“ਜਿੰਨੇ ਵਾਰ ਵੀ ਭੱਠੀ ਬਲਦੀ ਹੈ, ਮੈਂ ਆਪਣੇ ਆਪ ਨੂੰ ਜ਼ਖ਼ਮੀ ਕਰ ਲੈਂਦੀ ਹਾਂ।”
ਸਲਮਾ ਲੁਹਾਰ ਦੇ ਹੱਥਾਂ ਦੀਆਂ ਉਂਗਲਾਂ ਦੇ ਜੋੜਾਂ ’ਤੇ ਦਾਗ਼ ਪਏ ਹੋਏ ਨੇ ਅਤੇ ਖੱਬੇ ਹੱਥ ਦੀਆਂ ਦੋ ਉਂਗਲਾਂ ’ਤੇ ਜ਼ਖ਼ਮ ਹੋਏ ਹਨ। ਉਹ ਭੱਠੀ ਵਿੱਚੋਂ ਮੁੱਠੀ ਭਰ ਸਵਾਹ ਲੈ ਕੇ ਮਲਦੀ ਹੈ ਤਾਂ ਕਿ ਜ਼ਖ਼ਮਾਂ ਨੂੰ ਛੇਤੀ ਆਰਾਮ ਆਵੇ।
41 ਸਾਲਾ ਸਲਮਾ ਦਾ ਪਰਿਵਾਰ ਉਹਨਾਂ ਛੇ ਲੁਹਾਰ ਪਰਿਵਾਰਾਂ ਵਿੱਚੋਂ ਇੱਕ ਹੈ ਜੋ ਸੋਨੀਪਤ ਦੇ ਬਹਲਗੜ੍ਹ ਬਜਾਰ ਵਿੱਚ ਪਈਆਂ ਝੁੱਗੀਆਂ ਵਿੱਚ ਰਹਿੰਦੇ ਹਨ। ਇੱਕ ਪਾਸੇ ਬਜ਼ਾਰ ਦੀ ਚਲਦੀ ਸੜਕ ਹੈ ਤੇ ਦੂਜੇ ਪਾਸੇ ਨਗਰ ਨਿਗਮ ਦਾ ਲਾਇਆ ਕੂੜੇ ਦਾ ਢੇਰ। ਨੇੜੇ ਹੀ ਸਰਕਾਰੀ ਪਖਾਨੇ ਤੇ ਪਾਣੀ ਦੇ ਟੈਂਕਰ ਹਨ ਅਤੇ ਸਲਮਾ ਦਾ ਪਰਿਵਾਰ ਇਹਨਾਂ ਸੁਵਿਧਾਵਾਂ ’ਤੇ ਹੀ ਨਿਰਭਰ ਹੈ।
ਝੁੱਗੀਆਂ ਵਿੱਚ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਅਤੇ ਜੇ 4 ਤੋਂ 6 ਘੰਟੇ ਮੀਂਹ ਪੈਂਦਾ ਰਹੇ ਤਾਂ ਸਾਰੀ ਬਸਤੀ ਡੁੱਬ ਜਾਂਦੀ ਹੈ – ਜਿਵੇਂ ਕਿ ਪਿਛਲੇ ਅਕਤੂਬਰ (2023) ਵਿੱਚ ਹੋਇਆ। ਅਜਿਹੇ ਸਮਿਆਂ ਵਿੱਚ ਉਹਨਾਂ ਨੂੰ ਮੰਜਿਆਂ ’ਤੇ ਚੌਕੜੀ ਮਾਰ ਬਹਿ ਕੇ ਪਾਣੀ ਉੱਤਰਨ ਦੀ ਉਡੀਕ ਕਰਨੀ ਪੈਂਦੀ ਹੈ – ਜਿਸ ਵਿੱਚ 2-3 ਦਿਨ ਲੱਗ ਜਾਂਦੇ ਹਨ। “ਉਹਨਾਂ ਦਿਨਾਂ ਵਿੱਚ ਬੜੀ ਮੁਸ਼ਕ ਆਉਂਦੀ ਹੈ,” ਸਲਮਾ ਦੇ ਬੇਟੇ ਦਿਲਸ਼ਾਦ ਨੇ ਦੱਸਿਆ।
