ਸ਼ਬੀਰ ਹੁਸੈਨ ਭੱਟ ਯਾਦ ਕਰਦੇ ਹਨ,"ਜਦੋਂ ਮੈਂ ਹੰਗੁਲ ਨੂੰ ਪਹਿਲੀ ਵਾਰ ਦੇਖਿਆ, ਤਾਂ ਮੈਂ ਕੀਲੀਆ ਗਿਆ ਤੇ ਉੱਥੇ ਹੀ ਅਹਿੱਲ ਰਹਿ ਗਿਆ ਤੇ ਇੱਕ ਪੈਰ ਵੀ ਨਾ ਪੁੱਟ ਸਕਿਆ। ਬਾਅਦ ਵਿੱਚ ਉਹ ਇਸ ਦੀ ਇੱਕ ਹੋਰ ਝਲਕ ਪਾਉਣ ਲਈ ਵਾਰ-ਵਾਰ ਉੱਥੇ ਜਾਂਦੇ ਰਹੇ। ਕਸ਼ਮੀਰ ਦਾ ਮੂਲ਼ ਨਿਵਾਸੀ, ਇਹ ਹਿਰਨ (ਸਰਵਸ ਇਲਾਫਸ ਹੰਗਲੂ) ਇਸ ਸਮੇਂ ਗੰਭੀਰ ਰੂਪ ਨਾਲ ਖ਼ਤਰੇ ਵਿੱਚ ਹੈ।
ਹੁਣ, ਲਗਭਗ 20 ਸਾਲ ਬਾਅਦ ਵੀ 141 ਵਰਗ ਕਿਲੋਮੀਟਰ ਦੇ ਇਸ ਪਾਰਕ ਵਿੱਚ ਵੱਸੇ ਜਾਨਵਰਾਂ, ਪੰਛੀਆਂ, ਰੁੱਖਾਂ ਅਤੇ ਫੁੱਲਾਂ ਪ੍ਰਤੀ ਉਨ੍ਹਾਂ ਦਾ ਮੋਹ ਜ਼ਰਾ ਵੀ ਘੱਟ ਨਹੀਂ ਹੋਇਆ, ਸ਼ਬੀਰ ਕਹਿੰਦੇ ਹਨ। "ਇਹ ਹੰਗੁਲ ਅਤੇ ਹਿਮਾਲਿਆ ਦੇ ਕਾਲ਼ੇ ਭਾਲੂ ਸਨ ਜਿਨ੍ਹਾਂ ਨੇ ਮੇਰੇ ਅੰਦਰ ਇਹ ਜਜ਼ਬਾ ਪੈਦਾ ਕੀਤਾ।''
ਇਸ ਜਗ੍ਹਾ ਨੂੰ ਉਹ ਪਿਆਰ ਨਾਲ਼ 'ਦਸ਼ੀਗਾਮ ਵਿਸ਼ਵਕੋਸ਼' ਕਹਿੰਦੇ ਹਨ। "ਮੈਂ ਹੁਣ ਤੱਕ ਪੌਦਿਆਂ ਦੀਆਂ 400 ਕਿਸਮਾਂ, ਪੰਛੀਆਂ ਦੀਆਂ 200 ਤੋਂ ਵੱਧ ਅਤੇ ਖੇਤਰ ਦੇ ਲਗਭਗ ਸਾਰੇ ਜਾਨਵਰਾਂ ਦੀਆਂ ਕਿਸਮਾਂ ਦੀ ਪਛਾਣ ਕਰ ਚੁੱਕਿਆ ਹਾਂ," ਉਹ ਕਹਿੰਦੇ ਹਨ। ਇਸ ਅਸਥਾਨ ਵਿੱਚ ਪਾਏ ਜਾਣ ਵਾਲ਼ੇ ਹੋਰ ਜੰਗਲੀ ਜਾਨਵਰ ਹਨ: ਕਸਤੂਰੀ ਹਿਰਨ, ਹਿਮਾਲਿਆਈ ਭੂਰੇ ਭਾਲੂ, ਬਰਫੀਲੇ ਚੀਤੇ ਅਤੇ ਗੋਲਡਨ ਈਗਲ।
















