“ਜਦੋਂ ਅਸੀਂ ਪੜ੍ਹਨ ਬੈਠਦੇ ਹਾਂ, ਪਾਣੀ ਦੀਆਂ ਬੂੰਦਾ ਸਾਡੀਆਂ ਕਾਪੀਆਂ-ਕਿਤਾਬਾਂ ਉੱਤੇ ਆਣ ਡਿੱਗਦੀਆਂ ਹਨ। ਪਿਛਲੇ ਸਾਲ [2022] ਜੁਲਾਈ ਵਿੱਚ ਘਰ ਢਹਿ ਗਿਆ ਸੀ। ਹਰ ਸਾਲ ਹੀ ਇਹੀ ਕੁਝਹੁੰਦਾ ਹੈ,” ਅੱਠ ਸਾਲਾ ਵਿਸ਼ਾਲ ਚਵਾਨਚਵਾਨ ਭਾਰੀ ਪੱਥਰਾਂ ਅਤੇ ਬਾਂਸ ਤੋਂ ਬਣੇ ਆਪਣੇ ਘਰ ਬਾਰੇ ਕਹਿੰਦਾ ਹੈ।
ਅਲੇਗਾਓਂ ਜ਼ਿਲ੍ਹਾ ਪਰਿਸ਼ਦ ਸਕੂਲ ਵਿੱਚ ਤੀਜੀ ਜਮਾਤ ਦੇ ਵਿਦਿਆਰਥੀ ਵਿਸ਼ਾਲ ਦਾ ਪਰਿਵਾਰ ਬੇਲਦਾਰ ਭਾਈਚਾਰੇ ਨਾਲ ਸਬੰਧ ਰੱਖਦਾ ਹੈ ਜਿਸ ਨੂੰ ਮਹਾਰਾਸ਼ਟਰ ਵਿੱਚ ਇੱਕ ਖਾਨਾਬਦੋਸ਼ ਕਬੀਲੇ ਵੱਜੋਂ ਸੂਚੀਬੱਧ ਕੀਤਾ ਗਿਆ ਹੈ।
“ਬਾਰਿਸ਼ ਦੇ ਸਮੇਂ ਝੋਪੜੀ ਦੇ ਅੰਦਰ ਰਹਿਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ... ਵੱਖ-ਵੱਖ ਜਗ੍ਹਾ ਤੋਂ ਪਾਣੀ ਡਿੱਗਦਾ ਰਹਿੰਦਾ ਹੈ,” ਉਹ ਅੱਗੇ ਕਹਿੰਦਾ ਹੈ। ਇਸ ਲਈ ਉਹਦਾ ਅਤੇ ਉਸਦੀ ਨੌਂ ਸਾਲਾ ਭੈਣ ਵੈਸ਼ਾਲੀ ਦਾ ਧਿਆਨ ਅਕਸਰ ਆਪਣੇ ਘਰ ਦੀ ਛੱਤ ਵੱਲ ਹੀ ਲੱਗਾ ਰਹਿੰਦਾ ਹੈ ਕਿ ਕਿਤੋਂ ਪਾਣੀ ਤਾਂ ਨਹੀਂ ਡਿੱਗ ਰਿਹਾ। ਉਨ੍ਹਾਂ ਦਾ ਇਹ ਘਰ ਸ਼ਿਰੂਰ ਜ਼ਿਲ੍ਹੇ ਵਿੱਚ ਪੈਂਦੇ ਅਲੇਗਾਂਓ ਪਾਗਾ ਪਿੰਡ ਵਿਚ ਸਥਿਤ ਹੈ।
ਪੜ੍ਹਾਈ ਵਿੱਚ ਦੋਨੋਂ ਭੈਣ-ਭਰਾਵਾਂ ਦੀ ਲਗਨ ਦੇਖ ਕੇ ਉਹਨਾਂ ਦੀ ਦਾਦੀ ਸ਼ਾਂਤਾਬਾਈ ਚਵਾਨ ਨੂੰ ਮਾਣ ਹੁੰਦਾ ਹੈ। “ਸਾਡੇ ਪੂਰੇ ਖ਼ਾਨਦਾਨ ਵਿੱਚੋਂ ਕਦੇ ਵੀ ਕੋਈ ਸਕੂਲ ਨਹੀਂ ਗਿਆ ਸੀ,” 80 ਸਾਲਾ ਬਜ਼ੁਰਗ ਕਹਿੰਦੀ ਹਨ। “ਮੇਰੇ ਪੋਤਾ-ਪੋਤੀ ਪਹਿਲੇ ਹਨ ਜੋ ਪੜ੍ਹਨਾ-ਲਿਖਣਾ ਸਿੱਖ ਰਹੇ ਹਨ।”
