ਪਾਰੀ ਦੇ ਅਧਿਕਾਰਤ ਲਾਂਚ ਨੂੰ ਦਸ ਸਾਲ ਹੋ ਗਏ ਹਨ। ਸਾਡੀ ਯਾਤਰਾ 20 ਦਸੰਬਰ, 2014 ਨੂੰ ਸ਼ੁਰੂ ਹੋਈ ਸੀ।
ਤਾਂ ਫਿਰ ਇਨ੍ਹਾਂ ਦਸ ਸਾਲਾਂ ਵਿੱਚ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਕੀ ਹੈ? ਅਸੀਂ ਬਤੌਰ ਸੁਤੰਤਰ ਮੀਡੀਆ ਅੱਜ ਤੱਕ ਸਾਬਤ-ਕਦਮ ਖੜ੍ਹੇ ਹਾਂ, ਨਿਤਰੇ ਹਾਂ ਤੇ ਅੱਜ ਦੇ ਇਸ ਦੌਰ ਵਿੱਚ ਫਿਲਹਾਲ ਇਸ ਤੋਂ ਵੱਡੀ ਪ੍ਰਾਪਤੀ ਕੋਈ ਹੋ ਨਹੀਂ ਸਕਦੀ। ਕਾਰਪੋਰੇਟ ਦੀ ਝੋਲ਼ੀਚੁੱਕ ਤੇ ਉਹਦੇ ਵੱਲੋਂ ਪਾਲ਼ੇ ਜਾ ਰਹੇ ਇਸ ਮੀਡੀਆ ਦੀ ਤਾਕਤ ਵਿਚਾਲੇ ਆਪਣੀ ਵੈੱਬਸਾਈਟ ਜ਼ਰੀਏ ਇੱਕ ਹੂਕ ਬਣ ਖੜ੍ਹੇ ਹਾਂ। ਪਾਰੀ ਹਰ ਰੋਜ਼ ਪੰਦਰਾਂ ਭਾਸ਼ਾਵਾਂ ਵਿੱਚ ਆਪਣੀਆਂ ਲਿਖਤਾਂ ਪ੍ਰਕਾਸ਼ਤ ਕਰਦੀ ਹੈ। ਟਰੱਸਟ, ਜੋ ਬਗੈਰ ਕਿਸੇ ਕਾਰਪੋਰੇਟ ਦੀ ਮਦਦ ਤੇ ਖੜ੍ਹੀ ਕੀਤੀ ਗਈ ਹੈ, ਨੇ ਆਪਣੀਆਂ ਗਤੀਵਿਧੀਆਂ ਲਈ ਨਾ ਤਾਂ ਸਰਕਾਰ ਵੱਲੋਂ ਵਿੱਤੀ ਸਹਾਇਤਾ ਮੰਗੀ ਹੈ ਤਾਂ ਨਾ ਹੀ ਮੰਗੇਗੀ। ਨਾ ਕੋਈ ਕਾਰਪੋਰੇਟ ਗ੍ਰਾਂਟ ਦੀ ਝਾਕ ਰੱਖੀ ਹੈ ਨਾ ਕੋਈ ਇਸ਼ਤਿਹਾਰ (ਆਪਣੀ ਮਰਜ਼ੀ ਨਾਲ਼) ਹੀ ਲਿਆ ਹੈ। ਇਸ ਤੋਂ ਇਲਾਵਾ, ਲੋਕ ਤੇ ਵਿਦਿਆਰਥੀ ਪਾਰੀ ਵੈੱਬਸਾਈਟ 'ਤੇ ਆਉਂਦੇ ਤੇ ਪੜ੍ਹਦੇ ਹਨ, ਇੱਥੋਂ ਤੱਕ ਕਿ ਅਸੀਂ ਸਬਸਕ੍ਰਿਪਸ਼ਨ ਫ਼ੀਸ ਤੱਕ ਨਹੀਂ ਰੱਖੀ। ਸਾਡੀ ਪਾਰੀ ਦੀ ਰੀੜ੍ਹ ਦੀ ਹੱਡੀ ਵਚਨਬੱਧ ਵਲੰਟੀਅਰਾਂ ਦਾ ਇੱਕ ਵੱਡਾ ਨੈੱਟਵਰਕ ਹੈ। ਇਸ ਵਿੱਚ ਪੱਤਰਕਾਰ, ਤਕਨੀਕੀ ਮਾਹਰ, ਕਲਾਕਾਰ, ਅਕਾਦਮਿਕ ਆਦਿ ਸ਼ਾਮਲ ਹਨ। ਉਹ ਸਾਰੇ ਤਜ਼ਰਬੇਕਾਰ ਹਨ ਪਰ ਆਪਣੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕਰਕੇ ਪਾਰੀ ਦੀਆਂ ਪ੍ਰੇਰਕ ਸ਼ਕਤੀਆਂ ਵਜੋਂ ਉਭਰੇ ਹਨ। ਇਸ ਤੋਂ ਇਲਾਵਾ ਪਾਰੀ ਫਾਊਂਡੇਸ਼ਨਾਂ ਤੋਂ ਉਦਾਰ ਦਾਨ ਪ੍ਰਾਪਤ ਕਰਕੇ ਅੱਗੇ ਵਧ ਰਹੀ ਹੈ ਜਿਨ੍ਹਾਂ ਨੇ ਕਦੇ ਵੀ ਸਾਡੀ ਸੰਘੀ ਘੁੱਟਣ ਦੀ ਕੋਸ਼ਿਸ਼ ਨਹੀਂ ਕੀਤੀ।
ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ, ਜੋ ਇਸ ਸਮੇਂ ਇਮਾਨਦਾਰ ਅਤੇ ਬਹੁਤ ਮਿਹਨਤੀ ਸਟਾਫ਼ ਦੁਆਰਾ ਚਲਾਇਆ ਜਾਂਦਾ ਹੈ, ਇੱਕੋ ਇੱਕ ਵੈੱਬਸਾਈਟ ਹੈ ਜੋ ਭਾਰਤ ਦੇ ਲਗਭਗ 95 ਕੁਦਰਤੀ-ਭੌਤਿਕ ਜਾਂ ਇਤਿਹਾਸਕ ਤੌਰ 'ਤੇ ਵਿਕਸਤ ਖੇਤਰਾਂ ਤੋਂ ਯੋਜਨਾਬੱਧ ਤਰੀਕੇ ਨਾਲ਼ ਰਿਪੋਰਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਾਰੀ ਇੱਕ ਅਜਿਹਾ ਪਲੇਟਫਾਰਮ ਹੈ ਜੋ 90 ਕਰੋੜ ਲੋਕਾਂ ਦੇ ਜੀਵਨ, ਉਨ੍ਹਾਂ ਦੀ ਰੋਜ਼ੀ-ਰੋਟੀ, ਉਨ੍ਹਾਂ ਦੇ ਸੱਭਿਆਚਾਰ, 800 ਵੱਖ-ਵੱਖ ਭਾਸ਼ਾਵਾਂ ਦੀ ਨੁਮਾਇੰਦਗੀ ਕਰਦਾ ਹੈ। ਪਾਰੀ ਹਮੇਸ਼ਾ ਆਮ ਆਦਮੀ ਦੀਆਂ ਰੋਜ਼ਮੱਰਾ ਦੀਆਂ ਜੀਵਨ ਕਹਾਣੀਆਂ ਨੂੰ ਰਿਕਾਰਡ ਕਰਨ ਦੇ ਆਪਣੇ ਟੀਚੇ ਪ੍ਰਤੀ ਵਚਨਬੱਧ ਰਹੀ ਹੈ। ਕਿਉਂਕਿ ਅਸੀਂ ਸ਼ਹਿਰਾਂ ਵਿੱਚ ਰਹਿਣ ਵਾਲ਼ੇ ਪ੍ਰਵਾਸੀ ਕਾਮਿਆਂ ਬਾਰੇ ਵੀ ਰਿਪੋਰਟ ਕਰਦੇ ਹਾਂ, ਕੁੱਲ ਮਿਲ਼ਾ ਕੇ ਅਸੀਂ ਬਹੁਤ ਵੱਡੀ ਅਬਾਦੀ ਦੀ ਨੁਮਾਇੰਦਗੀ ਕਰਦੇ ਹਾਂ।
