ਰਾਏਪੁਰ ਦੇ ਬਾਹਰੀ ਇਲਾਕੇ ਵਿੱਚ ਇੱਕ ਇੱਟ-ਭੱਠੇ 'ਤੇ ਦੁਪਹਿਰ ਦੇ ਖਾਣੇ ਦਾ ਸਮਾਂ ਸੀ। ਕੁਝ ਮਜ਼ਦੂਰਾਂ ਨੇ ਜਲਦਬਾਜ਼ੀ ਵਿੱਚ ਖਾਣਾ ਖਾਧਾ, ਜਦੋਂ ਕਿ ਹੋਰਾਂ ਨੇ ਅਸਥਾਈ ਝੌਂਪੜੀਆਂ ਅੰਦਰ ਕੁਝ ਦੇਰ ਅਰਾਮ ਕੀਤਾ।
"ਅਸੀਂ ਸਤਨਾ ਤੋਂ ਹਾਂ," ਇੱਕ ਔਰਤ ਨੇ ਆਪਣੀ ਮਿੱਟੀ ਦੀ ਝੌਂਪੜੀ ਵਿੱਚੋਂ ਬਾਹਰ ਆਉਂਦਿਆਂ ਕਿਹਾ। ਇੱਥੇ ਜ਼ਿਆਦਾਤਰ ਮਜ਼ਦੂਰ ਮੱਧ ਪ੍ਰਦੇਸ਼ ਤੋਂ ਪ੍ਰਵਾਸ ਕਰਕੇ ਆਏ ਹਨ। ਉਹ ਹਰ ਸਾਲ ਨਵੰਬਰ-ਦਸੰਬਰ ਦੀ ਵਾਢੀ ਦਾ ਮੌਸਮ ਖ਼ਤਮ ਹੋਣ ਤੋਂ ਬਾਅਦ ਛੱਤੀਸਗੜ੍ਹ ਦੀ ਰਾਜਧਾਨੀ ਆਉਂਦੇ ਹਨ ਅਤੇ ਮਈ ਜਾਂ ਜੂਨ ਤੱਕ ਛੇ ਮਹੀਨੇ ਇੱਥੇ ਰਹਿੰਦੇ ਹਨ। ਭਾਰਤ ਦਾ ਵਿਸ਼ਾਲ ਇੱਟ ਉਦਯੋਗ ਅੰਦਾਜ਼ਨ 10-23 ਮਿਲੀਅਨ ਕਾਮਿਆਂ ਨੂੰ ਰੁਜ਼ਗਾਰ ਦਿੰਦਾ ਹੈ (ਭਾਰਤੀ ਭੱਠਿਆਂ ਵਿੱਚ ਗੁਲਾਮੀ, 2017)।
ਇਸ ਸਾਲ, ਜਦੋਂ ਤੱਕ ਉਹ ਘਰ ਪਰਤਣਗੇ, ਕੇਂਦਰ ਵਿੱਚ ਇੱਕ ਨਵੀਂ ਸਰਕਾਰ ਸੱਤਾ ਵਿੱਚ ਆ ਗਈ ਹੋਵੇਗੀ। ਪਰ ਇਹ ਹਾਲੇ ਤੱਕ ਅਨਿਸ਼ਚਿਤ ਹੀ ਹੈ ਕਿ ਇਹ ਪ੍ਰਵਾਸੀ ਮਜ਼ਦੂਰ ਨੇਤਾਵਾਂ ਦੀ ਚੋਣ ਕਰਨ ਵਿੱਚ ਭੂਮਿਕਾ ਨਿਭਾ ਵੀ ਪਾਉਣਗੇ ਜਾਂ ਨਹੀਂ।
ਔਰਤ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਪਾਰੀ ਨੂੰ ਦੱਸਿਆ, "ਜਦੋਂ ਵੋਟਿੰਗ ਦਾ ਸਮਾਂ ਆਵੇਗਾ ਤਾਂ ਸਾਨੂੰ ਸੂਚਿਤ ਕੀਤਾ ਜਾਵੇਗਾ।''
ਸ਼ਾਇਦ ਇਹ ਜਾਣਕਾਰੀ ਉਨ੍ਹਾਂ ਦੇ ਠੇਕੇਦਾਰ ਸੰਜੇ ਪ੍ਰਜਾਪਤੀ ਵੱਲੋਂ ਦਿੱਤੀ ਜਾਵੇਗੀ। ਝੌਂਪੜੀਆਂ ਤੋਂ ਕੁਝ ਦੂਰੀ 'ਤੇ ਖੜ੍ਹੇ ਠੇਕੇਦਾਰ ਨੇ ਸਾਨੂੰ ਦੱਸਿਆ,"ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਸਤਨਾ ਵਿੱਚ ਵੋਟਿੰਗ ਕਦੋਂ ਹੋਵੇਗੀ। ਜਦੋਂ ਸਾਨੂੰ ਜਾਣਕਾਰੀ ਮਿਲੇਗੀ, ਅਸੀਂ ਉਨ੍ਹਾਂ ਨੂੰ (ਮਜ਼ਦੂਰਾਂ) ਦੱਸ ਦਿਆਂਗੇ।'' ਸੰਜੇ ਅਤੇ ਇੱਥੋਂ ਦੇ ਬਹੁਤ ਸਾਰੇ ਮਜ਼ਦੂਰ ਪ੍ਰਜਾਪਤੀ ਭਾਈਚਾਰੇ (ਮੱਧ ਪ੍ਰਦੇਸ਼ ਵਿੱਚ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਅਧੀਨ ਸੂਚੀਬੱਧ) ਨਾਲ਼ ਸਬੰਧਤ ਹਨ।