ਪਰ ਜਦੋਂ ਉਹ ਆਪਣੇ ਪੋਤਾ-ਪੋਤੀ ਦੀ ਗੱਲ ਕਰਦੀ ਹਨ, ਉਹਨਾਂ ਦੇ ਝੁਰੜੀਆਂ ਭਰੇ ਚਿਹਰੇ ‘ਤੇ ਮਾਣ ਦੇ ਨਾਲ-ਨਾਲ ਇੱਕ ਗ਼ਮ ਦਾ ਪਰਛਾਵਾਂ ਛਾ ਜਾਂਦਾ ਹੈ। “ਸਾਡੇ ਕੋਲ ਇਹਨਾਂ ਦੀ ਅਰਾਮਦਾਇਕ ਪੜ੍ਹਾਈ ਲਈ ਪੱਕਾ ਮਕਾਨ ਨਹੀਂ ਹੈ। ਇੱਥੇ ਕੋਈ ਬਿਜਲੀ ਵੀ ਨਹੀਂ ਹੈ,” ਸ਼ਾਂਤਾਬਾਈ ਕਹਿੰਦੀ ਹਨ ਜੋ ਅਲੇਗਾਓਂ ਪਾਗਾ ਬਸਤੀ ਵਿੱਚ ਬਣੀ ਆਪਣੀ ਤਰਪਾਲ ਦੀ ਝੋਪੜੀ ਵਿੱਚ ਬੈਠੀ ਹਨ।
ਪੰਜ ਫੁੱਟ ਤੋਂ ਉੱਚੇ ਕਿਸੇ ਵਿਅਕਤੀ ਨੂੰ ਬਾਂਸ ਦੇ ਸਹਾਰੇ ਖੜ੍ਹੇ ਇਸ ਤਿਕੋਣੇ ਢਾਂਚੇ ਅੰਦਰ ਵੜਨ ਸਮੇਂ ਆਪਣਾ ਸਿਰ ਝੁਕਾਉਣਾ ਪੈਂਦਾ ਹੈ। ਉਹਨਾਂ ਦਾ ਘਰ ਬੇਲਦਾਰ, ਫ਼ਾਂਸੇ ਪਾਰਧੀ ਅਤੇ ਭੀਲ ਕਬੀਲਿਆਂ ਨਾਲ ਸਬੰਧਤ 40 ਝੌਪੜੀਆਂ ਦੇ ਸਮੂਹ ਦਾ ਹਿੱਸਾ ਹੈ। ਇਹ ਪੁਣੇ ਜ਼ਿਲ੍ਹੇ ਦੇ ਅਲੇਗਾਓਂ ਪਾਗਾ ਪਿੰਡ ਤੋਂ 2 ਕਿਲੋਮੀਟਰ ਬਾਹਰ ਵੱਲ ਸਥਿਤ ਹੈ। “ਝੌਂਪੜੀ ਵਿੱਚ ਰਹਿਣਾ ਬਹੁਤ ਮੁਸ਼ਕਿਲ ਹੈ,” ਸ਼ਾਂਤਾਬਾਈ ਕਹਿੰਦੀ ਹਨ। “ਪਰ ਇਹਨਾਂ ਬੱਚਿਆਂ ਨੇ ਕਦੇ ਸ਼ਿਕਾਇਤ ਨਹੀਂ ਕੀਤੀ।”
ਝੌਂਪੜੀ ਦੀ ਤਰਪਾਲ ਦੀ ਹਾਲਤ ਵੀ ਖਰਾਬ ਹੋ ਚੁੱਕੀ ਹੈ। ਨੌਂ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਜਦੋਂ ਉਹਨਾਂ ਨੇ ਆਖਰੀ ਵਾਰ ਤਰਪਾਲ ਬਦਲੀ ਸੀ ਜਾਂ ਕੋਈ ਹੋਰ ਮੁਰੰਮਤ ਦਾ ਕੰਮ ਕੀਤਾ ਸੀ।
“ਮੇਰੇ ਮਾਤਾ-ਪਿਤਾ ਹਮੇਸ਼ਾਂ ਕੰਮ ’ਤੇ ਰਹਿੰਦੇ ਹਨ,“ ਵਿਸ਼ਾਲ ਆਪਣੇ ਮਾਪੇ, ਸੁਭਾਸ਼ ਅਤੇ ਚੰਦਾ ਬਾਰੇ ਦੱਸਦਾ ਹੋਇਆ ਕਹਿੰਦਾ ਹੈ ਜੋ ਪੁਣੇ ਦੀ ਕਿਸੇ ਪੱਥਰ ਦੀ ਖੱਡ ਵਿੱਚ ਕੰਮ ਕਰਦੇ ਹਨ। ਪੱਥਰ ਤੋੜਨ ਅਤੇ ਉਹਨਾਂ ਨੂੰ ਟਰੱਕਾਂ ’ਤੇ ਲੱਦਣ ਬਦਲੇ ਉਹ ਪ੍ਰਤੀ ਵਿਅਕਤੀ ਦਿਨ ਦੇ 100 ਰੁਪਏ ਕਮਾਉਂਦੇ ਹਨ। ਸਭ ਕੁਝ ਰਲਾ-ਮਿਲਾ ਕੇ ਮਹੀਨੇ ਦੇ 6,000 ਕੁ ਰੁਪਏ ਬਣਦੇ ਹਨ ਜਿਨ੍ਹਾਂ ਨਾਲ ਪੰਜ ਜੀਆਂ ਦਾ ਢਿੱਡ ਭਰਨਾ ਪੈਂਦਾ ਹੈ। “ਤੇਲ, ਅਨਾਜ ਸਭ ਕੁਝ ਬਹੁਤ ਮਹਿੰਗਾ ਹੈ। ਅਸੀਂ ਪੈਸੇ ਕਿਵੇਂ ਬਚਾਈਏ?” ਵਿਸ਼ਾਲ ਦੀ ਮਾਤਾ ਚੰਦਾ(42) ਕਹਿੰਦੀ ਹਨ, “ਅਸੀਂ ਘਰ ਕਿਵੇਂ ਬਣਾਈਏ?”
*****
ਹਾਲਾਂਕਿ ਮਹਾਰਾਸ਼ਟਰ ਵਿੱਚ ਖਾਨਾਬਦੋਸ਼ ਕਬੀਲਿਆਂ ਲਈ ਰਿਹਾਇਸ਼ ਮੁਹੱਈਆ ਕਰਵਾਉਣ ਲਈ ਕਈ ਸਰਕਾਰੀ ਭਲਾਈ ਸਕੀਮਾਂ ਹਨ ਪਰ ਉਹਨਾਂ ਦੀ ਮਾਮੂਲੀ ਕਮਾਈ ਨਾਲ ਪੱਕਾ ਮਕਾਨ ਬਣਾਉਣਾ ਜਾਂ ਖਰੀਦਣਾ ਚਵਾਨ ਪਰਿਵਾਰ ਲਈ ਕਦੇ ਨਾ ਸਾਕਾਰ ਹੋਣ ਵਾਲਾ ਸੁਪਣਾ ਜਾਪਦਾ ਹੈ। ਸ਼ਬਰੀ ਆਦਿਵਾਸੀ ਘਰਕੁਲ ਯੋਜਨਾ, ਪਾਰਧੀ ਘਰਕੁਲ ਯੋਜਨਾ ਅਤੇ ਯਸ਼ਵੰਤਰਾਓ ਚਵਾਨ ਮੁਕਤ ਵਸ਼ੰਤ ਯੋਜਨਾ ਵਰਗੀਆਂ ਸਕੀਮਾਂ ਦਾ ਲਾਭ ਲੈਣ ਲਈ ਲਾਭਪਾਤਰੀ ਨੂੰ ਜਾਤੀ ਸਰਟੀਫਿਕੇਟ ਪੇਸ਼ ਕਰਨਾ ਪੈਂਦਾ ਹੈ। “ਕਿਸੇ ਵੀ ਘਰਕੁਲ ਯੋਜਨਾ [ਨਿਵਾਸ ਯੋਜਨਾ] ਦੇ ਲਈ ਸਾਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਅਸੀਂ ਕੌਣ ਹਾਂ। ਅਸੀਂ ਆਪਣੀ ਜਾਤ [ਭਾਈਚਾਰੇ] ਨੂੰ ਕਿਵੇਂ ਸਾਬਤ ਕਰੀਏ?” ਚੰਦਾ ਕਹਿੰਦੀ ਹਨ।
2017 ਦੀ ਦਿ ਇਡੇਟ ਕਮਿਸ਼ਨ (The Idate Commission) ਦੀ ਰਿਪੋਰਟ ਦਰਸਾਉਂਦੀ ਹੈ ਕਿ ਦੇਸ਼ ਭਰ ਵਿੱਚ ਖਾਨਾਬਦੋਸ਼ ਕਬੀਲਿਆਂ ਵਿੱਚ ਜ਼ਿਆਦਾਤਰ ਮਾੜੇ ਰਿਹਾਇਸ਼ੀ ਪ੍ਰਬੰਧ ਹਨ। ਇੱਕ ਗੱਲ ਜਿਸ ਬਾਰੇ ਚੰਦਾ ਕਹਿੰਦੀ ਹਨ, “ਤੁਸੀਂ ਦੇਖ ਸਕਦੇ ਹੋ ਕਿ ਅਸੀਂ ਕਿਸ ਤਰ੍ਹਾਂ ਰਹਿ ਰਹੇ ਹਾਂ।” ਕਮਿਸ਼ਨ ਵੱਲੋਂ ਸਰਵੇਖਣ ਕੀਤੇ ਗਏ 9,000 ਪਰਿਵਾਰਾਂ ਵਿੱਚੋਂ 50 ਫੀਸਦੀ ਤੋਂ ਵੱਧ ਅਧ-ਪੱਕੇ ਜਾਂ ਅਸਥਾਈ ਝੌਂਪੜੀਆਂ ਵਿੱਚ ਰਹਿ ਰਹੇ ਹਨ ਅਤੇ 8 ਫੀਸਦੀ ਆਪਣੇ ਪਰਿਵਾਰਾਂ ਸਮੇਤ ਝੁੱਗੀਆਂ ਵਿੱਚ ਰਹਿ ਰਹੇ ਹਨ।
