ਚਾਹੁੰਦੇ ਹੋਇਆਂ ਵੀ ਰੁਖਾਬਾਈ ਪਾਦਵੀ ਕੱਪੜੇ 'ਤੇ ਫਿਰਦੀਆਂ ਆਪਣੀਆਂ ਹੱਢਲ਼-ਉਂਗਲਾਂ ਨੂੰ ਰੋਕ ਨਹੀਂ ਪਾਉਂਦੀ। ਪੂਰੀ ਗੱਲਬਾਤ ਦੌਰਾਨ ਮੈਂ ਇਸ ਨਤੀਜੇ 'ਤੇ ਅਪੜੀ ਕਿ ਸ਼ਾਇਦ ਇਸੇ ਸਪਰਸ਼ ਦਾ ਅਹਿਸਾਸ ਉਨ੍ਹਾਂ ਨੂੰ ਪੁਰਾਣੇ ਵੇਲ਼ਿਆਂ ਵਿੱਚ ਲੈ ਜਾਂਦਾ ਹੈ।
ਮੰਜੇ 'ਤੇ ਬੈਠੀ ਇਸ 90 ਸਾਲਾ ਬਜ਼ੁਰਗ ਨੇ ਆਪਣੀ ਗੋਦੀ ਵਿੱਚ ਰੱਖੀ ਫਿੱਕੇ ਗੁਲਾਬੀ ਤੇ ਸੁਨਹਿਰੀ ਪੱਟੀ ਵਾਲ਼ੀ ਸੂਤੀ ਸਾੜੀ ਨੂੰ ਮਹਿਸੂਸ ਕਰਦਿਆਂ ਕਿਹਾ,''ਇਹ ਮੇਰੇ ਵਿਆਹ ਦੀ ਸਾੜੀ ਏ।'' ਉਨ੍ਹਾਂ ਦੇ ਮੂੰਹੋਂ ਨਿਕਲੀ ਭੀਲ਼ ਬੋਲੀ ਅਕਰਾਨੀ ਤਾਲੁਕਾ ਦੇ ਪਹਾੜੀ ਤੇ ਕਬਾਇਲੀ ਇਲਾਕੇ ਵਿੱਚ ਬੋਲੀ ਜਾਂਦੀ ਹੈ।
''ਮੇਰੇ ਮਾਪਿਆਂ ਨੇ ਇਹ ਸਾੜੀ ਆਪਣੇ ਖ਼ੂਨ-ਪਸੀਨੇ ਦੀ ਕਮਾਈ ਨਾਲ਼ ਖਰੀਦੀ ਸੀ। ਇਹ ਮਹਿਜ਼ ਸਾੜੀ ਨਹੀਂ ਉਨ੍ਹਾਂ ਦੀ ਯਾਦ ਹੈ,'' ਅੱਲ੍ਹੜ ਜਿਹੀ ਮੁਸਕਾਨ ਨਾਲ਼ ਉਨ੍ਹਾਂ ਗੱਲ ਜਾਰੀ ਰੱਖੀ।
ਰੁਖਾਬਾਈ ਦਾ ਜਨਮ ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲ੍ਹੇ ਦੀ ਅਕਰਾਨੀ ਤਾਲੁਕਾ ਦੇ ਪਿੰਡ ਮੋਜਾਰਾ ਵਿਖੇ ਹੋਇਆ; ਇਹ ਇਲਾਕਾ ਸਦਾ ਤੋਂ ਉਨ੍ਹਾਂ ਦਾ ਘਰ ਰਿਹਾ ਹੈ।
