ਜਦੋਂ 18 ਸਾਲਾ ਸੁਮਿਤ (ਬਦਲਿਆ ਹੋਇਆ ਨਾਮ) ਪਹਿਲੀ ਵਾਰ ਬ੍ਰੈਸਟ ਰੀਕੰਸਟ੍ਰਕਸ਼ਨ ਸਰਜਰੀ ਬਾਰੇ ਪੁੱਛਣ ਲਈ ਹਰਿਆਣਾ ਦੇ ਰੋਹਤਕ ਸ਼ਹਿਰ ਦੇ ਸਰਕਾਰੀ ਜ਼ਿਲ੍ਹਾ ਹਸਪਤਾਲ ਗਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਸੜੇ ਹੋਏ ਮਰੀਜ਼ ਵਜੋਂ ਦਾਖਲ ਕਰਨਾ ਪਵੇਗਾ।

ਇਹ ਹੈ ਤਾਂ ਝੂਠ ਸੀ ਪਰ ਭਾਰਤ ਵਿੱਚ ਟ੍ਰਾਂਸਜੈਂਡਰ ਭਾਈਚਾਰੇ ਨੂੰ ਬਹੁਤ ਸਾਰੀਆਂ ਡਾਕਟਰੀ-ਕਾਨੂੰਨੀ ਪੇਚੀਦਗੀਆਂ ਨਾਲ਼ ਜੁੜੀ ਲਾਲ-ਫ਼ੀਤਾਸ਼ਾਹੀ ਨੂੰ ਖ਼ਤਮ ਕਰਨ ਲਈ ਇਹਦਾ ਸਹਾਲਾ ਲੈਣਾ ਪਵੇਗਾ, ਜੇਕਰ ਉਹ ਉਸ ਸਰੀਰ ਨੂੰ, ਜਿਸਨੂੰ ਲੈ ਉਹ ਪੈਦਾ ਹੋਏ, ਇੱਕ ਅਜਿਹੇ ਸਰੀਰ ਵਿੱਚ ਪਰਿਵਰਤਨ ਕਰਨਾ ਚੁਣਦੇ ਹਨ, ਜਿਸ ਨਾਲ਼ ਉਹ ਥੋੜ੍ਹਾ ਸਹਿਜ ਮਹਿਸੂਸ ਕਰ ਸਕਣ। ਪਰ, ਫਿਰ ਵੀ ਇਸ ਝੂਠ ਨਾਲ਼ ਕੰਮ ਨਹੀਂ ਬਣਿਆ।

ਸੁਮਿਤ ਨੂੰ ਕਾਗ਼ਜ਼ੀ ਕਾਰਵਾਈ, ਬੇਅੰਤ ਮਨੋਵਿਗਿਆਨਕ ਮੁਲਾਂਕਣ, ਡਾਕਟਰੀ ਸਲਾਹ-ਮਸ਼ਵਰਾ, 1 ਲੱਖ ਰੁਪਏ ਦੇ ਖਰਚੇ ਸਮੇਤ ਕਰਜ਼ੇ, ਤਣਾਅਪੂਰਨ ਪਰਿਵਾਰਕ ਰਿਸ਼ਤੇ ਅਤੇ ਆਪਣੀ ਪੁਰਾਣੀ ਛਾਤੀ ਨੂੰ ਲੈ ਕੇ ਮਹਿਸੂਸ ਹੋਣ ਵਾਲ਼ੀ ਅਸਹਿਜਤਾ ਨਾਲ਼ 8 ਸਾਲ ਹੋਰ ਜੂਝਣਾ ਪਵੇਗਾ, ਜਦੋਂ ਤੱਕ ਕਿ ਅਖ਼ੀਰ ਵਿੱਚ ਹੁੰਦੀ  'ਟੌਪ ਸਰਜਰੀ' (ਜਿਵੇਂ ਕਿ ਇਸ ਨੂੰ ਬੋਲਚਾਲ ਦੀ ਭਾਸ਼ਾ ਵਿੱਚ ਕਿਹਾ ਜਾਂਦਾ ਹੈ) ਨਾ  ਕਰਵਾ ਲੈਣ। ਉਨ੍ਹਾਂ ਨੂੰ ਰੋਹਤਕ ਤੋਂ ਕਰੀਬ 100 ਕਿਲੋਮੀਟਰ ਦੂਰ ਹਿਸਾਰ ਦੇ ਇਕ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ।

ਡੇਢ ਸਾਲ ਬਾਅਦ ਵੀ, 26 ਸਾਲਾ ਸੁਮਿਤ ਤੁਰਦੇ ਵੇਲ਼ੇ ਮੋਢੇ ਝੁਕਾ ਕੇ ਤੁਰਦੇ ਹਨ; ਇਹ ਉਨ੍ਹਾਂ ਦੀ ਸਰਜਰੀ ਤੋਂ ਪਹਿਲਾਂ ਦੀ ਪਈ ਆਦਤ ਹੈ, ਜਦੋਂ ਉਨ੍ਹਾਂ ਦੀ ਛਾਤੀ, ਉਨ੍ਹਾਂ ਲਈ ਸ਼ਰਮ ਤੇ  ਬੇਚੈਨੀ ਦਾ ਸਬਬ ਸੀ।

ਇਸ ਬਾਰੇ ਕੋਈ ਤਾਜ਼ਾ ਜਨਗਣਨਾ ਉਪਲਬਧ ਨਹੀਂ ਹੈ ਕਿ ਭਾਰਤ ਵਿੱਚ ਸੁਮਿਤ ਵਰਗੇ ਕਿੰਨੇ ਲੋਕ ਹਨ, ਜਿਨ੍ਹਾਂ ਦੀ ਜਨਮ ਵੇਲ਼ੇ ਨਿਰਧਾਰਤ ਲਿੰਗ ਤੋਂ ਅੱਡ ਜੈਂਡਰ ਦੀ ਪਛਾਣ ਹੋਈ ਹੈ।  ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਹਿਯੋਗ ਨਾਲ਼ ਕੀਤੇ ਗਏ ਇੱਕ ਅਧਿਐਨ ਦੇ ਅਨੁਸਾਰ, 2017 ਵਿੱਚ ਭਾਰਤ ਵਿੱਚ ਟ੍ਰਾਂਸਜੈਂਡਰ ਵਿਅਕਤੀਆਂ ਦੀ ਗਿਣਤੀ 4.88 ਲੱਖ ਸੀ।

ਸਾਲ 2014 ਦੇ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਬਨਾਮ ਭਾਰਤੀ ਸੰਘ ਮਾਮਲੇ ਵਿੱਚ, ਸੁਪਰੀਮ ਕੋਰਟ ਨੇ "ਟ੍ਰਾਂਸਜੈਂਡਰ" ਅਤੇ ਉਨ੍ਹਾਂ ਦੀ ਪਛਾਣ ਨੂੰ "ਖ਼ੁਦ ਦੀ ਪਛਾਣ" ਨਾਲ਼ ਚੁਣਨ ਦੇ ਅਧਿਕਾਰ ਨੂੰ ਮਾਨਤਾ ਦਿੰਦਿਆਂ ਇਤਿਹਾਸਕ ਫ਼ੈਸਲਾ ਦਿੱਤਾ ਜਿਸ ਵਿੱਚ ਸਰਕਾਰਾਂ ਨੂੰ ਉਨ੍ਹਾਂ ਲਈ ਸਿਹਤ ਦੇਖਭਾਲ਼ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਪੰਜ ਸਾਲ ਬਾਅਦ, ਟ੍ਰਾਂਸਜੈਂਡਰ ਵਿਅਕਤੀ (ਅਧਿਕਾਰਾਂ ਦੀ ਸੁਰੱਖਿਆ) ਐਕਟ, 2019 ਨੇ ਜੈਂਡਰ-ਅਫਰਮਿੰਗ ਸਰਜਰੀ, ਹਾਰਮੋਨ ਥੈਰੇਪੀ ਤੇ ਮਾਨਸਿਕ ਸਿਹਤ ਸੇਵਾਵਾਂ ਜਿਹੀਆਂ ਵਿਆਪਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਰਕਾਰਾਂ ਦੀ ਭੂਮਿਕਾ 'ਤੇ ਮੁੜ ਤੋਂ ਜ਼ੋਰ ਦਿੱਤਾ।

PHOTO • Ekta Sonawane

ਹਰਿਆਣਾ ਦੇ ਰੋਹਤਕ ਜ਼ਿਲ੍ਹੇ ' ਚ ਪੈਦਾ ਹੋਏ ਸੁਮਿਤ ਨੂੰ ਜਨਮ ਸਮੇਂ ਔਰਤ ਦੱਸਿਆ ਗਿਆ ਸੀ। ਸੁਮਿਤ ਯਾਦ ਕਰਦੇ ਹਨ ਕਿ ਜਦੋਂ ਉਹ ਤਿੰਨ ਸਾਲ ਦੇ ਸਨ ਤਾਂ ਉਨ੍ਹਾਂ ਨੂੰ ਫ਼ਰਾਕ ਪਾਉਣ ਤੋਂ ਘਬਰਾਹਟ ਹੁੰਦੀ ਸੀ