ਸਰਕਾਰੀ ਸਕੀਮਾਂ ਦਾ ਲਾਭ ਲੈਣ ਵੇਲੇ ਸਨਾਖ਼ਤੀ ਦਸਤਾਵੇਜ਼ਾਂ ਨਾਲ ਸਬੰਧਤ ਸਮੱਸਿਆਵਾਂ ਬਾਰੇ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ ਅਤੇ ਉਹਨਾਂ ਨੂੰ ਨੈਸ਼ਨਲ ਕਮਿਸ਼ਨ ਫਾਰ ਡਿ-ਨੋਟੀਫਾਇਡ ਨੋਮੈਡਿਕ ਐਂਡ ਸੈਮੀ-ਨੋਮੈਡਿਕ ਟਰਾਈਬਸ (National Commission for Denotified, Nomadic and Semi-Nomadic Tribes) ਦੁਆਰਾ ਪ੍ਰਾਪਤੀਵਜੋਂ ਵੀ ਦਰਜ ਕੀਤਾ ਗਿਆ ਹੈ। 454 ਵਿੱਚੋਂ 304, ਬਹੁਮਤ ਪਟੀਸ਼ਨਾਂ ਜਾਤੀ ਸਰਟੀਫਿਕੇਟ ਦੀ ਸਮੱਸਿਆ ਨਾਲ ਸਬੰਧਤ ਹਨ।
ਜਾਤੀ ਸਰਟੀਫਿਕੇਟ ਐਕਟ, 2000 ਦੇ ਜਾਰੀ ਕਰਨ ਅਤੇ ਤਸਦੀਕ ਕਰਨ ਦੇ ਨਿਯਮਾਂ ਤਹਿਤ ਮਹਾਰਾਸ਼ਟਰ ਅਨੁਸੂਚਿਤ ਜਾਤੀਆਂ , ਅਨੁਸੂਚਿਤ ਕਬੀਲਿਆਂ, ਵਿਮੁਕਤ ਜਾਤੀਆਂ, ਖਾਨਾਬਦੋਸ਼ ਕਬੀਲੇ, ਹੋਰ ਪੱਛੜੀਆਂ ਸ਼੍ਰੇਣੀਆਂ, ਅਤੇ ਵਿਸ਼ੇਸ਼ ਪੱਛੜੀਆਂ ਸ਼੍ਰੇਣੀਆਂ ਦੇ ਜਾਤੀ ਸਰਟੀਫਿਕੇਟ ਪ੍ਰਾਪਤ ਕਰਨ ਲਈ ਬਿਨੈਕਾਰ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਉਹ ਖੇਤਰ ਦੇ ਸਥਾਈ ਨਿਵਾਸੀ ਹਨ ਜਾਂ ਫਿਰ ਉਹਨਾਂ ਦੇ ਪੁਰਖੇ ਉਸ ਖੇਤਰ ਵਿੱਚ ਨਿਰਧਾਰਿਤ ਮਿਤੀ (ਵਿਮੁਕਤ ਕਬੀਲਿਆਂ ਲਈ 1961) ਤੋਂ ਰਹਿ ਰਹੇ ਹਨ। “ਇਸ ਸ਼ਰਤ ਕਾਰਨ ਜਾਤੀ ਸਰਟੀਫਿਕੇਟ ਪ੍ਰਾਪਤ ਕਰਨਾ ਆਸਾਨ ਨਹੀਂ ਹੈ,” ਸੁਨੀਤਾ ਭੋਸਲੇ ਦਾ ਕਹਿਣਾ ਹੈ ਜੋ ਸ਼ਿਰੂਰ ਵਿੱਚ ਇੱਕ ਸਮਾਜਿਕ ਕਾਰਕੁਨ ਹਨ।
