ਕਰਨਾਟਕ ਦੇ ਤਟੀ ਇਲਾਕਿਆਂ ਵਿੱਚ ਹੋਣ ਵਾਲ਼ੇ ਕਈ ਸੱਭਿਆਚਾਰਕ ਸਮਾਰੋਹਾਂ ਵਿੱਚ, ਤੁਲੁਨਾਡੂ ਦੇ ਗਰਨਾਲ ਸਾਈਬੇਰ ਜਾਂ ਪਟਾਕਾ ਕਾਰੀਗਰਾਂ ਦੀ ਬੇਹੱਦ ਮੰਗ ਹੈ। ਭੂਤ ਕੋਲਾ, ਤਿਓਹਾਰਾਂ, ਵਿਆਹਾਂ ਜਨਮਦਿਨ ਦੇ ਸਮਾਰੋਹਾਂ, ਗ੍ਰਹਿ-ਪ੍ਰਵੇਸ਼ ਤੇ ਇੱਥੋਂ ਤੱਕ ਕਿ ਅੰਤਮ-ਕਿਰਿਆਵਾਂ ਮੌਕੇ ਵੀ ਉਨ੍ਹਾਂ ਦੀ ਸ਼ਮੂਲੀਅਤ ਦੀ ਉਮੀਦ ਕੀਤੀ ਜਾਂਦੀ ਹੈ।
ਗਰਨਾਲ ਇੱਕ ਪਟਾਕਾ ਹੁੰਦਾ ਹੈ ਤੇ ਸਾਈਬੇਰ ਸ਼ਬਦ ਮੁਸਲਮਾਨ ਲਈ ਇਸਤੇਮਾਲ ਹੁੰਦਾ ਹੈ।
ਮੁਲਕੀ ਕਸਬੇ ਦੇ ਗਰਨਾਲ ਸਾਈਬੇਰ ਆਮਿਰ ਹੁਸੈਨ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਇਹ ਹੁਨਰ ਸਿਖਾਇਆ ਸੀ ਤੇ ਉਨ੍ਹਾਂ ਦੇ ਪਰਿਵਾਰ ਵਿੱਚ ਇਹ ਪੇਸ਼ਾ ਪੀੜ੍ਹੀਆਂ ਤੋਂ ਚੱਲਦਾ ਆਇਆ ਹੈ।
ਕਰਨਾਟਕ ਦੇ ਮਣੀਪਾਲ ਅਕੈਡਮੀ ਆਫ਼ ਹਾਇਰ ਐਜੂਕੇਸ਼ਨ ਦੇ ਰਿਸਰਚ ਐਸੋਸੀਏਟ ਨਿਤੇਸ਼ ਅੰਚਨ ਕਹਿੰਦੇ ਹਨ,''ਪਟਾਕੇ ਉਛਾਲ਼ਣਾ ਤੇ ਸੰਭਾਲ਼ਣਾ ਖ਼ਤਰਨਾਕ ਕੰਮ ਹੈ, ਖ਼ਾਸ ਕਰਕੇ ਵੱਡੀ ਆਤਿਸ਼ਬਾਜ਼ੀ ਸੰਭਾਲ਼ਣੀ ਬਹੁਤੀ ਔਖੀ ਹੁੰਦੀ ਹੈ।''