ਇਨ੍ਹਾਂ ਕਨੂੰਨੀ ਤਬਦੀਲੀਆਂ ਤੋਂ ਪਹਿਲਾਂ ਦੇ ਸਾਲਾਂ ਵਿੱਚ, ਬਹੁਤ ਸਾਰੇ ਟ੍ਰਾਂਸ ਵਿਅਕਤੀਆਂ ਨੂੰ ਲਿੰਗ-ਸਬੰਧੀ ਸਰਜਰੀ (ਜਿਸ ਨੂੰ ਜੈਂਡਰ ਅਫਰਮਿੰਗ ਸਰਜਰੀ ਵੀ ਕਿਹਾ ਜਾਂਦਾ ਹੈ) ਤੋਂ ਗੁਜ਼ਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਸੀ, ਜਿਸ ਅੰਦਰ ਚਿਹਰੇ ਦੀ ਸਰਜਰੀ ਤੋਂ ਲੈ ਕੇ 'ਟੌਪ' ਜਾਂ 'ਬੌਟਮ' ਸਰਜਰੀਆਂ ਸ਼ਾਮਲ ਹੋ ਸਕਦੀਆਂ ਸਨ। ਇਨ੍ਹਾਂ ਅੰਦਰ ਛਾਤੀ ਤੇ ਜਣਨ-ਅੰਗਾਂ 'ਤੇ ਹੋਣ ਵਾਲ਼ੀਆਂ ਪ੍ਰਤਿਕਿਰਿਆਵਾਂ ਵੀ ਸ਼ਾਮਲ ਸਨ।

ਸੁਮਿਤ ਉਨ੍ਹਾਂ ਵਿੱਚੋਂ ਇੱਕ ਸਨ ਜੋ ਅੱਠ ਸਾਲ ਅਤੇ 2019 ਤੋਂ ਬਾਅਦ ਵੀ ਅਜਿਹੀ ਸਰਜਰੀ ਨਹੀਂ ਕਰਵਾ ਸਕੇ।

ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਇੱਕ ਦਲਿਤ ਪਰਿਵਾਰ ਵਿੱਚ ਇੱਕ ਔਰਤ ਵਜੋਂ ਜਨਮੇ ਸੁਮਿਤ ਦੇ ਤਿੰਨ ਭੈਣ-ਭਰਾ ਸਨ। ਆਪਣੇ ਛੋਟੇ ਭੈਣ-ਭਰਾਵਾਂ ਲਈ ਉਹ ਮਾਂ ਸਮਾਨ ਸਨ। ਸੁਮਿਤ ਦੇ ਪਿਤਾ, ਜੋ ਪਰਿਵਾਰ ਦੀ ਪਹਿਲੀ ਪੀੜ੍ਹੀ ਦੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਵਾਲ਼ੇ ਸਨ ਤੇ ਬਹੁਤਾ ਸਮਾਂ ਘਰੋਂ ਬਾਹਰ ਹੀ ਰਹਿੰਦੇ ਰਹੇ। ਉਨ੍ਹਾਂ ਦੇ ਮਾਪਿਆਂ ਵਿਚਾਲੇ ਤਣਾਓਪੂਰਣ ਰਿਸ਼ਤਾ ਸੀ। ਉਨ੍ਹਾਂ ਦੇ ਦਾਦਾ-ਦਾਦੀ ਦਿਹਾੜੀਦਾਰ ਖੇਤ-ਮਜ਼ਦੂਰ ਸਨ। ਸੁਮਿਤ ਦੀ ਉਮਰ ਬਹੁਤ ਛੋਟੀ ਸੀ ਜਦੋਂ ਉਨ੍ਹਾਂ ਦੀ ਮੌਤ ਹੋ ਗਈ। ਸੁਮਿਤ ਸਿਰ ਆਣ ਪਈਆਂ ਵੱਡੀਆਂ ਪਰਿਵਾਰਕ ਜ਼ਿੰਮੇਵਾਰੀਆਂ ਲੋਕਾਂ ਦੀ ਧਾਰਨਾ ਨਾਲ਼ ਮੇਲ ਖਾਂਦੀਆਂ ਸਨ ਕਿ ਘਰ ਦੀ ਸਭ ਤੋਂ ਵੱਡੀ ਧੀ ਆਪਣੇ ਫਰਜ਼ਾਂ ਨੂੰ ਪੂਰਾ ਕਰੇਗੀ। ਪਰ ਉਹ ਸੁਮਿਤ ਦੀ ਆਪਣੀ ਪਛਾਣ ਨਾਲ਼ ਮੇਲ ਨਾ ਖਾਂਦੀਆਂ। "ਇੱਕ ਆਦਮੀ ਵਜੋਂ, ਮੈਂ ਉਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ," ਉਹ ਕਹਿੰਦੇ ਹਨ।

ਸੁਮਿਤ ਨੂੰ ਯਾਦ ਹੈ ਕਿ ਜਦੋਂ ਉਹ ਤਿੰਨ ਸਾਲ ਦੇ ਸਨ, ਉਦੋਂ ਵੀ ਉਹ ਫ਼ਰਾਕ ਪਾਉਂਦਿਆਂ ਘਬਰਾਹਟ ਮਹਿਸੂਸ ਕਰਦੇ। ਸ਼ੁਕਰ ਹੈ ਕਿ ਹਰਿਆਣਾ ਦੇ ਖੇਡ-ਕੁੱਦ ਵਾਲ਼ੇ ਮਾਹੌਲ ਨੇ ਕੁਝ ਰਾਹਤ ਦਿੱਤੀ। ਕੁੜੀਆਂ ਲਈ ਨਿਊਟ੍ਰਲ/ਨਿਰਪੱਖ (ਜੋ ਕਿਸੇ ਵਿਸ਼ੇਸ਼ ਲਿੰਗ ਨੂੰ ਨਹੀਂ ਦਰਸਾਉਂਦਾ) ਅਤੇ ਇੱਥੋਂ ਤੱਕ ਕਿ ਮਰਦਾਨਾ, ਸਪੋਰਟ ਕੱਪੜੇ ਪਹਿਨਣਾ ਆਮ ਗੱਲ ਹੈ। ਸੁਮਿਤ ਕਹਿੰਦੇ ਹੋਏ ਇੱਕ ਗੱਲ ਹੋਰ ਜੋੜਦੇ ਹਨ ਅਜੇ ਵੀ ਕੁਝ ਘਾਟ ਰੜਕਦੀ ਜ਼ਰੂਰ ਸੀ, "ਵੱਡਾ ਹੋ ਕੇ, ਮੈਂ ਹਮੇਸ਼ਾਂ ਉਹੀ ਪਹਿਨਿਆ ਸੀ ਜੋ ਮੈਂ ਚਾਹਿਆ। ਇੱਥੋਂ ਤੱਕ ਕਿ ਮੇਰੀ ਟੌਪ ਸਰਜਰੀ ਤੋਂ ਪਹਿਲਾਂ ਵੀ, ਮੈਂ ਇੱਕ ਪੁਰਸ਼ ਵਾਂਗ ਹੀ ਜਿਊਂਦਾ ਰਿਹਾ।''

13 ਸਾਲ ਦੀ ਉਮਰੇ ਸੁਮਿਤ ਦੇ ਮਨ ਵਿੱਚ ਇਹ ਤੀਬਰ ਇੱਛਾ ਜਾਗਣ ਲੱਗੀ ਕਿ ਉਨ੍ਹਾਂ ਦਾ ਸਰੀਰ ਉਨ੍ਹਾਂ ਦੀਆਂ ਭਾਵਨਾਵਾਂ ਦੇ ਅਨੁਰੂਪ ਹੋਵੇ- ਭਾਵ, ਇੱਕ ਮੁੰਡੇ ਵਜੋਂ। "ਮੇਰਾ ਸਰੀਰ ਪਤਲਾ ਸੀ ਅਤੇ ਛਾਤੀਆਂ ਲਗਭਗ ਨਹੀਂ ਹੀ ਸਨ। ਪਰ ਨਫ਼ਰਤ ਮਹਿਸੂਸ ਕਰਨ ਲਈ ਕਾਫ਼ੀ ਸਨ।'' ਇਸ ਭਾਵਨਾ ਤੋਂ ਇਲਾਵਾ, ਸੁਮਿਤ ਕੋਲ਼ ਕੋਈ ਜਾਣਕਾਰੀ ਨਹੀਂ ਸੀ ਜੋ ਉਨ੍ਹਾਂ ਦੇ ਡਿਸਫੋਰੀਆ (ਇੱਕ ਬੇਚੈਨੀ ਜੋ ਇੱਕ ਵਿਅਕਤੀ ਇਸਲਈ ਮਹਿਸੂਸ ਕਰਦਾ ਹੈ ਕਿ ਉਨ੍ਹਾਂ ਦੀ ਜੈਂਡਰ ਪਛਾਣ, ਜਨਮ ਸਮੇਂ ਨਿਰਧਾਰਤ ਲਿੰਗਕ ਪਛਾਣ ਨਾਲ਼ ਮੇਲ਼ ਨਹੀਂ ਖਾਂਦੀ) ਦੀ ਵਿਆਖਿਆ ਕਰ ਸਕਦੀ।

