ਟੇਂਪੂ ਮਾਂਝੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਉਸ ਅਪਰਾਧ ਦੀ ਸਜ਼ਾ ਕੱਟ ਰਹੇ ਹਨ ਜੋ ਉਨ੍ਹਾਂ ਕੀਤਾ ਹੀ ਨਹੀਂ।

ਪਰਿਵਾਰ ਦਾ ਕਹਿਣਾ ਹੈ ਕਿ ਜਹਾਨਾਬਾਦ ਕੋਰਟ ਵਿਖੇ ਮਾਮਲੇ ਦੀ ਸੁਣਵਾਈ ਦੌਰਾਨ ਪੁਲਿਸ ਨੇ ਕਥਿਤ ਤੌਰ 'ਤੇ ਉਨ੍ਹਾਂ ਦੇ ਘਰੋਂ ਜ਼ਬਤ ਸਮਾਨ ਨੂੰ ਬਤੌਰ ਸਬੂਤ ਪੇਸ਼ ਕੀਤਾ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਕਿ ਪੇਸ਼ ਕੀਤਾ ਸਮਾਨ ਉਨ੍ਹਾਂ ਦੇ ਘਰੋਂ ਹੀ ਬਰਾਬਦ ਹੋਇਆ ਸੀ।

''ਉਹਨੂੰ ਝੂਠੇ ਕੇਸ ਵਿੱਚ ਫਸਾ ਦਿੱਤਾ ਗਿਐ,'' ਉਨ੍ਹਾਂ ਦੀ ਪਤਨੀ, 35 ਸਾਲਾ ਗੁਨਾ ਦੇਵੀ ਕਹਿੰਦੀ ਹਨ।

ਉਨ੍ਹਾਂ ਦੇ ਦਾਅਵੇ ਨੂੰ ਇਸ ਤੱਥ ਤੋਂ ਹਿੰਮਤ ਮਿਲ਼ਦੀ ਹੈ ਕਿ ਮਾਮਲੇ ਵਿੱਚ ਜਿਨ੍ਹਾਂ ਪੰਜ ਚਸ਼ਮਦੀਦ ਗਵਾਹਾਂ ਦੀ ਗਵਾਹੀ ਦੇਣ ਕਾਰਨ ਟੇਂਪੂ ਮਾਂਝੀ ਨੂੰ ਸਜ਼ਾ ਹੋਈ ਉਹ ਸਾਰੇ ਦੇ ਸਾਰੇ ਪੁਲਿਸ ਵਾਲ਼ੇ ਸਨ। ਟੇਂਪੂ ਖ਼ਿਲਾਫ਼ ਬਿਹਾਰ ਸ਼ਰਾਬੰਦੀ ਅਤੇ ਆਬਕਾਰੀ (ਸੋਧ) ਐਕਟ, 2016 ਤਹਿਤ ਦਰਜ ਕੀਤੇ ਗਏ ਇਸ ਮਾਮਲੇ ਵਿੱਚ, ਸੁਣਵਾਈ ਦੌਰਾਨ ਇੱਕ ਵੀ ਸੁਤੰਤਰ ਗਵਾਹ ਪੇਸ਼ ਨਹੀਂ ਕੀਤਾ ਗਿਆ।

ਗੁਨਾ ਦੇਵੀ ਕਹਿੰਦੀ ਹਨ,''ਦਾਰੂ ਤਾਂ ਘਰ ਦੇ ਮਗਰਲੇ ਖੇਤ ਵਿੱਚ ਮਿਲ਼ੀ ਸੀ। ਖੇਤ ਕਿਹਦਾ ਹੈ ਸਾਨੂੰ ਨਹੀਂ ਪਤਾ। ਅਸੀਂ ਪੁਲਿਸ ਵਾਲ਼ਿਆਂ ਨੂੰ ਕਿਹਾ ਸੀ ਕਿ ਫੜ੍ਹੀ ਗਈ ਸ਼ਰਾਬ ਨਾਲ਼ ਸਾਡਾ ਕੋਈ ਵਾਹ-ਵਾਸਤਾ ਨਹੀਂ।'' ਪਰ, ਉਨ੍ਹਾਂ ਦੇ ਬੋਲਾਂ ਦਾ ਪੁਲਿਸ 'ਤੇ ਕੋਈ ਅਸਰ ਨਾ ਹੋਇਆ। ਪੁਲਿਸ ਵਾਲ਼ਿਆਂ ਨੇ ਉਦੋਂ ਉਨ੍ਹਾਂ ਨੂੰ ਕਿਹਾ ਸੀ, '' ਤੋਰਾ ਘਰ ਕੇ ਪੀਛੇ (ਦਾਰੂ) ਹੈ, ਤਾ ਤੋਰੇ ਨਾ ਹੋਤਉ (ਤੇਰੇ ਘਰ ਦੇ ਮਗਰ ਦਾਰੂ ਮਿਲ਼ੀ ਤੇ ਤੇਰੀ ਕਿਵੇਂ ਨਾ ਹੋਈ)।''

ਟੇਂਪੂ ਮਾਂਝੀ ਨੂੰ 2019 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਹਦੇ ਤਿੰਨ ਸਾਲ ਬਾਅਦ, 25 ਮਾਰਚ 2022 ਨੂੰ ਉਨ੍ਹਾਂ ਨੂੰ ਘਰੇ ਸ਼ਰਾਬ ਕੱਢਣ ਤੇ ਵੇਚਣ ਲਈ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਸਜ਼ਾ ਸੁਣਾਈ ਗਈ ਸੀ ਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਠੋਕਿਆ ਗਿਆ ਸੀ।

ਟੇਂਪੂ ਮਾਂਝੀ ਅਤੇ ਗੁਨਾ ਦੇਵੀ ਆਪਣੇ ਚਾਰ ਬੱਚਿਆਂ ਨਾਲ਼ ਜਹਾਨਾਬਦ ਜ਼ਿਲ੍ਹੇ ਦੇ ਕੇਨਾਰੀ ਪਿੰਡ ਵਿਖੇ ਇੱਕ ਕਮਰੇ ਦੇ ਮਕਾਨ ਵਿੱਚ ਰਹਿੰਦੇ ਹਨ। ਇਹ ਪਰਿਵਾਰ ਮੁਸਾਹਰ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ ਅਤੇ ਪਿੰਡ ਦੀ ਮੁਸਾਹਰ ਟੋਲੀ ਵਿੱਚ ਹੀ ਰਹਿੰਦਾ ਹੈ। ਸਾਲ 2019 ਵਿੱਚ 20 ਮਾਰਚ ਦੀ ਸਵੇਰ ਜਦੋਂ ਟੇਂਪੂ ਮਾਂਝੀ ਦੀ ਘਰੇ ਛਾਪੇਮਾਰੀ ਕੀਤੀ ਗਈ, ਉਦੋਂ ਉਹ ਘਰੇ ਨਹੀਂ ਸਨ। ਉਹ ਇੱਕ ਗੱਡੀ 'ਤੇ ਫ਼ਸਲ ਦੀ ਢੋਆ-ਢੁਆਈ ਕਰਿਆ ਕਰਦੇ ਸਨ ਤੇ ਸਵੇਰੇ ਸਾਜਰੇ ਹੀ ਕੰਮ ਲਈ ਨਿਕਲ਼ ਜਾਂਦੇ।

