ਇੱਕ ਵਿਅਕਤੀ ਆਪਣੀ ਸੱਤ ਸਾਲਾ ਧੀ ਦੇ ਨਾਲ਼ ਪੰਧੜਪੁਰ ਵੱਲ ਪੈਦਲ ਤੁਰਦਾ ਜਾ ਰਿਹਾ ਹੈ, ਉਨ੍ਹਾਂ ਦੀ ਯਾਤਰਾ ਉਸ ਤੀਰਥ ਵੱਲ ਹੈ ਜਿੱਥੇ ਹਰ ਸਾਲ ਅਸ਼ਾਧੀ ਵਾੜੀ ਤਿਓਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ਼ ਮਨਾਇਆ ਜਾਂਦਾ ਹੈ, ਜਿੱਥੇ ਰਾਜ ਭਰ 'ਚੋਂ ਹਜ਼ਾਰਾਂ-ਹਜ਼ਾਰ ਸ਼ਰਧਾਲੂ ਭਗਵਾਨ ਵਿਠੱਲ ਦੇ ਮੰਦਰ ਆਉਂਦੇ ਹਨ। ਰਸਤੇ ਵਿੱਚ ਉਹ ਲਾਤੂਰ ਦੇ ਪਿੰਡ ਮਹਿਸ਼ਗਾਓਂ ਰੁਕਣ ਦਾ ਫੈਸਲਾ ਕਰਦੇ ਹਨ। ਤਿਰਕਾਲਾਂ ਘਿਰਦਿਆਂ ਹੀ ਕੀਰਤਨ ਦੀਆਂ ਧੁਨਾਂ ਹਵਾ ਵਿੱਚ ਤੈਰਨ ਲੱਗਦੀਆਂ ਹਨ। ਛੋਟੀ ਬੱਚੀ ਘੰਟੀਆਂ ਦੀ ਖਣਖਣਾਹਟ ਸੁਣ ਆਪਣੇ ਪਿਤਾ ਨੂੰ ਪ੍ਰੋਗਰਾਮ ਵੱਲ ਜਾਣ ਦੀ ਜਿੱਦ ਕਰਨ ਲੱਗਦੀ ਹੈ।
ਉਹਦਾ ਪਿਤਾ ਥੋੜ੍ਹਾ ਝਿਜਕਦਾ ਹੈ। ''ਇੱਥੋਂ ਦੇ ਲੋਕੀਂ ਸਾਡੇ ਜਿਹੇ ਮਹਾਰ ਤੇ ਮੰਗ ਲੋਕਾਂ ਨੂੰ ਛੂੰਹਦੇ ਵੀ ਨਹੀਂ,'' ਉਹਨੇ ਧੀ ਨੂੰ ਸਮਝਾਉਣ ਦੇ ਲਹਿਜੇ ਵਿੱਚ ਕਹਿਣਾ ਸ਼ੁਰੂ ਕੀਤਾ। ''ਉਨ੍ਹਾਂ ਦੀ ਨਜ਼ਰ ਵਿੱਚ ਸਾਡੀ ਕੋਈ ਕੀਮਤ ਨਹੀਂ। ਉਹ ਸਾਨੂੰ ਅੰਦਰ ਨਹੀਂ ਵੜ੍ਹਨ ਦੇਣਗੇ।'' ਪਰ ਧੀ ਮੰਨਣ ਨੂੰ ਤਿਆਰ ਨਹੀਂ ਹੁੰਦੀ। ਅਖੀਰ ਪਿਤਾ ਇਸ ਸ਼ਰਤ ਨਾਲ਼ ਧੀ ਦੀ ਗੱਲ ਮੰਨ ਲੈਂਦਾ ਹੈ ਕਿ ਉਹ ਦੂਰ ਖੜ੍ਹੇ ਰਹਿ ਕੇ ਪ੍ਰਦਰਸ਼ਨ ਦੇਖਣਗੇ। ਛਣਕਣਿਆਂ ਦੀ ਅਵਾਜ਼ ਦਾ ਪਿੱਛਾ ਕਰਦੇ-ਕਰਦੇ ਉਹ ਪੰਡਾਲ ਵਿੱਚ ਪਹੁੰਚ ਜਾਂਦੇ ਹਨ। ਉਹ ਦੋਵੇਂ ਕੀ ਦੇਖਦੇ ਹਨ ਕਿ ਕੀਰਤਨ ਕਰਨ ਵਿੱਚ ਲੀਨ ਮਹਾਰਾਜ ਖੰਜੀਰੀ ਵਜਾ ਰਹੇ ਹਨ। ਛੇਤੀ ਹੀ ਛੋਟੀ ਬੱਚੀ ਸਟੇਜ 'ਤੇ ਜਾਣ ਨੂੰ ਬੇਚੈਨ ਹੋ ਉੱਠਦੀ ਹੈ। ਯਕਦਮ ਬਗੈਰ ਦੱਸੇ ਉਹ ਸਟੇਜ ਵੱਲ ਛੂਟ ਵੱਟ ਜਾਂਦੀ ਹੈ।
''ਮੈਂ ਇੱਕ ਭਾਰੂਦ (ਸਮਾਜਿਕ ਗਿਆਨ ਲਈ ਰਚੇ ਗੀਤਾਂ ਵਿੱਚ ਹਾਸੇ ਤੇ ਵਿਅੰਗ ਦਾ ਪ੍ਰਾਚੀਨ ਕਵਿਤਾ ਰੂਪ) ਗਾਉਣਾ ਚਾਹੁੰਦੀ ਹਾਂ,'' ਉਹ ਸਟੇਜ 'ਤੇ ਕੀਰਤਨ ਕਰਨ ਵਾਲ਼ੇ ਸੰਤ ਨੂੰ ਕਹਿੰਦੀ ਹੈ। ਦਰਸ਼ਕ ਸੁੰਨ੍ਹ ਹੋ ਜਾਂਦੇ ਹਨ। ਪਰ ਮਹਾਰਾਜ ਉਹਨੂੰ ਗਾਉਣ ਦੀ ਆਗਿਆ ਦਿੰਦਾ ਹੈ। ਅਗਲੇ ਕੁਝ ਪਲਾਂ ਲਈ ਸਟੇਜ ਛੋਟੀ ਲੜਕੀ ਹਵਾਲ਼ੇ ਹੋ ਜਾਂਦਾ ਹੈ, ਲੈਅ ਵਾਸਤੇ ਧਾਤੂ ਦਾ ਘੜਾ ਵਜਾਉਂਦਿਆਂ ਉਹ ਗੀਤ ਪੇਸ਼ ਕਰਨ ਲੱਗਦੀ ਹੈ ਜੋ ਉਸੇ ਮਹਾਰਾਜ ਦੁਆਰਾ ਲਿਖਿਆ ਤੇ ਕੰਪੋਜ਼ ਕੀਤਾ ਗਿਆ ਹੁੰਦਾ ਹੈ।
माझा रहाट गं साजनी
गावू चौघी जनी
माझ्या रहाटाचा कणा
मला चौघी जनी सुना
ਖੂਹ ‘ਤੇ ਹਰਟ ਨੇ ਪਿਆਰੀ,
ਆਓ ਚਾਰੇ ਰਲ਼ ਗਾਈਏ ਇਓਂ
ਹਰਟ ਹੋਵੇ ਤੇ ਇਹਦੀ ਰੱਸੀ
ਹੋਵਣ ਮੇਰੀਆਂ ਚਾਰੇ ਨੂੰਹਾਂ ਜਿਓਂ
ਬੱਚੀ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਸੰਤ ਨੇ ਖੰਜੀਰੀ ਉਸ ਨੂੰ ਸੌਂਪਦਿਆਂ ਕਿਹਾ,"ਮੇਰਾ ਅਸ਼ੀਰਵਾਦ ਸਦਾ ਤੇਰੇ ਨਾਲ਼ ਰਹੇਗਾ। ਤੂੰ ਆਪਣੀ ਗਾਇਕੀ ਨਾਲ਼ ਇਸ ਦੁਨੀਆ ਦਾ ਹਨ੍ਹੇਰਾ ਦੂਰ ਕਰੇਂਗੀ।''













