"ਯੇ ਬਾਰਾਂ ਲਾਖ ਵਾਲਾ ਨਾ? ਇਸੀ ਕੀ ਬਾਤ ਕਰ ਰਹੇ ਹੈ ਨਾ?" ਸ਼ਾਹਿਦ ਹੁਸੈਨ (30) ਆਪਣੇ ਫ਼ੌਨ 'ਤੇ ਵਟਸਐੱਪ ਮੈਸੇਜ ਦਿਖਾਉਂਦੇ ਹੋਏ ਮੈਨੂੰ ਪੁੱਛਦੇ ਹਨ। ਇਹ ਸੰਦੇਸ਼ ਇਨਕਮ ਟੈਕਸ ਛੋਟ ਦੀ ਸੀਮਾ ਵਧਾ ਕੇ 12 ਲੱਖ ਰੁਪਏ ਸਲਾਨਾ ਕਰਨ ਦੇ ਐਲਾਨ ਨੂੰ ਲੈ ਕੇ ਹੈ। ਸ਼ਾਹਿਦ ਨਾਗਾਰਜੁਨ ਕੰਸਟ੍ਰਕਸ਼ਨ ਵਿੱਚ ਕਰੇਨ ਆਪਰੇਟਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੀ ਕੰਪਨੀ ਬੈਂਗਲੁਰੂ ਵਿਖੇ ਮੈਟਰੋ ਲਾਈਨ ਬਣਾਉਣ  ਦਾ ਕੰਮ ਕਰ ਰਹੀ ਹੈ।

"ਅਸੀਂ ਇਸ 12 ਲੱਖ ਟੈਕਸ ਫ੍ਰੀ ਬਜਟ ਬਾਰੇ ਬਹੁਤ ਕੁਝ ਸੁਣ ਰਹੇ ਹਾਂ," ਬ੍ਰਿਜੇਸ਼ ਯਾਦਵ, ਜੋ ਉਸੇ ਜਗ੍ਹਾ 'ਤੇ ਕੰਮ ਕਰਦੇ ਹਨ, ਮਜ਼ਾਕ ਭਰੇ ਲਹਿਜ਼ੇ ਵਿੱਚ ਕਹਿੰਦੇ ਹਨ। "ਇੱਥੇ ਕੋਈ ਵੀ ਅਜਿਹਾ ਆਦਮੀ ਨਹੀਂ ਹੈ ਜਿਸਦੀ ਸਲਾਨਾ ਆਮਦਨ 3.5 ਲੱਖ ਰੁਪਏ ਤੋਂ ਵੱਧ ਹੋਵੇ। 30 ਸਾਲਾ ਬ੍ਰਿਜੇਸ਼, ਗ਼ੈਰ-ਹੁਨਰਮੰਦ ਪ੍ਰਵਾਸੀ ਮਜ਼ਦੂਰ ਹਨ ਜੋ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਡੁਮਰੀਆ ਪਿੰਡ ਤੋਂ ਇੱਥੇ ਆਏ ਹਨ।

"ਜਦੋਂ ਤੱਕ ਇਹ ਕੰਮ ਪੂਰਾ ਹੋਵੇਗਾ, ਸਾਨੂੰ ਬਾਮੁਸ਼ਕਲ 30,000 ਰੁਪਏ ਹਰ ਮਹੀਨਾ ਮਿਲ਼ਣਗੇ," ਬਿਹਾਰ ਦੇ ਕੈਮੂਰ (ਭਭੂਆ) ਜ਼ਿਲ੍ਹੇ ਦੇ ਬਿਉਆਰ ਤੋਂ ਆਏ ਸ਼ਾਹਿਦ ਕਹਿੰਦੇ ਹਨ। "ਇਸ ਕੰਮ ਦੇ ਪੂਰਾ ਹੁੰਦਿਆਂ ਹੀ ਜਾਂ ਤਾਂ ਕੰਪਨੀ ਸਾਨੂੰ ਕਿਸੇ ਦੂਸਰੀ ਥਾਵੇਂ ਭੇਜ ਦੇਵੇਗੀ ਜਾਂ ਅਸੀਂ ਅਜਿਹਾ ਕੰਮ ਤਲਾਸ਼ਾਂਗੇ ਜਿਸ ਵਿੱਚ 10-15 ਰੁਪਏ ਵਧੇਰੇ ਕਮਾਉਣ ਦੀ ਗੁੰਜਾਇਸ਼ ਹੋਵੇ।''