Left: After Tempu Manjhi got convicted, his wife Guna Devi had to take care of their four children.
PHOTO • Umesh Kumar Ray
Right: Tempu used to work as a labourer on a harvest-carrying cart where he used to get Rs.400 a day
PHOTO • Umesh Kumar Ray

ਖੱਬੇ ਪਾਸੇ:ਟੇਂਪੂ ਦੇ ਜੇਲ੍ਹ ਚਲੇ ਜਾਣ ਬਾਅਦ, ਚਾਰਾਂ ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਦਾਰੀ ਗੁਨਾ ਦੇਵੀ ਸਿਰ ਆਣ ਪਈ। ਸੱਜੇ ਪਾਸੇ: ਟੇਂਪੂ ਫ਼ਸਲ ਢੋਹਣ ਵਾਲ਼ੀ ਗੱਡੀ 'ਤੇ ਪੱਲੇਦਾਰੀ ਦਾ ਕੰਮ ਕਰਿਆ ਕਰਦੇ ਸਨ ਤੇ ਬਦਲੇ ਵਿੱਚ 400 ਰੁਪਏ ਦਿਹਾੜੀ ਕਮਾਉਂਦੇ

ਪਾਰੀ ਨੇ ਜਨਵਰੀ 2023 ਨੂੰ ਜਦੋਂ ਮੁਸਾਹਰ ਟੋਲੀ ਦਾ ਦੌਰਾ ਕੀਤਾ ਤਾਂ ਗੁਨਾ ਦੇਵੀ ਤੋਂ ਇਲਾਵਾ ਆਸਪਾਸ ਦੀਆਂ ਔਰਤਾਂ, ਪੁਰਸ਼ ਤੇ ਬੱਚੇ ਸਿਆਲ ਦੀ ਧੁੱਪ ਸੇਕਣ ਘਰਾਂ ਦੇ ਬਾਹਰ ਬੈਠੇ ਸਨ। ਬਸਤੀ ਦੇ ਚੁਫ਼ੇਰੇ ਕੂੜੇ ਦੇ ਢੇਰਾਂ ਵਿੱਚ ਅਸਹਿ ਬਦਬੂ ਨਿਕਲ਼ ਰਹੀ ਸੀ।

ਕੇਨਾਰੀ ਪਿੰਡ ਦੀ ਕੁੱਲ ਵਸੋਂ 2,981 (ਮਰਦਮਸ਼ੁਮਾਰੀ 2011) ਹੈ। ਇਨ੍ਹਾਂ ਵਿੱਚੋਂ ਇੱਕ ਤਿਹਾਈ ਅਬਾਦੀ ਪਿਛੜੀਆਂ ਜਾਤਾਂ ਨਾਲ਼ ਤਾਅਲੁੱਕ ਰੱਖਦੀ ਹੈ। ਇਨ੍ਹਾਂ ਵਿੱਚੋਂ ਮੁਸਾਹਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਬਿਹਾਰ ਵਿਖੇ ਮਹਾਂਦਲਿਤ ਵਜੋਂ ਸੂਚੀਬੱਧ ਕੀਤਾ ਗਿਆ ਹੈ ਤੇ ਰਾਜ ਅੰਦਰ ਸਭ ਤੋਂ ਗ਼ਰੀਬ ਅਤੇ ਹਾਸ਼ੀਆਗਤ ਭਾਈਚਾਰਿਆਂ ਵਿੱਚ ਸ਼ੁਮਾਰ ਹਨ- ਸਮਾਜਿਕ ਤੇ ਸਿੱਖਿਆ ਪੱਖੋਂ ਦੇਸ਼ ਦੇ ਸਭ ਤੋਂ ਹੇਠਲੇ ਪੌਡੇ 'ਤੇ ਖੜ੍ਹੇ ਹਨ।

ਕੋਰਟ-ਕਚਹਿਰੀ ਬਾਰੇ ਘੱਟ ਜਾਣਕਾਰੀ ਹੋਣ ਕਾਰਨ ਉਨ੍ਹਾਂ ਨੂੰ ਇਸ ਸੰਕਟ ਦਾ ਸਾਹਮਣਾ ਕਰਨ ਵਿੱਚ ਪਰੇਸ਼ਾਨੀਆਂ ਹੁੰਦੀਆਂ ਹਨ। ਪਟਨਾ ਤੋਂ ਨਿਕਲ਼ਣ ਵਾਲ਼ਾ ਹਿੰਦੀ ਰਸਾਲਾ ਸਬਾਲਟਰਨ ਦੇ ਸੰਪਾਦਕ ਮਹੇਂਦਰ ਸੁਮਨ ਕਹਿੰਦੇ ਹਨ,''ਇਹ ਕੋਈ ਸਬੱਬ ਨਹੀਂ ਕਿ ਸ਼ਰਾਬਬੰਦੀ ਕਨੂੰਨ ਤਹਿਤ ਦਰਜ ਹੋਏ ਪਹਿਲੇ ਹੀ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਵਾਲ਼ੇ ਦੋਵੇਂ ਅਰੋਪੀ ਭਰਾਵਾਂ ਦਾ ਤਾਅਲੁੱਕ ਮੁਸਾਹਰ ਭਾਈਚਾਰਿਆਂ ਨਾਲ਼ ਸੀ। ਇਸ ਭਾਈਚਾਰੇ ਬਾਰੇ ਨਕਾਰਾਤਮਕ ਵਿਚਾਰ ਰੱਖੇ ਜਾਂਦੇ ਹਨ ਅਤੇ ਇਹੀ ਕਾਰਨ ਹੈ ਕਿ ਇਹ ਭਾਈਚਾਰਾ ਸਦਾ ਨਿਸ਼ਾਨੇ 'ਤੇ ਬਣਿਆ ਰਹਿੰਦਾ ਹੈ।''

ਸੁਮਨ ਜਿਨ੍ਹਾਂ ਮੁਸਾਹਰ ਭਰਾਵਾਂ ਦਾ ਜ਼ਿਕਰ ਕਰਦੇ ਹਨ, ਉਹ ਦਿਹਾੜੀ ਮਜ਼ਦੂਰੀ ਕਰਕੇ ਢਿੱਡ ਭਰਨ ਵਾਲ਼ੇ ਪੇਂਟਰ ਮਾਂਝੀ ਤੇ ਮਸਤਾਨ ਮਾਂਝੀ ਹਨ। ਇਨ੍ਹਾਂ ਨੂੰ ਹੀ ਸ਼ਰਾਬਬੰਦੀ ਕਨੂੰਨ ਤਹਿਤ ਸਭ ਤੋਂ ਪਹਿਲਾਂ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਮਈ 2017 ਵਿੱਚ ਹੋਈ ਸੀ ਤੇ 40 ਦਿਨਾਂ ਅੰਦਰ ਹੀ ਉਨ੍ਹਾਂ ਨੂੰ ਦੋਸ਼ੀ ਸਾਬਤ ਕਰਕੇ ਪੰਜ ਸਾਲ ਦੀ ਜੇਲ੍ਹ ਹੋ ਗਈ ਤੇ ਇੱਕ-ਇੱਕ ਲੱਖ ਦਾ ਜੁਰਮਾਨਾ ਵੀ ਲਾ ਦਿੱਤਾ ਗਿਆ।

ਭਾਈਚਾਰੇ ਨਾਲ਼ ਜੁੜੇ ਸਮਾਜਿਕ ਕਲੰਕਾਂ ਦੇ ਕਾਰਨ ਵੀ ਸ਼ਰਾਬਬੰਦੀ ਦੇ ਮਾਮਲਿਆਂ ਵਿੱਚ ਉਹ ਨਿਸ਼ਾਨਾ ਬਣ ਜਾਂਦੇ ਹਨ। ਦਹਾਕਿਆਂ ਤੋਂ ਮੁਸਾਹਰ ਭਾਈਚਾਰੇ ਦੇ ਨਾਲ਼ ਕੰਮ ਕਰ ਰਹੇ ਸੁਮਨ ਕਹਿੰਦੇ ਹਨ,''ਉਹ (ਪੁਲਿਸ) ਜਾਣਦੇ ਹਨ ਕਿ ਜੇ ਮੁਸਾਹਰਾਂ ਨੂੰ ਗ੍ਰਿਫ਼ਤਾਰ ਕਰਾਂਗੇ ਤਾਂ ਕੋਈ ਨਾਗਰਿਕ ਸਮੂਹ ਜਾਂ ਸਮਾਜਿਕ ਜੱਥੇਬੰਦੀ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਸੜਕਾਂ 'ਤੇ ਨਹੀ ਉਤਰੇਗੀ।''

ਟੇਂਪੂ ਦੇ ਮਾਮਲੇ ਵਿੱਚ, ਭਾਵੇਂ ਛਾਪੇ ਵਿੱਚ ਮਿਲ਼ੀ ਸ਼ਰਾਬ ਉਨ੍ਹਾਂ ਦੇ ਘਰ ਦੇ ਬਾਹਰੋਂ ਬਰਾਮਦ ਹੋਈ ਫਿਰ ਵੀ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਪੰਜ ਸਾਲ ਦੀ ਜੇਲ੍ਹ ਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ।

Left: Advocate Ram Vinay Kumar fought the case of Tempu Manjhi. He said that the seizure list prepared in Tempu Manjhi’s case carried the signatures of two independent witnesses, but their testimonies were not produced.
PHOTO • Umesh Kumar Ray
Right: The Supreme Court has reprimanded the Bihar government many times due to the increased pressure of cases on the courts because of the prohibition law
PHOTO • Umesh Kumar Ray

ਖੱਬੇ ਪਾਸੇ: ਵਕੀਲ ਰਾਮ ਵਿਨੈ ਕੁਮਾਰ ਨੇ ਟੇਂਪੂ ਮਾਂਝੀ ਦਾ ਕੇਸ ਲੜਿਆ। ਉਨ੍ਹਾਂ ਦਾ ਕਹਿਣਾ ਹੈ ਕਿ ਟੇਂਪੂ ਮਾਂਝੀ ਦੇ ਮਾਮਲੇ ਵਿੱਚ ਕੀਤੀ ਗਈ ਜ਼ਬਤੀ ਦੀ ਸੂਚੀ ਵਿੱਚ ਦੋ ਸੁਤੰਤਰ ਗਵਾਹਾਂ ਦੇ ਦਸਤਖਤ ਸਨ , ਪਰ ਉਨ੍ਹਾਂ ਦੀ ਗਵਾਹੀ ਦਰਜ ਨਹੀਂ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਬਿਹਾਰ ਸਰਕਾਰ ਨੂੰ ਸ਼ਰਾਬ ਬੰਦੀ ਦੇ ਮਾਮਲਿਆਂ ਕਾਰਨ ਅਦਾਲਤਾਂ ' ਤੇ ਲੰਬਿਤ ਕੇਸਾਂ ਦਾ ਬੋਝ ਵਧਾਉਣ ਲਈ ਕਈ ਵਾਰ ਝਿੜਕਿਆ ਹੈ

ਜਹਾਨਾਬਾਦ ਅਦਾਲਤ ਦੇ ਵਕੀਲ ਰਾਮ ਵਿਨੈ ਕੁਮਾਰ ਨੇ ਟੇਂਪੂ ਮਾਂਝੀ ਦਾ ਕੇਸ ਲੜਿਆ ਸੀ। ਇਸ ਮਾਮਲੇ ਵਿੱਚ ਪੁਲਿਸ ਦੀ ਪਹੁੰਚ ਬਾਰੇ ਗੱਲ ਕਰਦਿਆਂ, ਉਹ ਕਹਿੰਦੇ ਹਨ, "ਟੇਂਪੂ ਮਾਂਝੀ ਮਾਮਲੇ ਵਿੱਚ ਬਣਾਈ ਗਈ ਜ਼ਬਤੀ ਸੂਚੀ ਵਿੱਚ ਦੋ ਸੁਤੰਤਰ ਗਵਾਹਾਂ ਦੇ ਦਸਤਖਤ ਸਨ, ਪਰ ਉਨ੍ਹਾਂ ਦੀ ਗਵਾਹੀ ਦਰਜ ਨਹੀਂ ਕੀਤੀ ਗਈ ਸੀ। ਸਿਰਫ਼ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਹੀ ਗਵਾਹੀ ਦਿੱਤੀ ਜੋ ਛਾਪਾ ਮਾਰਨ ਵਾਲ਼ੀ ਟੀਮ ਦਾ ਹਿੱਸਾ ਸਨ, ਨੇ ਗਵਾਹਾਂ ਵਜੋਂ ਅਦਾਲਤ ਵਿੱਚ ਗਵਾਹੀ ਦਿੱਤੀ।''