ਇੱਕ ਦੋਸਤ ਮਦਦ ਲਈ ਅੱਗੇ ਆਈ।

ਉਸ ਸਮੇਂ ਸੁਮਿਤ ਆਪਣੇ ਪਰਿਵਾਰ ਨਾਲ਼ ਕਿਰਾਏ ਦੇ ਮਕਾਨ 'ਚ ਰਹਿੰਦੇ ਸਨ ਅਤੇ ਮਾਲਕ ਮਕਾਨ ਦੀ ਧੀ ਨਾਲ਼ ਦੋਸਤੀ ਹੋ ਗਈ ਸੀ। ਉਸ ਕੋਲ਼ ਇੰਟਰਨੈੱਟ ਦੀ ਪਹੁੰਚ ਸੀ ਅਤੇ ਉਸਨੇ ਸੁਮਿਤ ਨੂੰ 'ਛਾਤੀ ਦੀ ਸਰਜਰੀ' ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਜਿਸਦੀ ਉਹ ਚਾਹਤ ਕਰ ਰਹੇ ਸਨ। ਹੌਲ਼ੀ-ਹੌਲ਼ੀ ਸਕੂਲ ਦੇ ਹੋਰ ਟ੍ਰਾਂਸ ਮੁੰਡਿਆਂ ਨਾਲ਼ ਸੁਮਿਤ ਨੂੰ ਇੱਕ ਭਾਈਚਾਰਾ ਮਿਲ਼ਿਆ, ਜਿਨ੍ਹਾਂ ਨੇ ਕਈ ਪੱਧਰਾਂ 'ਤੇ ਡਿਸਫੋਰੀਆ ਮਹਿਸੂਸ ਕੀਤਾ ਸੀ। ਹਸਪਤਾਲ ਜਾਣ ਦੀ ਹਿੰਮਤ ਜੁਟਾਉਣ ਤੋਂ ਪਹਿਲਾਂ, ਇਸ ਗਭਰੇਟ ਨੇ ਅਗਲੇ ਕੁਝ ਸਾਲ ਆਨਲਾਈਨ ਅਤੇ ਦੋਸਤਾਂ ਤੋਂ ਜਾਣਕਾਰੀ ਇਕੱਠਾ ਕਰਨ ਵਿੱਚ ਬਿਤਾਏ।

18 ਸਾਲਾ ਸੁਮਿਤ ਨੇ 2014 'ਚ ਆਪਣੇ ਘਰ ਦੇ ਨੇੜੇ ਲੜਕੀਆਂ ਦੇ ਸਕੂਲ ਤੋਂ 12ਵੀਂ ਦੀ ਪੜ੍ਹਾਈ ਪੂਰੀ ਕੀਤੀ। ਇੱਕ ਵਾਰ, ਜਦੋਂ ਉਨ੍ਹਾਂ ਦੇ ਪਿਤਾ ਕੰਮ 'ਤੇ ਸਨ ਤੇ ਮਾਂ ਘਰ 'ਤੇ ਨਹੀਂ ਸੀ ਤੇ ਜਦੋਂ ਉਨ੍ਹਾਂ ਨੂੰ ਰੋਕਣ ਵਾਲ਼ਾ, ਸਵਾਲ ਕਰਨ ਜਾਂ ਉਨ੍ਹਾਂ ਦਾ ਸਮਰਥਨ ਕਰਨ ਵਾਲ਼ਾ ਕੋਈ ਨਹੀਂ ਸੀ ਤਾਂ ਉਹ ਇਕੱਲੇ ਰੋਹਤਕ ਜ਼ਿਲ੍ਹਾ ਹਸਪਤਾਲ ਚਲੇ ਗਏ ਅਤੇ ਝਿਜਕਦਿਆਂ ਛਾਤੀ ਹਟਾਉਣ ਦੀ ਪ੍ਰਕਿਰਿਆ ਬਾਰੇ ਪੁੱਛ-ਪੜਤਾਲ਼ ਕੀਤੀ।

PHOTO • Ekta Sonawane

ਟ੍ਰਾਂਸ ਮਰਦਾਂ ਲਈ ਵਿਕਲਪ ਵਿਸ਼ੇਸ਼ ਤੌਰ ' ਤੇ ਸੀਮਤ ਹਨ। ਉਨ੍ਹਾਂ ਦੇ ਮਾਮਲੇ ਵਿੱਚ , ਸੈਕਸ ਰਿਅਸਾਇਨਮੈਂਟ ਸਰਜਰੀ ਲਈ ਜਨਾਨਾ ਰੋਗ ਮਾਹਰ , ਮੂਤਰ-ਰੋਗ ਮਾਹਰ ਅਤੇ ਇੱਕ ਰਿਕੰਸਟ੍ਰਕਟਿਵ ਪਲਾਸਟਿਕ ਸਰਜਨ ਸਮੇਤ ਬਹੁਤ ਹੁਨਰਮੰਦ ਪੇਸ਼ੇਵਰਾਂ ਦੀ ਲੋੜ ਹੁੰਦੀ ਹੈ

ਉਨ੍ਹਾਂ ਨੂੰ ਮਿਲ਼ੀਆਂ ਪ੍ਰਤਿਕਿਰਿਆਵਾਂ ਤੋਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ।

ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਹ ਸੜੇ ਹੋਏ ਮਰੀਜ਼ ਵਜੋਂ ਬ੍ਰੈਸਟ-ਰਿਕੰਸਟ੍ਰਕਸ਼ਨ ਸਰਜਰੀ ਕਰਵਾ ਸਕਦੇ ਹਨ। ਜਿਨ੍ਹਾਂ ਪ੍ਰਕਿਰਿਆਵਾਂ ਲਈ ਪਲਾਸਟਿਕ ਸਰਜਰੀ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਦੇ ਬਰਨਜ਼ ਵਿਭਾਗ ਰਾਹੀਂ ਕੀਤਾ ਜਾਣਾ ਅਸਧਾਰਨ ਨਹੀਂ ਹੈ। ਇਸ ਵਿੱਚ ਸੜਕ ਹਾਦਸਿਆਂ ਦੇ ਮਾਮਲੇ ਵੀ ਸ਼ਾਮਲ ਹਨ। ਪਰ ਸੁਮਿਤ ਨੂੰ ਸਪੱਸ਼ਟ ਤੌਰ 'ਤੇ ਲਿਖਤੀ ਰੂਪ ਵਿੱਚ ਝੂਠ ਬੋਲਣ ਅਤੇ ਸੜਨ ਵਾਲ਼ੇ ਮਰੀਜ਼ ਵਜੋਂ ਰਜਿਸਟਰ ਕਰਨ ਲਈ ਕਿਹਾ ਗਿਆ ਸੀ, ਪਰ ਇਸ ਵਿੱਚ ਉਸ ਸਰਜਰੀ ਦਾ ਕੋਈ ਜ਼ਿਕਰ ਨਹੀਂ ਸੀ ਜੋ ਉਹ ਅਸਲ ਵਿੱਚ ਕਰਾਉਣਾ ਚਾਹੁੰਦੇ ਸਨ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦੇਣਾ ਪਵੇਗਾ- ਹਾਲਾਂਕਿ ਸਰਕਾਰੀ ਹਸਪਤਾਲਾਂ ਵਿੱਚ ਛਾਤੀ ਦੇ ਪੁਨਰ ਨਿਰਮਾਣ ਸਰਜਰੀ ਜਾਂ ਸੜਨ ਸਬੰਧਤ ਕਿਸੇ ਵੀ ਸਰਜਰੀ ਲਈ ਅਜਿਹੀ ਛੋਟ ਦਾ ਕੋਈ ਨਿਯਮ ਨਹੀਂ ਹੈ।

ਸੁਮਿਤ ਲਈ ਇਹੀ ਕਾਰਨ ਅਤੇ ਉਮੀਦ ਕਾਫ਼ੀ ਸੀ ਕਿ ਉਹ ਅਗਲੇ ਡੇਢ ਸਾਲ ਤੱਕ ਹਸਪਤਾਲ ਆਉਂਦੇ-ਜਾਂਦੇ ਰਹਿਣ। ਇਸ ਪ੍ਰਕਿਰਿਆ ਦੌਰਾਨ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹਦੀ ਇੱਕ ਅੱਡ ਹੀ ਤਰ੍ਹਾਂ ਦੀ ਕੀਮਤ ਸੀ- ਜੋ ਸੀ ਮਾਨਸਿਕ ਯਾਤਨਾ।

ਸੁਮਿਤ ਯਾਦ ਕਰਦੇ ਹਨ, "ਉੱਥੇ ਡਾਕਟਰ ਬੜੀ ਨੁਕਤਾਚੀਨੀ ਕਰਦੇ ਸਨ। ਉਹ ਮੈਨੂੰ ਕਹਿੰਦੇ ਸਨ ਕਿ ਮੈਨੂੰ ਵਹਿਮ ਹੋ ਰਿਹਾ ਸੀ ਤੇ ਹੋਰ ਵੀ ਬੜੀਆਂ ਗੱਲਾਂ ਕਹਿੰਦੇ ਜਿਵੇਂ,'ਤੂੰ ਸਰਜਰੀ ਕਿਉਂ ਕਰਾਉਣੀ ਹੈ' ਤੇ 'ਤੂੰ ਹਾਲੇ ਵੀ ਕਿਸੇ ਵੀ ਔਰਤ ਨਾਲ਼ ਰਹਿ ਸਕਦਾ ਹੈਂ।' ਮੈਂ ਉਨ੍ਹਾਂ ਛੇਆਂ-ਸੱਤਾਂ (ਡਾਕਟਰਾਂ) ਦੀ ਟੋਲੀ ਤੋਂ ਸਹਿਮਿਆ ਜਿਹਾ ਰਹਿੰਦਾ ਸਾਂ ਜੋ ਮੈਨੂੰ ਅਜਿਹੇ ਸਵਾਲਾਂ ਦੀ ਵਲ਼ਗਣ ਵਿੱਚ ਘੇਰੀ ਰੱਖਦੇ।

