“ਸ਼ੁਰੂ ਸ਼ੁਰੂ ਮੇਂ ਏਕ ਨਗ ਬਨਾਨੇ ਮੇਂ ਆਧੀ ਕਲਕ ਲਗਤੀ ਥੀ ਮੇਰੀ (ਪਹਿਲਾਂ ਮੈਨੂੰ ਇੱਕ ਛਾਣਨੀ ਬਣਾਉਣ ਵਿੱਚ ਅੱਧਾ ਘੰਟਾ ਲਗਦਾ ਸੀ)।” ਮੁਹੰਮਦ ਭਾਈ ਛਾਣਨੀ ਬਣਾਉਣ ਬਾਰੇ ਗੱਲ ਕਰਦੇ ਹੋਏ ਆਪਣੀਆਂ ਉਂਗਲਾਂ ’ਤੇ ਲੱਗੀਆਂ ਚੋਟਾਂ ਨੂੰ ਅੰਗੂਠੇ ਨਾਲ਼ ਦਬਾ ਰਹੇ ਹਨ। ਭਾਵੇਂ ਅਜੇ ਵੀ ਕੰਮ ਕਰਦੇ ਹੋਏ ਉਹਨਾਂ ਦੀਆਂ ਉਂਗਲੀਆਂ ’ਤੇ ਚੋਟ ਲੱਗ ਜਾਵੇ, ਪਰ ਉਹਨਾਂ ਲਈ ਸਮੇਂ ਅਤੇ ਤਜ਼ਰਬੇ ਨਾਲ਼ ਹੁਣ ਇਹ ਕੰਮ ਸੌਖਾ ਹੋ ਗਿਆ ਹੈ। ਉਹ ਵਿੱਚ-ਵਿੱਚ ਗੁਜਰਾਤੀ ਲਫ਼ਜ਼ਾਂ ਦੀ ਵਰਤੋਂ ਕਰਦੇ ਹੋਏ ਨਿਰਾਲੀ ਜਿਹੀ ਹਿੰਦੀ ਵਿੱਚ ਗੱਲ ਕਰਦੇ ਹਨ, ਜੋ ਅਕਸਰ ਗੁਜਰਾਤ ਦੇ ਮੁਸਲਮਾਨਾਂ ਦੁਆਰਾ ਬੋਲੀ ਜਾਂਦੀ ਹੈ। “ਏਕ ਮਹੀਨਾ ਤਕਲੀਫ਼ ਪੜੀ ਮੇਰੇ ਕੋ, ਅਬ ਏਕ ਨਗ ਪਾਂਚ ਮਿਨਟ ਮੇਂ ਬਨ ਜਾਤਾ ਹੈ (ਪਰ ਜਦ ਮੈਨੂੰ ਇੱਕ ਵਾਰ ਇਸ ਦੀ ਜਾਚ ਆ ਗਈ ਤਾਂ ਮੈਂ ਇਹ ਤੇਜ਼ੀ ਨਾਲ਼ ਕਰ ਪਾਉਣ ਲੱਗਾ। ਇੱਕ ਕੁ ਮਹੀਨਾ ਔਖਾ ਲੱਗਿਆ, ਪਰ ਹੁਣ ਮੈਂ ਇੱਕ ਨਗ ਪੰਜ ਮਿੰਟਾਂ ਵਿੱਚ ਬਣਾ ਸਕਦਾ ਹਾਂ),” ਉਹਨਾਂ ਨੇ ਹੱਸਦਿਆਂ ਕਿਹਾ।
ਅਸੀਂ ਅਹਿਮਦਾਬਾਦ ਵਿੱਚ ਕੁਤਬੀ ਇਮਾਰਤ ਦੇ ਇੱਕ 10 X 10 ਦੇ ਕਮਰੇ ਵਿੱਚ ਬੈਠੇ ਹਾਂ, ਜਿੱਥੇ 43 ਸਾਲਾ ਮੁਹੰਮਦ ਚਰਣਾਵਾਲ਼ਾ ਅਤੇ ਉਹਨਾਂ ਦੀ 76 ਸਾਲਾ ਅੰਮੀ (ਮਾਂ), ਰੁਕਈਆ ਮੌਜਹੁਸੈਨੀ ਰਹਿੰਦੇ ਹਨ। ਉਹਨਾਂ ਦਾ ਘਰ ਅਹਿਮਦਾਬਾਦ ਦੇ ਕਾਲੂਪੁਰ ਸਟੇਸ਼ਨ ਨੇੜਲੀ ਦਾਊਦੀ ਵੋਹਰਾ ਦੀ ਰੋਜ਼ਾ, ਇੱਕ ਚਾਲ, ਵਿੱਚ ਇਸ ਦੋ ਮੰਜ਼ਲੀ ਇਮਾਰਤ ਵਿਚਲੇ 24 ਘਰਾਂ ਵਿੱਚੋਂ ਇੱਕ ਹੈ, ਜਿੱਥੇ ਮੁਸਲਮਾਨ ਮਜ਼ਦੂਰ ਜਮਾਤ ਰਹਿੰਦੀ ਹੈ। ਨਵੇਂ ਨਜ਼ਰ ਆਉਂਦੇ ਰੇਲਵੇ ਸਟੇਸ਼ਨ ਦੇ ਦੂਸਰੇ ਪਾਸੇ ਪੈਰ ਧਰਦੇ ਹੀ ਤੁਸੀਂ ਪੁਰਾਣੇ ਸ਼ਹਿਰ ਵਿੱਚ ਪਹੁੰਚ ਜਾਂਦੇ ਹੋ।