“ਪਰ ਅਸੀਂ ਹੋਰ ਕਿੱਥੇ ਜਾ ਸਕਦੇ ਹਾਂ?” ਸਲਮਾ ਨੇ ਪੁੱਛਿਆ। “ਮੈਨੂੰ ਪਤਾ ਹੈ ਕਿ ਇੱਥੇ ਗੰਦ ਦੇ ਨੇੜੇ ਰਹਿਣ ਨਾਲ ਅਸੀਂ ਬਿਮਾਰ ਹੁੰਦੇ ਹਾਂ। ਜੋ ਮੱਖੀਆਂ ਗੰਦ ਉੱਤੇ ਬਹਿੰਦੀਆਂ ਹਨ, ਉਹੀ ਆ ਕੇ ਸਾਡੇ ਭੋਜਨ ’ਤੇ ਬਹਿੰਦੀਆਂ ਹਨ। ਪਰ ਅਸੀਂ ਹੋਰ ਕਿੱਥੇ ਜਾਵਾਂਗੇ?”
ਰਾਜਸਥਾਨ ਵਿੱਚ ਗੱਡੀ ਲੁਹਾਰਾਂ ਨੂੰ ਖਾਨਾਬਦੋਸ਼ ਕਬੀਲੇ (NT) ਅਤੇ ਪਿਛੜੀ ਜਮਾਤ ਦੇ ਤੌਰ ’ਤੇ ਸੂਚੀਬੱਧ ਕੀਤਾ ਗਿਆ ਹੈ। ਇਸ ਭਾਈਚਾਰੇ ਨਾਲ ਜੁੜੇ ਲੋਕ ਦਿੱਲੀ ਅਤੇ ਹਰਿਆਣਾ ਵਿੱਚ ਵੀ ਰਹਿੰਦੇ ਹਨ ਪਰ ਦਿੱਲੀ ਵਿੱਚ ਇਹਨਾਂ ਨੂੰ ਖਾਨਾਬਦੋਸ਼ ਕਬੀਲੇ ਦੇ ਤੌਰ ’ਤੇ ਸੂਚੀਬੱਧ ਕੀਤਾ ਗਿਆ ਹੈ ਅਤੇ ਹਰਿਆਣਾ ਵਿੱਚ ਪਿਛੜੀ ਜਮਾਤ ਦੇ ਤੌਰ ’ਤੇ।
ਜਿਸ ਬਜ਼ਾਰ ਕੋਲ ਉਹ ਰਹਿੰਦੇ ਹਨ, ਉਹ ਸੂਬੇ ਦੇ ਹਾਈਵੇਅ ਨੰਬਰ 11 ਦੇ ਬਿਲਕੁਲ ਨਾਲ ਹੈ ਅਤੇ ਉੱਥੇ ਵੱਡੀ ਗਿਣਤੀ ਵਿੱਚ ਤਾਜ਼ਾ ਸਬਜ਼ੀਆਂ, ਮਠਿਆਈਆਂ, ਮਸਾਲੇ, ਬਿਜਲਈ ਉਪਕਰਨ ਅਤੇ ਹੋਰ ਬੜਾ ਕੁਝ ਵੇਚਣ ਲਈ ਵਿਕਰੇਤਾ ਆਉਂਦੇ ਹਨ। ਕਾਫ਼ੀ ਸਾਰੇ ਲੋਕ ਸਟਾਲਾਂ ਲਾਉਂਦੇ ਹਨ ਅਤੇ ਬਜ਼ਾਰ ਬੰਦ ਹੋਣ ਵੇਲੇ ਚਲੇ ਜਾਂਦੇ ਹਨ।




















