"ਗ਼ੁਲਾਮ ਨਬੀ, ਤੂੰ ਕੀ ਕਰ ਰਿਹਾ ਏਂ ? ਜਾਓ ਜਾ ਕੇ ਸੌਂ ਜਾਓ! ਨਹੀਂ ਤਾਂ ਤੇਰੀਆਂ ਅੱਖਾਂ ਖ਼ਰਾਬ ਹੋ ਜਾਣੀਆਂ।"
ਪਹਿਲਾਂ, ਮੇਰੀ ਮਾਂ ਮੈਨੂੰ ਇਸ ਤਰ੍ਹਾਂ ਝਿੜਕਿਆ ਕਰਦੀ ਜਦੋਂ ਉਹ ਮੈਨੂੰ ਦੇਰ ਰਾਤ ਤੱਕ ਲੱਕੜ ਦੀ ਨੱਕਾਸ਼ੀ ਕਰਦੇ ਦੇਖਿਆ ਕਰਦੀ। ਉਨ੍ਹਾਂ ਦੇ ਝਿੜਕਣ ਤੋਂ ਬਾਅਦ ਵੀ ਮੈਂ ਕੰਮ ਕਰਨਾ ਜਾਰੀ ਰੱਖਦਾ। ਅੱਜ ਮੈਂ ਜਿਸ ਮੁਕਾਮ 'ਤੇ ਹਾਂ ਉਹਦੇ ਮਗਰ ਮੇਰਾ 60 ਸਾਲਾਂ ਦਾ ਤਜ਼ਰਬਾ ਤੇ ਸਖ਼ਤ ਮਿਹਨਤ ਕੰਮ ਕਰਦੀ ਰਹੀ ਹੈ। ਮੇਰਾ ਨਾਂ ਗ਼ੁਲਾਮ ਨਬੀ ਦਾਰ ਹੈ। ਮੈਂ ਸ੍ਰੀਨਗਰ ਵਿਖੇ ਲੱਕੜ ਦੀ ਨੱਕਾਸ਼ੀ ਦਾ ਕੰਮ ਕਰਦਾ ਹਾਂ।
ਮੇਰਾ ਜਨਮ ਕਦੋਂ ਹੋਇਆ, ਇਸ ਦਾ ਕੋਈ ਸਹੀ ਰਿਕਾਰਡ ਨਹੀਂ ਹੈ ਪਰ ਮੈਂ ਹੁਣ ਆਪਣੀ ਉਮਰ ਦੇ 70ਵੇਂ ਵਰ੍ਹੇ ਵਿੱਚ ਹਾਂ ਅਤੇ ਮੈਂ ਆਪਣੀ ਪੂਰੀ ਜ਼ਿੰਦਗੀ ਇਸ ਸ਼ਹਿਰ ਦੇ ਮਲਿਕ ਸਾਹਿਬ ਸਫਾਕਦਲ ਇਲਾਕੇ ਵਿੱਚ ਬਿਤਾਈ ਹੈ। ਮੈਂ ਇੱਥੇ ਨੇੜਲੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਾਈ ਕੀਤੀ। ਮੇਰੇ ਪਰਿਵਾਰ ਦੀ ਵਿੱਤੀ ਸਥਿਤੀ ਦੇ ਕਾਰਨ ਮੈਨੂੰ ਤੀਜੀ ਜਮਾਤ ਲਈ ਸਕੂਲ ਛੱਡਣਾ ਪਿਆ। ਮੇਰੇ ਪਿਤਾ ਅਲੀ ਮੁਹੰਮਦ ਡਾਰ ਨਾਲ਼ ਲੱਗਦੇ ਅਨੰਤਨਾਗ ਜ਼ਿਲ੍ਹੇ ਵਿੱਚ ਕੰਮ ਕਰਦੇ ਸਨ। ਫਿਰ ਜਦੋਂ ਮੈਂ 10 ਸਾਲਾਂ ਦਾ ਸੀ ਤਾਂ ਉਹ ਸ੍ਰੀਨਗਰ ਵਾਪਸ ਆ ਗਏ।
ਪਿੰਡ ਵਾਪਸ ਆ ਕੇ ਉਨ੍ਹਾਂ ਨੇ ਪਰਿਵਾਰ ਦੀ ਦੇਖਭਾਲ ਲਈ ਸਬਜ਼ੀਆਂ ਅਤੇ ਤੰਬਾਕੂ ਦਾ ਵਪਾਰ ਕਰਨਾ ਸ਼ੁਰੂ ਕੀਤਾ। ਪਰਿਵਾਰ ਵਿੱਚ ਮੇਰੀ ਮਾਂ,ਅਜ਼ੀ ਤੇ 12 ਬੱਚੇ ਸਨ। ਸਭ ਤੋਂ ਵੱਡਾ ਬੇਟਾ ਮੈਂ ਅਤੇ ਮੇਰਾ ਛੋਟਾ ਭਰਾ ਬਸ਼ੀਰ ਅਹਿਮਦ ਡਾਰ ਕਾਰੋਬਾਰ ਵਿੱਚ ਆਪਣੇ ਪਿਤਾ ਦੀ ਮਦਦ ਕਰ ਰਹੇ ਸਨ। ਜਦੋਂ ਜ਼ਿਆਦਾ ਕੰਮ ਨਾ ਹੁੰਦਾ ਤਾਂ ਅਸੀਂ ਅਵਾਰਾਗਰਦੀ ਲਈ ਨਿਕਲ਼ ਜਾਂਦੇ। ਮੇਰੇ ਮਾਮੂ (ਮਾਂ ਦੇ ਛੋਟੇ ਭਰਾ) ਨੇ ਇੱਕ ਵਾਰ ਮੇਰੇ ਪਿਤਾ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਮਾਮੂ ਨੇ ਸੁਝਾਅ ਦਿੱਤਾ ਕਿ ਮੈਨੂੰ ਲੱਕੜ ਦੀ ਨੱਕਾਸ਼ੀ ਦੇ ਕੰਮ ਵਿੱਚ ਪਾ ਦਿੱਤਾ ਜਾਵੇ।