50 ਸਾਲਾ ਰਾਮ ਵਿਨੈ ਕੁਮਾਰ ਪਿਛਲੇ 24 ਸਾਲਾਂ ਤੋਂ ਜਹਾਨਾਬਾਦ ਦੀ ਅਦਾਲਤ ਵਿੱਚ ਪ੍ਰੈਕਟਿਸ ਕਰ ਰਹੇ ਹਨ। "ਅਸੀਂ ਟੇਂਪੂ ਮਾਂਝੀ ਨੂੰ ਕਿਹਾ ਸੀ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਬਚਾਅ ਪੱਖ ਦੇ ਗਵਾਹ (ਬਚਾਅ ਪੱਖ ਦੇ ਗਵਾਹ) ਵਜੋਂ ਅਦਾਲਤ ਵਿੱਚ ਆਉਣ ਲਈ ਕਹੇ। ਪਰ, ਉਸਦੇ ਪਰਿਵਾਰ ਨੇ ਸਾਡੇ ਨਾਲ਼ ਸੰਪਰਕ ਨਹੀਂ ਕੀਤਾ, ਇਸ ਕਰਕੇ ਮੈਂ ਦੋਸ਼ੀ ਦੇ ਬਚਾਅ ਵਿੱਚ ਕੁਝ ਵੀ ਪੇਸ਼ ਨਹੀਂ ਕਰ ਸਕਿਆ।"

ਆਜ਼ਾਦ ਗਵਾਹਾਂ ਦੇ ਪੇਸ਼ ਨਾ ਕੀਤੇ ਜਾਣ ਕਾਰਨ ਮੁਸਾਹਰ ਭਾਈਚਾਰੇ ਦੇ ਹੀ ਰਾਮਵ੍ਰਿਕਸ਼ ਮਾਂਝੀ (ਬਦਲਿਆ ਨਾਮ) ਵੀ ਵੱਡੇ ਕਾਨੂੰਨੀ ਸੰਕਟ ਵਿੱਚ ਫਸ ਗਏ ਸਨ। ਜਹਾਨਾਬਾਦ ਦੇ ਘੋਸੀ ਬਲਾਕ ਦੇ ਕਾਂਟਾ ਪਿੰਡ ਦੇ ਟੋਲਾ ਸੇਵਕ ਵਜੋਂ ਕੰਮ ਕਰਨ ਵਾਲ਼ੇ ਰਾਮਵ੍ਰਿਕਸ਼ ਮੁਸਾਹਰ ਟੋਲੀ ਦੇ ਮਹਾਦਲਿਤ ਬੱਚਿਆਂ ਨੂੰ ਪਿੰਡ ਦੇ ਸਕੂਲ ਲੈ ਕੇ ਜਾ ਰਹੇ ਸਨ।

ਮੈਟ੍ਰਿਕ ਪਾਸ 45 ਸਾਲਾ ਰਾਮਵ੍ਰਿਕਸ਼ ਰਾਜ ਦੇ ਸਿੱਖਿਆ ਵਿਭਾਗ ਦੇ ਅਧੀਨ ਟੋਲਾ ਸੇਵਕ ਵਜੋਂ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਜ਼ਿੰਮੇਦਾਰੀ ਟੋਲੇ ਦੇ ਛੋਟੇ ਬੱਚਿਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਲਿਜਾਣ ਅਤੇ ਉੱਥੇ ਪੜ੍ਹਾਉਣ ਦੀ ਹੈ।

ਰਾਮਵ੍ਰਿਕਸ਼ ਅਜੇ ਸਕੂਲ ਦੇ ਨੇੜੇ ਪਹੁੰਚੇ ਹੀ ਸਨ ਕਿ ਉਨ੍ਹਾਂ ਨੂੰ ਚੌਰਾਹੇ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ। 29 ਮਾਰਚ, 2019 ਨੂੰ ਵਾਪਰੀ ਇਸ ਘਟਨਾ ਬਾਰੇ ਉਹ ਦੱਸਦੇ ਹਨ, "ਅਚਾਨਕ ਇੱਕ ਦਰਜਨ ਦੇ ਕਰੀਬ ਪੁਲਿਸ ਕਰਮਚਾਰੀ ਆਏ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਪਿੱਛੇ ਤੋਂ ਮੇਰੀ ਕਮੀਜ਼ ਦਾ ਕਾਲਰ ਫੜ੍ਹ ਲਿਆ।'' ਪੁਲਿਸ ਨੇ ਇੱਕ ਗੈਲਨ ਦਿਖਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਘਰੋਂ ਇਹ 6 ਲੀਟਰ ਸ਼ਰਾਬ ਮਿਲ਼ੀ ਹੈ ਤੇ ਇੰਨਾ ਕਹਿ ਉਨ੍ਹਾਂ ਨੂੰ ਆਪਣੇ ਨਾਲ਼ ਲੈ ਗਈ (ਪਰਿਵਾਰ ਮੁਤਾਬਕ ਪੁਲਿਸ ਕਦੇ ਵੀ ਉਨ੍ਹਾਂ ਦੇ ਘਰ ਨਹੀਂ ਆਈ)।

ਇਸ ਤੋਂ ਬਾਅਦ, ਉਨ੍ਹਾਂ ਨੂੰ ਸ਼ਕੂਰਾਬਾਦ ਥਾਣੇ ਲਿਜਾਇਆ ਗਿਆ ਅਤੇ ਉਨ੍ਹਾਂ 'ਤੇ ਸ਼ਰਾਬਬੰਦੀ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ।

ਰਾਮਵ੍ਰਿਕਸ਼ ਨੇ ਇਸ ਗ੍ਰਿਫ਼ਤਾਰੀ ਨੂੰ ਪੁਲਿਸ ਦੀ ਲਾਗਤਬਾਜ਼ੀ ਦਾ ਨਤੀਜਾ ਦੱਸਿਆ ਹੈ, ਜੋ ਉਸ ਦਿਨ ਦੀ ਇੱਕ ਘਟਨਾ ਤੋਂ ਪੈਦਾ ਹੋਈ ਸੀ। ਉਨ੍ਹਾਂ ਅਨੁਸਾਰ ਉਸ ਦਿਨ ਪੁਲਿਸ ਮੇਰੇ ਮੁਹੱਲੇ ਵਿੱਚ ਸੀ। ਮੈਂ ਉੱਥੋਂ ਲੰਘ ਰਿਹਾ ਸੀ ਅਤੇ ਪੁਲਿਸ ਸੜਕ ਦੇ ਵਿਚਕਾਰ ਖੜ੍ਹੀ ਸੀ। ਉਨ੍ਹਾਂ ਨੇ ਪੁਲਿਸ ਨੂੰ ਸੜਕ ਤੋਂ ਚਲੇ ਜਾਣ ਲਈ ਕਿਹਾ ਅਤੇ ਬਦਲੇ ਵਿੱਚ, "ਪੁਲਿਸ ਨੇ ਮੈਨੂੰ ਗਾਲਾਂ ਕੱਢੀਆਂ ਅਤੇ ਕੁੱਟਿਆ ਵੀ।" ਇਸ ਘਟਨਾ ਦੇ ਅੱਧੇ ਘੰਟੇ ਬਾਅਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Left: Ramvriksha Manjhi, 45, is working as a tola sevak in his village
PHOTO • Umesh Kumar Ray
Right: Ramvriksha says that he never made liquor in his house. He claimed that during the raid, he had asked the police to make way for him to go to school, on which the police got infuriated and took this action.
PHOTO • Umesh Kumar Ray