ਸੰਸਥਾਪਕਾਂ ਦਾ ਸ਼ੁਰੂ ਤੋਂ ਹੀ ਇੱਕ ਸਪੱਸ਼ਟ ਟੀਚਾ ਸੀ ਕਿ ਪਾਰੀ ਪੱਤਰਕਾਰੀ ਦੇ ਨਾਲ਼ ਨਾਲ਼ ਇੱਕ ਜੀਵਤ ਆਰਕਾਈਵ ਵੀ ਰਹੇਗੀ। ਇੰਨਾ ਹੀ ਨਹੀਂ ਅਸੀਂ ਅਜਿਹੀ ਸਾਈਟ ਚਾਹੁੰਦੇ ਸਾਂ ਜੋ ਕਾਰਪੋਰੇਟ ਪਰਿਭਾਸ਼ਾ ਦਾ 'ਪੇਸ਼ੇਵਰ' ਨਿਊਜ਼ ਚੈਨਲ ਨਾ ਬਣ ਜਾਵੇ। ਸਾਡਾ ਟੀਚਾ ਮਨੁੱਖੀ ਤਾਕਤ, ਵਿਗਿਆਨ ਅਤੇ ਮਹੱਤਵਪੂਰਨ ਰੂਪ ਨਾਲ਼ ਸਮਾਜਿਕ ਵਿਗਿਆਨ ਦੀ ਤਾਕਤ, ਗਿਆਨ ਤੇ ਤਾਕਤ ਦੇ ਸੇਕ ਨਾਲ਼ ਪਕੇਰਿਆਂ ਹੋਣਾ ਸੀ। ਪਹਿਲੇ ਦਿਨ ਤੋਂ ਹੀ ਅਸੀਂ ਤਜ਼ਰਬੇਕਾਰ ਪੱਤਰਕਾਰਾਂ ਹੀ ਨਹੀਂ ਸਗੋਂ ਹਰ ਖੇਤਰ ਦੇ ਮਾਹਰਾਂ ਨਾਲ਼ ਰਲ਼ ਕੇ ਕੰਮ ਕਰ ਰਹੇ ਹਾਂ।
ਇਸ ਨਾਲ਼ ਉਲਝਣ, ਟਕਰਾਅ, ਗ਼ਲਤਫਹਿਮੀ, ਬਹਿਸ (ਕਈ ਵਾਰ ਕੌੜੇ ਰੂਪ ਵਿੱਚ) ਪੈਦਾ ਹੋਈ ਅਤੇ ਨਤੀਜੇ ਵਜੋਂ ਇਸ ਸਭ ਦੇ ਮਿਸ਼ਰਣ ਦਾ ਨਤੀਜਾ ਵੀ ਅਸਾਧਾਰਣ ਨਿਕਲਿਆ। ਪਾਰੀ ਦਾ ਹਰ ਹਿੱਸਾ ਇਹ ਗੱਲ ਨੂੰ ਸਮਝ ਕੇ ਅਤੇ ਸਹਿਮਤੀ ਪ੍ਰਗਟਾ ਕੇ ਕੰਮ ਕਰਦਾ ਹੈ ਕਿ ਫੀਲਡ ਵਿੱਚ ਜਾ ਕੇ ਲੋਕਾਂ ਦੀ ਅਵਾਜ਼ ਨੂੰ ਕਲਮਬੱਧ ਕਰਨਾ ਹੈ ਨਾ ਕਿ ਆਪਣੀ ਅਵਾਜ਼ ਨੂੰ। ਇਸੇ ਪ੍ਰੋਟੋਕਾਲ ਤਹਿਤ ਇਹ ਯਕੀਨੀ ਬਣਿਆ ਕਿ ਨਾ ਸਿਰਫ਼ ਲੋਕਾਂ ਦੀ ਅਵਾਜ਼ ਨੂੰ ਦਰਜ ਕਰਨਾ ਬਲਕਿ ਕਹਾਣੀ ਵਿੱਚ ਉਨ੍ਹਾਂ ਦੀ ਮੌਜੂਦਗੀ ਨੂੰ ਬਾਰ-ਬਾਰ ਦਰਜ ਕਰਾਉਣਾ ਲਾਜ਼ਮੀ ਬਣਾਇਆ। ਇਸੇ ਕਰਕੇ ਅਸੀਂ ਕਹਾਣੀਆਂ ਨੂੰ ਲੋਕਾਂ ਦੀ ਜ਼ੁਬਾਨੀ ਉਨ੍ਹਾਂ ਦੀਆਂ ਕਹਾਣੀਆਂ ਦੱਸਦੇ ਹਾਂ ਨਾ ਕਿ ਬੁਲੇਟਿਨ ਜਾਂ ਅਕਾਦਮਿਕ ਜਾਂ ਨੌਕਰਸ਼ਾਹੀ ਸ਼ੈਲੀ ਵਿੱਚ। ਇਸ ਸਬੰਧ ਵਿੱਚ, ਜਿੰਨਾ ਹੋ ਸਕੇ, ਅਸੀਂ ਕਿਸਾਨਾਂ, ਜੰਗਲ ਵਾਸੀਆਂ, ਮਜ਼ਦੂਰਾਂ, ਬੁਣਕਰਾਂ, ਮਛੇਰਿਆਂ ਅਤੇ ਅਣਗਿਣਤ ਕਿਰਤੀਆਂ ਦੀਆਂ ਕਹਾਣੀਆਂ ਲਿਖਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ।














