ਕਾਲ਼ੂ ਦਾਸ ਨੇ ਆਪਣੇ ਬੋਰੇ ਵਿੱਚੋਂ ਬਚੇ ਕਾਗ਼ਜ਼ਾਂ ਨੂੰ ਬਾਹਰ ਕੱਢਦਿਆਂ ਕਿਹਾ,''ਮੈਂ ਅੱਜ ਇਕੱਠਾ ਕੀਤਾ ਸਾਰਾ ਕੁਝ ਛਾਂਟ ਲਿਆ ਹੈ। ਉਹ (ਕਬਾੜ ਵਾਲ਼ੇ) ਇਹ ਚੀਜ਼ਾਂ ਖ਼ਰੀਦ ਲੈਣਗੇ, ਉਨ੍ਹਾਂ ਨੂੰ ਤੋਲਣਗੇ ਤੇ ਮੈਨੂੰ ਪੈਸੇ ਦੇ ਦੇਣਗੇ। ਉਹਦੇ ਬਾਅਦ, ਜੇ ਮੈਨੂੰ ਸਮੇਂ-ਸਿਰ ਸਵਾਰੀ ਗੱਡੀ ਮਿਲ਼ ਗਈ ਤਾਂ ਮੈਂ ਚਾਨਣੇ-ਚਾਨਣੇ ਤੱਕ ਘਰ ਪਹੁੰਚ ਜਾਊਂਗਾ।''
ਮਹੀਨਿਆਂ ਬਾਅਦ ਸਤੰਬਰ ਦੀ ਸ਼ੁਰੂਆਤ ਵਿੱਚ, ਦੂਜੇ ਹਫ਼ਤੇ ਦੇ ਅਖ਼ੀਰ ਵਿੱਚ, 60 ਸਾਲਾ ਦਾਸ ਨੇ ਮੋਢੇ 'ਤੇ ਖਾਲੀ ਚਿੱਟਾ ਬੋਰਾ ਲਮਕਾਈ, ਸਾਂਝਾ ਟੋਟੋ (ਆਟੋ) ਅਤੇ ਬੱਸ ਰਾਹੀਂ ਦੱਖਣ 24 ਪਰਗਨਾ ਜ਼ਿਲ੍ਹੇ ਵਿਖੇ ਆਪਣੇ ਪਿੰਡ ਹਸਨਪੁਰ ਤੋਂ ਕਰੀਬ 28 ਕਿਲੋਮੀਟਰ ਦੂਰ, ਕੋਲ਼ਕਾਤਾ ਦੀ ਯਾਤਰਾ ਕੀਤੀ ਸੀ।
ਦਾਸ, ਦੱਖਣ-ਪੂਰਬੀ ਕੋਲ਼ਕਾਤਾ ਦੇ ਅੱਡ-ਅੱਡ ਇਲਾਕਿਆਂ ਤੋਂ, 25 ਸਾਲ ਤੋਂ ਕਬਾੜ ਇਕੱਠਾ ਕਰਨ ਦਾ ਕੰਮ ਕਰ ਰਹੇ ਹਨ। ਕਬਾੜੀਆ ਬਣਨ ਤੋਂ ਪਹਿਲਾਂ, ਉਹ ਸ਼ਹਿਰ ਦੀ ਇੱਕ ਫ਼ਿਲਮ ਵਿਤਰਣ ਕੰਪਨੀ ਵਾਸਤੇ ਕੰਮ ਕਰਦੇ ਸਨ। ਉਹ ਕਹਿੰਦੇ ਹਨ,''ਮੈਂ ਨੈਪਚਯੂਨ ਪਿਕਚਰਸ ਪ੍ਰਾਈਵੇਟ ਲਿਮਿਟਡ ਲਈ ਫ਼ਿਲਮ ਦੀ ਰੀਲ ਪਹੁੰਚਾਇਆ ਕਰਦਾ ਸਾਂ। ਆਰਡਰ (35 ਮਿਮੀ ਦੇ ਰੀਲ ਵਾਸਤੇ) ਬੰਬੇ, ਦਿੱਲੀ, ਮਦਰਾਸ ਤੋਂ ਆਉਂਦੇ ਸਨ। ਵੱਡੇ-ਵੱਡੇ ਬਕਸਿਆਂ ਵਿੱਚ ਆਈਆਂ ਰੀਲਾਂ ਨੂੰ ਮੈਂ ਹਾਵੜਾ ਲੈ ਜਾਂਦਾ, ਉਨ੍ਹਾਂ ਦਾ ਭਾਰ ਤੋਲਦਾ ਤੇ ਫਿਰ ਵਿਤਰਣ ਲਈ ਅੱਗੇ ਤੋਰ ਦਿੰਦਾ ਸੀ।''
ਕੰਪਨੀ ਬੰਦ ਹੋਣ ਤੋਂ ਬਾਅਦ, ਦਾਸ ਬੇਰੁਜ਼ਗਾਰ ਹੋ ਗਿਆ। ਉਸ ਸਮੇਂ ਉਹ ਦੱਖਣੀ ਕੋਲ਼ਕਾਤਾ ਦੇ ਬੋਸਪੁਕੁਰ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਸਨ। ਉਨ੍ਹਾਂ ਦੇ ਗੁਆਂਢੀ ਨੇ ਉਨ੍ਹਾਂ ਨੂੰ ਰੀਸਾਈਕਲਿੰਗ ਦੇ ਕਾਰੋਬਾਰ ਤੋਂ ਜਾਣੂ ਕਰਵਾਇਆ। "ਜਦੋਂ ਮੈਂ ਆਪਣੀ ਨੌਕਰੀ ਗੁਆ ਦਿੱਤੀ, ਤਾਂ ਉਸਨੇ ਮੈਨੂੰ ਆਪਣੇ ਕੰਮ ਵਿੱਚ ਸ਼ਾਮਲ ਹੋਣ ਲਈ ਕਿਹਾ। ਉਹਨੇ ਕਿਹਾ,'ਮੈਂ ਤੁਹਾਨੂੰ ਦਿਹਾੜੀ ਦੇ 25 ਰੁਪਏ ਦੇਵਾਂਗਾ। ਤੂੰ ਸਵੇਰੇ 8 ਵਜੇ ਘਰੋਂ ਜਾਵੇਂਗਾ ਤੇ ਦੁਪਹਿਰ ਤੱਕ ਘਰ ਮੁੜ ਆਇਆ ਕਰੇਂਗਾ। ਤੈਨੂੰ ਮੇਰੇ ਨਾਲ਼ ਸਮਾਨ ਲੈ ਕੇ ਜਾਣਾ ਪਿਆ ਕਰੇਗਾ। ਅਸੀਂ ਇਕੱਠੇ ਚਾਹ ਪੀਆ ਕਰਾਂਗੇ। ਮੈਂ ਰਾਜ਼ੀ ਹੋ ਗਿਆ। ਮੈਂ ਉਸ ਤੋਂ ਇਹ ਕੰਮ ਸਿੱਖਿਆ। ਜਿਵੇਂ ਕੋਈ ਮਾਸਟਰ ਆਪਣੇ ਵਿਦਿਆਰਥੀਆਂ ਨੂੰ ਸਿਖਾਉਂਦਾ ਹੈ। ਉਹ ਮੇਰੇ ਗੁਰੂ ਸਨ'।''
ਦਹਾਕੇ ਪਹਿਲਾਂ, ਦਾਸ ਨੇ ਆਪਣੇ ਮਾਸਟਰ ਨੂੰ ਦੇਖ ਕੇ ਸਿੱਖਿਆ ਕਿ ਹਰ ਇੱਕ ਚੀਜ਼ ਦੀ ਕੀਮਤ ਕਿਵੇਂ ਗਣਨਾ ਕਰਨੀ ਹੈ, ਜਿਵੇਂ ਕਿ ਕਾਗ਼ਜ਼, ਪਲਾਸਟਿਕ, ਕੱਚ ਦੀਆਂ ਬੋਤਲਾਂ, ਲੋਹੇ ਅਤੇ ਹੋਰ ਧਾਤਾਂ: "150 ਗ੍ਰਾਮ, 200 ਗ੍ਰਾਮ, 250 ਗ੍ਰਾਮ ਅਤੇ 500 ਗ੍ਰਾਮ ਦੀ ਕੀਮਤ ਕਿੰਨੀ ਹੋਵੇਗੀ? ਮੈਂ ਚੀਜ਼ਾਂ ਵਿਚਾਲੇ ਫ਼ਰਕ ਕਰਨਾ ਵੀ ਸਿੱਖਿਆ।'' ਉਹ ਯਾਦ ਕਰਦੇ ਹਨ ਕਿ ਜਦੋਂ ਉਨ੍ਹਾਂ ਨੇ ਦੋ ਦਹਾਕੇ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀ, ਤਾਂ ਬਾਜ਼ਾਰ ਚੰਗੀ ਹਾਲਤ ਵਿੱਚ ਸੀ।