"ਮੈਨੂੰ ਯਾਦ ਹੈ ਮੈਂ ਦੋ-ਤਿੰਨ ਵਾਰੀਂ 500-700 ਸਵਾਲਾਂ ਵਾਲ਼ੇ ਫਾਰਮ ਵੀ ਭਰੇ।'' ਸਵਾਲ ਮਰੀਜ਼ ਦੇ ਮੈਡੀਕਲ, ਪਰਿਵਾਰਾਕ ਇਤਿਹਾਸ, ਮਾਨਸਿਕ ਸਥਿਤੀ ਤੇ ਮਾੜੀਆਂ ਆਦਤਾਂ (ਜੇ ਹੋਵੇ) ਨਾਲ਼ ਜੁੜੇ ਸਨ। ਪਰ ਨੌਜਵਾਨ ਸੁਮਿਤ ਲਈ, ਉਹ ਅਸਵੀਕਾਰ ਕਰਨ ਜਿਹਾ ਅਹਿਸਾਸ ਸੀ। ਉਨ੍ਹਾਂ ਨੇ ਕਿਹਾ,"ਉਨ੍ਹਾਂ ਨੂੰ ਸਮਝ ਹੀ ਨਹੀਂ ਆਇਆ ਕਿ ਮੈਂ ਆਪਣੇ ਸਰੀਰ ਤੋਂ ਖੁਸ਼ ਨਹੀਂ ਹਾਂ ਅਤੇ ਇਸੇ ਲਈ ਮੈਨੂੰ ਟੌਪ ਸਰਜਰੀ ਚਾਹੀਦੀ ਸੀ।"

ਹਮਦਰਦੀ ਦੀ ਘਾਟ ਤੋਂ ਇਲਾਵਾ, ਭਾਰਤ ਦੇ ਟ੍ਰਾਂਸਜੈਂਡਰ ਭਾਈਚਾਰੇ ਦੀ ਸਹਾਇਤਾ ਲਈ ਲੋੜੀਂਦੇ ਡਾਕਟਰੀ ਹੁਨਰਾਂ ਦੀ ਵੀ ਘਾਟ ਸੀ ਅਤੇ ਵੱਡੇ ਪੱਧਰ 'ਤੇ ਹਾਲੇ ਵੀ ਮੌਜੂਦ ਹੈ, ਜੇ ਉਹ ਜੈਂਡਰ ਅਫ਼ਰਮੇਟਿਵ ਸਰਜਰੀਆਂ (ਜੀਏਐੱਸ) ਰਾਹੀਂ ਆਪਣੀ ਪਛਾਣ ਨੂੰ ਬਦਲਣਾ ਚੁਣਦੇ ਹਨ।

ਮਰਦ ਤੋਂ ਔਰਤ ਜੀਏਐੱਸ ਵਿੱਚ ਆਮ ਤੌਰ 'ਤੇ ਦੋ ਵੱਡੀਆਂ ਸਰਜਰੀਆਂ (ਛਾਤੀ ਦਾ ਇੰਪਲਾਂਟ ਅਤੇ ਵੈਜੀਨੋਪਲਾਸਟੀ) ਸ਼ਾਮਲ ਹੁੰਦੀਆਂ ਹਨ, ਜਦੋਂ ਕਿ ਔਰਤ ਤੋਂ ਮਰਦ ਪਛਾਣ ਕਰਨ ਦੀ ਇੱਕ ਵਧੇਰੇ ਗੁੰਝਲਦਾਰ ਲੜੀ ਹੁੰਦੀ ਹੈ ਜਿਸ ਵਿੱਚ ਸੱਤ ਵੱਡੀਆਂ ਸਰਜਰੀਆਂ ਸ਼ਾਮਲ ਹੁੰਦੀਆਂ ਹਨ। ਇਹਨਾਂ ਵਿੱਚੋਂ ਪਹਿਲੀ ਵਿੱਚ ਉਪਰਲਾ ਸਰੀਰ ਜਾਂ 'ਟੌਪ' ਸਰਜਰੀ ਸ਼ਾਮਲ ਹੁੰਦੀ ਹੈ ਜਿਸ ਵਿੱਚ ਛਾਤੀ ਦੀ ਸਿਰਜਣਾ ਜਾਂ ਛਾਤੀਆਂ ਨੂੰ ਹਟਾਉਣਾ ਸ਼ਾਮਲ ਹੈ।

ਨਵੀਂ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਵਾਈਸ ਚੇਅਰਮੈਨ ਡਾ. ਭੀਮ ਸਿੰਘ ਨੰਦਾ ਯਾਦ ਕਰਦੇ ਹਨ, "ਜਦੋਂ ਮੈਂ ਵਿਦਿਆਰਥੀ ਸੀ (2012 ਦੇ ਆਸ ਪਾਸ), [ਮੈਡੀਕਲ] ਪਾਠਕ੍ਰਮ ਵਿੱਚ ਅਜਿਹੀਆਂ ਪ੍ਰਕਿਰਿਆਵਾਂ ਦਾ ਜ਼ਿਕਰ ਵੀ ਨਹੀਂ ਸੀ। ਸਾਡੇ ਕੋਰਸ ਵਿੱਚ ਕੁਝ ਲਿੰਗ ਪੁਨਰ ਨਿਰਮਾਣ ਪ੍ਰਕਿਰਿਆਵਾਂ ਸਨ, [ਪਰ] ਸੱਟਾਂ ਅਤੇ ਹਾਦਸਿਆਂ ਦੇ ਮਾਮਲਿਆਂ ਵਿੱਚ। ਪਰ ਹੁਣ ਚੀਜ਼ਾਂ ਬਦਲ ਗਈਆਂ ਹਨ।''

PHOTO • Ekta Sonawane

ਟ੍ਰਾਂਸਜੈਂਡਰ ਵਿਅਕਤੀ (ਅਧਿਕਾਰਾਂ ਦੀ ਸੁਰੱਖਿਆ) ਐਕਟ, 2019 ਵਿੱਚ ਟ੍ਰਾਂਸਜੈਂਡਰ ਵਿਅਕਤੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲ਼ੇ ਮੈਡੀਕਲ ਪਾਠਕ੍ਰਮ ਤੇ ਰਿਸਰਚ ਦੀ ਸਮੀਖਿਆ ਕਰਨ ਨੂੰ ਕਿਹਾ ਗਿਆ। ਪਰ ਲਗਭਗ ਪੰਜ ਸਾਲ ਬਾਅਦ, ਜੀਏਐੱਸ ਨੂੰ ਭਾਰਤੀ ਟ੍ਰਾਂਸਜੈਂਡਰ ਭਾਈਚਾਰੇ ਲਈ ਸੁਲਭ ਤੇ ਕਿਫਾਇਤੀ ਬਣਾਉਣ ਲਈ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਹੈ

ਟ੍ਰਾਂਸਜੈਂਡਰ ਵਿਅਕਤੀ (ਅਧਿਕਾਰਾਂ ਦੀ ਸੁਰੱਖਿਆ) ਐਕਟ, 2019 ਵਿੱਚ ਟ੍ਰਾਂਸਜੈਂਡਰ ਵਿਅਕਤੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲ਼ੇ ਮੈਡੀਕਲ ਪਾਠਕ੍ਰਮ ਤੇ ਰਿਸਰਚ ਦੀ ਸਮੀਖਿਆ ਕਰਨ ਨੂੰ ਕਿਹਾ ਗਿਆ। ਪਰ ਲਗਭਗ ਪੰਜ ਸਾਲ ਬਾਅਦ, ਜੀਏਐੱਸ ਨੂੰ ਭਾਰਤੀ ਟ੍ਰਾਂਸਜੈਂਡਰ ਭਾਈਚਾਰੇ ਲਈ ਸੁਲਭ ਤੇ ਕਿਫਾਇਤੀ ਬਣਾਉਣ ਲਈ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਹੈ। ਸਰਕਾਰੀ ਹਸਪਤਾਲ ਵੀ ਕਾਫ਼ੀ ਹੱਦ ਤੱਕ ਜੀਏਐੱਸ ਤੋਂ ਬਚਦੇ ਰਹੇ ਹਨ।