''ਮੇਰੇ ਮਾਪਿਆਂ ਨੇ ਮੇਰੇ ਵਿਆਹ 'ਤੇ 600 ਰੁਪਏ ਖਰਚੇ ਸਨ ਜੋ ਕਿ ਉਸ ਵੇਲ਼ੇ ਖਾਸੀ ਵੱਡੀ ਰਕਮ ਹੋਇਆ ਕਰਦੀ ਸੀ। ਉਨ੍ਹਾਂ ਮੇਰੇ ਕੱਪੜਿਆਂ 'ਤੇ ਪੰਜ ਰੁਪਈਏ ਖਰਚੇ ਜਿਸ ਵਿੱਚ ਸਾੜੀ ਵੀ ਸੀ,'' ਉਹ ਕਹਿੰਦੀ ਹਨ। ਗਹਿਣੇ ਉਨ੍ਹਾਂ ਦੀ ਪਿਆਰੀ ਮਾਂ ਨੇ ਘਰ ਵੀ ਹੀ ਤਿਆਰ ਕਰ ਲਏ ਸਨ।
''ਜਦੋਂ ਕੋਈ ਸੁਨਿਆਰਾ ਜਾਂ ਕਾਰੀਗਰ ਨਾ ਮਿਲ਼ਿਆ ਤਾਂ ਮੇਰੀ ਮਾਂ ਨੇ ਚਾਂਦੀ ਦੇ ਅਸਲੀ ਸਿੱਕਿਆਂ ਨੂੰ ਜੋੜ-ਜੋੜ ਕੇ ਗਲ਼ੇ ਦਾ ਹਾਰ ਬਣਾ ਲਿਆ। ਉਹਨੇ ਸਿੱਕਿਆਂ ਵਿੱਚ ਮੋਰੀਆਂ ਕੀਤੀਆਂ ਤੇ ਗੋਧੜੀ (ਹੱਥੀਂ ਤਿਆਰ ਚਾਦਰ) ਦੇ ਮੋਟੇ ਸਾਰੇ ਧਾਗੇ ਵਿੱਚ ਉਨ੍ਹਾਂ ਨੂੰ ਪਰੋ ਲਿਆ,'' ਆਪਣੀ ਮਾਂ ਦੀਆਂ ਯਾਦਾਂ ਵਿੱਚ ਗੁਆਚੀ ਰੁਖਾਬਾਈ ਨੇ ਮਸਾਂ-ਸੁਣੀਂਦੀ ਅਵਾਜ਼ ਵਿੱਚ ਕਿਹਾ ਤੇ ਦਹੁਰਾਇਆ,''ਚਾਂਦੀ ਦੇ ਸਿੱਕੇ... ਹੈ। ਅੱਜਕੱਲ੍ਹ ਦੇ ਨੋਟ ਨਹੀਂ।''
ਉਨ੍ਹਾਂ ਨੇ ਆਪਣੇ ਸ਼ਾਹੀ ਵਿਆਹ ਬਾਰੇ ਦੱਸਿਆ ਤੇ ਨਾਲ਼ ਹੀ ਦੱਸਿਆ ਕਿ ਕਿਵੇਂ ਉਹ ਛੋਟੀ ਉਮਰੇ ਦੁਲਹਨ ਬਣੀ ਤੇ ਵਿਆਹ ਤੋਂ ਫੌਰਨ ਬਾਦ ਮੋਜਾਰਾ ਤੋਂ ਕੋਈ 4 ਕਿਲੋਮੀਟਰ ਦੂਰ, ਆਪਣੇ ਸਹੁਰੇ ਪਿੰਡ, ਸੁਰਵਾਨੀ ਰਹਿਣ ਚਲੀ ਗਈ। ਇਹੀ ਉਹ ਦੌਰ ਸੀ ਜਦੋਂ ਉਨ੍ਹਾਂ ਦੀ ਜ਼ਿੰਦਗੀ ਸ਼ੁਰੂ ਹੋਈ ਤੇ ਕਈ ਮੋੜਾਂ-ਘੋੜਾਂ ਵਿੱਚੋਂ ਦੀ ਨਿਕਲ਼ਣ ਲੱਗੀ। ਉਹ ਸਮਾਂ ਰੁਖਾਬਾਈ ਲਈ ਆਮ ਜਾਂ ਖੁਸ਼ੀਆਂ ਭਰਿਆ ਤਾਂ ਬਿਲਕੁਲ ਵੀ ਨਹੀਂ ਸੀ।
