ਸਾਡੇ ਪਿੰਡ ਪਲਸੁੰਡੇ ਵਿੱਚ ਸੱਤ ਵੱਖਰੇ ਕਬੀਲਿਆਂ ਦੇ ਲੋਕ ਰਹਿੰਦੇ ਹਨ, ਜਿਹਨਾਂ 'ਚੋਂ ਵਾਰਲੀ ਸਭ ਤੋਂ ਵੱਡਾ ਕਬੀਲਾ ਹੈ। ਮੈਂ ਸੱਤਾਂ ਕਬਾਇਲੀ ਭਾਈਚਾਰਿਆਂ ਦੀਆਂ ਭਾਸ਼ਾਵਾਂ ਸਿੱਖ ਲਈਆਂ ਹਨ: ਵਾਰਲੀ, ਕੋਲੀ, ਮਹਾਦੇਵ, ਕਾਥਕਰੀ, ਮ ਠਾਕੁਰ, ਕ ਠਾਕੁਰ, ਢੋਰ ਕੋਲੀ ਤੇ ਮਲਹਾਰ ਕੋਲੀ। ਇਹ ਬਹੁਤਾ ਔਖਾ ਨਹੀਂ ਸੀ ਕਿਉਂਕਿ ਇਹੀ ਮੇਰੀ ਜਨਮਭੂਮੀ ਤੇ ਕਰਮਭੂਮੀ ਹੈ; ਮੇਰੀ ਪੜ੍ਹਾਈ ਇੱਥੇ ਹੀ ਰਹਿ ਕੇ ਹੋਈ ਹੈ।

ਮੈਂ ਭਾਲਚੰਦਰ ਰਾਮਜੀ ਢਨਗਰੇ ਹਾਂ, ਮੋਖਾੜਾ ਦੇ ਜ਼ਿਲ੍ਹਾ ਪ੍ਰੀਸ਼ਦ ਪ੍ਰਾਇਮਰੀ ਸਕੂਲ ਵਿੱਚ ਇੱਕ ਪ੍ਰਾਇਮਰੀ ਅਧਿਆਪਕ।

ਮੇਰੇ ਦੋਸਤ ਅਕਸਰ ਮੈਨੂੰ ਕਹਿੰਦੇ ਹਨ, “ਤੂੰ ਕੋਈ ਭਾਸ਼ਾ ਸੁਣ ਕੇ ਬੜੀ ਛੇਤੀ ਸਿੱਖ ਲੈਂਦਾ ਹੈਂ ਤੇ ਬੋਲਣੀ ਸ਼ੁਰੂ ਕਰ ਲੈਂਦਾ ਹੈਂ।” ਜਦ ਵੀ ਮੈਂ ਕਿਸੇ ਵੀ ਭਾਈਚਾਰੇ ਕੋਲ ਜਾਂਦਾ ਹਾਂ, ਲੋਕ ਮੈਨੂੰ ਆਪਣੀ ਮਿੱਟੀ ਦਾ ਹੀ ਪੁੱਤ ਸਮਝਦੇ ਹਨ, ਜੋ ਉਹਨਾਂ ਦੀ ਭਾਸ਼ਾ ਵਿੱਚ ਗੱਲ ਕਰਦਾ ਹੈ।

ਵੀਡਿਓ ਦੇਖੋ: ਵਾਰਲੀ ਦੀ ਸਿੱਖਿਆ ਲਈ ਵੱਡਾ ਕਦਮ

ਸਾਡੇ ਆਦਿਵਾਸੀ ਇਲਾਕੇ ਦੇ ਬੱਚਿਆਂ ਨਾਲ ਵਿਚਰਦਿਆਂ ਮੈਨੂੰ ਅਹਿਸਾਸ ਹੋਇਆ ਕਿ ਉਹਨਾਂ ਨੂੰ ਸਕੂਲੀ ਪੜ੍ਹਾਈ ਦੌਰਾਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਹਾਰਾਸ਼ਟਰ ਸਰਕਾਰ ਦਾ ਇੱਕ ਨਿਯਮ ਹੈ ਕਿ ਕਬਾਇਲੀ ਇਲਾਕਿਆਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਖ਼ਾਸ ਗ੍ਰੇਡ ਦਿੱਤਾ ਜਾਂਦਾ ਹੈ। ਇਹ ਗ੍ਰੇਡ ਇਸ ਕਰਕੇ ਦਿੱਤਾ ਜਾਂਦਾ ਹੈ ਕਿਉਂਕਿ ਅਧਿਆਪਕ ਨੂੰ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਸਿੱਖਣ ਦੀ ਲੋੜ ਪੈਂਦੀ ਹੈ।

ਇੱਥੇ ਮੋਖਾੜਾ ਵਿੱਚ ਵਾਰਲੀ ਸਭ ਤੋਂ ਵੱਧ ਬੋਲੀ ਜਾਂਦੀ ਹੈ ਤੇ ਬਹੁਤ ਸਾਰੇ ਬੱਚੇ ਸਕੂਲ ਵਿੱਚ ਇਸੇ ਭਾਸ਼ਾ ਵਿੱਚ ਗੱਲ ਕਰਦੇ ਹਨ। ਜੇ ਅਸੀਂ ਉਹਨਾਂ ਨੂੰ ਅੰਗਰੇਜ਼ੀ ਸਿਖਾਉਣੀ ਚਾਹੁੰਦੇ ਹਾਂ, ਤਾਂ ਪਹਿਲਾਂ ਉਹਨਾਂ ਨੂੰ ਇਸਦਾ ਮਰਾਠੀ ਸ਼ਬਦ ਦੱਸਣਾ ਪਵੇਗਾ ਤੇ ਫੇਰ ਉਸੇ ਸ਼ਬਦ ਨੂੰ ਵਾਰਲੀ ਵਿੱਚ ਸਮਝਾਉਣਾ ਪਵੇਗਾ। ਤੇ ਫੇਰ ਅਸੀਂ ਅੰਗਰੇਜ਼ੀ ਵਿੱਚ ਉਹ ਸ਼ਬਦ ਪੜ੍ਹਾਉਂਦੇ ਹਾਂ।

ਇਹ ਕੰਮ ਸੌਖਾ ਨਹੀਂ ਪਰ ਇੱਥੇ ਬੱਚੇ ਬਹੁਤ ਸਿਆਣੇ ਤੇ ਮਿਹਨਤੀ ਹਨ। ਜਦ ਉਹ ਇੱਕ ਵਾਰ ਮਰਾਠੀ – ਮਿਆਰੀ ਭਾਸ਼ਾ – ਵਿੱਚ ਗੱਲ ਕਰਨ ਜਾਂਦੇ ਹਨ ਤਾਂ ਉਹਨਾਂ ਨਾਲ ਗੱਲਬਾਤ ਕਰਨਾ ਬੜਾ ਵਧੀਆ ਲਗਦਾ ਹੈ। ਪਰ ਇੱਥੇ ਪੜ੍ਹਾਈ ਦਾ ਸਮੁੱਚਾ ਪੱਧਰ ਉੱਤੇ ਤੱਕ ਨਹੀਂ ਪਹੁੰਚਿਆ ਜਿੱਥੇ ਪਹੁੰਚਣਾ ਚਾਹੀਦਾ ਸੀ। ਇਹ ਸਮੇਂ ਦੀ ਲੋੜ ਹੈ। ਤਕਰੀਬਨ 50 ਫ਼ੀਸਦ ਆਬਾਦੀ ਅਜੇ ਵੀ ਅਨਪੜ੍ਹ ਹੈ ਤੇ ਇਲਾਕੇ ਵਿੱਚ ਵਿਕਾਸ ਵੀ ਕਾਫੀ ਪਛੜਿਆ ਹੋਇਆ ਹੈ।

ਅਧਿਆਪਕ ਭਾਲਚੰਦਰ ਧਾਨਗਰੇ ਤੇ ਪ੍ਰਕਾਸ਼ ਪਾਟਿਲ ਨੇ ਕਲਾਸ 1 ਤੋਂ 5 ਤੱਕ ਦੇ ਵਿਦਿਆਰਥੀ ਦਰਮਿਆਨ ਕਟਕਰੀ ਗੀਤ ਦੀ ਪਰੰਪਰਾ ਤੋਰੀ

1990ਵਿਆਂ ਤੱਕ, ਇਸ ਇਲਾਕੇ ਵਿੱਚ ਸ਼ਾਇਦ ਹੀ ਕੋਈ ਸੀ ਜੋ ਦਸਵੀਂ ਜਮਾਤ ਤੋਂ ਵੱਧ ਪੜ੍ਹਿਆ ਹੋਵੇ। ਨਵੀਂ ਪੀੜ੍ਹੀ ਹੌਲੀ-ਹੌਲੀ ਰਸਮੀ ਸਿੱਖਿਆ ਹਾਸਲ ਕਰਨ ਲੱਗੀ ਹੈ। ਜੇ ਪਹਿਲੀ ਜਮਾਤ ਵਿੱਚ 25 ਵਾਰਲੀ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ ਤਾਂ ਮਸਾਂ ਛੇ ਵਿਦਿਆਰਥੀ ਦਸਵੀਂ ਜਮਾਤ ਤੱਕ ਪਹੁੰਚਦੇ ਹਨ। ਸਕੂਲ ਛੱਡਣ ਦੀ ਦਰ ਬਹੁਤ ਜ਼ਿਆਦਾ ਹੈ। ਉਹਨਾਂ ਅੱਠ ਵਿੱਚੋਂ, ਸਿਰਫ਼ 5-6 ਹੀ ਇਮਤਿਹਾਨ ਪਾਸ ਕਰਦੇ ਹਨ। ਬਾਰ੍ਹਵੀਂ ਜਮਾਤ ਤੱਕ ਪਹੁੰਚਦਿਆਂ ਹੋਰ ਵਿਦਿਆਰਥੀ ਸਕੂਲ ਛੱਡ ਦਿੰਦੇ ਹਨ ਤੇ ਅਖੀਰ ਨੂੰ ਸਿਰਫ਼ 3-4 ਵਿਦਿਆਰਥੀ ਹੀ ਸਕੂਲੀ ਪੜ੍ਹਾਈ ਪੂਰੀ ਕਰਦੇ ਹਨ।

ਤਾਲੁਕਾ ਪੱਧਰ ’ਤੇ ਬੀਏ ਦੀ ਪੜ੍ਹਾਈ ਕਰਨਾ ਸੰਭਵ ਹੈ – ਜਿਸਦੇ ਲਈ ਤਕਰੀਬਨ 10 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਪਰ ਇਲਾਕੇ ਵਿੱਚ ਹੋਰ ਕੁਝ ਨਹੀਂ ਹੈ ਤੇ ਵਿਦਿਆਰਥੀ ਅਗਲੇਰੀ ਪੜ੍ਹਾਈ ਲਈ ਥਾਨੇ, ਨਾਸ਼ਿਕ ਜਾਂ ਪਾਲਘਰ ਸ਼ਹਿਰ ਜਾਂਦੇ ਹਨ। ਨਤੀਜੇ ਵਜੋਂ, ਇਸ ਤਾਲੁਕਾ ਦੇ ਮਹਿਜ਼ ਤਿੰਨ ਕੁ ਫ਼ੀਸਦ ਲੋਕਾਂ ਕੋਲ ਹੀ ਬੀਏ ਦੀ ਡਿਗਰੀ ਹੈ।

ਵਾਰਲੀ ਭਾਈਚਾਰੇ ਵਿੱਚ ਸਿੱਖਿਆ ਦੀ ਦਰ ਖ਼ਾਸ ਕਰਕੇ ਘੱਟ ਹੈ, ਤੇ ਇਸਨੂੰ ਬਿਹਤਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਅਸੀਂ ਵੀ ਪਿੰਡਾਂ ਵਿੱਚ ਜਾ ਕੇ ਤੇ ਲੋਕਾਂ ਨਾਲ ਉਹਨਾਂ ਦੀ ਭਾਸ਼ਾ ਵਿੱਚ ਗੱਲ ਕਰਕੇ, ਸਬੰਧ ਬਣਾ ਕੇ ਤੇ ਭਰੋਸਾ ਪੈਦਾ ਕਰਕੇ, ਇਸਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ।

ਪਾਰੀ ਇਸ ਦਸਤਾਵੇਜ਼ ਵਿੱਚ ਮਦਦ ਦੇਣ ਲਈ AROEHAN ਦੇ ਹੇਮੰਤ ਸ਼ਿੰਗਾੜੇ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹੈ।

ਇੰਟਰਵਿਊ: ਮੇਧਾ ਕਾਲੇ

ਇਹ ਰਿਪੋਰਟ PARI ਦੇ ਅਲੋਪ ਹੋ ਰਹੀਆਂ ਭਾਸ਼ਾਵਾਂ ਦੇ ਪ੍ਰਾਜੈਕਟ ਦਾ ਹਿੱਸਾ ਹੈ ਜਿਸਦਾ ਮੰਤਵ ਦੇਸ਼ ਦੀਆਂ ਅਲੋਪ ਹੋ ਰਹੀਆਂ ਤੇ ਅਲੋਪ ਹੋਣ ਦੇ ਖ਼ਤਰੇ ਹੇਠਲੀਆਂ ਭਾਸ਼ਾਵਾਂ ਦਾ ਦਸਤਾਵੇਜ਼ੀਕਰਨ ਕਰਨਾ ਹੈ।

ਵਾਰਲੀ ਇੰਡੋ-ਆਰੀਅਨ ਭਾਸ਼ਾ ਹੈ ਜੋ ਗੁਜਰਾਤ, ਦਮਨ ਤੇ ਦਿਓ, ਦਾਦਰਾ ਤੇ ਨਗਰ ਹਵੇਲੀ, ਮਹਾਰਾਸ਼ਟਰ, ਕਰਨਾਟਕ ਤੇ ਗੋਆ ਵਿੱਚ ਰਹਿੰਦੇ ਭਾਰਤ ਦੇ ਵਾਰਲੀ ਆਦਿਵਾਸੀਆਂ ਦੁਆਰਾ ਬੋਲੀ ਜਾਂਦੀ ਹੈ। UNESCO ਦੇ ਭਾਸ਼ਾਵਾਂ ਦੇ ਐਟਲਸ ਵਿੱਚ ਵਾਰਲੀ ਨੂੰ ਭਾਰਤ ਦੀਆਂ ਸੰਭਾਵੀ ਖ਼ਤਰੇ ਹੇਠਲੀਆਂ ਭਾਸ਼ਾਵਾਂ ਵਿੱਚ ਦਰਜ ਕੀਤਾ ਗਿਆ ਹੈ।

ਸਾਡਾ ਮੰਤਵ ਮਹਾਰਾਸ਼ਟਰ ਵਿੱਚ ਬੋਲੀ ਜਾਂਦੀ ਵਾਰਲੀ ਭਾਸ਼ਾ ਦਾ ਦਸਤਾਵੇਜ਼ੀਕਰਨ ਕਰਨਾ ਹੈ।

ਤਰਜਮਾ: ਅਰਸ਼ਦੀਪ ਅਰਸ਼ੀ

Bhalchandra Dhangare

ਭਾਲਚੰਦਰ ਢਨਗਰੇ ਪਾਲਘਰ ਜ਼ਿਲ੍ਹੇ ਦਸਤਾਵੇਜ਼ੀਕਰਨ ਦੇ ਮੋਖਾੜਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਹਨ।

Other stories by Bhalchandra Dhangare
Editor : Siddhita Sonavane

ਸਿੱਧੀਤਾ ਸੋਨਾਵਨੇ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਵਿਖੇ ਇੱਕ ਪੱਤਰਕਾਰ ਅਤੇ ਸਮੱਗਰੀ ਸੰਪਾਦਕ ਹਨ। ਉਨ੍ਹਾਂ ਨੇ 2022 ਵਿੱਚ ਐੱਸਐੱਨਡੀਟੀ ਮਹਿਲਾ ਯੂਨੀਵਰਸਿਟੀ, ਮੁੰਬਈ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਅਤੇ ਉਨ੍ਹਾਂ ਦੇ ਹੀ ਅੰਗਰੇਜ਼ੀ ਵਿਭਾਗ ਵਿੱਚ ਇੱਕ ਵਿਜ਼ਿਟਿੰਗ ਫੈਕਲਟੀ ਹਨ।

Other stories by Siddhita Sonavane
Video : Siddhita Sonavane

ਸਿੱਧੀਤਾ ਸੋਨਾਵਨੇ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਵਿਖੇ ਇੱਕ ਪੱਤਰਕਾਰ ਅਤੇ ਸਮੱਗਰੀ ਸੰਪਾਦਕ ਹਨ। ਉਨ੍ਹਾਂ ਨੇ 2022 ਵਿੱਚ ਐੱਸਐੱਨਡੀਟੀ ਮਹਿਲਾ ਯੂਨੀਵਰਸਿਟੀ, ਮੁੰਬਈ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਅਤੇ ਉਨ੍ਹਾਂ ਦੇ ਹੀ ਅੰਗਰੇਜ਼ੀ ਵਿਭਾਗ ਵਿੱਚ ਇੱਕ ਵਿਜ਼ਿਟਿੰਗ ਫੈਕਲਟੀ ਹਨ।

Other stories by Siddhita Sonavane
Translator : Arshdeep Arshi

ਅਰਸ਼ਦੀਪ, ਚੰਡੀਗੜ੍ਹ ਵਿੱਚ ਰਹਿੰਦਿਆਂ ਪਿਛਲੇ ਪੰਜ ਸਾਲਾਂ ਤੋਂ ਪੱਤਕਾਰੀ ਦੀ ਦੁਨੀਆ ਵਿੱਚ ਹਨ ਤੇ ਨਾਲ਼ੋਂ-ਨਾਲ਼ ਅਨੁਵਾਦ ਦਾ ਕੰਮ ਵੀ ਕਰਦੀ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅੰਗਰੇਜੀ ਸਾਹਿਤ (ਐੱਮ. ਫਿਲ) ਦੀ ਪੜ੍ਹਾਈ ਕੀਤੀ ਹੋਈ ਹੈ।

Other stories by Arshdeep Arshi