ਦੀ ਲੱਕੜ ਦੀ ਵਰਤੋਂ ਕਰਦੇ ਹਾਂ।
"ਤੁਸੀਂ ਅੰਬ ਦੇ ਰੁੱਖ ਦੀ ਵਰਤੋਂ ਕਰਕੇ ਇਸ ਨੂੰ ਨਹੀਂ ਬਣਾ ਸਕਦੇ। ਗਰਮੀਆਂ ਵਿੱਚ ਅੰਬ ਦੇ ਰੁੱਖ ਤੋਂ ਬਣੇ ਦਰਵਾਜ਼ੇ ਆਸਾਨੀ ਨਾਲ਼ ਬੰਦ ਕੀਤੇ ਜਾ ਸਕਦੇ ਹਨ। ਪਰ ਬਰਸਾਤ ਦੇ ਮੌਸਮ ਦੌਰਾਨ, ਇਸ ਨੂੰ ਜ਼ੋਰ ਲਾ ਕੇ ਧੱਕਣਾ ਪੈਂਦਾ ਹੈ।ਇਸ ਤੋਂ ਇਲਾਵਾ, ਤੁਸੀਂ ਕਿੰਨੀ ਵੀ ਬਰੀਕੀ ਨਾਲ਼ ਬਣਾ ਲਓ, ਤੁਸੀਂ ਸੁੰਦਰਤਾ ਨਹੀਂ ਲਿਆ ਸਕਦੇ ਜੋ ਤੁਹਾਨੂੰ ਜੈਕਫਰੂਟ ਵੀਣਾ ਦੀ ਲੱਕੜ ਤੋਂ ਮਿਲ਼ਦੀ ਹੈ,'' ਨਾਰਾਇਣਨ ਦੱਸਦੇ ਹਨ। ਕਟਹਲ ਦੇ ਰੁੱਖ ਦੀ ਲੱਕੜ ਵਿੱਚ ਅਜਿਹੇ ਛੇਕ ਹੁੰਦੇ ਹਨ ਜੋ ਵਾਲਾਂ ਨਾਲ਼ੋਂ ਵੀ ਮਹੀਨ ਹੁੰਦੇ ਹਨ। ''ਇਹ ਰੁੱਖ ਨੂੰ ਸਾਹ ਲੈਣ ਵਿੱਚ ਮਦਦ ਕਰਦੇ ਹਨ।''
ਜੈਕਫਰੂਟ ਵਿਆਪਕ ਤੌਰ 'ਤੇ ਉਗਾਇਆ ਜਾਂਦਾ ਹੈ। "ਪਰ ਜਿੱਥੋਂ ਤੱਕ ਮੈਂ ਜਾਣਦਾ ਹਾਂ, ਕੁਝ ਇਲਾਕਿਆਂ ਵਿੱਚ ਬਹੁਤ ਸਾਰੇ ਰੁੱਖ ਕੱਟ ਦਿੱਤੇ ਗਏ ਹਨ ਜਿਵੇਂ ਪੱਟੂਕੋਟਾਈ [ਤੰਜਾਵੁਰ ਜ਼ਿਲ੍ਹਾ] ਅਤੇ ਗੰਧਰਵਕੋਟਾਈ [ਪੁਡੂਕੋਟਾਈ ਜ਼ਿਲ੍ਹਾ] ਦੇ ਆਲ਼ੇ-ਦੁਆਲ਼ੇ। ਕਟਾਈ ਦੇ ਮੁਕਾਬਲੇ ਨਵੇਂ ਰੁੱਖ ਵੀ ਘੱਟ ਹੀ ਬੀਜੇ ਗਏ ਹਨ। ਬਾਗਾਂ ਦੇ ਮਾਲਕਾਂ ਨੇ ਆਪਣੀ ਜ਼ਮੀਨ ਰਿਹਾਇਸ਼ੀ ਪਲਾਟਾਂ ਵਜੋਂ ਵੇਚ ਦਿੱਤੀ ਹੈ ਅਤੇ ਪੈਸੇ ਬੈਂਕ ਵਿੱਚ ਰੱਖੇ ਹਨ। ਹੁਣ ਕੋਈ ਰੁੱਖ ਨਹੀਂ ਹਨ, ਇੱਕ ਛੋਟੀ ਜਿਹੀ ਛਾਂ ਵੀ ਨਹੀਂ ਹੈ," ਨਾਰਾਇਣਨ ਕਹਿੰਦੇ ਹਨ, ''ਸੰਗੀਤ ਦੀ ਤਾਂ ਛੱਡੋ, ਛਾਂ ਵਾਸਤੇ ਕਿਤੇ ਕੋਈ ਰੁੱਖ ਨਹੀਂ ਬਚਿਆ। ਮੇਰੀ ਗਲੀ ਵੱਲ ਦੇਖੋ ਸਿਰਫ਼ ਮੇਰੇ ਘਰ ਦੇ ਸਾਹਮਣੇ ਹੀ ਰੁੱਖ ਹੈ ... ਬਾਕੀ ਸਭ ਕੁਝ ਕੱਟ ਦਿੱਤਾ ਗਿਆ ਹੈ!"