“ਇਹ ਭਟਕੀਆਂ–ਵਿਮੁਕਤ (ਘੁਮੱਕੜ) ਜਾਤੀਆਂ ਦੇ ਪਰਿਵਾਰਾਂ ਦੀਆਂ ਕਈ ਪੀੜ੍ਹੀਆਂ, ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ, ਪਿੰਡ-ਪਿੰਡ ਭਟਕਦੀਆਂ ਰਹਿੰਦੀਆਂ ਹਨ,” ਉਹ ਅੱਗੇ ਕਹਿੰਦੀ ਹਨ। “ਉਹ 50-60 ਸਾਲ ਪੁਰਾਣਾ ਰਿਹਾਇਸ਼ੀ ਸਬੂਤ ਕਿਵੇਂ ਪੇਸ਼ ਕਰ ਸਕਦੇ ਹਨ? ਇਸ ਐਕਟ ਨੂੰ ਬਦਲਿਆ ਜਾਣਾ ਚਾਹੀਦਾ ਹੈ।”
ਫ਼ਾਂਸੇ ਪਾਰਧੀ ਭਾਈਚਾਰੇ ਨਾਲ ਸਬੰਧਤ ਸੁਨੀਤਾ ਨੇ 2010 ਵਿੱਚ ਕ੍ਰਾਂਤੀ ਨਾਮਕ ਇੱਕ ਗੈਰ-ਲਾਭਕਾਰੀ ਸੰਸਥਾ ਸਥਾਪਿਤ ਕੀਤੀ ਸੀ ਜੋ ਵਿਮੁਕਤ ਜਾਤੀਆਂ ਨਾਲ ਸਬੰਧਤ ਮਸਲੇ ਦੇਖਦੀ ਹੈ। ਇਹ ਸੰਸਥਾ ਲੋਕਾਂ ਨੂੰ ਜਾਤੀ ਸਰਟੀਫਿਕੇਟ, ਆਧਾਰ ਕਾਰਡ, ਰਾਸ਼ਨ ਕਾਰਡ ਤੇ ਦੂਜੇ ਸਰਕਾਰੀ ਦਸਤਾਵੇਜ ਬਣਵਾਉਣ ਵਿੱਚ ਵੀ ਮਦਦ ਕਰਦੀ ਹੈ ਤਾਂ ਜੋ ਉਹ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਲੈ ਸਕਣ ਅਤੇ ਅੱਤਿਆਚਾਰ ਸਬੰਧਤ ਮਸਲਿਆਂ ਨੂੰ ਵੀ ਦੇਖਦੀ ਹੈ। “13 ਸਾਲਾਂ ਵਿੱਚ ਅਸੀਂ ਲਗਭਗ 2,000 ਲੋਕਾਂ ਲਈ ਜਾਤੀ ਸਰਟੀਫਕੇਟ ਬਣਵਾ ਕੇ ਦਿੱਤੇ ਹਨ,” ਸੁਨੀਤਾ ਦਾ ਕਹਿਣਾ ਹੈ।
ਕ੍ਰਾਂਤੀ ਵਲੰਟੀਅਰ ਪੁਣੇ ਜ਼ਿਲ੍ਹੇ ਦੇ ਦੌਂਦ ਅਤੇ ਸ਼ਿਰੂਰ ਤਾਲੁਕਾਵਾਂ ਅਤੇ ਅਹਿਮਦਨਗਰ ਜ਼ਿਲ੍ਹੇ ਦੇ ਸ਼੍ਰੀਗੋਂਡਾ ਤਾਲੁਕਾ ਦੇ 229 ਪਿੰਡਾਂ ਵਿੱਚ ਕੰਮ ਕਰ ਰਹੇ ਹਨ ਜੋ ਕਿ ਫ਼ਾਂਸੇ ਪਾਰਧੀ, ਬੇਲਦਾਰ ਅਤੇ ਭੀਲ ਵਰਗੇ ਵਿਮੁਕਤ ਕਬੀਲਿਆਂ ਦੀ ਲਗਭਗ 25,000 ਦੀ ਅਬਾਦੀ ਨੂੰ ਆਪਣੇ ਘੇਰੇ ਵਿੱਚ ਲੈਂਦੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਦਸਤਾਵੇਜ ਬਣਵਾਉਣ ਦੀ ਪ੍ਰਕਿਰਿਆ ਥਕਾਊ, ਸਮਾਂ-ਖਪਾਊ ਅਤੇ ਮਹਿੰਗੀ ਹੈ। “ਤੁਹਾਨੂੰ ਤਾਲੁਕਾ ਦਫ਼ਤਰ ਜਾਣ ਲਈ ਅਤੇ ਵਾਰ-ਵਾਰ ਫੋਟੋ ਕਾਪੀਆਂ ਕਰਵਾਉਣ ਲਈ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਨੇ ਪੈਂਦੇ ਹਨ। ਤੁਹਾਨੂੰ ਕਾਗਜ਼ਾਤ ਜਮ੍ਹਾਂ ਕਰਨ ਦੇ ਬਾਅਦ ਉਹਨਾਂ ਦੇ ਸਬੂਤ ਪੇਸ਼ ਕਰਨੇ ਪੈਂਦੇ ਹਨ। ਇਸ ਲਈ ਲੋਕ ਜਾਤੀ ਸਰਟੀਫਿਕੇਟ ਲੈਣ ਦੀ ਉਮੀਦ ਹੀ ਛੱਡ ਦਿੰਦੇ ਹਨ,” ਸੁਨੀਤਾ ਕਹਿੰਦੀ ਹਨ।
*****
“ਸਾਡੇ ਕੋਲ ਕੋਈ ਜਗ੍ਹਾਂ ਨਹੀਂ ਹੈ ਜਿਸ ਨੂੰ ਅਸੀਂ ਘਰ ਕਹਿ ਸਕੀਏ,” ਵਿਕਰਮ ਬਾਰਦੇ ਕਹਿੰਦੇ ਹਨ। “ਮੈਨੂੰ ਇਹ ਵੀ ਯਾਦ ਨਹੀਂ ਕਿ ਮੇਰੇ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਕਿੰਨੀਆਂ ਜਗ੍ਹਾਂਵਾਂ ਬਦਲ ਚੁੱਕੇ ਹਾਂ।” 36 ਸਾਲਾਵਿਅਕਤੀ ਕਹਿੰਦੇ ਹਨ। “ਹੁਣ ਵੀ ਲੋਕ ਸਾਡੇ ’ਤੇ ਵਿਸ਼ਵਾਸ ਨਹੀਂ ਕਰਦੇ। ਇਸ ਲਈ ਸਾਨੂੰ ਪ੍ਰਵਾਸ ਕਰਨਾ ਪੈਂਦਾ ਹੈ। ਜਦੋਂ ਪਿੰਡਵਾਸੀਆਂ ਨੂੰ ਇਹ ਪਤਾ ਲੱਗਦਾ ਹੈ ਕਿ ਅਸੀਂ ਕੌਣ ਹਾਂ, ਉਹ ਸਾਨੂੰ ਉੱਥੋਂ ਨਿਕਲਣ ਲਈ ਦਬਾਅ ਪਾਉਂਦੇ ਹਨ।”
ਦਿਹਾੜੀਦਾਰ ਮਜ਼ਦੂਰ, ਵਿਕਰਮ, ਫ਼ਾਂਸੇ ਪਾਰਧੀ ਕਬੀਲੇ ਨਾਲ ਸਬੰਧ ਰੱਖਦੇ ਹਨ ਅਤੇ ਆਪਣੀ ਪਤਨੀ ਰੇਖਾ ਨਾਲ ਟੀਨ ਦੀ ਛੱਤ ਵਾਲੇ ਇੱਕ ਕਮਰੇ ਦੇ ਘਰ ਵਿੱਚ ਰਹਿੰਦੇ ਹਨ। ਉਹਨਾਂ ਦਾ ਘਰ ਅਲੇਗਾਓਂ ਪਾਗਾ ਬਸਤੀ ਤੋਂ 15 ਕਿਲੋਮੀਟਰ ਦੂਰ ਕੁਰੁਲੀ ਪਿੰਡ ਦੇ ਬਾਹਰਵਾਰ 50 ਭੀਲ ਅਤੇ ਪਾਰਧੀ ਪਰਿਵਾਰਾਂ ਦੀ ਬਸਤੀ ਦਾ ਹਿੱਸਾ ਹੈ।
ਵਿਕਰਮ 13 ਸਾਲਾਂ ਦੇ ਸਨ ਜਦੋਂ 2018 ਵਿੱਚ ਉਹਨਾਂ ਦੇ ਮਾਪੇ ਜਾਲਨਾ ਜ਼ਿਲ੍ਹੇ ਦੇ ਜਾਲਨਾ ਤਾਲੁਕਾ ਵਿੱਚ ਭੇਲਪੁਰੀ ਖ. ਪਿੰਡ ਵਿੱਚ ਆ ਵਸੇ ਸਨ। “ਮੈਨੂੰ ਯਾਦ ਹੈ ਕਿ ਅਸੀਂ ਭੇਲਪੁਰੀ ਖ. ਪਿੰਡ ਦੇ ਬਾਹਰਵਾਰ ਇੱਕ ਝੌਂਪੜੀ ਵਿੱਚ ਰਹਿੰਦੇ ਸੀ। ਮੇਰੇ ਦਾਦਾ-ਦਾਦੀ ਮੈਨੂੰ ਦੱਸਿਆ ਕਰਦੇ ਸੀ ਕਿ ਉਹ ਬੀੜ ਵਿੱਚ ਕਿਤੇ ਰਿਹਾ ਕਰਦੇ ਸੀ,” ਉਹ ਧੁੰਧਲੀ ਪੈ ਗਈ ਯਾਦ ਬਾਰੇ ਦੱਸਦੇ ਹਨ। ( No crime, unending punishment )