''ਭਾਵੇਂ ਕਿ ਉਹ ਘਰ ਮੇਰੇ ਲਈ ਪਰਾਈ ਥਾਂ ਸੀ, ਪਰ ਫਿਰ ਵੀ ਮੈਂ ਖੁਦ ਨੂੰ ਸਮਝਾਇਆ ਕਿ ਹੁਣ ਬਾਕੀ ਦਾ ਜੀਵਨ ਮੈਂ ਇੱਥੇ ਹੀ ਰਹਿਣਾ ਸੀ,'' ਨੱਬੇ ਸਾਲਾ ਬਜ਼ੁਰਗ ਕਹਿੰਦੀ ਹਨ,''ਮੈਨੂੰ ਮਾਹਵਾਰੀ ਆਉਣ ਲੱਗੀ ਸੀ ਜਿਸ ਕਰਕੇ ਮੈਨੂੰ ਜੁਆਨ ਮੰਨ ਲਿਆ ਗਿਆ।''
''ਪਰ ਮੈਂ ਕੀ ਜਾਣਾ ਵਿਆਹ ਕੀ ਬਲ਼ਾ ਸੀ ਤੇ ਪਤੀ ਦਾ ਕੀ ਮਤਲਬ ਹੁੰਦਾ।''
ਉਹ ਅਜੇ ਬਾਲ਼ੜੀ ਸੀ ਤੇ ਉਹਦੀ ਖ਼ੁਦ ਛੋਟੇ ਬੱਚਿਆਂ ਨਾਲ਼ ਖੇਡਣ-ਮੱਲਣ ਦੀ ਉਮਰ ਸੀ। ਬਾਲ਼-ਉਮਰੇ ਹੋਏ ਵਿਆਹ ਨੇ ਉਨ੍ਹਾਂ ਦੇ ਆਉਣ ਵਾਲ਼ੇ ਜੀਵਨ ਦੇ ਕਈ ਸਾਲ ਤਕਲੀਫਾਂ ਨਾਲ਼ ਭਰ ਛੱਡੇ।
''ਮੈਨੂੰ ਸਾਰੀ ਸਾਰੀ ਰਾਤ ਮੱਕੀ, ਬਾਜਰਾ ਤੇ ਹੋਰ ਅਨਾਜ ਪੀਂਹਣੇ ਪੈਂਦੇ। ਸਹੁਰੇ ਰਹਿੰਦਿਆਂ ਮੈਨੂੰ ਆਪਣੇ ਸੱਸ-ਸਹੁਰੇ, ਆਪਣੀ ਨਨਾਣ, ਪਤੀ ਤੇ ਆਪਣੇ ਲਈ ਸਾਰੇ ਕੰਮ ਕਰਨੇ ਪੈਂਦੇ ਰਹੇ।''
ਇਸ ਕੰਮ ਨੇ ਉਨ੍ਹਾਂ ਨੂੰ ਇੰਨਾ ਥਕਾ ਮਾਰਿਆ ਕੇ ਉਨ੍ਹਾਂ ਦਾ ਲੱਕ ਮੁੜ ਕਦੇ ਨਾ ਬੱਝਿਆ। ''ਅੱਜਕੱਲ੍ਹ ਤਾਂ ਮਿਕਸਰ ਤੇ ਚੱਕੀਆਂ ਨਾਲ਼ ਕੰਮ ਹੀ ਬੜੇ ਸੌਖੇ ਹੋ ਗਏ ਨੇ।''
ਉਨ੍ਹਾਂ ਵੇਲ਼ਿਆਂ ਵਿੱਚ ਆਪਣੇ ਸਰੀਰ ਅੰਦਰ ਚੱਲਦੀ ਉਥਲ-ਪੁਥਲ ਬਾਰੇ ਇੰਨੀ ਸੌਖਿਆਂ ਗੱਲ ਨਹੀਂ ਸੀ ਕੀਤੀ ਜਾਂਦੀ। ਉਹ ਦੱਸਦੀ ਹਨ ਕਿ ਕੋਈ ਵੀ ਸਾਡੀ ਗੱਲ 'ਤੇ ਕੰਨ ਨਾ ਧਰਦਾ। ਅਜਿਹੇ ਸਮੇਂ ਜਦੋਂ ਗੱਲ ਸੁਣਨ ਵਾਲ਼ਾ ਕੋਈ ਹਮਦਰਦ ਨਾ ਹੁੰਦਾ ਉਦੋਂ ਵੀ ਰੁਖਾਬਾਈ ਨੇ ਆਪਣਾ ਦਰਦ ਫਰੋਲ਼ਣ ਵਾਸਤੇ ਇੱਕ ਸਾਥੀ ਲੱਭ ਹੀ ਲਿਆ- ਇੱਕ ਨਿਰਜੀਵ ਸਾਥੀ। ਉਨ੍ਹਾਂ ਨੇ ਆਪਣਾ ਧਾਤੂ ਦਾ ਪੁਰਾਣਾ ਟਰੰਕ ਖੋਲ੍ਹਿਆ ਤੇ ਵਿੱਚੋਂ ਮਿੱਟੀ ਦੇ ਭਾਂਡੇ ਕੱਢੇ। ''ਮੈਂ ਇਨ੍ਹਾਂ ਭਾਂਡਿਆਂ ਨਾਲ਼ ਆਪਣਾ ਦੁੱਖ-ਸੁੱਖ ਫਰੋਲ਼ਦਿਆਂ ਇੱਕ ਲੰਬਾ ਸਮਾਂ ਬਿਤਾਇਆ। ਚੁਲ 'ਤੇ ਕੰਮ ਕਰਦਿਆਂ ਮੈਂ ਬੜਾ ਕੁਝ ਸੋਚਿਆ-ਵਿਚਾਰਿਆ ਕਰਦੀ ਤੇ ਇਹ ਭਾਂਡੇ ਹੀ ਮੇਰੇ ਧੀਰਜਵਾਨ ਸਰੋਤੇ ਨੇ।''
ਇਹ ਕੋਈ ਅਲੋਕਾਰੀ ਗੱਲ ਨਹੀਂ। ਪੇਂਡੂ ਮਹਾਰਾਸ਼ਟਰ ਵਿੱਚ ਕਈ ਥਾਵੀਂ ਔਰਤਾਂ ਚੱਕੀ ਜਿਹੇ ਸੰਦਾਂ 'ਤੇ ਮਨੁੱਖ ਨਾਲ਼ੋਂ ਵੱਧ ਭਰੋਸਾ ਕਰਕੇ ਚੱਲਦੀਆਂ। ਹਰ ਰੋਜ਼ ਆਟਾ ਪੀਂਹਦਿਆਂ ਔਰਤਾਂ ਚੱਕੀਆਂ ਦੇ ਹਰ ਗੇੜੇ ਖੁਸ਼ੀ, ਦਰਦ ਤੇ ਦਿਲ-ਵਲੂੰਧਰ ਕੇ ਰੱਖ ਸੁੱਟਣ ਵਾਲ਼ੇ ਗੀਤ ਗਾਉਂਦੀਆਂ ਤੇ ਉਹ ਪੀੜ੍ਹਾਂ ਬਿਆਨ ਕਰਦੀਆਂ ਜੋ ਉਨ੍ਹਾਂ ਦੇ ਪਤੀ, ਭਰਾ ਤੇ ਪੁੱਤ ਸੁਣਨਾ ਪਸੰਦ ਨਾ ਕਰਦੇ। ਤੁਸੀਂ ਚਾਹੋ ਤਾਂ ਪਾਰੀ ਦੀ ਗ੍ਰਾਇੰਡਮਿਲ ਸੌਂਗਸ ਦੀ ਪੂਰੀ ਸੀਰੀਜ਼ ਇੱਥੇ ਪੜ੍ਹ ਸਕਦੇ ਹੋ।
ਜਿਓਂ-ਜਿਓਂ ਰੁਖਾਬਾਈ ਦੇ ਹੱਥ ਟਰੰਕ ਫਰੋਲ਼ਦੇ ਜਾਂਦੇ, ਉਹ ਆਪਣੇ ਡੁੱਲ੍ਹਦੇ ਉਤਸ਼ਾਹ ਨੂੰ ਰੋਕ ਨਾ ਪਾਉਂਦੀ। ''ਇਹ ਦਾਵੀ (ਸੁੱਕੇ ਕੱਦੂ ਤੋਂ ਬਣੀ ਡੋਰ੍ਹੀ/ਕੜਛੀ)। ਪੁਰਾਣੇ ਵੇਲ਼ਿਆਂ ਵਿੱਚ ਅਸੀਂ ਇਸ ਨਾਲ਼ ਇੰਝ ਪਾਣੀ ਪਿਆ ਕਰਦੇ,'' ਉਹ ਹਵਾ ਵਿੱਚ ਪਾਣੀ ਪੀ ਕੇ ਦਿਖਾਉਂਦੀ ਹਨ। ਇੰਨੇ ਸਧਾਰਣ ਜਿਹੇ ਢੰਗ ਨਾਲ਼ ਦਿਖਾਈ ਕੜਛੀ ਉਨ੍ਹਾਂ ਦੇ ਹਾਸੇ ਦਾ ਸਬਬ ਹੋ ਨਿਬੜਿਆ।
ਵਿਆਹ ਦੇ ਸਾਲ ਦੇ ਅੰਦਰ-ਅੰਦਰ ਰੁਖਾਬਾਈ ਮਾਂ ਬਣ ਗਈ। ਉਦੋਂ ਤੱਕ ਉਹ ਘਰ ਤੇ ਖੇਤ ਦੇ ਕੰਮ ਨੂੰ ਸੰਭਾਲਣ ਦਾ ਢੰਗ ਸਮਝ ਚੁੱਕੀ ਸਨ।
ਬੱਚੇ ਦੀ ਆਮਦ ਨਾਲ਼, ਘਰ ਵਿੱਚ ਨਿਰਾਸ਼ਾ ਛਾ ਗਈ। ''ਘਰ ਵਿੱਚ ਹਰ ਕੋਈ ਚਾਹੁੰਦਾ ਸੀ ਮੁੰਡਾ ਹੋਵੇ ਪਰ ਹੋ ਕੁੜੀ ਗਈ। ਮੈਨੂੰ ਕੋਈ ਫ਼ਰਕ ਨਾ ਪਿਆ ਕਿਉਂਕਿ ਮੈਂ ਤਾਂ ਬੱਚੇ ਦੀ ਦੇਖਭਾਲ਼ ਕਰਨੀ ਸੀ,'' ਉਹ ਕਹਿੰਦੀ ਹਨ।
ਬਾਅਦ ਵਿੱਚ ਰੁਖਾਬਾਈ ਦੇ ਘਰ ਪੰਜ ਧੀਆਂ ਜੰਮੀਆਂ। ''ਪਰ ਮੁੰਡੇ ਲਈ ਜ਼ਿੱਦ ਬਰਕਰਾਰ ਰਹੀ। ਅਖੀਰ ਮੈਂ ਦੋ ਮੁੰਡੇ ਵੀ ਜੰਮੇ। ਫਿਰ ਮੈਂ ਸੁਰਖਰੂ ਹੋ ਗਈ,'' ਨਮ ਅੱਖਾਂ ਪੂੰਝਦਿਆਂ ਉਹ ਬੋਲਦੀ ਰਹੀ।
ਅੱਠ ਬੱਚੇ ਜੰਮਣ ਤੋਂ ਬਾਅਦ ਉਨ੍ਹਾਂ ਦਾ ਸਰੀਰ ਕਮਜੋਰ ਪੈ ਗਿਆ। ''ਸਾਡਾ ਪਰਿਵਾਰ ਤਾਂ ਵੱਡਾ ਹੋ ਗਿਆ ਪਰ ਦੋ ਗੁੰਧਾ (2,000 ਵਰਗ ਫੁੱਟ ਤੋਂ ਥੋੜ੍ਹਾ ਵੱਧ) ਖੇਤ ਵਿੱਚ ਝਾੜ ਨਾ ਵਧਿਆ। ਸੋ ਅਨਾਜ ਢਿੱਡ ਭਰਨ ਜੋਗਾ ਵੀ ਪੂਰਾ ਨਾ ਪੈਂਦਾ। ਇਹਦਾ ਸਭ ਤੋਂ ਵੱਧ ਘਾਟਾ ਘਰ ਦੀਆਂ ਔਰਤਾਂ ਤੇ ਕੁੜੀਆਂ ਨੂੰ ਭੁਗਤਣਾ ਪੈਂਦਾ। ਭੁੱਖੇ ਰਹਿਣ ਕਾਰਨ ਮੇਰੇ ਲੱਕ ਦਾ ਦਰਦ ਵੀ ਬਣਿਆ ਹੀ ਰਹਿੰਦਾ ਰਿਹਾ।'' ਜਿਊਂਦੇ ਰਹਿਣ ਲਈ ਹੋਰ-ਹੋਰ ਕੰਮ ਕਰਨੇ ਜ਼ਰੂਰੀ ਹੁੰਦੇ ਚਲੇ ਗਏ। ''ਪੀੜ੍ਹ ਹੁੰਦੇ ਲੱਕ ਦੇ ਨਾਲ਼ ਹੀ ਮੈਂ ਤੇ ਮੇਰਾ ਪਤੀ, ਮੋਤਯਾ ਪਾਦਵੀ 50 ਪੈਸੇ ਦਿਹਾੜੀ 'ਤੇ ਸੜਕਾਂ ਬਣਾਉਣ ਜਾਇਆ ਕਰਦੇ।''
ਅੱਜ, ਰੁਖਾਬਾਈ ਆਪਣੀਆਂ ਅੱਖਾਂ ਸਾਹਵੇਂ ਆਪਣੀ ਤੀਜੀ ਪੀੜ੍ਹੀ ਜੁਆਨ ਹੁੰਦਿਆਂ ਦੇਖ ਰਹੀ ਹਨ। ਅੱਜ ਦੇ ਬਦਲਾਅ ਦੇ ਚੰਗੇ ਪੱਖਾਂ ਦੀ ਹਾਮੀ ਭਰਦਿਆਂ ਕਹਿੰਦੀ ਹਨ,''ਇਹ ਨਿਵੇਕਲੀ ਦੁਨੀਆ ਹੈ।''
ਜਿਓਂ ਹੀ ਸਾਡੀ ਗੁਫ਼ਤਗੂ ਆਪਣੇ ਅੰਤਮ ਪੜਾਅ ਵੱਲ ਨੂੰ ਵਧਣ ਲੱਗੀ ਉਹ ਅੱਜ ਦੀ ਨਿਰਾਲੀ ਰਸਮ ਬਾਰੇ ਗੱਲ ਸਾਂਝੀ ਕਰਦਿਆਂ ਕਹਿੰਦੀ ਹਨ,''ਪੁਰਾਣੇ ਵੇਲ਼ਿਆਂ ਵਿੱਚ ਅਸੀਂ ਮਾਹਵਾਰੀ ਦੇ ਸਮੇਂ ਕਿਤੇ ਵੀ ਆਇਆ-ਜਾਇਆ ਕਰਦੀਆਂ। ਹੁਣ ਔਰਤਾਂ ਨੂੰ ਰਸੋਈ ਵਿੱਚ ਵੜ੍ਹਨ ਦੀ ਆਗਿਆ ਤੱਕ ਨਹੀਂ,'' ਖਿਝੇ ਹੋਏ ਸੁਰ ਵਿੱਚ ਉਨ੍ਹਾਂ ਗੱਲ ਜਾਰੀ ਰੱਖੀ,''ਦੇਵਤਿਆਂ ਦੀਆਂ ਤਸਵੀਰਾਂ ਘਰ ਦੇ ਅੰਦਰ ਤੇ ਔਰਤਾਂ ਘਰੋਂ ਬਾਹਰ ਹੁੰਦੀਆਂ ਚਲੀਆਂ ਗਈਆਂ।''
ਤਰਜਮਾ: ਕਮਲਜੀਤ ਕੌਰ