ਟ੍ਰਾਂਸ ਮਰਦਾਂ ਲਈ ਵਿਕਲਪ ਵਿਸ਼ੇਸ਼ ਤੌਰ 'ਤੇ ਸੀਮਤ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਸੈਕਸ ਰਿਅਸਾਇਨਮੈਂਟ ਸਰਜਰੀ ਲਈ ਜਨਾਨਾ ਰੋਗ ਮਾਹਰ,ਮੂਤਰ-ਰੋਗ ਮਾਹਰ ਅਤੇ ਇੱਕ ਰਿਕੰਸਟ੍ਰਕਟਿਵ ਪਲਾਸਟਿਕ ਸਰਜਨ ਸਮੇਤ ਬਹੁਤ ਹੁਨਰਮੰਦ ਪੇਸ਼ੇਵਰਾਂ ਦੀ ਲੋੜ ਹੁੰਦੀ ਹੈ। ਇੱਕ ਟ੍ਰਾਂਸ ਪੁਰਸ਼ ਅਤੇ ਤੇਲੰਗਾਨਾ ਹਿਜੜਾ ਇੰਟਰਸੈਕਸ ਟ੍ਰਾਂਸਜੈਂਡਰ ਕਮੇਟੀ ਦੇ ਕਾਰਕੁਨ ਕਾਰਤਿਕ ਬਿੱਟੂ ਕੋਂਡਾਈਆ ਕਹਿੰਦੇ ਹਨ, "ਇਸ ਖੇਤਰ ਵਿੱਚ ਸਿਖਲਾਈ ਅਤੇ ਮੁਹਾਰਤ ਵਾਲ਼ੇ ਬਹੁਤ ਘੱਟ ਡਾਕਟਰੀ ਪੇਸ਼ੇਵਰ ਹਨ ਅਤੇ ਸਰਕਾਰੀ ਹਸਪਤਾਲਾਂ ਵਿੱਚ ਤਾਂ ਹੋਰ ਵੀ ਘੱਟ ਹਨ।''

ਟ੍ਰਾਂਸ ਵਿਅਕਤੀਆਂ ਲਈ ਜਨਤਕ ਮਾਨਸਿਕ ਸਿਹਤ ਸੇਵਾਵਾਂ ਦੀ ਸਥਿਤੀ ਵੀ ਓਨੀ ਹੀ ਨਿਰਾਸ਼ਾਜਨਕ ਹੈ। ਰੋਜ਼ਮੱਰਾ ਜ਼ਿੰਦਗੀ ਵਿੱਚ ਦਰਪੇਸ਼ ਮੁਸ਼ਕਲਾਂ ਨਾਲ਼ ਨਜਿੱਠਣ ਲਈ ਕਾਊਂਸਲਿੰਗ ਇੱਕ ਕਿਸਮ ਦਾ ਉਪਾਅ ਹੈ, ਪਰ ਕਿਸੇ ਵੀ ਜੈਂਡਰ ਅਫ਼ਰਮਿੰਗ ਪ੍ਰਕਿਰਿਆ ਤੋਂ ਪਹਿਲਾਂ ਸਲਾਹ-ਮਸ਼ਵਰਾ ਇੱਕ ਕਾਨੂੰਨੀ ਲੋੜ ਹੈ। ਟ੍ਰਾਂਸ ਵਿਅਕਤੀਆਂ ਨੂੰ ਇੱਕ ਜੈਂਡਰ ਆਈਡੈਂਟਿਟੀ ਡਿਸਆਰਡਰ ਸਰਟੀਫਿਕੇਟ ਅਤੇ ਮੁਲਾਂਕਣ ਦੀ ਰਿਪੋਰਟ ਇੱਕ ਮਨੋਵਿਗਿਆਨਕ ਜਾਂ ਮਨੋਰੋਗ ਮਾਹਰ ਤੋਂ ਲੈਣੀ ਹੁੰਦੀ ਹੈ, ਜਿਸ ਤੋਂ ਕਿ ਇਹ ਸਾਬਤ ਹੁੰਦਾ ਹੋਵੇ ਕਿ ਉਹ ਪਾਤਰ ਹਨ।

ਸੁਪਰੀਮ ਕੋਰਟ ਦੇ 2014 ਦੇ ਫੈਸਲੇ ਦੇ 10 ਸਾਲ ਬਾਅਦ, ਭਾਈਚਾਰੇ ਵਿੱਚ ਸਰਵ-ਸਹਿਮਤੀ ਹੈ ਕਿ ਸਮਾਵੇਸ਼ੀ, ਹਮਦਰਦੀ ਵਾਲ਼ੀਆਂ ਮਾਨਸਿਕ ਸਿਹਤ ਸੇਵਾਵਾਂ, ਚਾਹੇ ਉਹ ਰੋਜ਼ਮੱਰਾ ਦੇ ਸੰਘਰਸ਼ਾਂ ਦਾ ਸਾਹਮਣਾ ਕਰਨਾ ਹੋਵੇ ਜਾਂ ਲਿੰਗ ਤਬਦੀਲੀ ਦੀ ਯਾਤਰਾ ਸ਼ੁਰੂ ਕਰਨ ਲਈ, ਮਹੱਤਵਪੂਰਨ ਹਨ, ਪਰ ਇਹ ਅਜੇ ਵੀ ਇੱਕ ਸੁਪਨਾ ਹੀ ਹੈ।

ਸੁਮਿਤ ਕਹਿੰਦੇ ਹਨ, "ਜ਼ਿਲ੍ਹਾ ਹਸਪਤਾਲ ਵਿੱਚ ਟੌਪ ਸਰਜਰੀ ਲਈ ਮੇਰੀ ਕਾਊਂਸਲਿੰਗ ਲਗਭਗ ਦੋ ਸਾਲਾਂ ਤੱਕ ਚੱਲੀ।'' ਅਖ਼ੀਰ 2016 ਦੇ ਆਸਪਾਸ ਉਨ੍ਹਾਂ ਨੇ ਜਾਣਾ ਛੱਡ ਦਿੱਤਾ। "ਕੁਝ ਸਮੇਂ ਬਾਅਦ ਤੁਸੀਂ ਥੱਕ ਜਾਂਦੇ ਹੋ।''

ਆਪਣੀ ਲਿੰਗ ਪਛਾਣ ਪ੍ਰਾਪਤ ਕਰਨ ਦੀ ਇੱਛਾ ਨੇ ਉਨ੍ਹਾਂ ਦੀ ਥਕਾਵਟ 'ਤੇ ਹਾਵੀ ਹੋ ਗਈ। ਸੁਮਿਤ ਨੇ ਆਪਣੇ ਤਜ਼ਰਬਿਆਂ ਬਾਰੇ ਹੋਰ ਪੁਣ-ਛਾਣ ਕਰਨ, ਇਹ ਪਤਾ ਲਗਾਉਣ ਦੀ ਜ਼ਿੰਮੇਵਾਰੀ ਲਈ ਕਿ ਕੀ ਇਹ ਇੱਕ ਆਮ ਤਜ਼ਰਬਾ ਸੀ ਜਾਂ ਨਹੀਂ, ਜੀਏਐੱਸ ਵਿੱਚ ਕੀ-ਕੀ ਸ਼ਾਮਲ ਹੁੰਦਾ ਹੈ ਤੇ ਭਾਰਤ ਵਿੱਚ ਕਿੱਥੇ ਇਹ ਪ੍ਰਕਿਰਿਆ ਕਰਾਈ ਜਾ ਸਕਦੀ ਹੈ?

ਇਹ ਸਭ ਗੁਪਤ ਰੂਪ ਵਿੱਚ ਕੀਤਾ ਗਿਆ ਸੀ, ਕਿਉਂਕਿ ਉਹ ਅਜੇ ਵੀ ਆਪਣੇ ਪਰਿਵਾਰ ਨਾਲ਼ ਰਹਿ ਰਹੇ ਸਨ। ਉਨ੍ਹਾਂ ਨੇ ਮਹਿੰਦੀ ਲਾਉਣਾ ਅਤੇ ਕੱਪੜੇ ਸਿਲਾਈ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਆਮਦਨੀ ਦਾ ਕੁਝ ਹਿੱਸਾ ਟੌਪ ਸਰਜਰੀ ਲਈ ਬਚਾਉਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਕਰਾਉਣ ਲਈ ਉਹ ਦ੍ਰਿੜ ਸਨ।

PHOTO • Ekta Sonawane
PHOTO • Ekta Sonawane

ਤਿੰਨ ਨੌਕਰੀਆਂ ਕਰਨ ਦੇ ਬਾਵਜੂਦ, ਸੁਮਿਤ ਨੂੰ ਗੁਜ਼ਾਰਾ ਕਰਨਾ ਮੁਸ਼ਕਲ ਲੱਗਦਾ ਹੈ। ਉਨ੍ਹਾਂ ਨੂੰ ਕੋਈ ਨਿਯਮਤ ਕੰਮ ਨਹੀਂ ਮਿਲ਼ਦਾ ਅਤੇ ਅਜੇ ਵੀ ਉਨ੍ਹਾਂ 'ਤੇ 90,000 ਰੁਪਏ ਦਾ ਕਰਜ਼ਾ ਹੈ