ਦਾਸ ਬੰਗਲਾਦੇਸ਼ ਵਿੱਚ ਚੱਲ ਰਹੀ ਹਿੰਸਾ ਤੋਂ ਬਚਣ ਲਈ 1971 ਵਿੱਚ ਭਾਰਤ ਆਏ। ਉਨ੍ਹਾਂ ਦਾ ਪਰਿਵਾਰ ਉੱਥੇ ਖੇਤੀ ਕਰਦਾ ਸੀ। ਉਨ੍ਹਾਂ ਦਾ ਭਰਾ ਨਰਿੰਦਰ (ਜਿਸ ਦੀ ਉਸ ਸਮੇਂ ਮੌਤ ਹੋ ਗਈ ਸੀ; ਉਹ ਇੱਕ ਸਾਈਕਲ ਰਿਕਸ਼ਾ ਚਲਾਉਂਦੇ ਸਨ) ਜੋ ਉਸ ਸਮੇਂ ਉੱਤਰੀ 24 ਪਰਗਨਾ ਦੇ ਕਾਂਚਰਾਪਾੜਾ ਕਸਬੇ ਵਿੱਚ ਰਹਿੰਦੇ ਸਨ। ਕਾਲੂ ਦਾਸ ਇੱਥੇ ਆਏ ਅਤੇ ਕੁਝ ਦਿਨਾਂ ਲਈ ਰਾਜ-ਮਿਸਤਰੀ ਦੇ ਨਾਲ਼ ਮਜ਼ਦੂਰ ਵਜੋਂ ਕੰਮ ਕੀਤਾ। ਉਹ ਕਹਿੰਦੇ ਹਨ ਕਿ ਸਮੇਂ ਦੇ ਨਾਲ਼ ਉਨ੍ਹਾਂ ਨੂੰ ਭਾਰਤ ਸਰਕਾਰ ਤੋਂ ਵੋਟਰ ਆਈਡੀ ਕਾਰਡ, ਆਧਾਰ ਕਾਰਡ ਅਤੇ ਰਾਸ਼ਨ ਕਾਰਡ ਸਮੇਤ ਸਾਰੀਆਂ ਮਨਜ਼ੂਰੀਆਂ ਅਤੇ ਦਸਤਾਵੇਜ਼ ਮਿਲ਼ ਗਏ।
ਤਾਲਾਬੰਦੀ ਤੋਂ ਪਹਿਲਾਂ, ਦਾਸ ਸੋਨਾਰਪੁਰ ਤਾਲੁਕਾ ਦੇ ਹਸਨਪੁਰ ਪਿੰਡ ਤੋਂ ਹਫ਼ਤੇ ਵਿੱਚ ਚਾਰ ਵਾਰੀਂ ਕਬਾੜ ਅਤੇ ਰੀਸਾਈਕਲਿੰਗ ਸਮੱਗਰੀ ਇਕੱਠੀ ਕਰਨ ਲਈ ਕੋਲ਼ਕਾਤਾ ਜਾਂਦੇ ਸਨ। ਉਹ ਇਮਾਰਤਾਂ ਵਿੱਚ ਜਾਂਦੇ ਅਤੇ ਦਿਨ ਵਿੱਚ ਚਾਰ ਤੋਂ ਪੰਜ ਘੰਟੇ ਝੁੱਗੀਆਂ ਵਿੱਚ ਘੁੰਮਦੇ ਰਹਿੰਦੇ ਅਤੇ ਹਰ ਮਹੀਨੇ ਲਗਭਗ 3,000 ਰੁਪਏ ਕਮਾ ਲੈਂਦੇ ਸਨ।