ਕਟਹਲ ਦੀ ਨਵੀਂ ਲੱਕੜ ਪੀਲੇ ਰੰਗ ਦੀ ਹੁੰਦੀ ਹੈ। ਜਿਵੇਂ-ਜਿਵੇਂ ਦਿਨ ਲੰਘਦੇ ਹਨ ਅਤੇ ਇਹ ਸੁੱਕਦੀ ਜਾਂਦੀ ਹੈ, ਇਹਦਾ ਰੰਗ ਲਾਲ ਹੋ ਜਾਂਦਾ ਹੈ ਅਤੇ ਪੁਰਾਣੇ ਰੁੱਖ ਦੀ ਧੁਨੀ-ਤਰੰਗ ਸ਼ਾਨਦਾਰ ਨਿਕਲ਼ਦੀ ਹੈ। ਇਸੇ ਲਈ ਨਾਰਾਇਣਨ ਕਹਿੰਦੇ ਹਨ ਕਿ ਇਹੀ ਕਾਰਨ ਹੈ ਕਿ ਪੁਰਾਣੀਆਂ ਵੀਣਈ ਦੀ ਵਿਸ਼ੇਸ਼ ਮੰਗ ਹੈ। "ਆਮ ਤੌਰ 'ਤੇ, ਵੀਣਈ ਦੇ ਮਾਲਕ ਆਪਣੀ ਪੁਰਾਣੀ ਵੀਣਾ ਨੂੰ ਦੁਬਾਰਾ-ਦੁਬਾਰਾ ਮੁਰੰਮਤ ਕਰਾਉਂਦੇ ਰਹਿੰਦੇ ਹਨ ਅਤੇ ਇਸੇ ਨੂੰ ਆਪਣੇ ਕੋਲ਼ ਰੱਖਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਪੁਰਾਣੀਆਂ ਵੀਣਾ ਵਿਕਰੀ ਲਈ ਉਪਲਬਧ ਨਹੀਂ ਹੁੰਦੀਆਂ," ਉਹ ਹੱਸਦੇ ਹੋਏ ਕਹਿੰਦੇ ਹਨ। "ਉਹ ਆਮ ਤੌਰ 'ਤੇ ਆਪਣੇ ਪਰਿਵਾਰ ਦੇ ਬਾਹਰ ਕਿਸੇ ਨੂੰ ਵੀਣਈ ਦੇਣਾ ਵੀ ਨਹੀਂ ਚਾਹੁੰਦੇ।''
ਨਾਰਾਇਣਨ ਆਪਣੇ ਦੁਆਰਾ ਬਣਾਈਆਂ ਵੀਨਾਂ ਨੂੰ ਕੁਝ ਆਧੁਨਿਕ ਛੂਹ ਵੀ ਦਿੰਦੇ ਹਨ। "ਅਸੀਂ ਉਨ੍ਹਾਂ ਨੂੰ ਗਿਟਾਰ ਕੁੰਜੀ ਵਜੋਂ ਵਰਤਦੇ ਹਾਂ ਤਾਂ ਜੋ ਵੀਣਾ ਦੀਆਂ ਤਾਰਾਂ ਨੂੰ ਟਿਊਨ ਕਰਨਾ ਆਸਾਨ ਬਣਾਇਆ ਜਾ ਸਕੇ। ਪਰ ਉਹ ਵੀਣਾ ਸਿਖਾਉਣ ਵਿੱਚ ਆਈਆਂ ਤਬਦੀਲੀਆਂ ਨੂੰ ਲੈ ਕੇ ਨਿਰਾਸ਼ ਹਨ। ਉਹ ਅਜਿਹੇ ਤਰੀਕਿਆਂ ਨੂੰ ਸ਼ਾਰਟਕੱਟ ਕਹਿੰਦੇ ਹਨ (ਅਧਿਆਪਕ ਵਿਦਿਆਰਥੀਆਂ ਨੂੰ ਵੀਣਾ ਕਿਵੇਂ ਪਿਚ ਕਰਨਾ ਸਿਖਾਉਂਦੇ ਹਨ)। ਉਹ ਵੀਣਾ ਨੂੰ ਸੁਣਦੇ ਹਨ ਅਤੇ ਇਸ ਨੂੰ ਸਮਝਾਉਂਦੇ ਹਨ। ਜੈਕਫਰੂਟ ਅਤੇ ਧਾਤੂ ਦੀ ਤਾਰ ਨੇ ਇੱਕ ਸੁਰੀਲੀ ਸੁਰ ਛੇੜੀ ਅਤੇ ਇਹ ਧੁਨ ਸਾਡੀ ਗੱਲਬਾਤ ਲਈ ਪਿਛੋਕੜ ਸੰਗੀਤ ਦਾ ਕੰਮ ਕਰਨ ਲੱਗਦਾ ਹੈ।
ਕਈ ਹੋਰ ਨਿਰਮਾਤਾਵਾਂ ਵਾਂਗ, ਨਾਰਾਇਣਨ ਵੀ ਆਪਣੇ ਬਣਾਏ ਸਾਜ਼ ਨੂੰ ਵਜਾ ਸਕਦੇ ਹਨ।
"ਮੈਂ ਥੋੜ੍ਹਾ ਜਿਹਾ ਹੀ ਸਿੱਖਿਆ ਹੈ," ਉਹ ਨਿਮਰਤਾ ਨਾਲ਼ ਵੀਣਾ ਦੀ ਤਾਰ ਖਿੱਚਦੇ ਅਤੇ ਫਿਰ ਕੱਸਦੇ ਹੋਏ ਕਹਿੰਦੇ ਹਨ। "ਮੈਂ ਬੱਸ ਇੰਨਾ ਜਾਣਨ ਲਈ ਸਿੱਖਿਆ ਹੈ ਕਿ ਗਾਹਕ ਕੀ ਚਾਹੁੰਦੇ ਹਨ।''
ਉਨ੍ਹਾਂ ਦੀ ਗੋਦ ਵਿੱਚ ਇਕੱਲੀ ਵੀਣਾ ਪਈ ਸੀ ਜਿਹਨੂੰ ਲੱਕੜ ਦੇ ਇੱਕ ਟੁਕੜੇ ਤੋਂ ਬਣਾਇਆ ਗਿਆ ਹੈ। ਉਨ੍ਹਾਂ ਨੇ ਇਸ ਨੂੰ ਨਾਜ਼ੁਕ ਤਰੀਕੇ ਨਾਲ਼ ਚੁੱਕ ਲਿਆ ਜਿਵੇਂ ਕੋਈ ਮਾਂ ਸੌਂ ਰਹੇ ਬੱਚੇ ਨੂੰ ਚੁੱਕ ਰਹੀ ਹੋਵੇ। "ਇੱਕ ਸਮਾਂ ਸੀ ਜਦੋਂ ਅਸੀਂ ਸਜਾਵਟ ਲਈ ਹਿਰਨ ਦੇ ਸਿੰਗਾਂ ਦੀ ਵਰਤੋਂ ਕਰਦੇ ਸੀ। ਹੁਣ ਇਸ ਦੀ ਥਾਂ ਬੰਬੇ ਤੋਂ ਮੰਗਵਾਏ ਪਲਾਸਟਿਕ ਦੇ ਹਾਥੀ ਦੰਦ ਲਾਉਂਦੇ ਹਾਂ...''
ਇੱਕ ਵਿਅਕਤੀ ਨੂੰ ਪੂਰੀ ਵੀਣਾ ਬਣਾਉਣ ਵਿੱਚ 24 ਦਿਨ ਲੱਗਦੇ ਹਨ। "ਇਸ ਲਈ ਅਸੀਂ ਅੱਡ-ਅੱਡ ਲੋਕਾਂ ਤੋਂ ਅੱਡ-ਅੱਡ ਕੰਮ ਕਰਾਉਂਦੇ ਹਾਂ ਤੇ ਫਿਰ ਅਸੀਂ ਇਸ ਨੂੰ ਤੇਜ਼ੀ ਨਾਲ਼ ਜੋੜ ਦਿੰਦੇ ਹਾਂ। ਇਸ ਤਰ੍ਹਾਂ ਅਸੀਂ ਹਰ ਮਹੀਨੇ ਦੋ ਜਾਂ ਤਿੰਨ ਵੀਣਾ ਬਣਾ ਸਕਦੇ ਹਾਂ। ਇੱਕ ਵੀਣਾ ਦੀ ਕੀਮਤ 25,000 ਰੁਪਏ ਤੋਂ 75,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ।''
ਹੋਰ ਕਾਰੀਗਰਾਂ ਵਾਂਗ, ਨਾਰਾਇਣਨ ਵੀ ਪਨਰੂਤੀ ਤੋਂ ਆਪਣੇ ਲਈ ਲੱਕੜ ਮੰਗਵਾਉਂਦੇ ਹਨ। ਉਹ ਕਹਿੰਦੇ ਹਨ, "ਜਾਂ ਤਾਂ ਅਸੀਂ ਉੱਥੇ ਲੱਕੜ ਖਰੀਦਣ ਜਾਂਦੇ ਹਾਂ ਜਾਂ ਵਿਕਰੇਤਾ ਸਾਨੂੰ ਇੱਥੇ ਦਿੰਦੇ ਹਨ। ਲਗਭਗ 40 ਤੋਂ 50 ਸਾਲ ਦੀ ਉਮਰ ਦਾ ਰੁੱਖ ਸਾਡੇ ਲਈ ਸਭ ਤੋਂ ਢੁਕਵਾਂ ਹੈ। ਉਹ ਪੂਰੀ ਤਰ੍ਹਾਂ ਪਰਿਪੱਕ ਹੋ ਜਾਂਦਾ ਹੈ। ਵਪਾਰੀ ਸਾਨੂੰ 10 ਫੁੱਟ ਲੰਬਾ ਰੁੱਖ ਲਗਭਗ 20,000 ਰੁਪਏ ਵਿੱਚ ਵੇਚਦੇ ਹਨ, ਜਿਸ ਨਾਲ਼ ਅਸੀਂ ਇੱਕ ਇਕਾਂਤ ਵੀਣਾ ਬਣਾ ਸਕਦੇ ਹਾਂ। ਹਾਲਾਂਕਿ, ਕੁਝ ਸੌਦੇਬਾਜ਼ੀ ਲਈ ਜਗ੍ਹਾ ਵੀ ਰਹਿੰਦੀ ਹੀ ਹੈ। ਲੱਕੜ ਖਰੀਦਣ ਤੋਂ ਬਾਅਦ, ਅਸੀਂ ਇਸ ਨੂੰ ਸ਼ਿਵਗੰਗਾਈ ਪੁੰਗਾ ਵਿਖੇ ਆਕਾਰ ਅਤੇ ਆਕ੍ਰਿਤੀ ਮੁਤਾਬਕ ਢਲਵਾਉਂਦੇ ਹਾਂ," ਨਾਰਾਇਣਨ ਕਹਿੰਦੇ ਹਨ। "ਕਈ ਵਾਰ ਸੂਖਮ ਤਰੇੜਾਂ ਰਾਹੀਂ, ਪਾਣੀ ਰੁੱਖ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਸਾਰੀ ਲੱਕੜ ਨੂੰ ਨਸ਼ਟ ਕਰ ਦਿੰਦਾ ਹੈ। ਸਾਨੂੰ ਇਸ ਬਾਰੇ ਰੁੱਖਾਂ ਦੇ ਕੱਟਣ ਤੋਂ ਬਾਅਦ ਹੀ ਪਤਾ ਲੱਗਦਾ ਹੈ!"