2022 ਵਿੱਚ, ਸੁਮਿਤ ਨੇ ਮੁੜ ਇੱਕ ਕੋਸ਼ਿਸ਼ ਕੀਤੀ, ਆਪਣੇ ਇੱਕ ਦੋਸਤ- ਉਹ ਵੀ ਟ੍ਰਾਂਸ ਪੁਰਸ਼ ਹੈ, ਨਾਲ਼ ਰੋਹਤਕ ਤੋਂ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੱਕ 100 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕੀਤੀ। ਜਿਸ ਨਿੱਜੀ ਮਨੋਰੋਗ ਮਾਹਰ ਨਾਲ਼ ਉਹ ਮਿਲ਼ੇ, ਉਹਨੇ ਦੋ ਸੈਸ਼ਨਾਂ ਵਿੱਚ ਉਨ੍ਹਾਂ ਦੀ ਕਾਊਂਸਲਿੰਗ ਮੁਕੰਮਲ ਕੀਤੀ ਤੇ 2,300 ਲਏ। ਮਾਹਰ ਨੇ ਸੁਮਿਤ ਨੂੰ ਕਿਹਾ ਕਿ ਉਹ ਅਗਲੇ ਦੋ ਹਫ਼ਤਿਆਂ ਅੰਦਰ ਟੌਪ ਸਰਜਰੀ ਕਰਾ ਸਕਦੇ ਹਨ।

ਉਨ੍ਹਾਂ ਨੂੰ ਚਾਰ ਦਿਨਾਂ ਲਈ ਹਿਸਾਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੇ ਰਹਿਣ ਅਤੇ ਸਰਜਰੀ ਦਾ ਬਿੱਲ ਲਗਭਗ 1 ਲੱਖ ਰੁਪਏ ਆਇਆ ਸੀ। ਸੁਮਿਤ ਕਹਿੰਦੇ ਹਨ,"ਡਾਕਟਰ ਅਤੇ ਬਾਕੀ ਸਟਾਫ਼ ਬਹੁਤ ਦਿਆਲੂ ਅਤੇ ਨਿਮਰ ਸਨ। ਇਹ ਸਰਕਾਰੀ ਹਸਪਤਾਲ ਵਿੱਚ ਹੋਏ ਤਜ਼ਰਬੇ ਤੋਂ ਬਿਲਕੁਲ ਉਲਟ ਅਨੁਭਵ ਰਿਹਾ।

ਇਹ ਖੁਸ਼ੀ ਥੋੜ੍ਹਚਿਰੀ ਰਹੀ।

ਰੋਹਤਕ ਵਰਗੇ ਛੋਟੇ ਜਿਹੇ ਕਸਬੇ ਵਿੱਚ, ਟੌਪ ਸਰਜਰੀ ਕਰਵਾਉਣਾ ਆਪਣੀ ਪਛਾਣ ਜ਼ਾਹਰ ਕਰਨ ਵਰਗਾ ਹੈ। ਜਿਵੇਂ ਕਿ LGBTQIA+ ਭਾਈਚਾਰੇ ਨਾਲ਼ ਸਬੰਧਤ ਜ਼ਿਆਦਾਤਰ ਲੋਕਾਂ ਲਈ ਹੁੰਦਾ ਹੈ। ਸੁਮਿਤ ਦਾ ਰਾਜ ਦਿਨ ਵਾਂਗ ਸਪੱਸ਼ਟ ਸੀ ਅਤੇ ਇਹ ਅਜਿਹਾ ਰਾਜ ਸੀ ਜਿਸ ਨੂੰ ਉਨ੍ਹਾਂ ਦਾ ਪਰਿਵਾਰ ਸਵੀਕਾਰ ਨਹੀਂ ਕਰ ਸਕਿਆ ਸੀ। ਸਰਜਰੀ ਤੋਂ ਕੁਝ ਦਿਨ ਬਾਅਦ ਜਦੋਂ ਉਹ ਰੋਹਤਕ ਸਥਿਤ ਆਪਣੇ ਘਰ ਵਾਪਸ ਆਏ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦਾ ਸਾਮਾਨ ਬਾਹਰ ਸੁੱਟ ਦਿੱਤਾ ਗਿਆ ਸੀ। "ਮੇਰੇ ਪਰਿਵਾਰ ਨੇ ਮੈਨੂੰ ਬਿਨਾ ਕਿਸੇ ਵਿੱਤੀ ਜਾਂ ਭਾਵਨਾਤਮਕ ਸਹਾਇਤਾ ਦੇ ਘਰ ਛੱਡ ਜਾਣ ਲਈ ਕਿਹਾ। ਉਨ੍ਹਾਂ ਨੂੰ ਮੇਰੀ ਹਾਲਤ ਦੀ ਮਾਸਾ ਪਰਵਾਹ ਨਾ ਹੋਈ।'' ਹਾਲਾਂਕਿ ਟੌਪ ਸਰਜਰੀ ਤੋਂ ਬਾਅਦ ਸੁਮਿਤ ਅਜੇ ਵੀ ਕਾਨੂੰਨੀ ਤੌਰ 'ਤੇ ਇੱਕ ਔਰਤ ਸਨ, ਪਰ ਸੰਭਾਵਤ ਜਾਇਦਾਦ ਦੇ ਦਾਅਵਿਆਂ ਬਾਰੇ ਚਿੰਤਾਵਾਂ ਉਭਰਨੀਆਂ ਸ਼ੁਰੂ ਹੋ ਗਈਆਂ। "ਕੁਝ ਲੋਕਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਮੈਨੂੰ ਕੰਮ ਕਰਨਾ ਚਾਹੀਦਾ ਹੈ ਅਤੇ ਉਹ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ ਜਿਹਦੀ ਉਮੀਦ ਇੱਕ ਪੁਰਸ਼ ਤੋਂ ਕੀਤੀ ਜਾਂਦੀ ਹੈ।"

ਜੀਏਐੱਸ ਤੋਂ ਬਾਅਦ, ਮਰੀਜ਼ਾਂ ਨੂੰ ਕੁਝ ਮਹੀਨਿਆਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਮੁਸ਼ਕਲ ਮਾਮਲਿਆਂ ਵਿੱਚ, ਅਕਸਰ ਹਸਪਤਾਲ ਦੇ ਨੇੜੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ਼ ਟ੍ਰਾਂਸ ਵਿਅਕਤੀਆਂ 'ਤੇ, ਖ਼ਾਸ ਕਰਕੇ ਘੱਟ ਆਮਦਨੀ ਵਾਲ਼ੇ ਜਾਂ ਹਾਸ਼ੀਆਗਤ ਲੋਕਾਂ 'ਤੇ ਆਰਥਿਕ ਅਤੇ ਹੋਰ ਕੰਮ ਦਾ ਬੋਝ ਵਧਦਾ ਹੈ। ਸੁਮਿਤ ਦੇ ਮਾਮਲੇ ਵਿੱਚ, ਉਨ੍ਹਾਂ ਨੂੰ ਹਿਸਾਰ ਪਹੁੰਚਣ ਲਈ ਹਰ ਵਾਰ 700 ਰੁਪਏ ਖਰਚਣੇ ਪੈਂਦੇ ਤੇ ਸਫ਼ਰ 'ਤੇ ਤਿੰਨ ਘੰਟੇ ਲੱਗਦੇ। ਉਨ੍ਹਾਂ ਨੇ ਇਹ ਯਾਤਰਾ ਘੱਟੋ ਘੱਟ ਦਸ ਵਾਰ ਕੀਤੀ।

ਟੌਪ ਸਰਜਰੀ ਤੋਂ ਬਾਅਦ, ਮਰੀਜ਼ਾਂ ਨੂੰ ਆਪਣੀ ਛਾਤੀ ਦੁਆਲ਼ੇ ਕਸਵੇਂ ਕੱਪੜੇ ਲਪੇਟਣੇ ਪੈਂਦੇ ਹਨ, ਜਿਨ੍ਹਾਂ ਨੂੰ ਬਾਇੰਡਰ ਵੀ ਕਿਹਾ ਜਾਂਦਾ ਹੈ। "ਭਾਰਤ ਦੇ ਗਰਮ ਮੌਸਮ ਵਿੱਚ ਅਤੇ ਇਹ ਦੇਖਦੇ ਹੋਏ ਕਿ ਬਹੁਤੇ ਮਰੀਜ਼ਾਂ ਕੋਲ਼ ਏਅਰ ਕੰਡੀਸ਼ਨਿੰਗ ਨਹੀਂ ਹੈ, ਲੋਕ ਸਰਦੀਆਂ ਵਿੱਚ ਸਰਜਰੀ ਕਰਵਾਉਣ ਨੂੰ ਤਰਜੀਹ ਦਿੰਦੇ ਹਨ,'' ਡਾ. ਭੀਮ ਸਿੰਘ ਨੰਦਾ ਦੱਸਦੇ ਹਨ ਕਿ ਪਸੀਨਾ ਆਉਣ ਨਾਲ਼ ਸਰਜੀਕਲ ਟਾਂਕਿਆਂ ਨੇੜੇ ਲਾਗ ਦੀ ਸੰਭਾਵਨਾ ਵੱਧ ਜਾਂਦੀ ਹੈ।

