''ਕਦੇ ਪਟਨਾ ਵਿਖੇ ਤਿਲੰਗੀ (ਪਤੰਗ) ਦੀ ਹਫ਼ਤਾ-ਲੰਬੀ ਮੁਕਾਬਲੇਬਾਜ਼ੀ ਹੋਇਆ ਕਰਦੀ। ਲਖਨਊ, ਦਿੱਲੀ ਤੇ ਹੈਦਰਾਬਾਦ ਤੋਂ ਪਤੰਗ-ਬਾਜ਼ ਬੁਲਾਏ ਜਾਂਦੇ। ਇਹ ਇੱਕ ਤਿਓਹਾਰ ਹੁੰਦਾ ਸੀ,'' ਚੇਤੇ ਕਰਦਿਆਂ ਸਈਦ ਫੈਜ਼ਾਨ ਰਜ਼ਾ ਕਹਿੰਦੇ ਹਨ। ਰਜ਼ਾ ਨੇ ਇਹ ਗੱਲ ਉਦੋਂ ਦੱਸੀ ਜਦੋਂ ਅਸੀਂ ਗੰਗਾ ਕਿਨਾਰੇ ਤੁਰਦੇ ਜਾ ਰਹੇ ਹੁੰਦੇ ਹਾਂ ਤੇ ਖੁੱਲ੍ਹੇ ਅਸਮਾਨ ਦਾ ਪਰਤੋਅ ਪਾਣੀ ਵਿੱਚ ਦੇਖ ਕੇ ਉਹ ਕਹਿੰਦੇ ਹਨ ਇਹੀ ਉਹ ਅਸਮਾਨ ਹੁੰਦਾ ਸੀ ਜਿੱਥੇ ਕਦੇ ਹਜ਼ਾਰਾਂ ਪਤੰਗਾਂ ਉੱਡਿਆ ਕਰਦੀਆਂ ਸਨ।
ਪਟਨਾ ਵਿਖੇ ਨਦੀ ਦੇ ਤਟ 'ਤੇ ਵੱਸੇ ਦੂਲੀਘਾਟ ਦੇ ਪੁਰਾਣੇ ਵੇਲ਼ਿਆਂ ਨੂੰ ਯਾਦ ਕਰਦਿਆਂ ਰਜ਼ਾ ਕਹਿੰਦੇ ਹਨ ਕਿ ਉਹ ਵੀ ਇੱਕ ਦੌਰ ਸੀ ਜਦੋਂ ਇੱਥੋਂ ਦੇ ਧਨਾਢ ਕੀ ਤਵਾਇਫ਼ਾਂ ਕੀ... ਕਹਿਣ ਦਾ ਭਾਵ ਸਮਾਜ ਦਾ ਹਰ ਤਬਕਾ ਇਸ ਖੇਡ ਦਾ ਸਰਪ੍ਰਸਤ ਹੁੰਦਾ। ਉਹ ਕਈ ਨਾਮ ਲੈਂਦੇ ਹਨ- ''ਬਿਸਮਿੱਲ੍ਹਾ ਜਨ (ਤਵਾਇਫ਼) ਦੀ ਸਰਪ੍ਰਸਤੀ ਹੇਠ ਮੀਰ ਅਲੀ ਜ਼ਮੀਨ ਤੇ ਮੀਰ ਕੇਫ਼ਾਇਤ ਅਲੀ ਪਤੰਗ-ਸਾਜ਼ੀ ਦੇ ਪਤੰਗ-ਬਾਜ਼ੀ ਦੇ ਮੰਨੇ-ਪ੍ਰਮੰਨੇ ਉਸਤਾਦ ਹੋਇਆ ਕਰਦੇ ਸਨ।''
ਪਟਨਾ ਦੇ ਗੁਧਾਟਾ ਇਲਾਕੇ ਅਤੇ ਅਸ਼ੋਕ ਰਾਜਪਥ (ਲਗਭਗ 700-800 ਮੀਟਰ ਦੂਰ) ਨੇੜਲਾ ਖਵਾਜਾਕਲਾ ਦੇ ਵਿਚਕਾਰ ਪੈਂਦਾ ਖੇਤਰ ਖੇਡ ਲਈ ਲੋੜੀਂਦੇ ਸਾਮਾਨ ਦੀ ਸਪਲਾਈ ਕਰਨ ਵਾਲ਼ੀਆਂ ਦੁਕਾਨਾਂ ਨਾਲ਼ ਕਦੇ ਭਰਿਆ ਰਹਿੰਦਾ। ਉਨ੍ਹਾਂ ਦੀਆਂ ਦੁਕਾਨਾਂ ਦੇ ਬਾਹਰ ਲਟਕ ਰਹੀਆਂ ਰੰਗੀਨ ਪਤੰਗਾਂ ਗਾਹਕਾਂ ਨੂੰ ਲੁਭਾਉਣ ਦਾ ਕੰਮ ਕਰਦੀਆਂ। "ਪਟਨਾ ਵਿਖੇ ਪਤੰਗਾਂ ਲਈ ਮਿਲ਼ਣ ਵਾਲ਼ਾ ਧਾਗਾ ਕਿਸੇ ਹੋਰ ਥਾਂ ਨਾਲ਼ੋਂ ਥੋੜ੍ਹਾ ਮੋਟਾ ਹੁੰਦਾ ਸੀ। ਨਖ ਦੇ ਨਾਂ ਨਾਲ਼ ਮਸ਼ਹੂਰ, ਇਹ ਡੋਰ ਸੂਤ ਅਤੇ ਰੇਸ਼ਮ ਰਲ਼ਾ ਕੇ ਬਣਾਈ ਜਾਂਦੀ," ਉਹ ਕਹਿੰਦੇ ਹਨ।
ਮਾਸਿਕ ਮੈਗਜ਼ੀਨ ਬੱਲਾਊ ਨੇ ਆਪਣੇ 1868 ਦੇ ਐਡੀਸ਼ਨ ਵਿੱਚ ਕਿਹਾ ਹੈ ਕਿ ਪਟਨਾ ਆਪਣੀਆਂ ਪਤੰਗਾਂ ਲਈ ਜਾਣਿਆ ਜਾਂਦਾ ਹੈ। "ਜੇ ਕੋਈ ਕਾਰੋਬਾਰ ਵਿੱਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਹੈ, ਤਾਂ ਉਸਨੂੰ ਇਸ ਕਸਬੇ ਵਿੱਚ ਪਤੰਗ ਦੀ ਦੁਕਾਨ ਖੋਲ੍ਹਣੀ ਚਾਹੀਦੀ ਹੈ। ਇੱਥੇ ਹਰ 10ਵੀਂ ਦੁਕਾਨ ਪਤੰਗ ਦੀ ਹੈ। ਦੇਖ ਕੇ ਇਓਂ ਲੱਗਦਾ ਹੈ ਜਿਵੇਂ ਪੂਰਾ ਸ਼ਹਿਰ ਪਤੰਗ ਉਡਾ ਰਿਹਾ ਹੋਵੇ। ਪਤੰਗ ਹੀਰੇ ਦੇ ਆਕਾਰ ਦੀ ਹੋਇਆ ਕਰਦੀ, ਖੰਭ ਵਾਂਗਰ ਹਲ਼ਕੀ ਇਹ ਪਤੰਗ ਬਗ਼ੈਰ ਪੂਛ ਦੇ ਰੇਸ਼ਮ ਦੀ ਡੋਰ ਨਾਲ਼ ਅਸਮਾਨ ਨਾਲ਼ ਗੱਲ ਕਰਦੀ ਜਾਪਦੀ।''