ਨਾਰਾਇਣਨ ਦੇ ਅਨੁਮਾਨਾਂ ਅਨੁਸਾਰ, ਤੰਜਾਵੁਰ ਵਿੱਚ ਲਗਭਗ ਦਸ ਵੀਣਾ ਨਿਰਮਾਤਾ ਹਨ ਜਿਨ੍ਹਾਂ ਦਾ ਇਹ ਕੁੱਲਵਕਤੀ ਪੇਸ਼ਾ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਰੀਗਰ ਹਨ ਜੋ ਇਸ ਕੰਮ ਨੂੰ ਪਾਰਟ-ਟਾਈਮ ਕਰਦੇ ਹਨ। ਸਾਰੇ ਕਾਰੀਗਰ ਮਿਲ ਕੇ ਇੱਕ ਮਹੀਨੇ ਵਿੱਚ ਲਗਭਗ30 ਵੀਣਾ ਬਣਾਉਂਦੇ ਹਨ। ਜਦੋਂ ਲੱਕੜ ਦਾ ਇੱਕ ਲੌਗ ਤੰਜਾਵੁਰ ਪਹੁੰਚਦਾ ਹੈ, ਤਾਂ ਇਸ ਨੂੰ ਇੱਕ ਸਾਜ਼ ਬਣਨ ਵਿੱਚ ਲਗਭਗ 30 ਦਿਨ ਲੱਗਦੇ ਹਨ। ਨਾਰਾਇਣਨ ਕਹਿੰਦੇ ਹਨ, "ਨਿਸ਼ਚਤ ਤੌਰ 'ਤੇ ਇਨ੍ਹਾਂ ਸਾਜ਼ਾਂ ਦੀ ਚੰਗੀ ਮੰਗ ਹੈ।''
"ਚਿੱਟੀਬਾਬੂ ਅਤੇ ਸ਼ਿਵਾਨੰਦਮ ਵਰਗੇ ਕਈ ਵੱਡੇ ਕਲਾਕਾਰਾਂ ਨੇ ਮੇਰੇ ਪਿਤਾ ਤੋਂ ਸੰਗੀਤ ਦੇ ਸਾਜ਼ ਖਰੀਦੇ। ਸਿਖਲਾਈ ਪ੍ਰਾਪਤ ਕਲਾਕਾਰਾਂ ਦਾ ਇੱਕ ਨਵਾਂ ਬੈਚ ਵੀ ਇਸ ਵਿੱਚ ਡੂੰਘੀ ਦਿਲਚਸਪੀ ਲੈ ਰਿਹਾ ਹੈ। ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਚੇਨਈ ਵਿੱਚ ਸੰਗੀਤ ਦੀਆਂ ਦੁਕਾਨਾਂ ਤੋਂ ਆਪਣਾ ਸਾਮਾਨ ਖਰੀਦਦੇ ਹਨ। ਕੁਝ ਲੋਕ ਸਿੱਧੇ ਤੌਰ 'ਤੇ ਵੀ ਆਉਂਦੇ ਹਨ ਅਤੇ ਕਿਸੇ ਖਾਸ ਡਿਜ਼ਾਈਨ ਜਾਂ ਵਿਸ਼ੇਸ਼ਤਾ ਵਾਲੇ ਯੰਤਰਾਂ ਦੀ ਮੰਗ ਕਰਦੇ ਹਨ।
ਉਹ ਚਾਹੁੰਦੇ ਹਨ ਕਿ ਕਾਰੋਬਾਰ ਅੱਗੇ ਵਧੇ। "ਮੈਂ ਇਹ ਕੰਮ 45 ਸਾਲਾਂ ਤੱਕ ਕੀਤਾ। ਮੇਰੇ ਦੋਵੇਂ ਪੁੱਤਰ ਇਸ ਕਾਰੋਬਾਰ ਵਿੱਚ ਨਹੀਂ ਆਉਣਾ ਚਾਹੁੰਦੇ। ਉਹ ਪੜ੍ਹੇ-ਲਿਖੇ ਹਨ ਅਤੇ ਨੌਕਰੀਆਂ ਕਰਦੇ ਹਨ। ਪਤਾ ਹੈ ਕਿਉਂ?" ਉਹ ਪਹਿਲਾਂ ਨਿਰਾਸ਼ ਹੁੰਦੇ ਤੇ ਫਿਰ ਥੋੜ੍ਹਾ ਜਿਹਾ ਹੱਸਦੇ ਹਨ। "ਮੇਰੇ ਘਰ ਵਿੱਚ ਕੰਮ ਕਰਨ ਵਾਲਾ ਇਹ ਮਿਸਤਰੀ ਇੱਕ ਦਿਨ ਵਿੱਚ 1,200 ਰੁਪਏ ਕਮਾਉਂਦਾ ਹੈ, ਅਤੇ ਮੈਂ ਦਿਨ ਵਿੱਚ ਦੋ ਵਾਰ ਇਸ ਲਈ ਦੋ ਵੜਾ ਅਤੇ ਇੱਕ ਕੱਪ ਚਾਹ ਦਾ ਆਰਡਰ ਦਿੰਦਾ ਹਾਂ। ਪਰ ਸਾਡੀ ਸਾਰੀ ਮਿਹਨਤ ਦੇ ਬਾਅਦ ਵੀ, ਸਾਨੂੰ ਸਿਰਫ਼ ਅੱਧਾ ਪੈਸਾ ਮਿਲਦਾ ਹੈ। ਸਾਨੂੰ ਆਰਾਮ ਨਹੀਂ ਮਿਲਦਾ, ਸਾਡੇ ਕੰਮ ਦੇ ਘੰਟੇ ਨਿਸ਼ਚਿਤ ਨਹੀਂ ਹੁੰਦੇ। ਇਹ ਚੰਗਾ ਕੰਮ ਹੈ, ਪਰ ਸਿਰਫ ਵਿਚੋਲੇ ਹੀ ਇਸ ਤੋਂ ਚੰਗਾ ਪੈਸਾ ਕਮਾ ਰਹੇ ਹਨ। ਮੈਂ 10X10 ਫੁੱਟੀ ਵਰਕਸ਼ਾਪ ਵਿੱਚ ਕੰਮ ਕਰਦਾ ਹਾਂ। ਤੁਸੀਂ ਆਪ ਦੇਖਿਆ ਹੈ ਨਾ? ਸਭ ਕੁਝ ਹੱਥ ਨਾਲ਼ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਵੀ ਸਾਨੂੰ ਵਪਾਰਕ ਦਰ 'ਤੇ ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨਾ ਪੈਂਦਾ ਹੈ। ਅਸੀਂ ਅਧਿਕਾਰੀਆਂ ਨੂੰ ਯਕੀਨ ਦਿਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਕਿ ਇਹ ਇੱਕ ਕੁਟੀਰ ਉਦਯੋਗ ਹੈ - ਪਰ ਅਸੀਂ ਉਨ੍ਹਾਂ ਨੂੰ ਕੋਈ ਮੰਗ ਪੱਤਰ ਨਹੀਂ ਦੇ ਸਕੇ ਹਾਂ ਜਿਸ ਨਾਲ਼ ਕੋਈ ਹੱਲ ਨਿਕਲ਼ ਸਕਦਾ ਹੁੰਦਾ...''
ਨਾਰਾਇਣਨ ਨੇ ਲੰਬਾ ਸਾਹ ਲਿਆ। ਆਪਣੇ ਘਰ ਦੇ ਪਿੱਛੇ ਵਰਕਸ਼ਾਪ ਵਿੱਚ, ਇੱਕ ਬੁੱਢਾ ਕਾਰੀਗਰ ਕੁਡਮ ਨੂੰ ਰਗੜਣ ਅਤੇ ਮੁਲਾਇਮ ਬਣਾਉਣ ਵਿੱਚ ਲੱਗਾ ਹੋਇਆ ਹੈ। ਇੱਕ ਛੈਣੀ, ਇੱਕ ਡਰਿੱਲ ਅਤੇ ਇੱਕ ਬਲੇਡ ਦੀ ਮਦਦ ਨਾਲ, ਉਹ ਕਟਹਲ ਦੀ ਲੱਕੜ ਨੂੰ ਸੰਗੀਤ ਨਾਲ ਭਰ ਰਿਹਾ ਹੈ ...
ਇਹ ਖ਼ੋਜ ਅਧਿਐਨ ਨੂੰ ਬੰਗਲੁਰੂ ਦੇ ਅਜ਼ੀਮ ਪ੍ਰੇਮ ਜੀ ਯੂਨੀਵਰਸਿਟੀ ਦੀ ਗ੍ਰਾਂਟ ਪ੍ਰੋਗਰਾਮ 2020 ਤਹਿਤ ਮਦਦ ਹਾਸਲ ਹੋਈ ਹੈ।
ਪੰਜਾਬੀ ਤਰਜਮਾ: ਕਮਲਜੀਤ ਕੌਰ