ਸੁਮਿਤ ਦੀ ਸਰਜਰੀ ਹੋਈ ਅਤੇ ਮਈ ਮਹੀਨੇ ਦੀ ਤਪਦੀ ਗਰਮੀ ਵਿੱਚ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਸੀ। ਉਹ ਚੇਤੇ ਕਰਦੇ ਹਨ,"[ਇਸ ਤੋਂ ਬਾਅਦ ਦੇ ਹਫ਼ਤੇ] ਦਰਦਨਾਕ ਸਨ, ਜਿਵੇਂ ਕਿਸੇ ਨੇ ਮੇਰੀਆਂ ਹੱਡੀਆਂ ਨੂੰ ਖੁਰਚ ਦਿੱਤਾ ਹੋਵੇ।" ਬਾਇੰਡਰ ਨੇ ਹਿੱਲਣਾ ਤੱਕ ਮੁਸ਼ਕਲ ਬਣਾ ਦਿੱਤਾ। ਮੈਂ ਆਪਣੀ ਟ੍ਰਾਂਸ ਪਛਾਣ ਲੁਕਾਏ ਬਿਨਾ ਜਗ੍ਹਾ ਕਿਰਾਏ 'ਤੇ ਲੈਣਾ ਚਾਹੁੰਦਾ ਸੀ ਪਰ ਛੇ ਮਕਾਨ ਮਾਲਕਾਂ ਨੇ ਮੈਨੂੰ ਇਨਕਾਰ ਕਰ ਦਿੱਤਾ। ਆਪਣੀ ਟੌਪ ਸਰਜਰੀ ਤੋਂ ਨੌਂ ਦਿਨ ਬਾਅਦ ਅਤੇ ਆਪਣੇ ਮਾਪਿਆਂ ਵੱਲੋਂ ਘਰੋਂ ਬਾਹਰ ਕੱਢੇ ਜਾਣ ਦੇ ਚਾਰ ਦਿਨ ਬਾਅਦ, ਸੁਮਿਤ ਦੋ ਕਮਰਿਆਂ ਦੇ ਘਰ ਵਿੱਚ ਰਹਿਣ ਲੱਗੇ, ਬਿਨਾ ਲੁਕਾਇਆਂ ਕਿ ਉਹ ਕੌਣ ਹਨ।

ਅੱਜ, ਸੁਮਿਤ ਮਹਿੰਦੀ ਬਣਾਉਣ ਤੇ ਲਾਉਣ, ਕੱਪੜੇ ਸਿਲਾਈ ਕਰਨ, ਚਾਹ ਦੀ ਦੁਕਾਨ 'ਤੇ ਹੈਲਪਰ ਤੇ ਰੋਹਤਕ ਵਿੱਚ ਲੋੜਵੰਦ ਮਜ਼ਦੂਰ ਵਜੋਂ ਕੰਮ ਕਰਦੇ ਹਨ। ਉਹ ਸਿਰਫ਼ 5,000-7,000 ਰੁਪਏ ਕਮਾ ਪਾ ਰਹੇ ਹਨ, ਜਿਸ ਦਾ ਜ਼ਿਆਦਾਤਰ ਹਿੱਸਾ ਕਿਰਾਏ, ਭੋਜਨ ਦੇ ਖਰਚੇ, ਰਸੋਈ ਗੈਸ ਅਤੇ ਬਿਜਲੀ ਦੇ ਬਿੱਲ ਅਤੇ ਕਰਜ਼ਿਆਂ ਦੀ ਅਦਾਇਗੀ ਵਿੱਚ ਜਾਂਦਾ ਹੈ।

ਸੁਮਿਤ ਨੇ ਟੌਪ ਸਰਜਰੀ ਲਈ 1 ਲੱਖ ਰੁਪਏ ਦਾ ਭੁਗਤਾਨ ਕੀਤਾ, ਜਿਸ ਵਿੱਚੋਂ 30,000 ਰੁਪਏ 2016-2022 ਦੇ ਵਿਚਕਾਰ ਕੀਤੀ ਬਚਤ ਤੋਂ ਆਏ; ਬਾਕੀ 70,000 ਰੁਪਏ ਉਨ੍ਹਾਂ ਨੇ ਕੁਝ ਦੋਸਤਾਂ ਤੋਂ ਪੰਜ ਫੀਸਦੀ ਵਿਆਜ 'ਤੇ ਉਧਾਰ ਲਏ।

PHOTO • Ekta Sonawane
PHOTO • Ekta Sonawane

ਖੱਬੇ : ਆਪਣੀ ਟੌਪ ਸਰਜਰੀ ਲਈ ਪੈਸੇ ਬਚਾਉਣ ਲਈ , ਸੁਮਿਤ ਨੇ ਮਹਿੰਦੀ ਅਤੇ ਕੱਪੜਿਆਂ ਦੀ ਸਿਲਾਈ ਦਾ ਕੰਮ ਕੀਤਾ। ਸੱਜੇ : ਸੁਮਿਤ ਘਰ ਵਿੱਚ ਮਹਿੰਦੀ ਦੇ ਨਮੂਨੇ ਬਣਾਉਣ ਦਾ ਅਭਿਆਸ ਕਰਦੇ ਹੋਏ

ਜਨਵਰੀ 2024 ਵਿੱਚ, ਸੁਮਿਤ ਦੇ ਸਿਰ ਅਜੇ ਵੀ 90,000 ਰੁਪਏ ਦਾ ਕਰਜਾ ਸੀ, ਜਿਸ 'ਤੇ ਪ੍ਰਤੀ ਮਹੀਨਾ 4,000 ਰੁਪਏ ਵਿਆਜ ਵਸੂਲਿਆ ਜਾਂਦਾ ਸੀ। "ਮੈਨੂੰ ਨਹੀਂ ਪਤਾ ਕਿ ਮੈਂ ਆਪਣੀ ਕਮਾਈ ਦੀ ਇੰਨੀ ਛੋਟੀ ਰਕਮ ਨਾਲ਼ ਆਪਣੇ ਰਹਿਣ-ਸਹਿਣ ਦੇ ਖਰਚਿਆਂ ਅਤੇ ਕਰਜ਼ਿਆਂ ਦਾ ਭੁਗਤਾਨ ਕਿਵੇਂ ਕਰਾਂ। ਮੈਨੂੰ ਨਿਯਮਤ ਕੰਮ ਨਹੀਂ ਮਿਲ਼ਦਾ," ਸੁਮਿਤ ਹਿਸਾਬ ਲਾਉਂਦੇ ਹਨ। ਇੱਕ ਦਹਾਕੇ ਤੱਕ ਚੱਲੀ ਲੰਬੀ ਮੁਸ਼ਕਲ, ਅਲੱਗ-ਥਲੱਗ ਅਤੇ ਬਦਲਾਅ ਦੀ ਉਸ ਮਹਿੰਗੀ ਯਾਤਰਾ ਨੇ ਉਨ੍ਹਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਰਾਤਾਂ ਦੀ ਨੀਂਦ ਮੁਸ਼ਕਲ ਹੋ ਗਈ ਹੈ। "ਮੈਂ ਇਨ੍ਹੀਂ ਦਿਨੀਂ ਘੁੱਟਣ ਮਹਿਸੂਸ ਕਰ ਰਿਹਾ ਹਾਂ। ਜਦੋਂ ਵੀ ਮੈਂ ਘਰੇ ਇਕੱਲਾ ਹੁੰਦਾ ਹਾਂ, ਚਿੰਤਾ, ਡਰ ਅਤੇ ਇਕੱਲਾਪਣ ਮਹਿਸੂਸ ਕਰਦਾ ਹਾਂ। ਪਹਿਲਾਂ ਇੰਝ ਨਹੀਂ ਸੀ ਹੁੰਦਾ।''

ਉਨ੍ਹਾਂ ਦੇ ਪਰਿਵਾਰਕ ਮੈਂਬਰ- ਜਿਨ੍ਹਾਂ ਨੇ ਉਨ੍ਹਾਂ ਨੂੰ ਬਾਹਰ ਕੱਢਣ ਦੇ ਇੱਕ ਸਾਲ ਬਾਅਦ ਦੁਬਾਰਾ ਗੱਲ ਕਰਨੀ ਸ਼ੁਰੂ ਕੀਤੀ- ਕਈ ਵਾਰ ਜੇ ਉਹ ਪੈਸੇ ਮੰਗਦੇ ਹਨ ਤਾਂ ਉਨ੍ਹਾਂ ਦੀ ਮਦਦ ਕਰਦੇ ਹਨ।