ਦਾਸ ਦਾ ਕੰਮ ਮਾਰਚ ਵਿੱਚ ਰੁੱਕ ਗਿਆ ਜਦੋਂ ਤਾਲਾਬੰਦੀ ਸ਼ੁਰੂ ਹੋਈ ਅਤੇ ਬੱਸਾਂ ਅਤੇ ਸਥਾਨਕ ਰੇਲ ਗੱਡੀਆਂ ਚੱਲਣੀਆਂ ਬੰਦ ਹੋ ਗਈਆਂ। "ਮੈਂ ਕਿਸੇ ਤਰ੍ਹਾਂ ਕੋਲ਼ਕਾਤਾ ਆਉਣ ਬਾਰੇ ਸੋਚ ਰਿਹਾ ਸੀ," ਉਹ ਕਹਿੰਦੇ ਹਨ, "ਪਰ ਲੋਕਾਂ ਨੇ ਮੈਨੂੰ ਚੇਤਾਵਨੀ ਦਿੱਤੀ। ਮੈਂ ਟੀਵੀ 'ਤੇ ਇਹ ਵੀ ਦੇਖਿਆ ਕਿ ਪੁਲਿਸ ਤਾਲਾਬੰਦੀ ਦੀ ਉਲੰਘਣਾ ਕਰਨ ਵਾਲ਼ੇ ਲੋਕਾਂ ਦਾ ਪਿੱਛਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਕੁੱਟ ਰਹੀ ਹੈ।" ਇਸ ਤੋਂ ਇਲਾਵਾ, ਉਨ੍ਹਾਂ ਦੇ ਗੁਆਂਢ ਵਿੱਚ ਕੋਵਿਡ -19 ਦੇ ਕੁਝ ਮਾਮਲੇ ਸਾਹਮਣੇ ਆਉਣ ਕਾਰਨ, "ਮੈਂ ਆਪਣਾ ਮਨ ਬਦਲ ਲਿਆ। ਮੈਂ ਫੈਸਲਾ ਕੀਤਾ ਕਿ ਜੇ ਮੈਂ ਭੁੱਖਾ ਵੀ ਰਿਹਾ, ਤਾਂ ਵੀ ਮੈਂ ਘਰੋਂ ਬਾਹਰ ਨਹੀਂ ਜਾਵਾਂਗਾ।''
ਦਾਸ ਦੀ ਪਤਨੀ ਮੀਰਾ ਦੱਖਣੀ ਕੋਲ਼ਕਾਤਾ ਦੇ ਜਾਦਵਪੁਰ ਇਲਾਕੇ ਵਿੱਚ ਪੂਰਾ-ਪੂਰਾ ਦਿਨ ਘਰੇਲੂ ਨੌਕਰਾਣੀ ਵਜੋਂ ਕੰਮ ਕਰਦੀ ਰਹੀ ਹਨ। ਪਿੰਡ ਛੱਡਣ ਤੋਂ ਪਹਿਲਾਂ, ਉਨ੍ਹਾਂ ਨੇ ਆਪਣੇ ਤਿੰਨ ਪੋਤੇ-ਪੋਤੀਆਂ, ਜਿਨ੍ਹਾਂ ਦੀ ਉਮਰ 18, 16 ਅਤੇ 12 ਸਾਲ ਹੈ, ਨੂੰ ਆਪਣੇ ਦਾਦਾ ਕੋਲ਼ ਰਹਿਣ ਦੀ ਬੇਨਤੀ ਕੀਤੀ ਸੀ। "ਉਸ ਨੇ ਉਨ੍ਹਾਂ ਨੂੰ ਕਿਹਾ, 'ਤੁਹਾਡੇ ਦਾਦਾ ਜੀ ਬੁੱਢੇ ਆਦਮੀ ਹਨ। ਉਹ ਇਕੱਲੇ ਹੀ ਰਹਿੰਦੇ ਹਨ'।'' ਲੌਕਡਾਊਨ ਦੌਰਾਨ, ਉਹ ਆਪਣੀ ਪਤਨੀ ਮੀਰਾ ਦੀ 7,000 ਰੁਪਏ ਪ੍ਰਤੀ ਮਹੀਨਾ ਦੀ ਆਮਦਨੀ ਨਾਲ਼ ਗੁਜ਼ਾਰਾ ਕਰ ਰਹੇ ਸਨ, ਜੋ ਬੈਂਕ ਖਾਤੇ ਵਿੱਚ ਜਮ੍ਹਾਂ ਕਰਾ ਦਿੱਤੀ ਜਾਂਦੀ ਸੀ।
"ਮੇਰੀ ਪਤਨੀ ਨੂੰ ਪੂਰੀ ਤਾਲਾਬੰਦੀ ਦੌਰਾਨ ਕੰਮ ਕਰਨਾ ਪਿਆ। ਨਹੀਂ ਤਾਂ, ਅਸੀਂ 1,000 ਰੁਪਏ ਕਿਰਾਇਆ ਤੇ ਬਾਕੀ ਖਰਚੇ ਕਿਵੇਂ ਤੋਰਦੇ?" ਮੀਰਾ ਹਰ ਮਹੀਨੇ ਦੋ-ਤਿੰਨ ਵਾਰੀਂ ਪਿੰਡ ਜਾਂਦੀ ਹਨ। ਦਾਸ ਦੱਸਦੇ ਹਨ,''ਉਹ ਆਪਣੇ ਪੋਤੇ-ਪੋਤੀਆਂ ਨੂੰ ਮਿਲ਼ ਨਹੀਂ ਪਾਉਂਦੀ। ਜਦੋਂ ਉਨ੍ਹਾਂ ਨੂੰ ਬਗ਼ੈਰ ਦੇਖਿਆਂ ਬਹੁਤਾ ਸਮਾਂ ਪੈ ਜਾਵੇ ਤਾਂ ਉਹ ਰੋਣ ਲੱਗਦੀ ਹੈ। ਜਦੋਂ ਉਹ ਘਰੇ ਆਉਂਦੀ ਹੈ ਤਾਂ ਬੱਚਿਆਂ ਲਈ ਖਾਣਾ ਪਕਾਉਂਦੀ ਹੈ।'' ਉਨ੍ਹਾਂ ਦਾ ਸਭ ਤੋਂ ਵੱਡਾ ਪੋਤਾ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਦਾ ਹੈ, ਪਰ ਤਾਲਾਬੰਦੀ ਤੋਂ ਬਾਅਦ ਉਹਨੇ ਜ਼ਿਆਦਾ ਫੋਨ ਨਹੀਂ ਕੀਤਾ। ਸਭ ਤੋਂ ਛੋਟਾ ਪੋਤਾ ਸਕੂਲ ਵਿੱਚ ਹੈ। ਵਿਚਕਾਰਲਾ ਪੋਤਾ ਬੇਰੁਜ਼ਗਾਰ ਹੈ।
ਪਰ ਮੀਰਾ ਦੀ ਨੌਕਰੀ ਵੀ ਛੇਤੀ ਹੀ ਜਾਣ ਵਾਲ਼ੀ ਹੈ। "ਉਹ ਹੁਣ ਉਸ ਨੂੰ ਹੋਰ ਅੱਗੇ ਨਹੀਂ ਰੱਖਣਗੇ," ਦਾਸ ਕਹਿੰਦੇ ਹਨ। ਉਹ ਹੁਣ ਘਰ ਆਉਣ ਵਾਲ਼ੀ ਹੈ। ਉਹ (ਜਿਨ੍ਹਾਂ ਨੇ ਉਸ ਨੂੰ ਨੌਕਰੀ 'ਤੇ ਰੱਖਿਆ) ਹੁਣ ਉਸ ਨੂੰ ਤਨਖਾਹ ਨਹੀਂ ਦੇ ਸਕਦੇ।''
ਦਾਸ ਨੇ ਅਗਸਤ ਦੇ ਆਖਰੀ ਹਫ਼ਤੇ ਵਿੱਚ ਆਪਣਾ ਰੀਸਾਈਕਲਿੰਗ ਦਾ ਕੰਮ ਦੁਬਾਰਾ ਸ਼ੁਰੂ ਕੀਤਾ। ਹਾਲਾਂਕਿ, ਕਾਰੋਬਾਰ ਦੀ ਹਾਲਤ ਖਰਾਬ ਰਹੀ ਹੈ। "ਕੋਰੋਨਾ ਦੇ ਸਮੇਂ ਵਿੱਚ, ਲੋਕ [ਰੀਸਾਈਕਲਿੰਗ ਲਈ] ਜ਼ਿਆਦਾ ਚੀਜ਼ਾਂ ਨਹੀਂ ਰੱਖ ਰਹੇ," ਉਹ ਸੁੱਟੇ ਗਏ ਮਿਕਸਰ-ਗ੍ਰਾਇੰਡਰ ਦੇ ਹੇਠਲੇ ਹਿੱਸੇ ਨੂੰ ਪੈਕ ਕਰਦੇ ਹੋਏ ਕਹਿੰਦੇ ਹਨ। ''ਉਹ ਸਾਮਾਨ ਸੁੱਟ ਰਹੇ ਹਨ।''
