ਮੇਰਠ ਦੀ ਇੱਕ ਕੈਰਮ ਬੋਰਡ ਫ਼ੈਕਟਰੀ ਵਿੱਚ ਪੰਜ ਕਾਰੀਗਰ ਹਫ਼ਤੇ ਵਿੱਚ ਪੰਜ ਦਿਨ ਬਿਨਾਂ ਰੁਕੇ ਕੰਮ ਕਰਦੇ ਹਨ ਤਦ ਕਿਤੇ ਜਾ ਕੇ 40 ਕੈਰਮ ਬੋਰਡਾਂ ਦੀ ਖੇਪ ਤਿਆਰ ਕੀਤੀ ਜਾਂਦੀ ਹੈ। ਇਸ ਵਰਕਸ਼ਾਪ ਦੇ ਸਾਰੇ ਕਾਰੀਗਰ ਕੈਰਮ ਬੋਰਡ ਦੇ ਚੌਰਸ ਫਰੇਮ ਵਿਚਾਲੇ ਸਟ੍ਰਾਈਕਰ ਤੇ ਕੌਇਨ (ਗੀਟੀਆਂ) ਦੀ ਸੁਚਾਰੂ ਗਤੀਵਿਧੀਆਂ ਨਾਲ਼ ਜੁੜੀਆਂ ਸਾਰੀਆਂ ਬਾਰੀਕੀਆਂ ਨੂੰ ਜਾਣਦੇ ਹਨ। ਇਸ ਖੇਡ ਵਿੱਚ ਵੱਧ ਤੋਂ ਵੱਧ ਚਾਰ ਖਿਡਾਰੀ ਹਿੱਸਾ ਲੈ ਸਕਦੇ ਹਨ, ਪਰ ਇਸ ਕਾਰਖ਼ਾਨੇ ਵਿੱਚ ਇੱਕ ਬੋਰਡ ਨੂੰ ਬਣਾਉਣ ਲਈ ਪੰਜ ਕਾਰੀਗਰ ਲੱਗੇ ਹੋਏ ਹਨ। ਇਹ ਉਨ੍ਹਾਂ ਦੀ ਮਿਹਨਤ ਸਦਕਾ ਹੀ ਹੈ ਜੋ ਕੈਰਮ ਦੀ ਖੇਡ ਸੰਭਵ ਹੋ ਪਾਉਂਦੀ ਹੈ, ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੇ ਇਸ ਖੇਡ ਨੂੰ ਖ਼ੁਦ ਕਦੇ ਨਹੀਂ ਖੇਡਿਆ।
"ਮੈਂ 1981 ਤੋਂ ਕੈਰਮ ਬੋਰਡ ਬਣਾ ਰਿਹਾ ਹਾਂ, ਪਰ ਨਾ ਕਦੇ ਬੋਰਡ ਖਰੀਦਿਆ ਤੇ ਨਾ ਹੀ ਕੈਰਮ ਖੇਡਿਆ। ਇਸ ਸਭ ਲਈ ਸਮਾਂ ਕਿੱਥੇ ਹੈ?" 62 ਸਾਲਾ ਮਦਨ ਪਾਲ ਪੁੱਛਦੇ ਹਨ। ਜਿੰਨੀ ਦੇਰ ਸਾਡੀ ਗੱਲਬਾਤ ਹੋ ਰਹੀ ਹੁੰਦੀ ਹੈ, ਓਨੀ ਦੇਰ ਵਿੱਚ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਕਾਫ਼ੀ ਮਿਹਨਤ ਕਰਕੇ ਬਬੂਲ ਦੀ ਲੱਕੜ ਦੇ 2,400 ਡੰਡਿਆਂ ਨੂੰ ਬੜੇ ਯੋਜਨਾਬੱਧ ਤਰੀਕੇ ਨਾਲ਼ ਰੱਖ ਲਿਆ ਹੋਇਆ ਸੀ। ਸਾਰੇ ਟੁਕੜੇ 32 ਜਾਂ 36 ਇੰਚ ਲੰਬੇ ਹਨ ਅਤੇ ਮਜ਼ਦੂਰਾਂ ਨੇ ਉਨ੍ਹਾਂ ਨੂੰ ਕਾਰਖ਼ਾਨੇ ਦੀ ਬਾਹਰੀ ਕੰਧ ਨਾਲ਼ ਲੱਗਦੀ ਗਲੀ ਵਿੱਚ ਟਿਕਾ ਲਿਆ ਹੈ।
"ਮੈਂ ਇੱਥੇ ਸਵੇਰੇ 8:45 ਵਜੇ ਪਹੁੰਚਦਾ ਹਾਂ। ਅਸੀਂ ਨੌਂ ਵਜੇ ਕੰਮ ਸ਼ੁਰੂ ਕਰ ਦਿੰਦੇ ਹਾਂ। ਜਦੋਂ ਤੱਕ ਮੈਂ ਘਰ ਪਹੁੰਚਦਾ ਹਾਂ, ਸ਼ਾਮ ਦੇ 7-7:30 ਵੱਜ ਚੁੱਕੇ ਹੁੰਦੇ ਹਨ," ਮਦਨ ਪਾਲ ਕਹਿੰਦੇ ਹਨ। ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਦੀ ਸੂਰਜਕੁੰਡ ਸਪੋਰਟਸ ਕਲੋਨੀ ਵਿੱਚ ਇੱਕ ਛੋਟਾ ਜਿਹਾ ਕੈਰਮ ਬੋਰਡ ਕਾਰਖ਼ਾਨਾ ਜਾਂ ਕਹਿ ਲਓ ਫ਼ੈਕਟਰੀ ਹੈ।
ਮਦਨ, ਮੇਰਠ ਜ਼ਿਲ੍ਹੇ ਦੇ ਪੂਠ ਪਿੰਡ ਵਿੱਚ ਪੈਂਦੇ ਆਪਣੇ ਘਰੋਂ ਸਵੇਰੇ ਸੱਤ ਵਜੇ ਸਾਈਕਲ 'ਤੇ ਸਵਾਰ ਹੋ ਨਿਕਲ਼ਦੇ ਹਨ ਤੇ 16 ਕਿਲੋਮੀਟਰ ਦਾ ਪੈਂਡਾ ਮਾਰਦੇ ਹੋਏ ਆਪਣੇ ਕੰਮ ਦੀ ਥਾਂ ਅਪੜਦੇ ਹਨ। ਹਫ਼ਤੇ ਦੇ ਛੇ ਦਿਨ ਉਨ੍ਹਾਂ ਦੀ ਇਹੀ ਰੁਟੀਨ ਰਹਿੰਦੀ ਹੈ।
ਛੋਟੇ ਹਾਥੀ (ਮਿਨੀ ਟੈਂਪੂ ਟਰੱਕ) 'ਤੇ ਸਵਾਰ ਦੋ ਟਰਾਂਸਪੋਰਟਰਾਂ ਨੇ ਮੇਰਠ ਸ਼ਹਿਰ ਦੇ ਤਾਰਾਪੁਰੀ ਅਤੇ ਇਸਲਾਮਾਬਾਦ ਇਲਾਕਿਆਂ ਵਿੱਚ ਸਥਿਤ ਆਰਾ ਮਿੱਲਾਂ ਤੋਂ ਲੱਕੜਾਂ ਦੇ ਇਨ੍ਹਾਂ ਟੁਕੜਿਆਂ ਨੂੰ ਲੱਦਿਆ ਤੇ ਇੱਥੇ ਡਿਲੀਵਰੀ ਦਿੱਤੀ ਹੈ।
"ਇਨ੍ਹਾਂ ਟੁਕੜਿਆਂ ਦੀ ਵਰਤੋਂ ਕੈਰਮ ਬੋਰਡ ਦੇ ਬਾਹਰੀ ਫਰੇਮ ਨੂੰ ਬਣਾਉਣ ਲਈ ਕੀਤੀ ਜਾਣੀ ਹੈ ਪਰ ਵਰਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਚਾਰ ਤੋਂ ਛੇ ਮਹੀਨਿਆਂ ਲਈ ਖੁੱਲ੍ਹੇ ਵਿੱਚ ਸੁਕਣੇ ਪਾਈ ਰੱਖਣਾ ਪੈਣਾ ਹੈ। ਹਵਾ ਅਤੇ ਧੁੱਪ ਉਨ੍ਹਾਂ ਵਿਚਲੀ ਨਮੀ ਨੂੰ ਸੁਕਾ ਦੇਵੇਗੀ, ਇੰਝ ਉੱਲੀ ਵਗੈਰਾ ਲੱਗਣ ਦੀ ਸੰਭਾਵਨਾ ਵੀ ਖ਼ਤਮ ਹੋ ਜਾਵੇਗੀ," ਮਦਨ ਦੱਸਦੇ ਹਨ।



























