ਆਮ ਤੌਰ 'ਤੇ ਜੇ ਭਾਰਤ ਵਿੱਚ ਪੇਂਡੂ ਔਰਤਾਂ ਦੀ ਜ਼ਿੰਦਗੀ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਰਵਾਇਤੀ ਕੱਪੜਿਆਂ ਵਿੱਚ ਮਲਬੂਸ, ਲੱਕ 'ਤੇ ਘੜਾ ਟਿਕਾਈ ਇੱਕ ਮੁਟਿਆਰ ਜਾਂ ਅੱਧ-ਖੜ੍ਹ ਉਮਰ ਦੀ ਔਰਤ ਦੀ ਤਸਵੀਰ ਸਾਡੇ ਜ਼ਿਹਨ ਵਿੱਚ ਉੱਭਰ ਜਾਂਦੀ ਹੈ, ਜੋ ਕਿ ਪੇਂਡੂ ਭਾਰਤ ਦੀਆਂ ਔਰਤਾਂ ਦੀ ਘਸੀ ਜਿਹੀ ਤਸਵੀਰ ਪੇਸ਼ ਕਰਦੀ ਹੈ। ਭਾਰਤੀ ਪਿੰਡਾਂ ਦੇ ਖ਼ੂਹ ਸਿਰਫ਼ ਪਾਣੀ ਭਰਨ ਦੀ ਥਾਂ ਨਹੀਂ ਰਹੇ। ਖ਼ੂਹ ਤੋਂ ਪਾਣੀ ਭਰਨ ਦੌਰਾਨ, ਗੂੜ੍ਹੀਆਂ ਦੋਸਤੀਆਂ ਗੰਢਣ ਤੋਂ ਲੈ ਕੇ ਲਾਏ ਜਾਂਦੇ ਕਲੰਕ ਦੀ ਥਾਂ ਵੀ ਰਿਹਾ ਹੈ ਜਿੱਥੇ ਗੱਲਾਂ ਦੇ ਚਸਕੇ ਤੇ ਜਾਤੀ ਬੇਇਨਸਾਫ਼ੀਆਂ ਦੀ ਪੀੜ੍ਹਾਂ ਖ਼ੂਹ ਦੁਆਲ਼ੇ ਹੀ ਦਰਜ ਮਿਲ਼ਦੀਆਂ ਹਨ।
ਵਿਡੰਬਨਾ ਦੀ ਗੱਲ ਹੈ ਕਿ ਇਹੀ ਖ਼ੂਹ, ਜੋ ਰੋਜ਼ਮੱਰਾ ਦੇ ਜੀਵਨ ਨੂੰ ਚਲਾਏਮਾਨ ਰੱਖਦਾ ਹੈ, ਉਹੀ ਸਹੁਰੇ ਘਰ ਦੁੱਖ ਹੰਢਾ ਰਹੀਆਂ ਬਹੁਤ ਸਾਰੀਆਂ ਔਰਤਾਂ ਨੂੰ ਕੁਝ ਪਲਾਂ ਦਾ ਹੀ ਸਹੀ ਸੁੱਖ ਦਾ ਸਾਹ ਦਵਾਉਂਦਾ ਹੈ। ਹੇਠਾਂ ਦਿੱਤੇ ਗੀਤ ਵਿੱਚ, ਔਰਤਾਂ (ਜਿਨ੍ਹਾਂ 'ਤੇ ਵਿਆਹ ਥੋਪਿਆ ਗਿਆ) ਦਾ ਇਕੱਲਾ ਸਾਥੀ-ਖ਼ੂਹ ਵੀ ਉਨ੍ਹਾਂ ਦੇ ਖ਼ਿਲਾਫ਼ ਖੜ੍ਹਾ ਹੋ ਗਿਆ ਹੈ। ਉਨ੍ਹਾਂ ਕੋਲ਼ ਅਜਿਹਾ ਕੋਈ ਰਿਸ਼ਤਾ ਨਹੀਂ ਜਿਹਦੇ ਨਾਲ਼ ਉਹ ਘਰ ਦੇ ਮਰਦਾਂ ਦੀ ਸ਼ਿਕਾਇਤ ਕਰ ਸਕਣ, ਜਿਨ੍ਹਾਂ ਨੇ ਉਨ੍ਹਾਂ ਨੂੰ ਅਜਿਹੇ ਘਰ ਤੋਰ ਦਿੱਤਾ ਹੈ ਜੋ ਉਨ੍ਹਾਂ ਦੇ ਕਿਸੇ ਵੈਰੀ ਦਾ ਘਰ ਪ੍ਰਤੀਤ ਹੁੰਦਾ ਹੈ।
ਅੰਜਾਰ ਦੇ ਸ਼ੰਕਰ ਬਰੋਟ ਵੱਲੋਂ ਪੇਸ਼ ਇਸ ਉਦਾਸ ਗੀਤ ਨੇ, ਜਿਸ ਵਿੱਚ ਇੱਕ ਔਰਤ ਆਪਣੇ ਪਰਿਵਾਰ ਦੇ ਮਰਦਾਂ ਵੱਲੋਂ ਕੱਢੇ ਵੈਰ ਦੀ ਸ਼ਿਕਾਇਤ ਕਰਦੀ ਹੈ, ਵਿਆਹਾਂ ਵਿੱਚ ਅੱਡ-ਅੱਡ ਮੌਕਿਆਂ 'ਤੇ ਗਾਏ ਜਾਣ ਵਾਲ਼ੇ ਗੀਤਾਂ ਵਿੱਚ ਆਪਣੀ ਖ਼ਾਸ ਥਾਂ ਬਣਾ ਲਈ ਹੈ।