ਸੁਮਿਤ ਨੇ ਆਪਣੇ ਆਪ ਨੂੰ ਜਿਣਸੀ ਤੌਰ 'ਤੇ ਆਦਮੀ ਨਹੀਂ ਐਲਾਨਿਆ ਜੋ ਕਿ ਭਾਰਤ ਦੇ ਜ਼ਿਆਦਾਤਰ ਲੋਕਾਂ ਲਈ ਮਾਣ ਵਾਲੀ ਗੱਲ ਹੋਵੇਗੀ, ਪਰ ਕਿਸੇ ਦਲਿਤ ਆਦਮੀ ਲਈ ਨਹੀਂ। ਉਹ ਸਾਰਿਆਂ ਦੇ ਸਾਹਮਣੇ ਆਉਣ ਅਤੇ ਇਹ ਕਹਿਣ ਤੋਂ ਡਰਦੇ ਹਨ ਕਿ 'ਉਹ ਅਸਲ ਵਿੱਚ ਆਦਮੀ' ਨਹੀਂ ਹਨ। ਛਾਤੀਆਂ ਤੋਂ ਬਿਨਾਂ, ਉਨ੍ਹਾਂ ਲਈ ਸਰੀਰਕ ਮਿਹਨਤ ਵਾਲ਼ਾ ਕੋਈ ਵੀ ਕੰਮ ਫੜ੍ਹਨਾ ਤੇ ਕਰਨਾ ਸੌਖਾ ਹੈ, ਪਰ ਲੋਕ ਅਕਸਰ ਉਨ੍ਹਾਂ ਨੂੰ ਸ਼ੱਕੀ ਨਜ਼ਰ ਨਾਲ਼ ਦੇਖਦੇ ਹਨ ਕਿਉਂਕਿ ਉਨ੍ਹਾਂ ਦੇ ਚਿਹਰੇ 'ਤੇ ਵਾਲ਼ ਜਾਂ ਡੂੰਘੀ ਆਵਾਜ਼ ਵਰਗੇ ਹੋਰ ਸਪੱਸ਼ਟ ਮਰਦਾਨਾ ਚਿੰਨ੍ਹ ਨਹੀਂ ਹੁੰਦੇ। ਉਨ੍ਹਾਂ ਦਾ ਜਨਮ ਦਾ ਨਾਮ- ਜਿਸਨੂੰ ਅਜੇ ਵੀ ਕਨੂੰਨੀ ਤੌਰ 'ਤੇ ਬਦਲਣਾ ਬਾਕੀ ਹੈ- ਵੀ ਮਰਦਾਨਾ ਨਾਮ ਨਹੀਂ ਹੈ।

ਉਹ ਅਜੇ ਹਾਰਮੋਨ ਰਿਪਲੇਸਮੈਂਟ ਥੈਰੇਪੀ ਲਈ ਤਿਆਰ ਨਹੀਂ ਹਨ; ਉਹ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਅਨਿਸ਼ਚਿਤਤਾ ਨਾਲ਼ ਘਿਰੇ ਹੋਏ ਹਨ। "ਪਰ ਜਦੋਂ ਮੈਂ ਵਿੱਤੀ ਤੌਰ 'ਤੇ ਸਥਿਰ ਹੋ ਜਾਵਾਂਗਾ, ਤਾਂ ਮੈਂ ਇਹ ਜ਼ਰੂਰ ਕਰਾਊਂਗਾ," ਸੁਮਿਤ ਕਹਿੰਦੇ ਹਨ।

ਉਹ ਇੱਕ ਸਮੇਂ ਇੱਕੋ ਕਦਮ ਚੁੱਕ ਰਹੇ ਹਨ।

ਆਪਣੀ ਟੌਪ ਸਰਜਰੀ ਦੇ ਛੇ ਮਹੀਨੇ ਬਾਅਦ, ਸੁਮਿਤ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵਿੱਚ ਇੱਕ ਟ੍ਰਾਂਸ ਪੁਰਸ਼ ਵਜੋਂ ਰਜਿਸਟਰ ਕੀਤਾ, ਜਿਸ ਨੇ ਉਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਟ੍ਰਾਂਸਜੈਂਡਰ ਸਰਟੀਫਿਕੇਟ ਅਤੇ ਪਛਾਣ ਪੱਤਰ ਵੀ ਦਿੱਤਾ। ਹੁਣ ਉਨ੍ਹਾਂ ਲਈ ਉਪਲਬਧ ਸੇਵਾਵਾਂ ਵਿੱਚ ਇੱਕ ਯੋਜਨਾ ਹੈ, ਰੋਜ਼ੀ-ਰੋਟੀ ਅਤੇ ਉੱਦਮ ਸੀਮਾਂਤ ਵਿਅਕਤੀਆਂ ਦੀ ਸਹਾਇਤਾ ( ਸਮਾਈਲ ), ਜੋ ਭਾਰਤ ਦੀ ਪ੍ਰਮੁੱਖ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਤਹਿਤ ਟ੍ਰਾਂਸਜੈਂਡਰ ਲੋਕਾਂ ਨੂੰ ਜੈਂਡਰ ਅਫਰਮਿੰਗ ਸੇਵਾਵਾਂ ਪ੍ਰਦਾਨ ਕਰਦੀ ਹੈ।

ਸੁਮਿਤ ਕਹਿੰਦੇ ਹਨ,"ਮੈਨੂੰ ਅਜੇ ਤੱਕ ਨਹੀਂ ਪਤਾ ਕਿ ਪੂਰੀ ਤਰ੍ਹਾਂ ਤਬਦੀਲੀ ਲਈ ਮੈਨੂੰ ਹੋਰ ਕਿਹੜੀ ਸਰਜਰੀ ਕਰਵਾਉਣ ਦੀ ਲੋੜ ਹੈ। ਮੈਂ ਉਨ੍ਹਾਂ ਨੂੰ ਹੌਲ਼ੀ-ਹੌਲ਼ੀ ਕਰਾਂਗਾ। ਮੈਂ ਸਾਰੇ ਦਸਤਾਵੇਜ਼ਾਂ ਵਿੱਚ ਆਪਣਾ ਨਾਮ ਵੀ ਬਦਲਾ ਲਵਾਂਗਾ। ਇਹ ਤਾਂ ਸਿਰਫ਼ ਇੱਕ ਸ਼ੁਰੂਆਤ ਹੈ।''

ਇਹ ਕਹਾਣੀ ਭਾਰਤ ਵਿੱਚ ਜਿਨਸੀ ਅਤੇ ਲਿੰਗ-ਅਧਾਰਤ ਹਿੰਸਾ (ਐਸਜੀਬੀਵੀ) ਤੋਂ ਬਚੇ ਲੋਕਾਂ ਦੀ ਦੇਖਭਾਲ ਲਈ ਸਮਾਜਿਕ, ਸੰਸਥਾਗਤ ਅਤੇ ਢਾਂਚਾਗਤ ਰੁਕਾਵਟਾਂ 'ਤੇ ਕੇਂਦ੍ਰਤ ਇੱਕ ਰਾਸ਼ਟਰਵਿਆਪੀ ਰਿਪੋਰਟਿੰਗ ਪ੍ਰੋਜੈਕਟ ਦਾ ਹਿੱਸਾ ਹੈ। ਇਸ ਪ੍ਰੋਜੈਕਟ ਨੂੰ ਡਾਕਟਰਜ਼ ਵਿਦਾਊਟ ਬਾਰਡਰਜ਼ ਇੰਡੀਆ ਦੁਆਰਾ ਸਮਰਥਨ ਦਿੱਤਾ ਗਏ ਹੈ।

ਸੁਰੱਖਿਆ ਲਈ ਕਹਾਣੀ ਵਿੱਚ ਸ਼ਾਮਲ ਪਾਤਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਮ ਬਦਲ ਦਿੱਤੇ ਗਏ ਹਨ।

ਪੰਜਾਬੀ ਤਰਜਮਾ: ਕਮਲਜੀਤ ਕੌਰ

Ekta Sonawane

ਏਕਤਾ ਸੋਨਵਾਨੇ ਇੱਕ ਸੁਤੰਤਰ ਪੱਤਰਕਾਰ ਹਨ। ਉਹ ਜਾਤ, ਵਰਗ ਅਤੇ ਲਿੰਗ ਦੇ ਅੰਤਰਾਲ 'ਤੇ ਲਿਖਦੀ ਅਤੇ ਰਿਪੋਰਟ ਕਰਦੀ ਹਨ।

Other stories by Ekta Sonawane
Editor : Pallavi Prasad

ਪੱਲਵੀ ਪ੍ਰਸਾਦ ਮੁੰਬਈ ਅਧਾਰਤ ਸੁਤੰਤਰ ਪੱਤਰਕਾਰ, ਯੰਗ ਇੰਡੀਆ ਫੈਲੋ ਅਤੇ ਲੇਡੀ ਸ਼੍ਰੀ ਰਾਮ ਕਾਲਜ ਤੋਂ ਅੰਗਰੇਜ਼ੀ ਸਾਹਿਤ ਵਿੱਚ ਗ੍ਰੈਜੂਏਟ ਹਨ। ਉਹ ਲਿੰਗ, ਸੱਭਿਆਚਾਰ ਅਤੇ ਸਿਹਤ ਬਾਰੇ ਲਿਖਦੀ ਹਨ।

Other stories by Pallavi Prasad
Series Editor : Anubha Bhonsle

ਅਨੁਭਾ ਭੋਂਸਲੇ 2015 ਦੀ ਪਾਰੀ ਫੈਲੋ, ਇੱਕ ਸੁਤੰਤਰ ਪੱਤਰਕਾਰ, ਇੱਕ ਆਈਸੀਐਫਜੇ ਨਾਈਟ ਫੈਲੋ, ਅਤੇ ਮਨੀਪੁਰ ਦੇ ਮੁਸ਼ਕਲ ਇਤਿਹਾਸ ਅਤੇ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ ਦੇ ਪ੍ਰਭਾਵ ਬਾਰੇ ਇੱਕ ਕਿਤਾਬ 'ਮਾਂ, ਕਿੱਥੇ ਮੇਰਾ ਦੇਸ਼?' ਦੀ ਲੇਖਿਕਾ ਹਨ।

Other stories by Anubha Bhonsle
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur