ਮਾਜੁਲੀ ਵਿੱਚ ਇੱਕ ਮਖੌਟਾ ਬਣਾਉਣ ਲਈ ਗੋਬਰ, ਮਿੱਟੀ ਅਤੇ ਬਾਂਸ ਦੀ ਵਰਤੋਂ ਕੀਤੀ ਜਾਂਦੀ ਹੈ। ਬ੍ਰਹਮਪੁੱਤਰ ਦੇ ਇਸ ਟਾਪੂ ’ਤੇ ਮਿਲਦੀ ਇਹ ਕਲਾ ਕਾਰੀਗਰਾਂ ਦੀਆਂ ਪੀੜ੍ਹੀਆਂ ਤੋਂ ਚਲਦੀ ਆ ਰਹੀ ਹੈ। “ਮਖੌਟੇ ਸਾਡੀ ਸੰਸਕ੍ਰਿਤੀ ਦਾ ਇੱਕ ਅਨਿੱਖੜਵਾਂ ਅੰਗ ਹਨ ਅਤੇ ਅਸੀਂ ਉਹਨਾਂ ਆਖ਼ਰੀ ਪਰਿਵਾਰਾਂ ਵਿੱਚੋ ਹਾਂ ਜੋ ਅਜੇ ਤੱਕ ਇਸ ਕਲਾ ਦਾ ਅਭਿਆਸ ਕਰ ਰਹੇ ਹਾਂ,” ਕਾਰੀਗਰ ਗੋਸਵਾਮੀ ਕਹਿੰਦੇ ਹਨ। ਇੱਥੇ ਬਣਾਏ ਜਾਣ ਵਾਲੇ ਦੋਵੇਂ ਤਰ੍ਹਾਂ ਦੇ ਮਖੌਟੇ, ਸਾਧਾਰਨ ਅਤੇ ਵਿਸਤ੍ਰਿਤ, ਬ੍ਰਹਮਪੁੱਤਰ ਦੇ ਇਸ ਟਾਪੂ ’ਤੇ ਮਨਾਏ ਜਾਣ ਵਾਲੇ ਸਲਾਨਾ ਨਾਟਕ ਪ੍ਰਦਰਸ਼ਨਾਂ ਦੌਰਾਨ ਅਤੇ ਦੇਸ਼ ਭਰ ਵਿੱਚ ਹੋਣ ਵਾਲੇ ਹੋਰ ਤਿਉਹਾਰਾਂ ਲਈ ਵੀ ਪਹਿਨੇ ਜਾਂਦੇ ਹਨ।
“ਮੈਂ ਆਪਣੀ ਪਰਿਵਾਰਕ ਪਰੰਪਰਾ ਨੂੰ ਅੱਗੇ ਚਲਦੇ ਰੱਖਣ ਵਿੱਚ ਕਾਮਯਾਬ ਹੋਇਆ ਹਾਂ,” 25 ਸਾਲਾ ਅਨੁਪਮ ਕਹਿੰਦੇ ਹਨ। ਪੀੜ੍ਹੀਆਂ ਤੋਂ ਉਹਨਾਂ ਦਾ ਪਰਿਵਾਰ ਇਹ ਕੰਮ ਕਰਦਾ ਆ ਰਿਹਾ ਹੈ ਅਤੇ ਨੌ ਜੀਆਂ ਦੇ ਉਹਨਾਂ ਦੇ ਪਰਿਵਾਰ ਦਾ ਹਰ ਮੈਂਬਰ ਇਸ ਕਲਾ ਨਾਲ ਜੁੜਿਆ ਹੋਇਆ ਹੈ।
“ਦੁਨੀਆਭਰ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਮਾਜੁਲੀ ਘੁੰਮਣ ਆਉਂਦੇ ਹਨ ਅਤੇ ਯਾਦਗਾਰ ਵੱਜੋਂ ਮਖੌਟੇ ਖਰੀਦ ਲੈਂਦੇ ਹਨ,” ਦਿਰੇਨ ਗੋਸਵਾਮੀ ਦੱਸਦੇ ਹਨ। ਉਹ ਅਨੁਪਮ ਦੇ 44 ਸਾਲਾ ਚਾਚਾ ਜੀ ਹਨ ਜੋ ਪਰਿਵਾਰ ਦੀ ਆਪਣੀ ਦੁਕਾਨ ’ਤੇ ਵੱਖੋ- ਵੱਖ ਅਕਾਰ ਦੇ ਮਖੌਟੇ ਵੇਚਦੇ ਹਨ। ਇੱਕ ਆਮ ਮਖੌਟੇ ਦੀ ਕੀਮਤ 300 ਤੋਂ ਸ਼ੁਰੂ ਹੁੰਦੀ ਹੈ, ਪਰ ਵਿਸ਼ੇਸ਼ ਪਸੰਦ ਨਾਲ ਤਿਆਰ ਕਰਵਾਏ ਮਖੌਟਿਆਂ ਦੀ ਕੀਮਤ 10,000 ਰੁਪਏ ਤੱਕ ਜਾ ਸਕਦੀ ਹੈ।
ਮਾਜੁਲੀ ਭਾਰਤ ਦਾ ਸਭ ਤੋਂ ਵੱਡਾ ਨਦੀ ਟਾਪੂ ਹੈ ਅਤੇ 2011 ਦੀ ਜਨਗਣਨਾ ਅਨੁਸਾਰ ਇਸਨੂੰ ‘ਅਸਾਮੀ ਵੈਸ਼ਨਵ ਧਰਮ ਅਤੇ ਸੰਸਕ੍ਰਿਤੀ ਦਾ ਮੁੱਖ ਕੇਂਦਰ ਮੰਨਿਆ ਗਿਆ ਹੈ, ਜਿੱਥੇ 60 ਸਤਰਾਂ ਭਾਵ ਵੈਸ਼ਨਵ ਮੱਠ ਹਨ।’