PHOTO • Pratishtha Pandya
PHOTO • Pratishtha Pandya

ਕਰੇਨ ਆਪਰੇਟਰ ਸ਼ਾਹਿਦ ਹੁਸੈਨ ( ਸੰਤਰੀ ਸ਼ਰਟ ਵਿੱਚ ) ਅਤੇ ਅਕੁਸ਼ਲ ਵਰਕਰ ਬ੍ਰਿਜੇਸ਼ ਯਾਦਵ ( ਨੀਲੀ ਸ਼ਰਟ ਵਿੱਚ ) ਬੈਂਗਲੁਰੂ ਵਿੱਚ ਐੱਨਐੱਚ 44 ਦੇ ਨਾਲ਼ ਮੈਟਰੋ ਲਾਈਨ ' ਤੇ ਕਈ ਹੋਰ ਪ੍ਰਵਾਸੀ ਮਜ਼ਦੂਰਾਂ ਨਾਲ਼ ਕੰਮ ਕਰਦੇ ਹਨ ਜੋ ਰਾਜ ਦੇ ਅੰਦਰੋਂ ਅਤੇ ਬਾਹਰੋਂ ਆਏ ਹਨ। ਉਹ ਦੱਸਦੇ ਹਨ ਕਿ ਇੱਥੇ ਕੰਮ ਕਰਨ ਵਾਲ਼ਿਆਂ ਵਿੱਚ ਇੱਕ ਵੀ ਆਦਮੀ ਅਜਿਹਾ ਨਹੀਂ ਹੈ ਜੋ ਸਾਲਾਨਾ 3.5 ਲੱਖ ਰੁਪਏ ਤੋਂ ਵੱਧ ਕਮਾਉਂਦਾ ਹੋਵੇ

PHOTO • Pratishtha Pandya
PHOTO • Pratishtha Pandya

ਉੱਤਰ ਪ੍ਰਦੇਸ਼ ਤੋਂ ਆਏ ਨਫੀਜ਼ ਬੈਂਗਲੁਰੂ ' ਪ੍ਰਵਾਸੀ ਸਟ੍ਰੀਟ ਵਿਕਰੇਤਾ ਹਨ। ਉਹ ਰੋਜ਼ੀ - ਰੋਟੀ ਕਮਾਉਣ ਲਈ ਆਪਣੇ ਪਿੰਡ ਤੋਂ ਲਗਭਗ 1,700 ਕਿਲੋਮੀਟਰ ਦੀ ਯਾਤਰਾ ਕਰਕੇ ਇੱਥੇ ਆਏ ਹਨ। ਜ਼ਿੰਦਗੀ ਦੇ ਬੁਨਿਆਦੀ ਸਵਾਲਾਂ ਨਾਲ਼ ਜੂਝ ਰਹੇ ਨਫੀਜ਼ ਕੋਲ਼ ਬਜਟ ਬਾਰੇ ਬਹਿਸ ਕਰਨ ਦਾ ਵੀ ਸਮਾਂ ਨਹੀਂ ਹੈ

ਟ੍ਰੈਫਿਕ ਜੰਕਸ਼ਨ 'ਤੇ ਸੜਕ ਦੇ ਪਾਰ, ਯੂਪੀ ਦਾ ਇੱਕ ਹੋਰ ਪ੍ਰਵਾਸੀ ਵਿੰਡੋ ਸ਼ੀਲਡ, ਕਾਰ ਦੀ ਨੇਕ ਸਪੋਰਟ, ਮਾਈਕਰੋਫਾਈਬਰ ਦੇ ਡਸਟਰ ਅਤੇ ਹੋਰ ਚੀਜ਼ਾਂ ਵੇਚ ਰਿਹਾ ਹੈ। ਉਹ ਹਰ ਰੋਜ਼ ਨੌਂ ਘੰਟੇ ਸੜਕ 'ਤੇ ਘੁੰਮਦਾ-ਫਿਰਦਾ ਰਹਿੰਦਾ ਹੈ ਅਤੇ ਜੰਕਸ਼ਨ 'ਤੇ ਹਰੀ ਬੱਤੀ ਹੋਣ ਦੀ ਉਡੀਕ ਕਰ ਰਹੀਆਂ ਕਾਰਾਂ ਦੀਆਂ ਖਿੜਕੀਆਂ 'ਤੇ ਟੈਪ ਕਰਦਾ ਤੇ ਸਮਾਨ ਵੇਚਦਾ ਹੈ। "ਅਰੇ ਕਾ ਬਜਟ ਬੋਲੇ? ਕਾ ਨਿਊਜ਼?" ਮੇਰੇ ਸਵਾਲਾਂ ਤੋਂ ਖ਼ਫ਼ਾ ਨਫੀਜ਼ ਖਿਝੇ ਲਹਿਜੇ ਵਿੱਚ ਜਵਾਬ ਦਿੰਦੇ ਹਨ।