ਗਲੀਆਂ, ਖਾਣੇ, ਲੜਾਈਆਂ-ਝਗੜਿਆਂ, ਕਦੇ-ਕਦਾਈਆਂ ਵਰ੍ਹਦੀਆਂ ਗਾਲ੍ਹਾਂ, ਅਤੇ ਹੌਲੀ ਰਫ਼ਤਾਰ ਦੇ ਟ੍ਰੈਫਿਕ ਵਿੱਚੋਂ ਦੀ ਲੰਘਦੇ ਹੋਏ, ਤੁਸੀਂ ਸੜਕਾਂ ਦੇ ਇੱਕ ਜਾਲ਼ ਕੋਲ਼ ਪਹੁੰਚ ਜਾਓਗੇ – ਇੱਕ ਤਿਰਛੇ ਪਾਸੇ ਨੂੰ ਜਾਂਦੀ, ਇੱਕ ਸੱਜੇ ਪਾਸੇ ਵੱਲ ਘੁੰਮਦੀ, ਇੱਕ ਖੱਬੇ ਜਿੱਧਰ ਗਲੀ ਮੁੱਕ ਜਾਂਦੀ ਹੈ, ਅਤੇ ਇੱਕ ਪਹਿਲਾਂ ਘੁੰਮਦੀ, ਫਿਰ ਸਿੱਧਾ ਜਾਂਦੀ ਅਤੇ ਫਿਰ ਇੱਕ ਹੋਰ ਸੜਕ ਵਿੱਚ ਮਿਲ ਜਾਂਦੀ ਹੈ। ਇਹੀ ਸੜਕ ਹੈ ਜੋ ਤੁਹਾਨੂੰ ਕੁਤਬੀ ਇਮਾਰਤ ਤੱਕ ਲੈ ਕੇ ਜਾਂਦੀ ਹੈ, ਜੋ ਦਾਊਦੀ ਵੋਹਰਾ ਦੇ ਰੋਜ਼ਾ ਵਿੱਚ ਵੋਰਾ ਟਰੱਸਟ ਨਾਲ਼ ਸਬੰਧ ਰੱਖਦੀ ਹੈ ਅਤੇ ਜਿੱਥੇ ਕੁੱਲ 110 ਪਰਿਵਾਰ ਰਹਿੰਦੇ ਹਨ।
ਮੁਹੰਮਦ ਭਾਈ ਹਫ਼ਤੇ ਵਿੱਚ ਤਿੰਨ ਦਿਨ ਆਪਣੀ ਰੇਹੜੀ ਲੈ ਕੇ ਸ਼ਹਿਰ ਵਿੱਚ 30 ਕਿਲੋਮੀਟਰ ਦਾ ਸਫ਼ਰ ਕਰਦੇ ਹਨ। ਉਹ ਸਵੇਰੇ ਛੇ ਵਜੇ ਘਰੋਂ ਤੁਰ ਪੈਂਦੇ ਹਨ। “ਜਿੱਥੇ ਵੀ ਉਸਦੇ ਅੱਬਾ ਜਾਂਦੇ ਸਨ!” ਆਪਣੇ ਖਾਵੰਦ ਨੂੰ ਯਾਦ ਕਰਦਿਆਂ, ਚੁੰਨੀ ਨਾਲ਼ ਚਿਹਰਾ ਪੂੰਝਦਿਆਂ ਰੁਕਈਆ ਨੇ ਕਿਹਾ। “ਉਹ ਦਰਿਆ ਦੇ ਪਾਰ, ਸਾਬਰਮਤੀ ਦੇ ਦੂਜੇ ਪਾਸੇ ਤੱਕ ਜਾਂਦੇ ਸਨ, ਅਤੇ ਰਾਤ ਨੂੰ ਦੇਰ ਨਾਲ਼ 9 ਜਾਂ 10 ਵਜੇ ਵਾਪਸ ਆਉਂਦੇ ਸਨ।” ਅੱਬਾ ਮੌਜਹੁਸੈਨੀ ਦੀ ਫਰਵਰੀ 2023 ਵਿੱਚ ਮੌਤ ਹੋ ਗਈ। ਉਸ ਵੇਲੇ ਉਹਨਾਂ ਦੀ ਉਮਰ 79 ਸਾਲ ਸੀ।