ਦਾਸ ਅਖ਼ਬਾਰਾਂ ਸਮੇਤ ਸਾਰਾ ਕਾਗਜ਼ ਉਨ੍ਹਾਂ ਘਰਾਂ ਤੋਂ 8 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਖਰੀਦਦੇ ਹਨ ਅਤੇ ਕਬਾੜ ਦੀਆਂ ਦੁਕਾਨਾਂ 'ਤੇ 9-9.5 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਵੇਚਦੇ ਹੈ। ਉਹ ਪਲਾਸਟਿਕ ਦੀਆਂ ਬੋਤਲਾਂ 2-4 ਰੁਪਏ ਵਿੱਚ ਵੇਚਦੇ ਹਨ। ''ਪਲਾਸਟਿਕ ਦੀਆਂ ਬੋਤਲਾਂ ਦੀ ਕੀਮਤ ਘੱਟ ਗਈ ਹੈ। ਮੈਨੂੰ ਸਕ੍ਰੈਪ ਯਾਰਡ ਜਾਣ ਲਈ ਰਿਕਸ਼ਾ ਕਿਰਾਏ 'ਤੇ ਲੈਣਾ ਪੈਂਦਾ ਹੈ। ਇਸ ਕਾਰੋਬਾਰ ਵਿੱਚ ਕੁਝ ਲੋਕਾਂ ਕੋਲ਼ ਠੇਲਾ [ਰੀਸਾਈਕਲ ਕੀਤੇ ਮਾਲ ਨੂੰ ਲਿਜਾਣ ਲਈ] ਹੈ। ਉਹ ਬੋਤਲਾਂ ਲਈ ਹੋਰ ਪੈਸੇ ਦੀ ਪੇਸ਼ਕਸ਼ ਕਰ ਸਕਦੇ ਹਨ।''
ਦਾਸ ਜੋ ਕੁਝ ਇਕੱਠਾ ਕਰਦੇ ਹਨ ਉਸ ਨੂੰ ਇੱਕ ਵੱਡੀ ਗੋਲ ਬਾਂਸ ਦੀ ਟੋਕਰੀ ਵਿੱਚ ਰੱਖਦੇ ਹਨ। ਉਹ ਆਪਣੇ ਸਿਰ 'ਤੇ ਲਗਭਗ 20 ਕਿਲੋ ਭਾਰ ਚੁੱਕ ਸਕਦੇ ਹਨ। ਇਸ ਤੋਂ ਬਾਅਦ ਉਹ ਸਾਈਕਲ ਰਿਕਸ਼ਾ ਲੈ ਕੇ ਨੇੜਲੇ ਰਥਤਾਲਾ ਇਲਾਕੇ 'ਚ ਕਬਾੜ ਦੀ ਦੁਕਾਨ 'ਤੇ ਜਾਂਦੇ ਹਨ। ਉਨ੍ਹਾਂ ਨੂੰ ਪਿੰਡ ਆਉਣ-ਜਾਣ ਅਤੇ ਸਾਈਕਲ ਰਿਕਸ਼ਾ ਰਾਹੀਂ ਕਬਾੜੀਆਂ ਤੱਕ ਪਹੁੰਚਣ ਦਾ ਕੁੱਲ ਖ਼ਰਚਾ ਲਗਭਗ 150 ਰੁਪਏ ਆਉਂਦਾ ਹੈ ਅਤੇ ਉਹ ਕਹਿੰਦੇ ਹਨ, "ਉਨ੍ਹਾਂ ਕੋਲ਼ ਸਿਰਫ਼ 2-4 ਰੁਪਏ ਹੀ ਬੱਚਦੇ ਹਨ।''
"ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ, ਤਾਂ ਮੇਰੇ ਪਰਿਵਾਰਕ ਮੈਂਬਰਾਂ ਕੋਲ਼ ਕੰਮ ਨਹੀਂ ਸੀ। ਇਸ ਕੰਮ ਨਾਲ਼ ਸਾਡੇ ਭੋਜਨ ਦਾ ਖ਼ਰਚਾ ਨਿਕਲ਼ਣ ਲੱਗਾ। ਇੱਥੇ ਰਹਿਣਾ ਸੌਖਾ ਨਹੀਂ ਸੀ। ਮੇਰੇ ਤਿੰਨ ਬੱਚੇ ਹਨ - ਦੋ ਪੁੱਤਰ ਅਤੇ ਇੱਕ ਧੀ। ਉਹ ਸਕੂਲ ਜਾਂਦੇ ਸਨ। ਫਿਰ ਮੈਨੂੰ ਆਪਣੀ ਧੀ ਦਾ ਵਿਆਹ ਕਰਨਾ ਪਿਆ।'' ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ, ਤਾਰਕ ਦੀ ਬਹੁਤ ਪਹਿਲਾਂ ਮੌਤ ਹੋ ਗਈ ਸੀ; ਉਨ੍ਹਾਂ ਦੀ ਧੀ ਪੂਰਨਿਮਾ ਦੀ ਉਮਰ 30 ਸਾਲ ਹੈ ਅਤੇ ਸਭ ਤੋਂ ਛੋਟਾ ਬੇਟਾ ਨਾਰੂ ਲਗਭਗ 27 ਸਾਲ ਦਾ ਹੈ। ਉਹ ਕਹਿੰਦੇ ਹਨ ਕਿ ਦੋਵੇਂ ਕਿਸੇ ਕੰਮ ਵਿੱਚ "ਕਿਸੇ ਨਾ ਕਿਸੇ ਦੇ ਸਹਾਇਕ ਹਨ।''
ਜ਼ਿੰਦਗੀ ਦੇ ਸੰਘਰਸ਼ ਵਿੱਚ, ਦਾਸ ਨੂੰ ਕਿਸੇ ਹੋਰ ਕੰਮ ਵਿੱਚ ਹੱਥ ਅਜ਼ਮਾਉਣ ਦਾ ਮੌਕਾ ਨਹੀਂ ਮਿਲਿਆ। "ਮੈਂ ਹੋਰ ਕੀ ਕਰ ਸਕਦਾ ਹਾਂ? ਅਤੇ ਕੀ ਇਸ ਉਮਰੇ ਕੋਈ ਮੈਨੂੰ ਕੰਮ ਦੇਵੇਗਾ?"
ਹੁਣ ਹਫ਼ਤੇ ਦੇ ਕੰਮ-ਕਾਰ ਵਾਲ਼ੇ ਦਿਨਾਂ ਵਿੱਚ ਵੀ, ਉਹ ਆਮ ਤੌਰ 'ਤੇ ਘਰ ਵਿੱਚ ਰਹਿੰਦੇ ਹਨ ਜਾਂ ਨਾਰੂ ਨੂੰ ਮਿਲ਼ਣ ਚਲੇ ਜਾਂਦੇ ਹਨ, ਜਿਹਦਾ ਘਰ ਨੇੜੇ ਹੀ ਹੈ। ਉਹ ਆਪਣੇ ਚਿੱਟੇ ਕੱਪੜੇ ਦੇ ਮਾਸਕ ਨੂੰ ਠੀਕ ਕਰਦਿਆਂ ਕਹਿੰਦੇ ਹਨ,"ਮੈਂ ਕੋਰੋਨਾ ਬਾਰੇ ਨਹੀਂ ਸੋਚਦਾ। ਜੇ ਕੋਈ ਕੰਮ ਕਰ ਰਿਹਾ ਹੈ, ਤਾਂ ਉਹ ਰੁੱਝਿਆ ਰਹੇਗਾ। ਜੇ ਮੈਂ ਕੰਮ 'ਤੇ ਜਾਣ ਦੀ ਬਜਾਏ ਘਰੇ ਬੈਠਾ ਰਿਹਾ ਤਾਂ ਬਿਮਾਰੀ ਦਾ ਡਰ ਜ਼ੋਰ ਫੜ੍ਹ ਲਵੇਗਾ। ਤੁਹਾਡੇ ਵਿੱਚ ਹਿੰਮਤ ਹੋਣੀ ਚਾਹੀਦੀ ਹੈ।''
ਤਰਜਮਾ: ਕਮਲਜੀਤ ਕੌਰ