ਉਡੁਪੀ ਜ਼ਿਲ੍ਹੇ ਦੇ ਆਤਰਾੜੀ ਪਿੰਡ ਦੇ ਇੱਕ ਨੌਜਵਾਨ ਮੁਸਤਾਕ ਆਤਰਾੜੀ, ਭੂਤ-ਪੂਜਾ ਵਿੱਚ ਗਰਨਾਲ ਬਣਾਉਂਦੇ ਤੇ ਸੁੱਟਦੇ ਹਨ। ਉਹ ਖ਼ਾਸ ਤੌਰ 'ਤੇ ਸਭ ਤੋਂ ਸ਼ਕਤੀਸ਼ਾਲੀ ਗਰਨਾਲ ਵਿੱਚੋਂ ਇੱਕ ਕਦੋਨੀ ਬਣਾਉਣ ਵਿੱਚ ਕੁਸ਼ਲ ਹਨ। ਉਹ ਕਹਿੰਦੇ ਹਨ,''ਕਦੋਨੀ ਕਈ ਤਰ੍ਹਾਂ ਦੇ ਕੈਮੀਕਲਸ ਤੋਂ ਬਣ ਕੇ ਤਿਆਰ ਹੋਣ ਵਾਲ਼ਾ ਪਟਾਸ ਪਾਊਡਰ ਹੈ। ਇਹਨੂੰ ਕਾਫ਼ੀ ਲੰਬੀ-ਚੌੜੀ ਪ੍ਰਕਿਰਿਆ ਨਾਲ਼ ਬਣਾਇਆ ਜਾਂਦਾ ਹੈ।'' ਕਿਹਾ ਜਾਂਦਾ ਹੈ ਕਿ ਕਦੋਨੀ ਦੇ ਫਟਣ ਨਾਲ਼ ਲਾਗਿਓਂ ਦੀ ਜ਼ਮੀਨ ਤੱਕ ਹਿੱਲ ਜਾਂਦੀ ਹੈ।
ਭੂਤ ਕੋਲਾ ਦੌਰਾਨ ਪਟਾਕਿਆਂ ਦੇ ਧਮਾਕੇ ਦੇਖਣ ਲਾਇਕ ਹੁੰਦੇ ਹਨ। ਤੁਲੁਨਾਡੂ ਵਿੱਚ ਸਦੀਆਂ ਤੋਂ ਭੂਤ ਪੂਜਾ ਹੁੰਦੀ ਆਈ ਹੈ। ਕੋਲਾ (ਪੇਸ਼ਕਾਰੀ) ਭੂਤ ਪਰੰਪਰਾ ਨਾਲ਼ ਜੁੜਿਆ ਰਿਵਾਜ਼ ਹੈ। ਭੂਤ ਕੋਲਾ ਮੌਕੇ ਨਾਦਸਵਰਮ, ਤਾਸੇ ਤੇ ਦੂਜੇ ਰਵਾਇਤੀ ਸਾਜਾਂ ਦੇ ਸੰਗੀਤ 'ਤੇ ਗਰਨਾਲ ਫਟਣ ਦੀਆਂ ਤੇਜ਼ ਅਵਾਜ਼ਾਂ ਰਲ਼ ਕੇ ਇੱਕ ਵੱਖਰਾ ਨਜ਼ਾਰਾ ਪੇਸ਼ ਕਰਦੀਆਂ ਹਨ। ਦੇਖੋ: ਤੁਲੁਨਾਡੂ ਦੇ ਭੂਤ: ਮੇਲ-ਮਿਲਾਪ ਦੀ ਗਵਾਹੀ ਭਰਦੇ ਹਨ
ਕੋਲਾ ਦੌਰਾਨ ਗਰਨਾਲ ਸਾਈਬੇਰ ਅੱਗ ਲੱਗੇ ਪਟਾਕਿਆਂ ਨੂੰ ਅਕਾਸ਼ ਵੱਲ ਉਛਾਲ਼ਦੇ ਹਨ। ਇਸ ਨਾਲ਼ ਇੱਕ ਜਾਦੂਈ ਤੇ ਵਿਸਫੋਟਕ ਨਜ਼ਾਰਾ ਦੇਖਣ ਨੂੰ ਮਿਲ਼ਦਾ ਹੈ।