ਉਨ੍ਹਾਂ ਦੇ ਸੱਤ ਮੈਂਬਰੀ ਪਰਿਵਾਰ ਵਿੱਚ, ਸਿਰਫ਼ ਉਹ ਅਤੇ ਉਨ੍ਹਾਂ ਦੇ ਭਰਾ ਹੀ ਕਮਾਉਂਦੇ ਹਨ। ਨਫੀਜ਼ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਭਰਤਗੰਜ ਤੋਂ ਆਏ ਹਨ, ਜੋ ਬੈਂਗਲੁਰੂ ਤੋਂ ਲਗਭਗ 1,700 ਕਿਲੋਮੀਟਰ ਦੂਰ ਹੈ। " ਹਮ ਕਿਤਨਾ ਕਮਾਤੇ ਹੈਂ ਯਹ ਹਮਾਰੇ ਕਾਮ ਪਰ ਨਿਰਭਰ ਹੈ। ਆਜ ਹੂਆ ਤੋ ਹੂਆ, ਨਹੀਂ ਹੂਆ ਤੋ ਨਹੀਂ ਹੂਆ। ਮੈਂ ਕੋਈ 300 ਰੁਪਏ ਰੋਜ਼ ਕਮਾਉਂਦਾ ਹਾਂ। ਹਫ਼ਤੇ ਦੇ ਅੰਤ ਤੱਕ ਇਹ ਵੱਧ ਕੇ 600 ਰੁਪਏ ਤੱਕ ਜਾ ਸਕਦਾ ਹੈ।''

"ਪਿੰਡ ਵਿੱਚ ਸਾਡੇ ਕੋਲ਼ ਜ਼ਮੀਨ ਨਹੀਂ ਹੈ। ਜੇ ਅਸੀਂ ਕਿਸੇ ਦੇ ਖੇਤ ਵਿੱਚ ਕੋਈ ਸਾਂਝੀ ਫ਼ਸਲ ਉਗਾਉਂਦੇ ਹਾਂ, ਤਾਂ ਇਹ '50:50' ਹੁੰਦਾ ਹੈ। ਉਹ ਸਿੰਚਾਈ, ਬੀਜਾਂ ਅਤੇ ਹੋਰ ਸਾਰੀਆਂ ਚੀਜ਼ਾਂ ਦੀ ਅੱਧੀ ਲਾਗਤ ਦਾ ਖਰਚਾ ਚੁੱਕਦੇ ਹਨ। ''ਸਾਰੀ ਮਿਹਨਤ ਸਾਨੂੰ ਕਰਨੀ ਪੈਂਦੀ ਹੈ, ਫਿਰ ਵੀ ਸਾਨੂੰ ਆਪਣੀ ਅੱਧੀ ਫ਼ਸਲ ਦੇਣੀ ਪੈਂਦੀ ਹੈ। ਇਸ ਤਰੀਕੇ ਨਾਲ਼, ਤਾਂ ਗੁਜ਼ਾਰਾ ਨਹੀਂ ਚੱਲ ਸਕਦਾ। ਬਜਟ ਬਾਰੇ ਮੈਂ ਕੀ ਕਹਾਂ? ਨਫੀਜ਼ ਜਲਦਬਾਜ਼ੀ ਵਿੱਚ ਹਨ। ਲਾਲ ਬੱਤੀ ਫਿਰ ਤੋਂ ਹੋ ਗਈ ਹੈ ਅਤੇ ਉਨ੍ਹਾਂ ਦੀਆਂ ਅੱਖਾਂ ਸੰਭਾਵਿਤ ਗਾਹਕਾਂ ਨੂੰ ਤਲਾਸ਼ਣ ਲੱਗੀਆਂ ਹਨ, ਜੋ ਆਪਣੀਆਂ ਕਾਰਾਂ ਅੰਦਰ ਬੈਠੇ ਲਾਈਟ ਦੇ ਹਰੇ ਹੋਣ ਦੀ ਉਡੀਕ ਕਰ ਰਹੇ ਹਨ।

ਤਰਜਮਾ: ਕਮਲਜੀਤ ਕੌਰ

Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Other stories by Pratishtha Pandya

ਪੀ ਸਾਈਨਾਥ People’s Archive of Rural India ਦੇ ਮੋਢੀ-ਸੰਪਾਦਕ ਹਨ। ਉਹ ਕਈ ਦਹਾਕਿਆਂ ਤੋਂ ਦਿਹਾਤੀ ਭਾਰਤ ਨੂੰ ਪਾਠਕਾਂ ਦੇ ਰੂ-ਬ-ਰੂ ਕਰਵਾ ਰਹੇ ਹਨ। Everybody Loves a Good Drought ਉਨ੍ਹਾਂ ਦੀ ਪ੍ਰਸਿੱਧ ਕਿਤਾਬ ਹੈ। ਅਮਰਤਿਆ ਸੇਨ ਨੇ ਉਨ੍ਹਾਂ ਨੂੰ ਕਾਲ (famine) ਅਤੇ ਭੁੱਖਮਰੀ (hunger) ਬਾਰੇ ਸੰਸਾਰ ਦੇ ਮਹਾਂ ਮਾਹਿਰਾਂ ਵਿਚ ਸ਼ੁਮਾਰ ਕੀਤਾ ਹੈ।

Other stories by P. Sainath
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur