ਤਮਿਲਨਾਡੂ ਦੇ ਪਿੰਡ ਵਡਨਮੇਲੀ ਵਿਖੇ ਤਿਰਕਾਲਾਂ ਘਿਰ ਆਈਆਂ ਹਨ। ਸ੍ਰੀ ਪੋਨੀਅੰਮਨ ਤੇਰੂਕੂਤੁ ਮੰਡ੍ਰਮ ਦੇ ਮੈਂਬਰ ਕਲਾਕਾਰ ਕਾਰੀਅਕੋਤੂ ਪੇਸ਼ਕਾਰੀ ਲਈ ਤਿਆਰੀਆਂ ਕੱਸ ਰਹੇ ਹਨ। ਹਮੇਸ਼ਾਂ ਦੇ ਵਾਂਗਰ, ਇਹ ਵਾਲ਼ਾ ਨਾਟਕ ਵੀ ਤਿਰਕਾਲਾਂ ਤੋਂ ਪਹੁ-ਫੁਟਾਲ਼ੇ ਤੱਕ ਚੱਲਣਾ ਹੈ ਜਿਸ ਵਿੱਚ ਕਈ ਕਿਰਦਾਰ ਤੇ ਵੰਨ-ਸੁਵੰਨੇ ਕੱਪੜੇ ਬਦਲਣ ਦਾ ਪੂਰਾ ਇੱਕ ਦੌਰ ਚੱਲੇਗਾ।
ਮੰਚ ਦੇ ਮਗਰਲੇ ਪਾਸੇ 33 ਸਾਲਾ ਸ਼ਰਮੀ ਨੇ ਮੇਕਅੱਪ ਕਰਨਾ ਸ਼ੁਰੂ ਕਰ ਦਿੱਤਾ ਹੈ। ਲਾਲ ਸੁਰਖ ਪਾਊਡਰ ਨੂੰ ਤੇਲ਼ ਨਾਲ਼ ਰਲਾ ਕੇ ਸੁਰਖੀ ਬਣਾਉਂਦਿਆਂ ਉਹ ਦੱਸਦੀ ਹਨ ਕਿ ਅਰੀਤਾਰਾਮ (ਮੇਕਅੱਪ) ਦੇ ਆਪਣੇ ਕੁਝ ਬੁਨਿਆਦੀ ਨਿਯਮ ਹੁੰਦੇ ਹਨ: ''ਅਰੀਤਾਰਾਮ ਪੁਰਸ਼ ਤੇ ਮਹਿਲਾ ਲਈ ਅੱਡੋ-ਅੱਡ ਹੁੰਦਾ ਹੈ ਤੇ ਨਾਲ਼ੇ ਰੋਲ ਦੀ ਲੰਬਾਈ ਦੇ ਤੇ ਕਿਰਦਾਰ ਦੇ ਖਾਸੇ ਮੁਤਾਬਕ ਵੱਖ-ਵੱਖ ਤਰ੍ਹਾਂ ਕੀਤਾ ਜਾਂਦਾ ਹੈ।''
ਸ੍ਰੀ ਪੋਨੀਅੰਮਨ ਤੇਰੂਕੂਤੁ ਮੰਡ੍ਰਮ ਡਰਾਮਾ ਕੰਪਨੀ ਵਿੱਚ ਕੁੱਲ 17 ਕਲਾਕਾਰ ਹਨ ਤੇ ਸ਼ਰਮੀ ਇਸ ਵਿੱਚ ਸ਼ਾਮਲ ਚਾਰ ਦੁਵਲੰਗੀ ਕਲਾਕਾਰਾਂ ਵਿੱਚੋਂ ਇੱਕ ਹਨ। ਇਹ ਕੰਪਨੀ ਤਮਿਲਨਾਡੂ ਦੀਆਂ ਸਭ ਤੋਂ ਪੁਰਾਣੀਆਂ ਕਲਾਵਾਂ ਵਿੱਚੋਂ ਇੱਕ ਕਲਾ ਦਾ ਮੰਚਨ ਕਰਦੀ ਹੈ। ਸ਼ਰਮੀ ਕਹਿੰਦੀ ਹਨ,''ਮੇਰੀ ਪਿਛਲੀ ਪੀੜ੍ਹੀ ਦੇ ਲੋਕੀਂ ਵੀ ਤੇਰੂਕੂਤੁ ਪੇਸ਼ ਕਰਦੇ ਰਹੇ ਹਨ। ਮੈਂ ਠੀਕ-ਠੀਕ ਨਹੀਂ ਦੱਸ ਸਕਦੀ ਇਹ ਕਲਾ ਕਿੰਨੀ ਕੁ ਪੁਰਾਣੀ ਹੈ।''
ਤੇਰੂਕੂਤੁ, ਜੋ ਇੱਕ ਤਰ੍ਹਾਂ ਦਾ ਨੁੱਕੜ ਨਾਟਕ ਹੈ, ਮਹਾਂਭਾਰਤ ਤੇ ਰਮਾਇਣ ਜਿਹੇ ਮਹਾਂਕਾਵਾਂ 'ਤੇ ਅਧਾਰਤ ਹੁੰਦਾ ਹੈ। ਇਹਦੀ ਪੇਸ਼ਕਾਰੀ ਪੂਰੀ ਰਾਤ ਚੱਲਦੀ ਹੈ। ਤੇਰੂਕੂਤੁ ਮੌਸਮ ਪੰਗੁਨੀ (ਅਪ੍ਰੈਲ) ਅਤੇ ਪੂਰਤੱਸੀ (ਸਤੰਬਰ) ਵਿਚਾਲੇ ਪੈਂਦਾ ਹੈ। ਇਸ ਸਮੇਂ ਦੌਰਾਨ ਸ਼ਰਮੀ ਤੇ ਉਨ੍ਹਾਂ ਦੀ ਟੋਲੀ ਇੱਕ ਮਹੀਨੇ ਦੌਰਾਨ 15-20 ਪੇਸ਼ਕਾਰੀਆਂ ਕਰਦੇ ਹਨ। 700-800 ਵਿੱਚ ਇੱਕ ਪੇਸ਼ਕਾਰੀ ਕਰਨ ਵਾਲ਼ਾ ਹਰੇਕ ਕਲਾਕਾਰ ਮਹੀਨੇ ਦਾ 10,000-15,000 ਰੁਪਏ ਕਮਾਉਂਦਾ ਹੈ।
ਹਾਲਾਂਕਿ ਤੇਰੂਕੂਤੁ ਸੀਜ਼ਨ ਖਤਮ ਹੋਣ ਤੋਂ ਬਾਅਦ ਕਲਾਕਾਰਾਂ ਨੂੰ ਕਮਾਈ ਵਾਸਤੇ ਹੋਰ-ਹੋਰ ਵਸੀਲਿਆਂ 'ਤੇ ਨਿਰਭਰ ਰਹਿਣਾ ਪੈਂਦਾ ਹੈ ਜਿਸ ਵਿੱਚ ਕਾਰੀਆਕੁਤੂ ਵੀ ਸ਼ਾਮਲ ਹੈ, ਜੋ ਜ਼ਨਾਜਿਆਂ ਵੇਲ਼ੇ ਰਸਮ ਵਜੋਂ ਪੇਸ਼ ਕੀਤਾ ਜਾਂਦਾ ਹੈ। ਸ਼ਰਮੀ ਕਹਿੰਦੀ ਹਨ,''ਜਦੋਂ ਕਿਸੇ ਮੌਤ ਹੁੰਦੀ ਹੈ ਤਾਂ ਸਮਝੋ ਸਾਨੂੰ ਹਫ਼ਤੇ ਦੀਆਂ ਇੱਕ ਜਾਂ ਦੋ ਪੇਸ਼ਕਾਰੀਆਂ ਕਰਨ ਦਾ ਮੌਕਾ ਮਿਲ਼ ਜਾਂਦਾ ਹੈ।'' ਇਸ ਵੇਲ਼ੇ ਸ਼ਰਮੀ ਤੀਰੂਵੱਲੂਰ ਜ਼ਿਲ੍ਹੇ ਦੇ ਪੱਟਰਈਪੇਰੂੰਬੁਦੁਰ ਵਿਖੇ ਆਪਣੇ ਨਾਟਕ ਕੰਪਨੀ ਦੇ ਆਫਿਸ ਤੋਂ ਕਰੀਬ 60 ਕਿਲੋਮੀਟਰ ਦੂਰ ਸਥਿਤ ਵਡਨਮੇਲੀ ਵਿੱਚ ਕਾਰੀਆਕੁਤੂ ਦੇ ਮੰਚਨ ਦੀ ਤਿਆਰੀ ਕਰ ਰਹੀ ਹਨ।
