ਪ੍ਰੋਫ਼ੈਸਰ ਪ੍ਰਵੀਣ ਸ਼ੈਟੀ ਦੱਸਦੇ ਹਨ ਕਿ ਭੂਤ ਪੂਜਾ ਕਾਫ਼ੀ ਸਾਰੇ ਭਾਈਚਾਰਿਆਂ ਨੂੰ ਇਕੱਠਿਆਂ ਲਿਆਉਂਦੀ ਹੈ। ''ਅੱਜ ਤੁਲੁਨਾਡੂ ਵਿੱਚ ਹਿੰਦੂ ਭਾਈਚਾਰਿਆਂ ਹਿੱਸੇ ਆਈਆਂ ਭੂਤ ਪ੍ਰਥਾਵਾਂ ਵਿੱਚ ਤੈਅ ਨਿਯਮਾਂ ਤੇ ਕਾਰਜਾਂ ਦਾ ਪਾਲਣ ਹੁੰਦਾ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਸਮੇਂ ਦੇ ਨਾਲ਼-ਨਾਲ਼ ਭੂਤ ਪੂਜਾ ਦੌਰਾਨ ਮੁਸਲਿਮ ਭਾਈਚਾਰਾ ਵੀ ਪਟਾਕੇ ਸੁੱਟਣ ਜਾਂ ਕੋਲਾ ਲਈ ਸੰਗੀਤ ਵਜਾ ਕੇ ਇਨ੍ਹਾਂ ਪ੍ਰਥਾਵਾਂ ਵਿੱਚ ਸ਼ਾਮਲ ਹੋਣ ਲੱਗਿਆ।''
ਪ੍ਰੋਫ਼ੈਸਰ ਸ਼ੈਟੀ, ਉਡੁਪੀ ਵਿਖੇ ਸਥਿਤ ਮਣੀਪਾਲ ਅਕੈਡਮੀ ਆਫ਼ ਹਾਇਰ ਐਜੁਕੇਸ਼ਨ ਵਿੱਚ ਤੁਲੁ ਸੱਭਿਆਚਾਰ ਦੇ ਮਾਹਰ ਹਨ। ਉਹ ਕਹਿੰਦੇ ਹਨ,''ਪਟਾਕਿਆਂ ਦੇ ਆਗਮਨ ਨਾਲ਼ ਭੂਤ ਕੋਲਾ ਪੂਜਾ ਨੇ ਸ਼ਾਨਦਾਰ ਤੇ ਦਿਲਕਸ਼ ਪੇਸ਼ਕਾਰੀ ਦਾ ਉੱਚਾ ਮੁਕਾਮ ਹਾਸਲ ਕੀਤਾ ਹੈ।''
ਇਸ ਫ਼ਿਲਮ ਨੂੰ ਦੇਖੋ, ਜਿਸ ਵਿੱਚ ਆਮਿਰ ਤੇ ਮੁਸ਼ਤਾਕ ਆਤਿਸ਼ਬਾਜ਼ੀ ਦੇ ਆਪਣੇ ਚਕਾਚੌਂਧ ਕਰਨ ਵਾਲ਼ੇ ਪ੍ਰਦਰਸ਼ਨਾਂ ਰਾਹੀਂ ਅਕਾਸ਼ ਨੂੰ ਰੁਸ਼ਨਾਉਂਦੇ ਹਨ ਤੇ ਸਦੀਆਂ ਪੁਰਾਣੀ ਸਾਂਝੀ ਵਿਰਾਸਤ ਦੀ ਪਰੰਪਰਾ ਨੂੰ ਅੱਗੇ ਤੋਰਦੇ ਹਨ।
ਇਹ ਸਟੋਰੀ ਮ੍ਰਿਣਾਲਿਨੀ ਮੁਖਰਜੀ ਫ਼ਾਊਂਡੇਸ਼ਨ (ਐੱਮਐੱਮਐੱਫ਼) ਵੱਲੋਂ ਮਿਲ਼ੀ ਫ਼ੈਲੋਸ਼ਿਪ ਤਹਿਤ ਲਿਖੀ ਗਈ ਹੈ।
ਕਵਰ ਡਿਜਾਇਨ: ਸਿਧਿਤਾ ਸੋਨਾਵਣੇ
ਤਰਜਮਾ: ਕਮਲਜੀਤ ਕੌਰ