ਖੱਬੇ ਪਾਸੇ : 45 ਸਾਲਾ ਰਾਮਵ੍ਰਿਕਸ਼ ਮਾਂਝੀ ਕਾਂਟਾ ਪਿੰਡ ਵਿੱਚ ਇੱਕ ਟੋਲਾ ਸੇਵਕ ਵਜੋਂ ਕੰਮ ਕਰਦੇ ਹਨ। ਸੱਜੇ ਪਾਸੇ: ਰਾਮਵ੍ਰਿਕਸ਼ ਕਹਿੰਦੇ ਹਨ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਘਰ ਵਿੱਚ ਸ਼ਰਾਬ ਨਹੀਂ ਕੱਢੀ। ਉਨ੍ਹਾਂ ਦਾ ਦਾਅਵਾ ਹੈ ਕਿ ਛਾਪੇ ਦੌਰਾਨ , ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਸਕੂਲ ਦਾ ਰਸਤਾ ਛੱਡਣ ਲਈ ਕਿਹਾ ਸੀ , ਜਿਸ ਤੋਂ ਗੁੱਸੇ ਵਿੱਚ ਆਏ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕੇਸ ਵਿੱਚ ਫਸਾਇਆ

ਜਦੋਂ ਰਾਮਵ੍ਰਿਕਸ਼ ਨੂੰ ਪੁਲਿਸ ਨੇ ਫੜ੍ਹਿਆ ਤਾਂ ਚੌਰਾਹੇ 'ਤੇ ਲੋਕਾਂ ਦੀ ਭੀੜ ਲੱਗ ਗਈ। ਉਹ ਕਹਿੰਦੇ ਹਨ, "ਜਦੋਂ ਮੈਨੂੰ ਫੜਿਆ ਗਿਆ ਤਾਂ ਬਹੁਤ ਭੀੜ ਸੀ, ਪਰ ਪੁਲਿਸ ਨੇ ਕਿਸੇ ਨੂੰ ਗਵਾਹ ਨਹੀਂ ਬਣਾਇਆ, ਨਾ ਹੀ ਜ਼ਬਤੀ ਦੀ ਸੂਚੀ 'ਤੇ ਕਿਸੇ ਸੁਤੰਤਰ ਵਿਅਕਤੀ ਦੇ ਦਸਤਖਤ ਹੀ ਕਰਾਏ।'' ਉਲਟਾ ਉਨ੍ਹਾਂ ਦੀ ਐੱਫ਼ਆਈਆਰ ਵਿੱਚ ਲਿਖਿਆ ਹੈ ਕਿ ਗ੍ਰਿਫ਼ਤਾਰੀ ਮੌਕੇ ਪਿੰਡ ਵਾਲ਼ੇ ਭੱਜ ਗਏ ਸਨ।

ਜਹਾਨਾਬਾਦ ਅਦਾਲਤ ਵਿੱਚ ਵਕੀਲ ਅਤੇ ਸ਼ਰਾਬਬੰਦੀ ਨਾਲ਼ ਸਬੰਧਤ ਕਈ ਮਾਮਲਿਆਂ ਦੀ ਨੁਮਾਇੰਦਗੀ ਕਰ ਚੁੱਕੇ ਵਕੀਲ ਜਿਤੇਂਦਰ ਕੁਮਾਰ ਕਹਿੰਦੇ ਹਨ, "ਸੁਤੰਤਰ ਗਵਾਹ ਹੋਣੇ ਚਾਹੀਦੇ ਹਨ ਕਿਉਂਕਿ ਜਦੋਂ ਪੁਲਿਸ ਵਾਲ਼ੇ ਗਵਾਹ ਬਣ ਜਾਂਦੇ ਹਨ ਤਾਂ ਪੱਖਪਾਤੀ ਬਿਆਨਾਂ ਦਾ ਖ਼ਦਸ਼ਾ ਰਹਿੰਦਾ ਹੈ।'' ਜਿਤੇਂਦਰ ਸ਼ਰਾਬਬੰਦੀ ਨਾਲ਼ ਜੁੜੇ ਮਾਮਲਿਆਂ ਦੀ ਪੈਰਵੀ ਕਰ ਚੁੱਕੇ ਹਨ।

ਜਿਤੇਂਦਰ ਦਾ ਕਹਿਣਾ ਹੈ ਕਿ ਸ਼ਰਾਬਬੰਦੀ ਦੇ ਮਾਮਲਿਆਂ ਵਿੱਚ, ਛਾਪੇ ਮਾਰਨ ਵਾਲ਼ੀ ਟੀਮ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਨੂੰ ਹੀ ਛਾਪੇ ਦੌਰਾਨ ਗਵਾਹ ਬਣਾਇਆ ਜਾਂਦਾ ਹੈ। ਉਹ ਇਸ ਨੂੰ ਨਿਆਂ ਦੇ ਸਿਧਾਂਤ ਦੇ ਵਿਰੁੱਧ ਮੰਨਦੇ ਹਨ।

ਸ਼ਰਾਬਬੰਦੀ ਦੇ ਕਈ ਮਾਮਲਿਆਂ 'ਚ ਦੇਖਿਆ ਗਿਆ ਹੈ ਕਿ ਛਾਪੇਮਾਰੀ ਦੌਰਾਨ ਸੈਂਕੜੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਜਿਤੇਂਦਰ ਦੇ ਅਨੁਸਾਰ, "ਇਸ ਦੇ ਬਾਵਜੂਦ, ਸਿਰਫ਼ ਰੇਡ ਪਾਰਟੀ (ਛਾਪਾ ਮਾਰਨ ਵਾਲੀ ਪੁਲਿਸ ਟੀਮ) ਦੇ ਮੈਂਬਰਾਂ ਨੂੰ ਹੀ ਗਵਾਹ ਬਣਾਇਆ ਜਾਂਦਾ ਹੈ। ਇਹ ਕਦਮ ਗ੍ਰਿਫ਼ਤਾਰ ਵਿਅਕਤੀ ਲਈ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਸੰਭਾਵਨਾ ਨੂੰ ਘਟਾਉਂਦਾ ਹੈ।''