ਪਰ ਹੁਣ, ਸੌ ਸਾਲ ਬਾਅਦ, ਇੱਥੇ ਚੀਜ਼ਾਂ ਬਦਲ ਗਈਆਂ ਹਨ। ਪਰ ਪਟਨਾ ਦੀਆਂ ਤਿਲੰਗੀਆਂ ਨੇ ਆਪਣੀ ਸ਼ਖਸੀਅਤ ਬਣਾਈ ਰੱਖੀ ਹੈ - ਇੱਕ ਪੂਛ ਰਹਿਤ ਪਤੰਗ। ਪਤੰਗ ਬਣਾਉਣ ਦਾ ਕੰਮ ਕਰਨ ਵਾਲ਼ੀ ਸ਼ਬੀਨਾ ਹੱਸਦੀ ਹੋਈ ਕਹਿੰਦੀ ਹਨ, " ਦੁਮ ਤੋ ਕੁੱਟੇ ਕੀ ਨਾ ਹੋਤਾ ਹੈ ਜੀ , ਤਿਲੰਗੀ ਕਾ ਥੋਡੇ। '' ਸੱਤਰਵੇਂ ਨੂੰ ਢੁਕ ਚੁੱਕੀ ਸਬੀਨਾ ਨੇ ਅੱਖਾਂ ਦੀ ਘੱਟਦੀ ਜਾਂਦੀ ਰੌਸ਼ਨੀ ਕਾਰਨ ਪਤੰਗ ਬਣਾਉਣ ਦਾ ਕੰਮ ਛੱਡ ਦਿੱਤਾ ਹੈ।
ਪਟਨਾ ਪਤੰਗ-ਸਾਜ਼ੀ ਦਾ ਗੜ੍ਹ ਰਿਹਾ ਹੈ। ਪਤੰਗਾਂ ਤੇ ਸਬੰਧਤ ਸਮੱਗਰੀ ਇੱਥੋਂ ਹੀ ਬਿਹਾਰ ਤੇ ਗੁਆਂਢੀ ਰਾਜਾਂ ਨੂੰ ਵੀ ਭੇਜੀ ਜਾਂਦੀ ਹੈ। ਪਾਰੇਤੀ ਤੇ ਤਿਲੰਗੀ ਦੋਵੇਂ ਹੀ ਸਿਲੀਗੁੜੀ, ਕੋਲ਼ਕਾਤਾ, ਮਾਲਦਾ, ਰਾਂਚੀ, ਹਜ਼ਾਰੀਬਾਗ਼, ਜੌਨਪੁਰ, ਕਾਠਮੰਡੂ, ਓਨਾਓ, ਝਾਂਸੀ, ਭੋਪਾਲ ਤੇ ਇੱਥੋਂ ਤੱਕ ਕਿ ਪੂਨਾ ਤੇ ਨਾਗਪੁਰ ਵੀ ਭੇਜੇ ਜਾਂਦੇ ਹਨ।
*****
" ਤਿਲੰਗੀ ਬਨਾਨੇ ਕੇ ਲੀਏ ਭੀ ਸਮੇਂ ਚਾਹੀਏ ਅਤੇ ਉਡਾਨੇ ਕੇ ਲੀਏ ਭੀ ," ਅਸ਼ੋਕ ਸ਼ਰਮਾ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ। "ਹੁਣ ਇਸ ਸ਼ਹਿਰ ਵਿੱਚ ਸਮਾਂ ਸਭ ਤੋਂ ਮਹਿੰਗੀ ਚੀਜ਼ ਹੈ।''
ਸ਼ਰਮਾ ਤੀਜੀ ਪੀੜ੍ਹੀ ਦੀ ਤਿਲੰਗੀ ਬਣਾਉਣ ਵਾਲ਼ੇ ਅਤੇ ਵਿਕਰੇਤਾ ਹਨ। ਗਾਰੇ ਦੀਆਂ ਕੰਧਾਂ ਤੇ ਕਾਨਿਆਂ ਦੀ ਛੱਤ ਵਾਲ਼ੀ ਉਨ੍ਹਾਂ ਦੀ ਦੁਕਾਨ ਪਟਨਾ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਹੈ। ਇਹ ਦੁਕਾਨ ਬਿਹਾਰ ਦੀ ਸਭ ਤੋਂ ਪੁਰਾਣੀ ਚਰਚ ਪਾਦਰੀ ਕੀ ਹਵੇਲੀ ਤੋਂ 100 ਮੀਟਰ ਦੀ ਦੂਰੀ 'ਤੇ ਅਸ਼ੋਕ ਰਾਜਪਥ 'ਤੇ ਸਥਿਤ ਹੈ। ਉਹ ਉਨ੍ਹਾਂ ਕੁਝ ਕਾਰੀਗਰਾਂ ਵਿੱਚੋਂ ਇੱਕ ਹਨ ਜੋ ਪਾਰੇਤੀ (ਬਾਂਸ ਦੀ ਚਰੱਖੜੀ ਜਿਸ ਦੁਆਲ਼ੇ ਡੋਰ ਲਪੇਟੀ ਜਾਂਦੀ ਹੈ) ਬਣਾਉਣ ਵਿੱਚ ਮਾਹਰ ਹਨ। ਪਤੰਗ ਦੀਆਂ ਡੋਰਾਂ, ਜਿਨ੍ਹਾਂ ਨੂੰ ਮਾਂਜਾ ਜਾਂ ਨਖ ਕਿਹਾ ਜਾਂਦਾ ਹੈ, ਹੁਣ ਚੀਨ ਤੋਂ ਲਿਆਂਦੀਆਂ ਜਾਂਦੀਆਂ ਹਨ ਜਾਂ ਫੈਕਟਰੀਆਂ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ। ਅਤੇ ਮੌਜੂਦਾ ਧਾਗਾ ਪਹਿਲਾਂ ਨਾਲ਼ੋਂ ਵੀ ਪਤਲਾ ਹੈ।
ਸ਼ਰਮਾ ਜੀ ਦੇ ਹੱਥ ਆਪਣੇ ਕੰਮ ਵਿੱਚ ਰੁੱਝੇ ਹੋਏ ਸਨ ਕਿਉਂਕਿ ਉਨ੍ਹਾਂ ਨੇ ਕਿਸੇ ਪਿੰਡੋਂ ਮਿਲ਼ੇ 150 ਪਾਰੇਤੀਆਂ ਦੀ ਸਪਲਾਈ ਪੂਰੀ ਕਰਨੀ ਹੈ।
ਪਾਰੇਤੀ ਬਣਾਉਣ ਲਈ ਲੱਕੜ ਦੀਆਂ ਸਖ਼ਤ ਡੰਡੀਆਂ ਨੂੰ ਮੋੜ ਕੇ ਬੰਨ੍ਹਣਾ ਹੁੰਦਾ ਹੈ। ਇਸ ਕੰਮ ਲਈ ਪਤੰਗ ਬਣਾਉਣ ਨਾਲ਼ੋਂ ਵਧੇਰੇ ਹੁਨਰ ਦੀ ਲੋੜ ਹੁੰਦੀ ਹੈ। ਸ਼ਰਮਾ ਇਸ ਕੰਮ ਲਈ ਇੱਥੇ ਜਾਣੇ ਜਾਂਦੇ ਹਨ। ਸ਼ਰਮਾ ਦਾ ਕਹਿਣਾ ਹੈ ਕਿ ਉਹ ਦੂਸਰੇ ਕਾਰੀਗਰਾਂ ਵਾਂਗਰ ਪਤੰਗ ਤੇ ਡੋਰ ਬਣਾਉਣ ਦਾ ਕੰਮ ਦੂਸਰਿਆਂ ਨੂੰ ਕਮਿਸ਼ਨ ਦੇ ਕੇ ਕਰਵਾਉਣ ਦੀ ਬਜਾਇ ਖ਼ੁਦ ਕਰਨਾ ਪਸੰਦ ਕਰਦੇ ਹਨ।
ਤਿਲੰਗੀ ਅਤੇ ਪਾਰੇਤੀ ਨਾਲ਼ ਭਰਿਆ ਇਹ ਕਮਰਾ ਹਨ੍ਹੇਰੇ ਵਿੱਚ ਡੁੱਬਿਆ ਹੈ, ਇਸ ਦੇ ਪਿੱਛੇ ਕੰਧ ਦੇ ਛੋਟੇ ਜਿਹੇ ਖੁੱਲ੍ਹੇ ਹਿੱਸੇ ਤੋਂ ਕੁਝ ਰੌਸ਼ਨੀ ਆਉਂਦੀ ਰਹਿੰਦੀ ਹੈ। ਉੱਥੇ ਬੈਠ ਕੇ ਉਨ੍ਹਾਂ ਦਾ 30 ਸਾਲਾ ਪੋਤਾ ਕੌਟਿਲਯ ਕੁਮਾਰ ਸ਼ਰਮਾ ਆਪਣਾ ਲੇਖਾ-ਜੋਖਾ ਨਿਬੇੜ ਰਿਹਾ ਹੈ। ਪਰਿਵਾਰ ਪੀੜ੍ਹੀਆਂ ਤੋਂ ਇਸ ਕਾਰੋਬਾਰ ਨਾਲ਼ ਜੁੜਿਆ ਹੋਇਆ ਹੈ, ਪਰ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਅਤੇ ਪੋਤਾ ਇਸ ਨੂੰ ਅੱਗੇ ਵਧਾਉਣ ਵਿੱਚ ਦਿਲਚਸਪੀ ਨਹੀਂ ਰੱਖਦੇ।
ਸ਼ਰਮਾ 12 ਸਾਲਾਂ ਦੇ ਸਨ ਜਦੋਂ ਉਨ੍ਹਾਂ ਨੇ ਇਸ ਤਿਲੰਗੀ ਅਤੇ ਪਾਰੇਤੀ ਕਲਾ ਨੂੰ ਸਿੱਖਣਾ ਸ਼ੁਰੂ ਕੀਤਾ। "ਦੁਕਾਨ ਪਰ ਆ ਕਰ ਬੈਠ ਗਏ , ਫਿਰ ਕੈਸਾ ਬਚਪਨ , ਕੈਸੀ ਜਵਾਨੀ ? ਸਭ ਯਾਹੀਨ ਬੀਤ ਗਿਆ। ਤਿਲੰਗੀ ਬਨਾਈ ਬਹੁਤ ਮਗਰ ਉਡਾਈ ਨਹੀਂ ," ਬਜ਼ੁਰਗ ਕਾਰੀਗਰ ਕਹਿੰਦੇ ਹਨ।
"ਪਤੰਗ ਬਣਾਉਣ ਦੀ ਨਿਗਰਾਨੀ ਸ਼ਹਿਰ ਦੇ ਕੁਲੀਨ ਅਤੇ ਅਮੀਰ ਲੋਕਾਂ ਦੁਆਰਾ ਕੀਤੀ ਜਾਂਦੀ ਸੀ। ਉਨ੍ਹਾਂ ਦਾ ਉਤਸ਼ਾਹ ਪਤੰਗ ਬਣਾਉਣ ਵਾਲਿਆਂ ਲਈ ਵਰਦਾਨ ਸੀ," ਅਸ਼ੋਕ ਸ਼ਰਮਾ ਕਹਿੰਦੇ ਹਨ। ''ਮਹਾਸ਼ਿਵਰਾਤਰੀ ਮੌਕੇ ਪਟਨਾ 'ਚ ਪਤੰਗਾਂ ਹੀ ਪਤੰਗਾਂ ਉੱਡਦੀਆਂ ਦਿੱਸਿਆ ਕਰਦੀਆਂ। ਪਰ ਇਨ੍ਹੀਂ ਦਿਨੀਂ ਸੰਕ੍ਰਾਂਤੀ (ਮਾਘੀ) 'ਤੇ ਵੀ ਗਾਹਕ ਲੱਭਣਾ ਮੁਸ਼ਕਲ ਹੈ।''
*****
ਪਤੰਗ ਆਮ ਤੌਰ 'ਤੇ ਹੀਰੇ ਦੇ ਆਕਾਰ ਦੀ ਹੁੰਦੀ ਹੈ। ਪਹਿਲਾਂ ਪਤੰਗਾਂ ਕਾਗਜ਼ ਦੀ ਵਰਤੋਂ ਕਰਕੇ ਬਣਾਈਆਂ ਜਾਂਦੀਆਂ ਸਨ। ਪਰ ਹੁਣ ਇਹ ਪੂਰੀ ਤਰ੍ਹਾਂ ਪਲਾਸਟਿਕ ਨਾਲ਼ ਬਣਾਈਆਂ ਜਾਂਦੀਆਂ ਤੇ ਕੀਮਤ ਹੁਣ ਅੱਧੀ ਰਹਿ ਗਈ ਹੈ। ਪੇਪਰ ਤਿਲੰਗੀ ਆਸਾਨੀ ਨਾਲ਼ ਫਟ ਜਾਂਦੀ ਹੈ ਅਤੇ ਵਰਤਣਾ ਮੁਸ਼ਕਲ ਹੁੰਦਾ ਹੈ। ਕਾਗਜ਼ ਨਾਲ਼ ਬਣੀ ਸਾਧਾਰਨ ਪਤੰਗ ਦੀ ਕੀਮਤ 5 ਰੁਪਏ ਅਤੇ ਪਲਾਸਟਿਕ ਦੀ ਪਤੰਗ ਦੀ ਕੀਮਤ 3 ਰੁਪਏ ਹੈ।
ਉਨ੍ਹਾਂ ਦੇ ਆਕਾਰ ਆਮ ਤੌਰ 'ਤੇ 12 x 12 ਅਤੇ 10 x 10-ਇੰਚ ਤੱਕ ਹੁੰਦੇ ਹਨ, ਪਰ 18 x 18 ਅਤੇ 20 x 20 ਦੀਆਂ ਪਤੰਗਾਂ ਵੀ ਬਣਾਈਆਂ ਜਾਂਦੀਆਂ ਹਨ। ਜਿਵੇਂ-ਜਿਵੇਂ ਆਕਾਰ ਵਧਦਾ ਜਾਂਦਾ ਹੈ ਅਤੇ ਡਿਜ਼ਾਈਨ ਗੁੰਝਲਦਾਰ ਹੁੰਦਾ ਜਾਂਦਾ ਹੈ, ਕੀਮਤ ਵੀ ਵਧਦੀ ਜਾਂਦੀ ਹੈ - ਖਾਸ ਕਾਰਟੂਨ ਜਾਂ ਫਿਲਮ ਦੇ ਕਿਰਦਾਰਾਂ ਜਾਂ ਸੰਵਾਦਾਂ ਵਾਲ਼ੀ ਪਤੰਗ ਦੀ ਕੀਮਤ 25 ਰੁਪਏ ਤੱਕ ਹੁੰਦੀ ਹੈ। ਪਰ ਰਾਜ ਤੋਂ ਬਾਹਰ ਦੀਆਂ ਮੰਗਾਂ ਲਈ, ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੀਆਂ ਸ਼ੀਟਾਂ ਵਾਲ਼ੀਆਂ ਕੀਮਤਾਂ 80 ਰੁਪਏ ਤੋਂ ਲੈ ਕੇ 100 ਰੁਪਏ ਤੱਕ ਹਨ। ਇਸ ਵਿੱਚ ਉੱਚ ਗੁਣਵੱਤਾ ਵਾਲ਼ੀਆਂ ਤੀਲੀਆਂ ਅਤੇ ਖੱਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਚੰਗੀ ਲੇਈ (ਚੌਲਾਂ ਤੋਂ ਬਣੀ ਗੂੰਦ) ਦੀ ਵਰਤੋਂ ਕੀਤੀ ਜਾਂਦੀ ਹੈ।
ਸੰਜੇ ਜੈਸਵਾਲ ਦੇ ਤਿਲੰਗੀ ਦੇ ਵਰਕਸ਼ਾਪ ਵਿਖੇ ਇੱਕ ਲੱਕੜ ਕੱਟਣ ਵਾਲ਼ੀ ਮਸ਼ੀਨ, ਬਾਂਸ ਦੀਆਂ ਤੀਲੀਆਂ, ਡੰਡਿਆਂ ਤੇ ਤਿਲੰਗੀ ਬਣਾਉਣ ਵਿੱਚ ਕੰਮ ਆਉਣ ਵਾਲ਼ੇ ਕਈ ਦੂਸਰੇ ਸਮਾਨ ਇੱਕ 8 ਵਰਗ ਫੁੱਟ ਦੀ ਦੁਕਾਨ ਚਾਰੇ ਪਾਸੇ ਖਿੱਲਰੇ ਪਏ ਹਨ। ਇਸ ਕਮਰੇ ਨੂੰ ਕੋਈ ਖਿੜਕੀ ਵੀ ਨਹੀਂ ਹੈ।
"ਸਾਡੀ ਵਰਕਸ਼ਾਪ ਦਾ ਕੋਈ ਨਾਮ ਨਹੀਂ ਹੈ," ਸੰਜੇ ਕਹਿੰਦੇ ਹਨ, ਜੋ ਇੱਥੇ ਮੰਨਨ ਵਜੋਂ ਜਾਣੇ ਜਾਂਦੇ ਹਨ। ਪਰ ਉਨ੍ਹਾਂ ਲਈ, ਇਹ ਕੋਈ ਸਮੱਸਿਆ ਨਹੀਂ ਹੈ. ਕਿਉਂਕਿ ਉਹ ਸ਼ਾਇਦ ਇਸ ਸ਼ਹਿਰ ਵਿੱਚ ਸਭ ਤੋਂ ਵੱਡੇ ਪਤੰਗ ਸਪਲਾਇਰ ਹਨ। "ਬੇ-ਨਾਮ ਹੈਂ , ਗੁਮਨਾਮ ਥੋੜੇ ਹੈਂ ," ਉਹ ਆਪਣੇ ਵਰਕਰਾਂ ਨਾਲ਼ ਹੱਸਦੇ ਹੋਏ ਕਹਿੰਦੇ ਹਨ।
ਗੁਧਾੱਟਾ ਇਲਾਕੇ ਦੇ ਮੁਹੱਲਾ ਦੀਵਾਨ ਨੇੜੇ ਸਥਿਤ ਉਨ੍ਹਾਂ ਦੀ ਵਰਕਸ਼ਾਪ ਇੱਕ ਖੁੱਲ੍ਹੇ ਇਲਾਕੇ ਵਿੱਚ ਸਥਿਤ ਹੈ। ਬਾਂਸ ਦੇ ਖੰਭਿਆਂ ਦੀ ਮਦਦ ਨਾਲ਼ ਖੜ੍ਹੀ ਸੀਮੈਂਟ ਸ਼ੀਟ ਦਾ ਢਾਂਚਾ ਅਤੇ ਇਸ ਦੇ ਨਾਲ਼ ਇੱਕ ਛੋਟਾ ਜਿਹਾ ਕਮਰਾ ਬਣਾਇਆ ਗਿਆ ਹੈ। ਉਹ ਇਸ ਕੰਮ ਵਾਲ਼ੀ ਥਾਂ 'ਤੇ ਲਗਭਗ 11 ਕਾਮਿਆਂ ਨੂੰ ਰੁਜ਼ਗਾਰ ਦਿੰਦੇ ਹਨ। ਬਾਕੀ ਕੰਮ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਂਦਾ ਹੈ ਜੋ "ਲੋੜਾਂ ਅਨੁਸਾਰ ਆਪਣੇ ਘਰਾਂ ਤੋਂ ਕੰਮ ਕਰਦੀਆਂ ਹਨ।"
55 ਸਾਲਾ ਮੁਹੰਮਦ ਸ਼ਮੀਮ ਇੱਥੇ ਦੇ ਸਭ ਤੋਂ ਬਜ਼ੁਰਗ ਕਾਰੀਗਰ ਹਨ। ਪਟਨਾ ਦੇ ਛੋਟੀ ਬਾਜ਼ਾਰ ਇਲਾਕੇ ਦੇ ਰਹਿਣ ਵਾਲ਼ੇ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕੋਲ਼ਕਾਤਾ ਦੇ ਇੱਕ ਉਸਤਾਦ ਤੋਂ ਪਤੰਗ ਬਣਾਉਣ ਦੀ ਕਲਾ ਸਿੱਖੀ। ਉਨ੍ਹਾਂ ਨੇ ਕੋਲ਼ਕਾਤਾ, ਇਲਾਹਾਬਾਦ, ਮੁੰਬਈ ਅਤੇ ਬਨਾਰਸ ਸ਼ਹਿਰਾਂ ਵਿੱਚ ਕੰਮ ਕੀਤਾ ਅਤੇ ਆਖਰਕਾਰ ਇੱਕ ਸਥਾਈ ਕਾਰਜ ਸਥਾਨ ਦੀ ਭਾਲ ਦੇ ਹਿੱਸੇ ਵਜੋਂ ਆਪਣੇ ਸ਼ਹਿਰ ਵਾਪਸ ਆ ਗਏ।
"ਮੈਂ ਪਿਛਲੇ 22 ਸਾਲਾਂ ਤੋਂ ਇੱਥੇ ਕੰਮ ਕਰ ਰਿਹਾ ਹਾਂ," ਉਨ੍ਹਾਂ ਕਿਹਾ। ਉਨ੍ਹਾਂ ਨੂੰ ਸਖ਼ਤ ਬਾਂਸ ਦੀਆਂ ਤੀਲੀਆਂ ਨੂੰ ਮੋੜਨ ਅਤੇ ਗੂੰਦ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਚਿਪਕਾਉਣ ਵਿੱਚ ਮਾਹਰ ਮੰਨਿਆ ਜਾਂਦਾ ਹੈ। ਸ਼ਮੀਮ ਇੱਕ ਦਿਨ ਵਿੱਚ ਲਗਭਗ 1,500 ਤੀਲੀਆਂ ਜੋੜ ਲੈਂਦੇ ਹਨ, ਪਰ ਇਹ ਰੋਜ਼ੀ-ਰੋਟੀ ਲਈ ਇੱਕ ਦੌੜ ਹੈ।
" ਕੋਸ਼ਿਸ਼ ਹੋਤਾ ਹੈ ਕੇ ਦਿਨ ਕਾ 200 ਰੁਪਿਆ ਤਕ ਕਮਾ ਲੇਂ ਤੋ ਮਹੀਨੇ ਕਾ 6000 ਬਨ ਜਾਏਗਾ ," ਸ਼ਮੀਨ ਕਹਿੰਦੇ ਹਨ। 1,500 ਪਤੰਗਾਂ ਨੂੰ ਉਹ ਤੀਲੀ ਲਗਾਉਂਦੇ ਹਨ ਅਤੇ ਫਿਰ ਸ਼ਾਮ ਤੱਕ ਟੇਪ ਦੀ ਵਰਤੋਂ ਕਰਕੇ ਇਸ ਨੂੰ ਸੁਰੱਖਿਅਤ ਕਰਦੇ ਹਨ। "ਇਸ ਹਿਸਾਬ ਸੇ 200-210 ਰੁਪਿਆ ਬਨ ਜਾਤਾ ਹੈ ," ਉਹ ਕਹਿੰਦੇ ਹਨ।
ਜਦੋਂ ਪਾਰੀ ਨੇ ਇਸ ਸਾਲ ਮਈ ਵਿੱਚ ਇਸ ਕੰਮ ਵਾਲ਼ੀ ਥਾਂ ਦਾ ਦੌਰਾ ਕੀਤਾ ਤਾਂ ਬਾਹਰ ਦਾ ਤਾਪਮਾਨ ਪਹਿਲਾਂ ਹੀ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਸੀ। ਪਰ ਉਹ ਪੱਖੇ ਦੀ ਵਰਤੋਂ ਵੀ ਨਹੀਂ ਕਰ ਸਕਦੇ ਸਨ ਕਿਉਂਕਿ ਪਤੰਗ ਬਣਾਉਣ ਲਈ ਵਰਤੀਆਂ ਜਾਂਦੀਆਂ ਪਤਲੀਆਂ ਪਲਾਸਟਿਕ ਦੀਆਂ ਸ਼ੀਟਾਂ ਉੱਡ ਜਾਂਦੀਆਂ।
ਪਲਾਸਟਿਕ ਦੀ ਸ਼ੀਟ ਨੂੰ ਛੋਟੇ-ਛੋਟੇ ਚੌਰਸ ਪੀਸਾਂ 'ਚ ਕੱਟ ਰਹੇ ਸੁਨੀਲ ਕੁਮਾਰ ਮਿਸ਼ਰਾ ਨੇ ਰੁਮਾਲ ਨਾਲ਼ ਪਸੀਨਾ ਪੂੰਝਿਆ। "ਤੁਸੀਂ ਪਤੰਗ ਬਣਾਉਣ ਤੋਂ ਜੋ ਪੈਸਾ ਕਮਾਉਂਦੇ ਹੋ ਉਸ ਨਾਲ਼ ਤੁਸੀਂ ਆਪਣੇ ਪਰਿਵਾਰ ਦੀ ਦੇਖਭਾਲ ਨਹੀਂ ਕਰ ਸਕਦੇ। ਇੱਥੇ ਕੋਈ ਵੀ ਮਜ਼ਦੂਰ 10,000 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਨਹੀਂ ਕਮਾਉਂਦਾ," ਉਨ੍ਹਾਂ ਨੇ ਸਾਨੂੰ ਦੱਸਿਆ।
ਹਾਜੀਗੰਜ ਮੁਹੱਲੇ ਦੇ ਵਸਨੀਕ, ਉਹ ਪਤੰਗ ਬਣਾਉਣ ਨੂੰ ਦੇਖਦੇ ਹੋਏ ਵੱਡੇ ਹੋਏ ਕਿਉਂਕਿ ਇਹ ਖੇਤਰ ਕਦੇ ਸ਼ਹਿਰ ਦੇ ਪਤੰਗ ਬਣਾਉਣ ਵਾਲ਼ੇ ਭਾਈਚਾਰੇ ਦਾ ਕੇਂਦਰ ਸੀ। ਉਹ ਇਸ ਪੇਸ਼ੇ ਵਿੱਚ ਸ਼ਾਮਲ ਹੋਏ ਜਿਸ ਨੂੰ ਉਨ੍ਹਾਂ ਬਚਪਨ ਵਿੱਚ ਦੇਖਿਆ ਸੀ। ਹਾਂਲਾਕਿ ਉਹ ਫੁੱਲ ਵੇਚਣ ਦਾ ਕੰਮ ਕਰਦੇ ਸਨ ਪਰ ਕੋਵਿਡ -19 ਦੌਰਾਨ ਉਨ੍ਹਾਂ ਦਾ ਇਹ ਕੰਮ ਬੰਦ ਹੋ ਗਿਆ ਤੇ ਉਨ੍ਹਾਂ ਨੂੰ ਪਤੰਗ ਬਣਾਉਣ ਦੇ ਕੰਮ ਵਿੱਚ ਲੱਗਣਾ ਪਿਆ।
ਹਾਲਾਂਕਿ ਸੁਨੀਲ ਸਥਾਈ ਕਾਰੀਗਰ ਹਨ, ਪਰ ਉਨ੍ਹਾਂ ਨੂੰ ਵੀ ਪਤੰਗਾਂ ਦੀ ਗਿਣਤੀ ਦੇ ਅਧਾਰ ਤੇ ਉਜਰਤ ਦਿੱਤੀ ਜਾਂਦੀ ਹੈ। "ਹਰ ਕੋਈ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਕੰਮ ਕਰਦਾ ਹੈ ਅਤੇ ਵੱਧ ਤੋਂ ਵੱਧ ਪਤੰਗਾਂ ਬਣਾਉਣ ਦੀ ਕੋਸ਼ਿਸ਼ ਕਰਦਾ ਹੈ," ਉਹ ਕਹਿੰਦੇ ਹਨ।
*****
ਘਰਾਂ ਵਿੱਚ ਪਤੰਗ ਬਣਾਉਣ ਦੇ ਕੰਮ ਵਿੱਚ ਵੱਡੀ ਗਿਣਤੀ ਵਿੱਚ ਮੁਸਲਿਮ ਔਰਤਾਂ ਹਨ - ਪੂਰੀ ਪਤੰਗ ਜਾਂ ਇਸਦੇ ਹਿੱਸੇ। ਆਇਸ਼ਾ ਪਰਵੀਨ ਨੇ ਆਪਣੇ ਚਾਰ ਮੈਂਬਰੀਂ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਤਿਲੰਗੀ ਬਣਾਉਣ ਦੀ ਕਲਾ ਸਿੱਖੀ। ਪਿਛਲੇ 16 ਸਾਲਾਂ ਤੋਂ ਆਇਸ਼ਾ ਆਪਣੇ ਦੋ ਬੱਚਿਆਂ ਅਤੇ ਪਤੀ ਨਾਲ਼ ਮਿਲ ਕੇ ਇੱਕ ਕਮਰੇ ਦੀ ਰਸੋਈ ਵਿੱਚ ਪਤੰਗ ਬਣਾ ਰਹੀ ਹਨ। "ਕੁਝ ਸਮਾਂ ਪਹਿਲਾਂ, ਮੈਂ ਇੱਕ ਹਫ਼ਤੇ ਵਿੱਚ 9,000 ਤੋਂ ਵੱਧ ਤਿਲੰਗੀਆਂ ਬਣਾਉਂਦਾ ਸੀ," ਉਹ ਯਾਦ ਕਰਦੇ ਹਨ। "ਹੁਣ 2,000 ਪਤੰਗਾਂ ਦਾ ਆਰਡਰ ਮਿਲਣਾ ਇੱਕ ਵੱਡੀ ਗੱਲ ਹੈ," ਉਹ ਕਹਿੰਦੇ ਹਨ।
"ਤਿਲੰਗੀ ਸੱਤ ਹਿੱਸਿਆਂ ਵਿੱਚ ਬਣਾਈ ਜਾਂਦੀ ਹੈ ਅਤੇ ਹਰੇਕ ਭਾਗ ਵਿਅਕਤੀਗਤ ਕਾਮਿਆਂ ਦੁਆਰਾ ਬਣਾਇਆ ਜਾਂਦਾ ਹੈ," ਆਇਸ਼ਾ ਕਹਿੰਦੀ ਹਨ। ਇੱਕ ਵਰਕਰ ਇੱਕ ਪਲਾਸਟਿਕ ਸ਼ੀਟ ਨੂੰ ਲੋੜੀਂਦੇ ਆਕਾਰ ਦੇ ਅਨੁਸਾਰ ਕਈ ਵਰਗਾਂ ਵਿੱਚ ਕੱਟਦਾ ਹੈ। ਇਸ ਦੌਰਾਨ, ਦੋ ਮਜ਼ਦੂਰ ਬਾਂਸ ਨੂੰ ਛੋਟੀਆਂ ਤੀਲੀਆਂ ਅਤੇ ਖੱਡਿਆਂ ਵਿੱਚ ਕੱਟਦੇ ਹਨ - ਉਨ੍ਹਾਂ ਵਿੱਚੋਂ ਇੱਕ ਲੰਬੀ ਹੁੰਦੀ ਹੈ ਜਦੋਂ ਕਿ ਦੂਜੀ ਤੁਲਨਾਤਮਕ ਤੌਰ 'ਤੇ ਮੋਟੀ ਅਤੇ ਛੋਟੀ ਹੁੰਦੀ ਹੈ। ਇੱਕ ਹੋਰ ਮਜ਼ਦੂਰ ਤਲਵਾਰ ਨੂੰ ਕੱਟੇ ਹੋਏ ਪਲਾਸਟਿਕ ਦੇ ਵਰਗਾਂ 'ਤੇ ਚਿਪਕਾਉਂਦਾ ਹੈ ਅਤੇ ਇਸ ਨੂੰ ਉਸ ਮਜ਼ਦੂਰ ਨੂੰ ਦਿੰਦਾ ਹੈ ਜੋ ਵਕਰਦਾਰ ਤੀਲੀਆਂ ਨੂੰ ਚਿਪਕਾਉਂਦਾ ਹੈ।
ਜਦੋਂ ਇਹ ਸਭ ਹੋ ਜਾਂਦਾ ਹੈ, ਤਾਂ ਆਖਰੀ ਦੋ ਕਰਮਚਾਰੀ ਪਤੰਗ ਦੀ ਜਾਂਚ ਕਰਦੇ ਹਨ ਅਤੇ ਇਸ 'ਤੇ ਗੂੰਦ ਟੇਪ ਲਗਾਉਂਦੇ ਹਨ ਅਤੇ ਅਗਲੇ ਵਰਕਰ ਨੂੰ ਦਿੰਦੇ ਹਨ। ਉਹ ਪਤੰਗ ਵਿੱਚ ਇੱਕ ਛੇਕ ਬਣਾਉਂਦੇ ਹਨ ਅਤੇ ਇੱਕ ਡੋਰ ਬੰਨ੍ਹਦੇ ਹਨ। ਇਸ ਪ੍ਰਕਿਰਿਆ ਨੂੰ ਕੰਨਾ ਕਿਹਾ ਜਾਂਦਾ ਹੈ।
ਪਲਾਸਟਿਕ ਕੱਟਣ ਵਾਲ਼ੇ 1,000 ਪਤੰਗਾਂ ਲਈ 80 ਰੁਪਏ ਕਮਾਉਂਦੇ ਹਨ, ਜਦੋਂ ਕਿ ਬਾਂਸ ਕੱਟਣ ਵਾਲ਼ੇ 100 ਰੁਪਏ ਕਮਾਉਂਦੇ ਹਨ। ਬਾਕੀ ਕੰਮ ਉਸੇ ਨੰਬਰ ਲਈ ਲਗਭਗ 50 ਰੁਪਏ ਕਮਾ ਲੈਂਦਾ ਹੈ। ਮਜ਼ਦੂਰਾਂ ਦਾ ਇੱਕ ਸਮੂਹ ਇੱਕ ਦਿਨ ਵਿੱਚ 1,000 ਪਤੰਗਾਂ ਬਣਾ ਸਕਦਾ ਹੈ, ਸਮੂਹ ਸਵੇਰੇ 9 ਤੋਂ 12 ਘੰਟੇ ਕੰਮ ਕਰਦਾ ਹੈ, ਵਿੱਚਕਾਰ ਸਿਰਫ਼ ਥੋੜ੍ਹਾ ਜਿਹਾ ਬ੍ਰੇਕ ਹੁੰਦਾ ਹੈ।
"ਤਿਲੰਗੀ ਬਣਾਉਣ ਵਿੱਚ ਸੱਤ ਲੋਕਾਂ ਦੀ ਮਿਹਨਤ ਲੱਗਦੀ ਹੈ, ਜੋ ਬਾਜ਼ਾਰ ਵਿੱਚ ਦੋ ਤੋਂ ਤਿੰਨ ਰੁਪਏ ਵਿੱਚ ਵੇਚੀ ਜਾਂਦੀ ਹੈ," ਆਇਸ਼ਾ ਨੇ ਕਿਹਾ। 1,000 ਪਤੰਗਾਂ ਦੀ ਕੁੱਲ ਨਿਰਮਾਣ ਲਾਗਤ 410 ਰੁਪਏ ਹੈ ਅਤੇ ਇਹ ਪੈਸਾ ਸੱਤ ਲੋਕਾਂ ਵਿੱਚ ਵੰਡਿਆ ਗਿਆ ਹੈ। "ਮੈਂ ਨਹੀਂ ਚਾਹੁੰਦੀ ਕਿ ਰੁਖਸਾਨਾ (ਉਸਦੀ ਧੀ) ਪਤੰਗ ਬਣਾਉਣ ਦੇ ਇਸ ਕਾਰੋਬਾਰ ਵਿੱਚ ਸ਼ਾਮਲ ਹੋਵੇ," ਉਹ ਕਹਿੰਦੀ ਹਨ।
ਪਰ ਕਈ ਹੋਰ ਮਹਿਲਾ ਕਾਰੀਗਰਾਂ ਵਾਂਗ, ਉਹ ਘਰੇ ਰਹਿ ਕੇ ਕਮਾਈ ਕਰਕੇ ਖੁਸ਼ ਹਨ, ਪਰ ਕਮਾਈ ਬਹੁਤ ਘੱਟ ਹੈ, ਉਹ ਕਹਿੰਦੀ ਹਨ, "ਪਰ ਪਹਿਲਾਂ ਮੈਨੂੰ ਬਕਾਇਦਾ ਕੰਮ ਮਿਲਦਾ ਸੀ।'' ਆਇਸ਼ਾ ਨੂੰ 2,000 ਪਤੰਗਾਂ 'ਤੇ ਖੱਡਾ ਚਿਪਕਾ ਕੇ ਕੰਨਾ ਬੰਨ੍ਹਣ ਲਈ 180 ਰੁਪਏ ਦਿੱਤੇ ਜਾਂਦੇ ਹਨ - ਦੋਵੇਂ ਕੰਮਾਂ ਨੂੰ ਪੂਰਾ ਕਰਨ ਲਈ 100 ਪਤੰਗਾਂ ਨੂੰ ਲਗਭਗ 4-5 ਘੰਟੇ ਲੱਗਦੇ ਹਨ।
ਦੀਵਾਨ ਮੁਹੱਲਾ ਇਲਾਕੇ 'ਚ ਰਹਿਣ ਵਾਲ਼ੀ ਤਮੰਨਾ ਤਿਲੰਗੀ ਬਣਾਉਣ ਦਾ ਕੰਮ ਵੀ ਕਰਦੀ ਹਨ। "ਔਰਤਾਂ ਇਹ ਕੰਮ [ਜ਼ਿਆਦਾਤਰ] ਇਸ ਲਈ ਮਿਲ਼ਦਾ ਹੈ ਕਿਉਂਕਿ ਇਹ ਪਤੰਗ ਉਦਯੋਗ ਵਿੱਚ ਸਭ ਤੋਂ ਘੱਟ ਉਜਰਤ ਵਾਲ਼ਾ ਕੰਮ ਹੈ," 25 ਸਾਲਾ ਉਹ ਕਹਿੰਦੀ ਹਨ। "ਖੱਡਾ ਚਿਪਕਾਉਣ ਜਾਂ ਤੀਲੀ ਬੰਨ੍ਹਣ ਵਿੱਚ ਕੁਝ ਖਾਸ ਨਹੀਂ ਹੈ, ਪਰ ਇੱਕ ਔਰਤ ਨੂੰ 50 ਰੁਪਏ ਮਿਲਦੇ ਹਨ ਜੇ ਉਹ 1,000 ਖੱਡੇ ਜਾਂ ਤੀਲੀ ਲਗਾਉਂਦੀ ਹੈ, ਪਰ ਇੱਕ ਆਦਮੀ ਨੂੰ 1,000 ਤੀਲੀ ਲਈ 100 ਰੁਪਏ ਮਿਲਦੇ ਹਨ।''
ਪਟਨਾ ਅੱਜ ਦੇ ਦਿਨ ਵੀ ਪਤੰਗ ਬਣਾਉਣ ਤੇ ਪਤੰਗਾਂ ਨਾਲ਼ ਜੁੜੀਆਂ ਚੀਜ਼ਾਂ ਦੀ ਸਪਲਾਈ ਦਾ ਪ੍ਰਮੁੱਖ ਕੇਂਦਰ ਹੈ। ਇੱਥੋਂ ਪਤੰਗ ਤੇ ਦੂਜੇ ਸਮਾਨ ਪੂਰੇ ਬਿਹਾਰ ਵਿੱਚ ਹੀ ਨਹੀਂ, ਬਲਕਿ ਸਿਲੀਗੁੜੀ, ਕੋਲਕਾਤਾ, ਮਾਲਦਾ, ਕਾਠਮਾਂਡੂ, ਰਾਂਚੀ, ਝਾਂਸੀ, ਭੋਪਾਲ, ਪੂਨੇ ਤੇ ਨਾਗਪੁਰ ਜਿਹੇ ਸ਼ਹਿਰਾਂ ਵਿੱਚ ਭੇਜਿਆ ਜਾਂਦਾ ਹੈ
ਆਇਸ਼ਾ ਦੀ 17 ਸਾਲਾ ਬੇਟੀ ਰੁਖਸਾਨਾ ਖੱਡਾ-ਮਾਸਟਰ ਹੈ - ਉਹ ਪਲਾਸਟਿਕ ਦੀਆਂ ਪਤਲੀਆਂ ਪਤਲੀਆਂ ਸ਼ੀਟਾਂ 'ਤੇ ਬਾਂਸ ਦੀਆਂ ਪਤਲੀਆਂ ਡੰਡੀਆਂ ਲਾਉਂਦੀ ਹੈ। ਸਕੂਲ ਵਿੱਚ 11ਵੀਂ ਜਮਾਤ ਵਿੱਚ ਦਾਖਲ, ਇਹ ਕਾਮਰਸ ਵਿਦਿਆਰਥਣ ਪਤੰਗ ਬਣਾਉਣ ਵਿੱਚ ਆਪਣੀ ਮਾਂ ਦੀ ਮਦਦ ਕਰਨ ਲਈ ਸਮਾਂ ਕੱਢਦੀ ਹੈ।
ਉਸਨੇ 12 ਸਾਲ ਦੀ ਉਮਰ ਵਿੱਚ ਆਪਣੀ ਮਾਂ ਤੋਂ ਕਲਾ ਸਿੱਖੀ। ਆਇਸ਼ਾ ਕਹਿੰਦੀ ਹਨ, "ਜਦੋਂ ਉਹ ਛੋਟੀ ਸੀ ਤਾਂ ਉਹ ਪਤੰਗਾਂ ਨਾਲ਼ ਖੇਡਦੀ ਸੀ ਅਤੇ ਪਤੰਗ ਉਡਾਉਣ ਵਿੱਚ ਮਾਹਰ ਸੀ," ਆਇਸ਼ਾ ਕਹਿੰਦੀ ਹਨ, ਹੁਣ ਉਹ ਆਪਣੇ ਆਪ ਨੂੰ ਖੇਡਣ ਤੋਂ ਰੋਕਦੀ ਹੈ ਕਿਉਂਕਿ ਇਸ ਨੂੰ ਮੁੰਡਿਆਂ ਦੀ ਖੇਡ ਕਿਹਾ ਜਾਂਦਾ ਹੈ।
ਆਇਸ਼ਾ ਮੁਹੱਲਾ ਦੀਵਾਨ ਸ਼ੀਸ਼ ਮਹੇਲ ਖੇਤਰ ਵਿੱਚ ਆਪਣੇ ਕਿਰਾਏ ਦੇ ਕਮਰੇ ਦੇ ਪ੍ਰਵੇਸ਼ ਦੁਆਰ ਨੇੜੇ ਤਾਜ਼ੀਆਂ ਬਣੀਆਂ ਤਿਲੰਗੀਆਂ ਨੂੰ ਠੀਕ ਕਰਕੇ ਰੱਖਦੀ ਹਨ। ਰੁਖਸਾਨਾ ਪਤੰਗਾਂ ਨੂੰ ਅੰਤਿਮ ਛੋਹ ਦੇਣ ਵਿੱਚ ਰੁੱਝੀ ਹੋਈ ਹੈ। ਉਹ ਠੇਕੇਦਾਰ ਸ਼ਫੀਕ ਦੀ ਉਡੀਕ ਵਿੱਚ ਹਨ ਜੋ ਇਹ ਮਾਲ਼ ਲੈਣ ਆਉਣ ਵਾਲ਼ਾ ਹੈ।
"ਸਾਨੂੰ 2,000 ਪਤੰਗਾਂ ਦਾ ਆਰਡਰ ਮਿਲ਼ਿਆ ਪਰ ਮੈਂ ਆਪਣੀ ਧੀ ਨੂੰ ਦੱਸਣਾ ਭੁੱਲ ਗਈ। ਉਸਨੇ ਬਾਕੀ ਬਚੀ ਸਮੱਗਰੀ ਨਾਲ਼ 300 ਵਾਧੂ ਪਤੰਗਾਂ ਬਣਾ ਲਈਆਂ," ਆਇਸ਼ਾ ਕਹਿੰਦੀ ਹਨ।
"ਪਰ ਗੱਲ ਦੀ ਕੋਈ ਚਿੰਤਾ ਨਹੀਂ ਹੈ, ਅਸੀਂ ਅਗਲੇ ਆਰਡਰ ਵਿੱਚ ਬਣਿਆ ਮਾਲ਼ ਵਰਤ ਲਵਾਂਗੇ," ਉਨ੍ਹਾਂ ਦੀ ਧੀ ਰੁਖਸਾਨਾ ਸਾਡੀ ਗੱਲਬਾਤ ਸੁਣਦੀ ਹੋਈ ਕਹਿੰਦੀ ਹੈ।
"ਸਿਰਫ਼ ਤਾਂ ਹੀ ਨਾ ਜੇ ਕੋਈ ਆਰਡਰ ਮਿਲ਼ਿਆ,'' ਆਇਸ਼ਾ ਕਹਿੰਦੀ ਹਨ।
ਇਹ ਕਹਾਣੀ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐਮਐਮਐਫ) ਫੈਲੋਸ਼ਿਪ ਦੇ ਸਮਰਥਨ ਨਾਲ਼ ਰਿਪੋਰਟ ਕੀਤੀ ਗਈ ਹੈ।
ਤਰਜਮਾ: ਕਮਲਜੀਤ ਕੌਰ