2013 ਵਿੱਚ ਉਹ ਆਪਣੇ ਪਰਿਵਾਰ ਸਮੇਤ ਪੁਣੇ ਵਿੱਚ ਇਸ ਜਗ੍ਹਾ ਪ੍ਰਵਾਸ ਕਰ ਗਏ ਸਨ ਜਿੱਥੇ ਹੁਣ ਰਹਿ ਰਹੇ ਹਨ। ਉਹ ਅਤੇ ਉਹਨਾਂ ਦੀ ਸੁਪਤਨੀ ਰੇਖਾ,28, ਖੇਤੀ ਕੰਮਾਂ ਲਈ ਪੁਣੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਫਿਰਦੇ ਰਹਿੰਦੇ ਹਨ ਅਤੇ ਕਈ ਵਾਰ ਉਸਾਰੀ ਵਾਲੀਆਂ ਥਾਵਾਂ ’ਤੇ ਵੀ ਕੰਮ ਕਰਦੇ ਹਨ। “ਇੱਕ ਦਿਨ ਵਿੱਚ ਅਸੀਂ ਕੁੱਲ 350 ਰੁਪਏ ਅਤੇ ਕਦੇ-ਕਦਾਈਂ 400 ਰੁਪਏ ਕਮਾ ਲੈਂਦੇ ਹਾਂ। ਸਾਨੂੰ ਦੋ ਹਫ਼ਤਿਆਂ ਤੋਂ ਵੱਧ ਕੰਮ ਨਹੀਂ ਮਿਲਦਾ,” ਵਿਕਰਮ ਕਹਿੰਦੇ ਹਨ।
ਦੋ ਸਾਲ ਪਹਿਲਾਂ ਉਹ ਜਾਤੀ ਸਰਟੀਫਿਕੇਟ ਬਣਵਾਉਣ ਲਈ ਹਰ ਮਹੀਨੇ 200 ਰੁਪਏ ਖ਼ਰਚ ਕਰਦੇ। ਵਿਕਰਮ ਨੂੰ ਆਪਣੀ ਅਰਜ਼ੀ ਦੀ ਕਾਰਵਾਈ ਲਈ ਇੱਕ ਮਹੀਨੇ ਵਿੱਚ ਚਾਰ ਜਾਂ ਪੰਜ ਵਾਰ 10 ਕਿਲੋਮੀਟਰ ਦੂਰ ਸ਼ਿਰੂਰ ਦੇ ਬਲਾਕ ਵਿਕਾਸ ਦਫ਼ਤਰ ਦਾ ਗੇੜਾ ਲਗਾਉਣਾ ਪੈਂਦਾ ਸੀ।
“ਆਉਣ-ਜਾਣ ਲਈ ਸਾਂਝੇ ਆਟੋ ਦਾ ਕਿਰਾਇਆ 60 ਰੁਪਏ ਹੁੰਦਾ ਸੀ। ਫਿਰ ਫੋਟੋਸਟੇਟਾਂ ਦੇ ਖ਼ਰਚੇ ਤੇ ਫਿਰ ਤੁਹਾਨੂੰ ਦਫ਼ਤਰ ਦੇ ਬਾਹਰ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ। ਮੇਰੀ ਦਿਹਾੜੀ ਮਰਦੀ ਸੀ। ਮੇਰੇ ਕੋਲ ਮੇਰੀ ਰਿਹਾਇਸ਼ ਦਾ ਕੋਈ ਸਬੂਤ ਜਾਂ ਕੋਈ ਜਾਤੀ ਸਰਟੀਫਿਕੇਟ ਨਹੀਂ ਹੈ। ਇਸ ਲਈ ਮੈਂ ਇਹ ਸਭ ਛੱਡ ਦਿੱਤਾ ਸੀ,” ਵਿਕਰਮ ਕਹਿੰਦੇ ਹਨ।
ਉਹਨਾਂ ਦੇ ਬੱਚੇ, ਕਰਨ (14) ਅਤੇ ਸੋਨਮ (11) ਪੁਣੇ ਦੇ ਮੁਲਸ਼ੀ ਤਾਲੁਕਾ ਵਿੱਚ ਵਡਗਾਓਂ ਦੇ ਰਿਹਾਇਸ਼ੀ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ। ਕਰਨ ਨੌਵੀਂ ਜਮਾਤ ਅਤੇ ਸੋਨਮ ਛੇਵੀਂ ਜਮਾਤ ਵਿੱਚ ਪੜ੍ਹਦੀ ਹੈ। “ਸਾਡੇ ਬੱਚੇ ਹੀ ਸਾਡੀ ਇੱਕੋ-ਇੱਕ ਉਮੀਦ ਹਨ। ਜੇ ਉਹ ਚੰਗੀ ਪੜ੍ਹਾਈ ਕਰ ਲੈਣਗੇ ਉਹਨਾਂ ਨੂੰ ਇੱਧਰ-ਉਧਰ ਭਟਕਣ ਵਾਲੀ ਜ਼ਿੰਦਗੀ ਨਹੀਂ ਜਿਉਣੀ ਪਵੇਗੀ।”
PARI ਦੇ ਪੱਤਰਕਾਰ ਨੇ ਸਮਾਜਿਕ-ਆਰਥਿਕ ਤੌਰ ’ਤੇ ਕਮਜ਼ੋਰ ਸਮੂਹਾਂ ਲਈ ਵੱਖ-ਵੱਖ ਯੋਜਨਾਵਾਂ ਤਹਿਤ ਵਿੱਤੀ ਸਹਾਇਤੀ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੀ ਗਿਣਤੀ ਜਾਣਨ ਲਈ ਪੁਣੇ ਡਿਵੀਜਨ ਦੇ ਸਮਾਜਿਕ ਨਿਆਂ ਅਤੇ ਵਿਸ਼ੇਸ਼ ਸਹਾਇਤਾ ਵਿਭਾਗ ਦੇ ਇੱਕ ਅਧਿਕਾਰੀ ਨਾਲ ਗੱਲਬਾਤ ਕੀਤੀ। ਉਸ ਅਧਿਕਾਰੀ ਦਾ ਕਹਿਣਾ ਸੀ, “2021-22 ਵਿੱਚ ਪੁਣੇ ਦੇ ਬਾਰਾਮਤੀ ਤਾਲੁਕਾ ਵਿੱਚ ਪੰਡਾਰੇ ਪਿੰਡ ਦੇ ਵਿਮੁਕਤ ਜਾਤੀ/ਕਬੀਲੇ (Vimukt Jati Notified Tribes) ਨਾਲ ਸਬੰਧਤ 10 ਪਰਿਵਾਰਾਂ ਨੂੰ 88.3 ਲੱਖ ਦੀ ਰਾਸ਼ੀ ਜਾਰੀ ਕੀਤੀ ਗਈ ਸੀ। ਇਸ ਤੋਂ ਬਿਨਾਂ ਖਾਨਾਬਦੋਸ਼ ਕਬੀਲਿਆਂ ਲਈ ਇਸ ਸਾਲ (2023) ਹੋਰ ਕੋਈ ਪ੍ਰਸਤਾਵ ਮਨਜ਼ੂਰ ਨਹੀਂ ਕੀਤਾ ਗਿਆ।”
ਪਿੱਛੇ ਅਲੇਗਾਓਂ ਪਾਗਾ ਬਸਤੀ ਵਿੱਚ ਸ਼ਾਂਤਾਬਾਈ ਆਪਣੇ ਪੋਤੇ-ਪੋਤੀਆਂ ਲਈ ਇੱਕ ਖੁਸ਼ਹਾਲ ਭਵਿੱਖ ਦੀ ਆਸ ਕਰਦੀ ਹਨ। ਉਹ ਕਹਿੰਦੀ ਹਨ, “ਮੈਨੂੰ ਪੂਰਾ ਭਰੋਸਾ ਹੈ। ਅਸੀਂ ਅੱਜ ਤੱਕ ਕਿਸੇ ਪੱਕੀਆਂ ਦੀਵਾਰਾਂ ਵਾਲੇ ਘਰ ਵਿੱਚ ਰਹਿ ਕੇ ਨਹੀਂ ਦੇਖਿਆ। ਪਰ ਮੇਰੇ ਪੋਤਾ-ਪੋਤੀ ਯਕੀਨਨ ਪੱਕਾ ਘਰ ਬਣਾਉਣਗੇ ਅਤੇ ਇਹ ਉੱਥੇ ਸੁਰੱਖਿਅਤ ਰਹਿਣਗੇ।”
ਤਰਜਮਾ: ਇੰਦਰਜੀਤ ਸਿੰਘ