ਉਹ ਕਹਿੰਦੇ ਹਨ, "ਅਸੀਂ ਅਦਾਲਤ ਨੂੰ ਜ਼ੁਬਾਨੀ ਕਿਹਾ ਹੈ ਕਿ ਛਾਪੇ ਦੌਰਾਨ ਜ਼ਬਤੀ ਦੀ ਵੀਡੀਓਗ੍ਰਾਫੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇ, ਪਰ ਸਾਡੇ ਸ਼ਬਦਾਂ ਨੂੰ ਤਰਜੀਹ ਨਾ ਮਿਲੀ।''

ਬਿਹਾਰ ਵਿੱਚ ਅਪ੍ਰੈਲ 2016 ਤੋਂ ਸ਼ਰਾਬਬੰਦੀ ਕਾਨੂੰਨ ਲਾਗੂ ਹੈ। ਸੂਬੇ ਦੇ ਹਰ ਜ਼ਿਲ੍ਹੇ ਵਿੱਚ ਸ਼ਰਾਬਬੰਦੀ ਨਾਲ਼ ਸਬੰਧਤ ਕੇਸਾਂ ਲਈ ਵੱਖਰੀ ਆਬਕਾਰੀ ਅਦਾਲਤ ਹੈ, ਤਾਂ ਜੋ ਇਨ੍ਹਾਂ ਕੇਸਾਂ ਨੂੰ ਛੇਤੀ ਅੰਜਾਮ ਦਿੱਤਾ ਜਾ ਸਕੇ।

ਸੂਬੇ ਦੇ ਵਕੀਲ ਅਤੇ ਸ਼ਰਾਬਬੰਦੀ ਦੇ ਮਾਮਲਿਆਂ ਦੇ ਸਾਰੇ ਪੀੜਤ ਇਹ ਕਹਿਣ ਵਿੱਚ ਇੱਕਮਤ ਹਨ ਕਿ ਸ਼ਰਾਬ ਨਾਲ਼ ਸਬੰਧਤ ਮਾਮਲਿਆਂ ਨੂੰ ਵਾਧੂ ਤਰਜੀਹ ਦੇਣ ਅਤੇ ਤੇਜ਼ੀ ਨਾਲ਼ ਅੰਜਾਮ ਦੇਣ ਦੇ ਦਬਾਅ ਕਾਰਨ, ਪੁਲਿਸ ਅਕਸਰ ਇਨ੍ਹਾਂ ਮਾਮਲਿਆਂ ਦੀ ਜਾਂਚ ਵਿੱਚ ਨਿਯਮਾਂ ਦੀਆਂ ਧੱਜੀਆਂ ਉਡਾਉਂਦੀ ਹੈ।

Left: Jitendra says that when the police arrive on the scene at a raid, bystanders throng the area. Despite that, members of the raid party [raiding squad composed of police-people] are made witnesses. This greatly reduces the chances of the accused to prove their innocence.
PHOTO • Umesh Kumar Ray
Right: Sanjeev Kumar says that due to the prohibition law, there has been a huge increase in the number of cases in the Jehanabad court
PHOTO • Umesh Kumar Ray

ਖੱਬੇ ਪਾਸੇ: ਜਿਤੇਂਦਰ ਕਹਿੰਦੇ ਹਨ ਕਿ ਜਦੋਂ ਪੁਲਿਸ ਛਾਪੇਮਾਰੀ ਕਰਦੀ ਹੈ, ਤਾਂ ਉਸ ਸਮੇਂ ਸੈਂਕੜੇ ਲੋਕਾਂ ਦੀ ਭੀੜ ਹੁੰਦੀ ਹੈ। ਇਸ ਦੇ ਬਾਵਜੂਦ, ਕੇਵਲ ਰੇਡ ਪਾਰਟੀ [ਛਾਪਾ ਮਾਰਨ ਵਾਲੀ ਪੁਲਿਸ ਟੀਮ] ਦੇ ਮੈਂਬਰਾਂ ਨੂੰ ਹੀ ਗਵਾਹ ਬਣਾਇਆ ਜਾਂਦਾ ਹੈ। ਇਹ ਗ੍ਰਿਫ਼ਤਾਰ ਵਿਅਕਤੀ ਦੀ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਸੰਭਾਵਨਾ ਨੂੰ ਘਟਾਉਂਦਾ ਹੈ। ਸੱਜੇ ਪਾਸੇ: ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਸ਼ਰਾਬਬੰਦੀ ਕਾਨੂੰਨ ਨਾਲ਼ ਜੁੜੇ ਮਾਮਲਿਆਂ ਦੇ ਕਾਰਨ, ਜਹਾਨਾਬਾਦ ਅਦਾਲਤ ਵਿੱਚ ਕੇਸਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ

11 ਮਈ, 2022 ਤੱਕ, 3,78,186 ਕੇਸ ਸ਼ਰਾਬਬੰਦੀ ਕਾਨੂੰਨ ਦੇ ਤਹਿਤ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 1,16,103 ਮਾਮਲਿਆਂ ਦੀ ਸੁਣਵਾਈ ਕੀਤੀ ਗਈ ਸੀ, ਪਰ ਅਦਾਲਤੀ ਕਾਰਵਾਈਆਂ ਦੀ ਰਿਪੋਰਟਿੰਗ ਕਰਨ ਵਾਲ਼ੀ ਇੱਕ ਵੈਬਸਾਈਟ ਲਾਈਵ ਲਾਅ ਦੇ ਅਨੁਸਾਰ, ਸਿਰਫ਼ 473 ਮਾਮਲਿਆਂ ਦੀ ਸੁਣਵਾਈ ਹੀ ਪੂਰੀ ਹੋਈ।

ਮਾਰਚ 2022 'ਚ ਸੁਪਰੀਮ ਕੋਰਟ ਦੇ ਤਤਕਾਲੀ ਚੀਫ਼ ਜਸਟਿਸ ਐੱਨ.ਵੀ. ਰਮਨਾ ਨੇ ਕਿਹਾ ਸੀ ਕਿ ਸਾਰੀਆਂ ਅਦਾਲਤਾਂ ਸ਼ਰਾਬਬੰਦੀ ਨਾਲ਼ ਜੁੜੇ ਜ਼ਮਾਨਤੀ ਮਾਮਲਿਆਂ ਨਾਲ਼ ਭਰੀਆਂ ਹੋਈਆਂ ਹਨ, ਜਿਸ ਨਾਲ਼ ਹੋਰ ਮਾਮਲਿਆਂ ਦੀ ਸੁਣਵਾਈ ਦੀ ਪ੍ਰਕਿਰਿਆ ਬੇਹੱਦ ਮੱਠੀ ਹੋ ਗਈ ਹੈ।

ਜਹਾਨਾਬਾਦ ਦੀ ਅਦਾਲਤ ਵਿੱਚ ਵਕਾਲਤ ਕਰਨ ਵਾਲ਼ੇ ਸੰਜੀਵ ਕੁਮਾਰ ਕਹਿੰਦੇ ਹਨ, "ਸਰਕਾਰ ਨੇ ਬਹੁਤ ਸਾਰੇ ਸਰੋਤਾਂ ਨੂੰ ਆਬਕਾਰੀ ਦੇ ਮਾਮਲਿਆਂ ਵੱਲ ਮੋੜ ਦਿੱਤਾ ਹੈ ਅਤੇ ਹੋਰ ਮਾਮਲਿਆਂ ਵਿੱਚ ਤਰਜੀਹ ਘਟਾ ਦਿੱਤੀ ਹੈ।''

*****

ਰਾਮਵ੍ਰਿਕਸ਼ ਮਾਂਝੀ ਨੂੰ ਜਹਾਨਾਬਾਦ ਦੀ ਅਦਾਲਤ ਤੋਂ 22 ਦਿਨਾਂ ਬਾਅਦ ਜ਼ਮਾਨਤ ਮਿਲ ਗਈ ਸੀ, ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਅਕਸਰ ਅਦਾਲਤ ਦਾ ਚੱਕਰ ਲਾਉਣਾ ਪੈ ਰਿਹਾ ਹੈ। ਸਿਰਫ਼ 10,000 ਰੁਪਏ ਪ੍ਰਤੀ ਮਹੀਨਾ ਤਨਖਾਹ ਕਮਾਉਣ ਵਾਲ਼ੇ ਰਾਮਵ੍ਰਿਕਸ਼ ਦੇ ਪਰਿਵਾਰ ਨੇ ਹੁਣ ਤੱਕ ਅਦਾਲਤ ਵਿੱਚ ਲਗਭਗ 60,000 ਰੁਪਏ ਖਰਚ ਕੀਤੇ ਹਨ, ਹੁਣ ਉਨ੍ਹਾਂ ਦੀ ਅਗਲੀ ਸੁਣਵਾਈ ਅਗਸਤ ਵਿੱਚ ਹੈ। ਉਹ ਕਹਿੰਦੇ ਹਨ"ਇਹ ਕੇਸ ਚਾਰ ਸਾਲਾਂ ਤੋਂ ਵਿਚਾਰ ਅਧੀਨ ਹੈ। ਖਰਚੇ ਵੀ ਵੱਧ ਰਹੇ ਹਨ।''

ਉਨ੍ਹਾਂ ਦੇ ਚਾਰ ਬੱਚੇ ਹਨ - ਤਿੰਨ ਧੀਆਂ ਅਤੇ ਇੱਕ ਬੇਟਾ - ਜਿਨ੍ਹਾਂ ਦੀ ਉਮਰ ਸੱਤ ਤੋਂ 20 ਸਾਲ ਦੇ ਵਿਚਕਾਰ ਹੈ। ਵੱਡੀ ਧੀ ਦੀ ਉਮਰ 20 ਸਾਲ ਹੈ ਅਤੇ ਕੋਰਟ-ਕਚਹਿਰੀ ਕਾਰਨ ਪਰਿਵਾਰ ਧੀ ਦਾ ਵਿਆਹ ਵੀ ਨਹੀਂ ਕਰ ਪਾ ਰਿਹਾ। ਰਾਮਵ੍ਰਿਕਸ਼ ਕਹਿੰਦੇ ਹਨ, "ਮੇਰਾ ਸਕੂਲ ਜਾਣ ਦਾ ਮਨ ਨਹੀਂ ਕਰਦਾ ਅਤੇ ਨਾ ਹੀ ਮੈਨੂੰ ਪੜ੍ਹਾਉਣ ਦਾ ਮਨ ਕਰਦਾ ਹੈ। ਚਿੰਤਾ ਦੇ ਕਾਰਨ ਪੰਜ ਘੰਟਿਆਂ ਦੀ ਬਜਾਏ ਸਿਰਫ਼ ਦੋ ਘੰਟੇ ਹੀ ਸੌਂ ਪਾ ਰਿਹਾਂ ਹਾਂ।''

ਗੁਨਾ ਦੇਵੀ ਨੇ ਮੁਨਸ਼ੀ ਨੂੰ ਅਦਾਲਤ ਵਿੱਚ 25,000 ਰੁਪਏ ਦਿੱਤੇ ਸਨ। ਪੜ੍ਹਨ-ਲਿਖਣ ਤੋਂ ਅਸਮਰੱਥ ਗੁਨਾ ਕਹਿੰਦਾ ਹਨ, "ਅਸੀਂ ਇੱਕ ਦੋ ਵਾਰ ਅਦਾਲਤ ਵਿੱਚ ਗਏ ਅਤੇ ਉੱਥੇ ਇੱਕ ਮੁਨਸ਼ੀ ਨੂੰ ਮਿਲੇ, ਪਰ ਕਦੇ ਵੀ ਵਕੀਲ ਨੂੰ ਨਹੀਂ ਮਿਲੇ।''

Left: Guna Devi says that her husband Tempu Manjhi has been implicated by the police in a made-up case.
PHOTO • Umesh Kumar Ray
Right: After his father was sentenced to five years of imprisonment, 15-year-old Rajkumar had to work as a labourer to feed the family
PHOTO • Umesh Kumar Ray

ਖੱਬੇ ਪਾਸੇ: ਗੁਨਾ ਦੇਵੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਟੇਂਪੂ ਮਾਂਝੀ ਨੂੰ ਪੁਲਿਸ ਨੇ ਝੂਠਾ ਫਸਾਇਆ ਹੈ। ਸੱਜੇ ਪਾਸੇ: ਪਿਤਾ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ, 15 ਸਾਲਾ ਰਾਜਕੁਮਾਰ ਨੂੰ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਇੱਕ ਮਜ਼ਦੂਰ ਵਜੋਂ ਕੰਮ ਕਰਨਾ ਪਿਆ

ਜਦੋਂ ਤੋਂ ਟੇਂਪੂ ਜੇਲ੍ਹ ਗਏ ਹਨ, ਇਸ ਬੇਜ਼ਮੀਨੇ ਪਰਿਵਾਰ ਲਈ ਆਪਣਾ ਪੇਟ ਭਰਨਾ ਮੁਸ਼ਕਲ ਹੋ ਗਿਆ ਹੈ। ਗੁਨਾ ਦੇਵੀ ਨੂੰ ਸਿਰਫ਼ ਬਿਜਾਈ ਅਤੇ ਕਟਾਈ ਦੇ ਮੌਸਮ ਦੌਰਾਨ ਹੀ ਖੇਤ ਮਜ਼ਦੂਰੀ ਦਾ ਕੰਮ ਮਿਲ਼ਦਾ ਹੈ। ਉਹਨਾਂ ਦੇ ਚਾਰ ਬੱਚੇ ਹਨ – ਦੋ ਮੁੰਡੇ ਅਤੇ ਦੋ ਕੁੜੀਆਂ – ਜਿੰਨ੍ਹਾਂ ਦੀ ਉਮਰ 10 ਤੋਂ 15 ਸਾਲ ਦੇ ਵਿਚਕਾਰ ਹੈ।

ਪਤਲੇ ਸਰੀਰ ਵਾਲ਼ੇ ਆਪਣੇ 15 ਸਾਲਾ ਬੇਟੇ ਰਾਜਕੁਮਾਰ ਵੱਲ ਇਸ਼ਾਰਾ ਕਰਦਿਆਂ ਉਹ ਮਗਹੀ (ਬੋਲੀ) ਵਿੱਚ ਕਹਿੰਦੀ ਹਨ, "ਬਊਆ ਤਨੀ-ਮਨੀ ਕਮਾ ਹੋਈ ਹੈ [ਬਾਬੂ, ਉਹ ਥੋੜ੍ਹੀ ਜਿਹੀ ਕਮਾਈ ਕਰਦਾ ਹੈ]।" ਸਾਲ 2019 ਵਿੱਚ ਪਿਤਾ ਦੇ ਜੇਲ੍ਹ ਜਾਣ ਤੋਂ ਪਹਿਲਾਂ ਰਾਜਕੁਮਾਰ 5ਵੀਂ ਵਿੱਚ ਪੜ੍ਹਦਾ ਸੀ, ਪਰ ਹੁਣ ਉਹਦੀ ਪੜ੍ਹਾਈ ਛੁੱਟ ਗਈ ਹੈ ਤੇ ਫਿ਼ਲਹਾਲ ਉਹ ਬਜਾਰ ਵਿੱਚ ਪੱਲੇਦਾਰੀ ਦਾ ਕੰਮ ਕਰਦਾ ਹੈ ਜਿੱਥੇ ਉਸਨੂੰ 300 ਰੁਪਏ ਦਿਹਾੜੀ ਮਿਲ਼ਦੀ ਹੈ। ਪਰ ਇਹ ਕੰਮ ਪ੍ਰਾਪਤ ਕਰਨਾ ਵੀ ਮੁਸ਼ਕਲ ਹੈ ਕਿਉਂਕਿ ਉਹ ਨਾਬਾਲਗ ਹੈ।

ਦੂਜੇ ਪਾਸੇ ਪੁਲਿਸ ਨੇ ਗੁਨਾ ਦੇਵੀ ਨੂੰ ਵੀ ਸ਼ਰਾਬਬੰਦੀ ਦੇ ਇੱਕ ਹੋਰ ਮਾਮਲੇ 'ਚ ਦੋਸ਼ੀ ਬਣਾ ਦਿੱਤਾ ਹੈ ਤੇ ਇਸ ਕਾਰਨ ਅੱਜ-ਕੱਲ੍ਹ ਉਨ੍ਹਾਂ ਦਾ ਚੈਨ ਕਿਤੇ ਗੁਆਚ ਗਿਆ ਹੈ ਤੇ ਉਹ ਆਪਣੇ ਘਰ 'ਚ ਸ਼ਾਂਤੀ ਨਾਲ਼ ਰਹਿਣ ਤੋਂ ਅਸਮਰੱਥ ਹਨ।

ਉਹ ਕਹਿੰਦੀ ਹਨ, "ਗ੍ਰਿਫ਼ਤਾਰੀ ਤੋਂ ਬਚਣ ਲਈ ਰਾਤ ਵੇਲ਼ੇ ਬੱਚਿਆਂ ਨਾਲ਼ ਕਿਸੇ ਰਿਸ਼ਤੇਦਾਰ ਦੇ ਘਰ ਜਾਣਾ ਪੈਂਦਾ ਹੈ। ਜੇ ਪੁਲਿਸ ਨੇ ਮੈਨੂੰ ਵੀ ਫੜ੍ਹ ਲਿਆ ਤਾਂ ਮੇਰੇ ਚਾਰ ਬੱਚਿਆਂ ਦਾ ਕੀ ਬਣੇਗਾ? ''

ਸੁਰੱਖਿਆ ਕਾਰਨਾਂ ਕਰਕੇ ਕੁਝ ਥਾਵਾਂ ਅਤੇ ਲੋਕਾਂ ਦੇ ਨਾਮ ਬਦਲ ਦਿੱਤੇ ਗਏ ਹਨ।

ਇਹ ਕਹਾਣੀ ਬਿਹਾਰ ਦੇ ਇੱਕ ਟਰੇਡ ਯੂਨੀਅਨਿਸਟ ਦੀ ਯਾਦ ਵਿੱਚ ਦਿੱਤੀ ਗਈ ਫੈਲੋਸ਼ਿਪ ਦਾ ਹਿੱਸਾ ਹੈ , ਜਿਨ੍ਹਾਂ ਦਾ ਜੀਵਨ ਰਾਜ ਵਿੱਚ ਹਾਸ਼ੀਏ ' ਤੇ ਪਏ ਭਾਈਚਾਰਿਆਂ ਲਈ ਲੜਦੇ ਹੋਏ ਬੀਤਿਆ।

ਤਰਜਮਾ : ਕਮਲਜੀਤ ਕੌਰ

Umesh Kumar Ray

ਉਮੇਸ਼ ਕੁਮਾਰ ਰੇ 2022 ਦੇ ਪਾਰੀ ਫੈਲੋ ਹਨ। ਬਿਹਾਰ ਦੇ ਰਹਿਣ ਵਾਲ਼ੇ ਉਮੇਸ਼ ਇੱਕ ਸੁਤੰਤਰ ਪੱਤਰਕਾਰ ਹਨ ਤੇ ਹਾਸ਼ੀਆਗਤ ਭਾਈਚਾਰਿਆਂ ਦੇ ਮੁੱਦਿਆਂ ਨੂੰ ਚੁੱਕਦੇ ਹਨ।

Other stories by Umesh Kumar Ray
Editor : Devesh

ਦੇਵੇਸ਼ ਇੱਕ ਕਵੀ, ਪੱਤਰਕਾਰ, ਫ਼ਿਲਮ ਨਿਰਮਾਤਾ ਤੇ ਅਨੁਵਾਦਕ ਹਨ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਹਿੰਦੀ ਅਨੁਵਾਦ ਦੇ ਸੰਪਾਦਕ ਹਨ।

Other stories by Devesh
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur