ਚੰਗੀ ਤਰ੍ਹਾਂ ਬੁਣੀ ਕਮਲਕੋਸ਼ ਚਟਾਈ ਨੂੰ ਵਿਰਲੀ-ਟਾਂਵੀਂ ਅੱਖ ਹੀ ਪਛਾਣ ਸਕਦੀ।
ਇਹਨੂੰ ਬੁਣਨ ਵਾਲ਼ੇ ਵੀ ਵਿਰਲੇ-ਟਾਂਵੇਂ ਹੀ ਬਚੇ ਹਨ।
ਪੱਛਮੀ ਬੰਗਾਲ ਦੇ ਬਿਹਾਰ ਜ਼ਿਲ੍ਹੇ ਵਿੱਚ ਬਣੇ ਇਹ ਵਿਸਤ੍ਰਿਤ ਬਾਂਸ ਚਟਾਈ ਸਟਾਰਚ ਬਾਂਸ ਦੀ ਵਰਤੋਂ ਕਰਕੇ ਬੁਣੇ ਗਏ ਹਨ। ਇਨ੍ਹਾਂ ਚਟਾਈਆਂ ਦੀਆਂ ਸਭਿਆਚਾਰਕ ਵਿਸ਼ੇਸ਼ਤਾਵਾਂ ਇਨ੍ਹਾਂ ਨੂੰ ਹੋਰ ਚਟਾਈਆਂ ਨਾਲ਼ੋਂ ਵੱਖਰਾ ਬਣਾਉਂਦੀਆਂ ਹਨ।
"ਰਵਾਇਤੀ ਕਮਲਕੋਸ਼ ਨੂੰ ਕੋਲਾ ਗੌਚ [ਕੇਲੇ ਦੇ ਪੌਦਾ], ਮਯੂਰ [ਮੋਰ], ਮੰਗਲ ਘਾਟ [ਕਲਸ਼ ਵਿਚਲੇ ਨਾਰੀਅਲ], ਸਵਾਸਤਿਕ (ਤੰਦਰੁਸਤੀ ਦਾ ਪ੍ਰਤੀਕ) ਵਰਗੇ ਸ਼ੁਭ ਤੱਤਾਂ ਨਾਲ਼ ਸਜਾਇਆ ਜਾਂਦਾ ਹੈ," ਪ੍ਰਭਾਤੀ ਧਰ ਕਹਿੰਦੀ ਹਨ।
ਪ੍ਰਭਾਤੀ ਉਨ੍ਹਾਂ ਮੁੱਠੀ ਭਰ ਕਮਲਕੋਸ਼ ਬੁਣਕਰਾਂ ਵਿੱਚੋਂ ਇੱਕ ਹਨ ਜੋ ਇਨ੍ਹਾਂ ਨੂੰ ਬੁਣ ਕੇ ਚਟਾਈ ਬਣਾ ਸਕਦੇ ਹਨ। ਪ੍ਰਭਾਤੀ ਨੇ 10 ਸਾਲ ਦੀ ਉਮਰ ਤੋਂ ਹੀ ਬੁਣਨਾ ਸ਼ੁਰੂ ਕਰ ਦਿੱਤਾ ਸੀ। "ਇਸ ਪਿੰਡ [ਘੇਗਿਰਘਾਟ ਪਿੰਡ] ਵਿੱਚ ਹਰ ਕੋਈ ਛੋਟੀ ਉਮਰ ਤੋਂ ਹੀ ਚਟਾਈ ਬੁਣਨਾ ਸ਼ੁਰੂ ਕਰ ਦਿੰਦਾ ਹੈ," 36 ਸਾਲਾ ਧਰ ਕਹਿੰਦੀ ਹਨ। "ਮੇਰੀ ਮਾਂ ਪੂਰਾ-ਸੂਰਾ ਕਮਲਕੋਸ਼ ਤਾਂ ਨਹੀਂ ਸੀ ਬੁਣ ਪਾਉਂਦੀ, ਪਰ ਪਿਤਾ ਜੀ ਨੂੰ ਡਿਜ਼ਾਈਨ ਦੀ ਚੰਗੀ ਸਮਝ ਸੀ ਅਤੇ ਉਹ ਚੰਗੀ ਤਰ੍ਹਾਂ ਸਮਝਾਇਆ ਕਰਦੇ ਕਿ 'ਇਸ ਡਿਜ਼ਾਈਨ ਨੂੰ ਇੰਝ ਬੁਣਨ ਦੀ ਕੋਸ਼ਿਸ਼ ਕਰੋ'। ਹਾਲਾਂਕਿ ਉਹ ਖ਼ੁਦ ਬੁਣ ਨਹੀਂ ਸਨ ਸਕਦੇ। ਪ੍ਰਭਾਤੀ ਦਾ ਮੰਨਣਾ ਹੈ ਕਿ ਪਿਤਾ ਦੇ ਇੰਝ ਖੋਲ੍ਹ ਕੇ ਸਮਝਾਉਣ ਦੇ ਤਰੀਕੇ ਤੋਂ ਉਨ੍ਹਾਂ ਨੂੰ ਸਿੱਖਣ ਵਿੱਚ ਬਹੁਤ ਮਦਦ ਮਿਲ਼ੀ।
ਅਸੀਂ ਘੇਗਿਰਘਾਟ ਵਿਖੇ ਸਥਿਤ ਪ੍ਰਭਾਤੀ ਦੇ ਘਰ ਦੇ ਬਰਾਂਡੇ 'ਤੇ ਬੈਠੇ ਹਾਂ। ਇੱਥੇ ਲੋਕ ਆਮ ਤੌਰ 'ਤੇ ਆਪਣੇ ਕੰਮ ਲਈ ਇੱਕ ਬੰਦ ਵਿਹੜੇ ਦੀ ਚੋਣ ਕਰਦੇ ਹਨ। ਪ੍ਰਭਾਤੀ ਦਾ ਪਰਿਵਾਰ ਉਨ੍ਹਾਂ ਦੇ ਦੁਆਲ਼ੇ ਬੈਠਾ ਹੋਇਆ ਹੈ ਤੇ ਬੁਣਾਈ ਨਾਲ਼ ਜੁੜੇ ਵੱਖ-ਵੱਖ ਕੰਮਾਂ ਵਿੱਚ ਪ੍ਰਭਾਤੀ ਦੀ ਮਦਦ ਕਰ ਰਿਹਾ ਹੈ। ਬੇਂਤ ਦੀਆਂ ਕਾਤਰਾਂ ਨਾਲ਼ ਇੰਝ ਵੰਨ-ਸੁਵੰਨੇ ਨਮੂਨੇ ਪਾਉਣ ਦਾ ਹੁਨਰ ਸਿਰਫ਼ ਤੇ ਸਿਰਫ਼ ਉਨ੍ਹਾਂ ਕੋਲ਼ ਹੀ ਹੈ। "ਇਹਦੀ ਬੁਣਾਈ ਦਾ ਤਰੀਕਾ ਸਾਡੇ ਅਵਚੇਨਤ ਮਨ ਵਿੱਚ ਆਦਤ ਬਣ ਸ਼ੁਮਾਰ ਹੋ ਜਾਂਦਾ ਹੈ," ਉਹ ਆਪਣੀ ਡਿਜ਼ਾਈਨ ਪ੍ਰਕਿਰਿਆ ਬਾਰੇ ਕਹਿੰਦੀ ਹਨ।


























