ਕੁਝ ਕਿਹਾ ਤਾਂ ਹਨ੍ਹੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ
ਸੁਰਜੀਤ ਪਾਤਰ (1945-2024) ਨੇ ਕਦੇ ਵੀ ਚੁੱਪ ਰਹਿਣਾ ਤੇ ਦੜ ਵੱਟਣੀ ਕਬੂਲ ਨਾ ਕੀਤੀ। ਜੇ ਉਨ੍ਹਾਂ ਦੇ ਜੀਵਨ ਵਿੱਚ ਕਦੇ ਖੜ੍ਹੋਤ ਆਉਣ ਵੀ ਲੱਗੀ ਤਾਂ ਹਿੱਕ ਅੰਦਰ ਜਿਵੇਂ ਮਰ ਰਿਹਾ ਕੋਈ ਗੀਤ ਸੁਪਨੇ ਬਣ ਡਰਾਉਣ ਲੱਗਿਆ। ਸੋ ਉਹ ਕਦੇ ਖੜ੍ਹਾ ਪਾਣੀ ਨਾ ਰਹੇ ਤੇ ਸਦਾ ਵਹਿੰਦੇ ਹੀ ਰਹੇ। ਉਨ੍ਹਾਂ ਦੀ ਕਲਮ 'ਚੋਂ ਨਿਕਲ਼ੇ ਹਰਫ਼ਾਂ ਨਾਲ਼ੋਂ ਵੀ ਕਿਤੇ ਵੱਧ ਤਿੱਖੀਆਂ ਉਨ੍ਹਾਂ ਦੀਆਂ ਸਰਗਰਮੀਆਂ (ਜਿਵੇਂ 2015 ਵਿੱਚ ਦੇਸ਼ ਅੰਦਰ ਵੱਧ ਰਹੇ ਫ਼ਿਰਕੂ ਤਣਾਅ ਵਿਰੁੱਧ ਸਰਕਾਰ ਕੋਲ਼ ਆਪਣਾ ਵਿਰੋਧ ਦਰਜ਼ ਕਰਵਾਉਂਦਿਆਂ ਆਪਣਾ ਪਦਮ ਸ਼੍ਰੀ ਵਾਪਸ ਕਰਨਾ) ਰਹੀਆਂ ਹਨ। ਉਨ੍ਹਾਂ ਦੀਆਂ ਕਵਿਤਾਵਾਂ ਨੇ ਨਾ ਸਿਰਫ਼ ਵੰਡ ਤੋਂ ਬਾਅਦ ਸੰਤਾਪ ਹੰਢਾਉਂਦੇ ਪੰਜਾਬ ਬਾਰੇ ਲਿਖਿਆ ਸਗੋਂ ਵੱਧ ਰਹੇ ਖਾੜਕੂਵਾਦ ਬਾਰੇ ਵੀ ਲਿਖਿਆ, ਪੂੰਜੀਵਾਦੀ ਵਪਾਰੀਕਰਨ ਤੋਂ ਲੈ ਕੇ ਕਿਸਾਨ ਅੰਦੋਲਨਾਂ ਤੱਕ ਪੰਜਾਬ ਦੀਆਂ ਸਮਕਾਲੀ ਅਤੇ ਤਲਖ਼ ਹਕੀਕਤਾਂ ਨੂੰ ਵੀ ਆਪਣੀਆਂ ਕਵਿਤਾਵਾਂ ਤੇ ਗੀਤਾਂ ਵਿੱਚ ਕੈਦ ਕੀਤਾ।
ਜਲੰਧਰ ਦੇ ਪਤੜ ਕਲਾਂ ਪੈਦਾ ਹੋਏ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਤੇ ਗ਼ਜ਼ਲਾਂ ਪੂਰੀ ਕਾਇਨਾਤ ਵਿੱਚ ਤੈਰਨ ਲੱਗੀਆਂ। ਉਨ੍ਹਾਂ ਨੇ ਨਾ ਸਿਰਫ਼ ਵਾਂਝੇ ਭਾਈਚਾਰਿਆਂ, ਪ੍ਰਵਾਸੀਆਂ, ਕਿਰਤੀਆਂ, ਕਿਸਾਨਾਂ ਤੇ ਬਾਲ-ਮਨਾਂ ਦੇ ਦਰਦ ਨੂੰ ਮਹਿਸੂਸ ਕੀਤਾ ਬਲਕਿ ਉਨ੍ਹਾਂ ਦੀਆਂ ਤਕਲੀਫ਼ਾਂ ਤੇ ਹੂਕਾਂ ਦੀ ਅਵਾਜ਼ ਵੀ ਬਣੇ।
ਕੇਂਦਰ ਸਰਕਾਰ ਵੱਲੋਂ ਥੋਪੇ ਤਿੰਨੋਂ ਖੇਤੀ ਕਨੂੰਨਾਂ ਖਿਲਾਫ਼ ਧਰਨਿਆਂ 'ਤੇ ਉੱਤਰੇ ਕਿਸਾਨ ਜਦੋਂ ਦਿੱਲੀ ਦੀਆਂ ਬਰੂਹਾਂ ਨੂੰ ਜਾ ਘੇਰਦੇ ਹਨ ਤਾਂ ਉਸ ਵੇਲ਼ੇ ਏਕਤਾ ਤੇ ਸਾਂਝੀਵਾਲ਼ਤਾ ਦੇ ਉਸ ਜਸ਼ਨ ਨੂੰ ਮਨਾਉਂਦਿਆਂ ਤੇ ਹਕੀਕਤ ਬਿਆਨ ਕਰਦਿਆਂ ਜਨਮ ਹੁੰਦਾ ਹੈ ਇੱਕ ਕਵਿਤਾ ਦਾ:


