''ਘਰ ਵਿੱਚ ਸਾਂਭ ਕੇ ਰੱਖੀ ਕਪਾਹ ਦਾ ਰੰਗ ਉੱਡਦਾ ਜਾ ਰਿਹਾ ਹੈ ਤੇ ਇਹਦਾ ਭਾਰ ਵੀ ਘੱਟਦਾ ਜਾਂਦਾ ਹੈ। ਕਪਾਹ ਦਾ ਰੰਗ ਜਿੰਨਾ ਜ਼ਿਆਦਾ ਫਿੱਕਾ ਹੁੰਦਾ ਜਾਂਦਾ ਹੈ, ਵਪਾਰੀ ਦਾ ਭਾਅ ਵੀ ਘੱਟਦਾ ਜਾਂਦਾ ਹੈ,'' ਚਿੰਤਾ ਵਿੱਚ ਡੁੱਬੇ ਸੰਦੀਪ ਯਾਦਵ ਕਹਿੰਦੇ ਹਨ। ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੀ ਗੋਗਾਵਾਂ ਤਹਿਸੀਲ ਦੇ ਕਿਸਾਨ ਸੰਦੀਪ ਸਾਲ 2022 ਦੇ ਅਕਤੂਬਰ ਮਹੀਨੇ ਵਿੱਚ ਕਪਾਹ ਦੀ ਚੁਗਾਈ ਤੋਂ ਬਾਅਦ ਤੋਂ ਹੀ ਉਹਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੀ ਉਡੀਕ ਕਰ ਰਹੇ ਸਨ।
ਖਰਗੋਨ ਜ਼ਿਲ੍ਹੇ ਦੀ 2.15 ਲੱਖ ਹੈਕਟੇਅਰ ਭੋਇੰ 'ਤੇ ਕਪਾਹ ਦੀ ਖੇਤੀ ਹੁੰਦੀ ਹੈ ਅਤੇ ਇਹ ਮੱਧ ਪ੍ਰਦੇਸ਼ ਦੇ ਸਭ ਤੋਂ ਵੱਧ ਕਪਾਹ ਉਗਾਊ ਜ਼ਿਲ੍ਹਿਆਂ ਵਿੱਚੋਂ ਹੈ। ਇੱਥੇ ਹਰ ਸਾਲ ਮਈ ਵਿੱਚ ਕਪਾਹ ਦੀ ਬਿਜਾਈ ਸ਼ੁਰੂ ਹੁੰਦੀ ਹੈ, ਜੋ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਚੱਲਦੀ ਹੈ। ਇਸ ਤੋਂ ਬਾਅਦ, ਅਕਤੂਬਰ ਤੋਂ ਲੈ ਕੇ ਦਸੰਬਰ ਦੇ ਦੂਸਰੇ ਹਫ਼ਤੇ ਤੱਕ ਕਪਾਹ ਚੁਗੀ ਜਾਂਦੀ ਹੈ। ਖਰਗੋਨ ਦੀ ਕਪਾਹ ਮੰਡੀ ਵਿੱਚ ਰੋਜ਼ਾਨਾ 6 ਕਰੋੜ ਰੁਪਏ ਦੀ ਕਪਾਹ ਖਰੀਦੀ ਜਾਂਦੀ ਹੈ ਤੇ ਇਹ ਖਰੀਦ ਆਮ ਤੌਰ 'ਤੇ ਅਕਤੂਬਰ ਵਿੱਚ ਸ਼ੁਰੂ ਹੁੰਦੀ ਹੈ ਤੇ ਅਗਲੇ ਸਾਲ ਮਈ ਤੱਕ ਜਾਰੀ ਰਹਿੰਦੀ ਹੈ। ਸੰਦੀਪ ਵੀ ਮੱਧ ਪ੍ਰਦੇਸ਼ ਦੇ ਬਹਰਾਮਪੁਰਾ ਪਿੰਡ ਵਿੱਚ ਆਪਣੇ 18 ਏਕੜ ਦੇ ਖੇਤ ਵਿੱਚੋਂ 10 ਏਕੜ 'ਤੇ ਕਪਾਹ ਦੀ ਖੇਤੀ ਕਰਦੇ ਹਨ।
