ਘਰ ਦੀ ਕਲੇਸ਼ ਦੀ ਗੱਲ ਚੇਤੇ ਕਰਾਂ ਤਾਂ ਉਹ ਘੜੀ ਮੇਰੇ ਜ਼ੇਹਨ ਵਿੱਚ ਘੁੰਮਦੀ ਹੈ ਜਦੋਂ ਅੱਪਾ ਸ਼ਰਾਬੀ ਹੋ ਕੇ ਆਏ ਅਤੇ ਅੰਮਾ 'ਤੇ ਚੀਕਣਾ ਸ਼ੁਰੂ ਕਰ ਦਿੱਤਾ। ਅੱਪਾ ਨੇ ਅੰਮਾ 'ਤੇ ਹਮਲਾ ਕੀਤਾ ਅਤੇ ਅੰਮਾ ਦੇ ਮਾਪਿਆਂ ਅਤੇ ਭੈਣਾਂ-ਭਰਾਵਾਂ ਬਾਰੇ ਅਵਾ-ਤਵਾ ਬੋਲਣ ਲੱਗੇ ਜੋ ਉਸ ਸਮੇਂ ਸਾਡੇ ਘਰ ਹੀ ਮੌਜੂਦ ਸਨ। ਹਾਲਾਂਕਿ ਉਨ੍ਹਾਂ ਨੂੰ ਮਜ਼ਬੂਰੀਵੱਸ ਅੱਪਾ ਦੀ ਬਕਵਾਸ ਸੁਣਨੀ ਪਈ ਤੇ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ। ਬੱਸ ਉਸ ਦਿਨ ਤੋਂ ਬਾਅਦ ਇਹ ਨਿੱਤ ਦਾ ਡਰਾਮਾ ਬਣ ਗਿਆ।
ਮੈਨੂੰ ਇੱਕ ਘਟਨਾ ਚੰਗੀ ਤਰ੍ਹਾਂ ਯਾਦ ਹੈ ਜੋ ਉਦੋਂ ਵਾਪਰੀ ਸੀ ਜਦੋਂ ਮੈਂ ਦੂਜੀ ਜਮਾਤ ਵਿੱਚ ਸੀ। ਹਮੇਸ਼ਾ ਦੀ ਤਰ੍ਹਾਂ, ਅੱਪਾ ਸ਼ਰਾਬੀ ਹੋ ਗੁੱਸੇ ਵਿੱਚ ਘਰ ਆਏ, ਮਾਂ ਨੂੰ ਕੁੱਟਿਆ, ਫਿਰ ਮੇਰੇ ਭੈਣ-ਭਰਾ ਅਤੇ ਮੈਨੂੰ। ਉਨ੍ਹਾਂ ਸਾਡੇ ਕੱਪੜੇ ਅਤੇ ਸਾਮਾਨ ਗਲ਼ੀ ਵਿੱਚ ਸੁੱਟ ਦਿੱਤਾ ਅਤੇ ਚੀਕ-ਚੀਕ ਕੇ ਸਾਨੂੰ ਆਪਣਾ ਘਰ ਛੱਡਣ ਨੂੰ ਕਿਹਾ। ਸਰਦੀਆਂ ਦੀ ਉਸ ਰਾਤ, ਅਸੀਂ ਸੜਕ ਕੰਢੇ ਬੈਠੇ ਮਾਂ ਨਾਲ਼ ਇੰਝ ਚਿਪਕ ਗਏ ਜਿਓਂ ਨਿੱਘ ਖਾਤਰ ਜਾਨਵਰਾਂ ਦੇ ਬੱਚੇ ਆਪਣੀਆਂ ਮਾਵਾਂ ਨੂੰ ਚਿਪਕਦੇ ਹਨ।
ਕਿਉਂਕਿ ਜੀਟੀਆਰ ਸੈਕੰਡਰੀ ਸਕੂਲ ਵਿੱਚ- ਕਬਾਇਲੀ ਸਰਕਾਰੀ ਸੰਸਥਾ, ਜਿੱਥੇ ਅਸੀਂ ਪੜ੍ਹਦੇ ਸਾਂ, ਰਿਹਾਇਸ਼ ਤੇ ਭੋਜਨ ਮਿਲ਼ਦਾ ਸੀ ਸੋ ਮੇਰੇ ਵੱਡੇ ਭਰਾ ਅਤੇ ਭੈਣ ਨੇ ਉੱਥੇ ਰਹਿਣ ਦਾ ਫੈਸਲਾ ਕੀਤਾ। ਉਨ੍ਹੀਂ ਦਿਨੀਂ, ਸਾਡੇ ਕੋਲ਼ ਸਿਰਫ਼ ਹਾੜੇ ਤੇ ਹੰਝੂ ਹੀ ਸਨ ਜੋ ਮੁਕਾਇਆ ਨਾ ਮੁੱਕਦੇ। ਅਸੀਂ ਆਪਣੇ ਘਰ ਵਿੱਚ ਹੀ ਰਹਿੰਦੇ ਰਹੇ, ਅੱਪਾ ਨੂੰ ਘਰ ਛੱਡਣਾ ਪਿਆ।
ਅਸੀਂ ਹਰ ਆਉਣ ਵਾਲ਼ੀ ਘੜੀ ਇਸੇ ਸਹਿਮ ਨਾਲ਼ ਕੱਢਦੇ ਕਿ ਅੱਗੇ ਕੀ ਹੋਵੇਗਾ। ਇੱਕ ਦਿਨ ਮੇਰੇ ਅੱਪਾ ਸ਼ਰਾਬੀ ਹੋ ਕੇ ਆਏ ਅਤੇ ਮੇਰੀ ਮਾਂ ਦੇ ਭਰਾ ਨਾਲ਼ ਖਹਿਬੜ ਪਏ ਅਤੇ ਅੱਪਾ ਨੇ ਮਾਮੇ 'ਤੇ ਚਾਕੂ ਨਾਲ਼ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਵੱਢਭਾਗੀਂ ਚਾਕੂ ਖੁੰਡਾ ਹੋਣ ਕਾਰਨ ਕੋਈ ਬਹੁਤੀ ਮੰਦਭਾਗੀ ਘਟਨਾ ਹੋਣੋ ਬਚਾਅ ਹੀ ਰਿਹਾ। ਬਾਕੀਆਂ ਨੇ ਰੋਕਣ ਦੀ ਕੋਸ਼ਿਸ਼ ਕਰਦਿਆ ਅੱਪਾ 'ਤੇ ਹਮਲਾ ਬੋਲ ਦਿੱਤਾ। ਇਸੇ ਖਿੱਚਧੂਹ ਵਿੱਚ ਅੰਮਾ ਦੇ ਕੁੱਛੜ ਚੁੱਕੀ ਮੇਰੀ ਛੋਟੀ ਭੈਣ ਹੇਠਾਂ ਡਿੱਗ ਗਈ ਤੇ ਉਹਦਾ ਸਿਰ ਪਾਟ ਗਿਆ। ਮੈਂ ਥਾਵੇਂ ਹੀ ਯਖ਼ ਹੋ ਗਿਆ ਤੇ ਬੇਵੱਸ ਖੜ੍ਹਾ ਹੋ ਸਭ ਦੇਖਦਾ ਰਿਹਾ।
ਅਗਲੇ ਦਿਨ, ਜਦੋਂ ਮੈਂ ਵਿਹੜੇ ਵਿੱਚ ਗਿਆ, ਤਾਂ ਉੱਥੇ ਆਪਣੇ ਅੱਪਾ ਅਤੇ ਮਾਮੇ ਦੇ ਖ਼ੂਨ ਦੇ ਨਿਸ਼ਾਨ ਦੇਖੇ ਜੋ ਲਾਲ ਤੋਂ ਕਾਲ਼ੇ ਹੋ ਚੁੱਕੇ ਸਨ। ਅੱਧੀ ਰਾਤ ਦੇ ਕਰੀਬ, ਅੱਪਾ ਨੇ ਮੈਨੂੰ ਤੇ ਮੇਰੀ ਭੈਣ ਨੂੰ ਬਾਹੋਂ ਫੜ੍ਹ ਦਾਦਾ ਜੀ ਦੇ ਘਰੋਂ ਬਾਹਰ ਕੱਢ ਦਿੱਤਾ ਤੇ ਸਾਨੂੰ ਖੇਤਾਂ ਵਿੱਚ ਬਣੇ ਛੋਟੇ ਜਿਹੇ ਕਮਰੇ ਵਿੱਚ ਲੈ ਗਏ। ਕੁਝ ਮਹੀਨਿਆਂ ਬਾਅਦ, ਮੇਰੇ ਮਾਪੇ ਅਲਹਿਦਾ ਹੋ ਗਏ ਜੋ ਕਿ ਚੰਗੀ ਖ਼ਬਰ ਸੀ।