ਅਕਤੂਬਰ 2022 ਦੀ ਚੁਗਾਈ ਤੋਂ ਬਾਅਦ ਸੰਦੀਪ ਦੇ ਘਰ ਵਿੱਚ ਕਰੀਬ 30 ਕਵਿੰਟਲ ਕਪਾਹ ਰੱਖੀ ਹੋਈ ਹੈ। ਉਨ੍ਹਾਂ ਦੇ ਖੇਤ ਹਾਲੀਆ ਸੀਜ਼ਨ ਵਿੱਚ ਪਹਿਲੀ ਵਾਰ ਕਪਾਹ ਦੀ ਚੁਗਾਈ ਹੋਈ ਸੀ। ਤਦ ਉਨ੍ਹਾਂ ਦਾ ਅਨੁਮਾਨ ਸੀ ਕਿ ਦੂਸਰੀ ਵਾਰ ਦੀ ਚੁਗਾਈ ਵਿੱਚ ਵੀ ਕਪਾਹ ਦੀ ਕਰੀਬ ਕਰੀਬ ਓਨੀ ਹੀ ਪੈਦਾਵਾਰ ਹੱਥ ਲੱਗੇਗੀ- ਜੋ ਬਾਅਦ ਵਿੱਚ 26 ਕਵਿੰਟਲ ਹੀ ਨਿਕਲ਼ੀ।
ਹਾਲਾਂਕਿ ਉਹ ਚਾਹ ਕੇ ਵੀ ਆਪਣੀ 30 ਕਵਿੰਟਲ ਦੀ ਪੈਦਾਵਾਰ ਨੂੰ ਵੇਚਣ ਲਈ ਖਰਗੋਨ ਦੀ ਕਪਾਹ ਮੰਡੀ ਨਹੀਂ ਲਿਜਾ ਸਕਦੇ ਸਨ, ਕਿਉਂਕਿ ਮੱਧ ਪ੍ਰਦੇਸ਼ ਦੀਆਂ ਸਾਰੀਆਂ ਕਪਾਹ ਮੰਡੀਆਂ 11 ਅਕਤੂਬਰ 2022 ਤੋਂ ਹੀ ਵਪਾਰੀਆਂ ਦੀ ਚੱਲਦੀ ਹੜਤਾਲ਼ ਕਾਰਨ ਬੰਦ ਪਈਆਂ ਸਨ। ਉਨ੍ਹਾਂ ਦੀ ਹੜਤਾਲ਼ ਮੰਡੀ ਟੈਕਸ ਨੂੰ ਘੱਟ ਕਰਨ ਨੂੰ ਲੈ ਕੇ ਸੀ। ਉਨ੍ਹਾਂ ਤੋਂ ਹਰ 100 ਰੁਪਏ ਦੀ ਖਰੀਦ ਮਗਰ 1.7 ਰੁਪਏ ਟੈਕਸ ਵਸੂਲਿਆ ਜਾਂਦਾ ਹੈ, ਜੋ ਦੇਸ ਦੇ ਬਹੁਤੇਰੇ ਰਾਜਾਂ ਦੇ ਮੁਕਾਬਲਾ ਕਾਫ਼ੀ ਜ਼ਿਆਦਾ ਹੈ। ਇਹਨੂੰ ਘੱਟ ਕਰਵਾਉਣ ਲਈ ਸ਼ੁਰੂ ਹੋਈ ਕਪਾਹ ਵਪਾਰੀਆਂ ਦੀ ਹੜਤਾਲ਼ ਅੱਠ ਦਿਨਾਂ ਤੱਕ ਚੱਲਦੀ ਰਹੀ।
ਹੜਤਾਲ਼ ਸ਼ੁਰੂ ਹੋਣ ਦੇ ਪਹਿਲੇ ਹੀ ਦਿਨ, ਭਾਵ 10 ਅਕਤੂਬਰ ਨੂੰ ਖਰਗੋਨ ਦੀ ਕਪਾਹ ਮੰਡੀ ਵਿੱਚ 8,740 ਰੁਪਏ ਪ੍ਰਤੀ ਕਵਿੰਟਲ ਦੇ ਹਿਸਾਬ ਨਾਲ਼ ਕਪਾਹ ਵਿਕ ਰਹੀ ਸੀ। ਹੜਤਾਲ਼ ਮੁੱਕਣ ਤੋਂ ਬਾਅਦ, ਕਪਾਹ ਦੀ ਕੀਮਤ 890 ਰੁਪਏ ਡਿੱਗ ਗਈ ਤੇ 7,850 ਰੁਪਏ ਪ੍ਰਤੀ ਕਵਿੰਟਲ 'ਤੇ ਜਾ ਅੱਪੜੀ। ਜਦੋਂ 19 ਅਕਤੂਬਰ ਨੂੰ ਮੰਡੀਆਂ ਦੋਬਾਰਾ ਖੁੱਲ੍ਹੀਆਂ ਤਾਂ ਸੰਦੀਪ ਯਾਦਵ ਨੇ ਕੀਮਤਾਂ ਡਿੱਗਣ ਕਾਰਨ ਆਪਣੀ ਉਪਜ ਨਾ ਵੇਚੀ। ਅਕਤੂਬਰ 2022 ਨੂੰ ਪਾਰੀ ਨਾਲ਼ ਹੋਈ ਗੱਲਬਾਤ ਵਿੱਚ ਕਰੀਬ 34 ਸਾਲ ਦੇ ਇਸ ਕਿਸਾਨ ਨੇ ਦੱਸਿਆ,''ਜੇ ਮੈਂ ਹੁਣੇ ਮਾਲ਼ ਵੇਚ ਦਿਆਂ ਤਾਂ ਮੇਰੇ ਹੱਥ ਕੁਝ ਵੀ ਨਹੀਂ ਲੱਗਣਾ।''








