"ਮੋਬਾਇਲ, ਟੀ.ਵੀ., ਵੀਡੀਓ ਗੇਮਾਂ ਆ ਗਈਆਂ ਨੇ ਤੇ ਕਠਪੁਤਲੀ ਅਤੇ ਕਿੱਸਾਗੋ ਦੀ ਇਤਿਹਾਸਕ ਪਰੰਪਰਾ ਖ਼ਤਮ ਹੋ ਰਹੀ ਏ।'' ਪੂਰਨ ਭੱਟ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਦਾਂਤਾ ਰਾਮਗੜ੍ਹ ਦੇ ਕਠਪੁਤਲੀ ਕਲਾਕਾਰ ਹਨ। 30 ਸਾਲਾ ਪੂਰਨ ਉਸ ਸਮੇਂ ਨੂੰ ਯਾਦ ਕਰਦੇ ਹਨ ਜਦੋਂ ਉਹ ਆਪਣੀਆਂ ਕਠਪੁਤਲੀਆਂ ਬਣਾਉਂਦੇ ਸਨ ਅਤੇ ਬੱਚਿਆਂ ਦੀਆਂ ਪਾਰਟੀਆਂ, ਵਿਆਹ ਦੇ ਮੌਕਿਆਂ ਅਤੇ ਸਰਕਾਰੀ ਸਮਾਗਮਾਂ ਵਿੱਚ ਨਾਟਕ ਪੇਸ਼ ਕਰਿਆ ਕਰਦੇ ਸਨ।
''ਅੱਜ ਲੋਕ ਵੱਖ-ਵੱਖ ਗਤੀਵਿਧੀਆਂ ਚਾਹੁੰਦੇ ਹਨ। ਪਹਿਲਾਂ ਔਰਤਾਂ ਢੋਲਕ 'ਤੇ ਗਾਉਂਦੀਆਂ ਸਨ, ਹੁਣ ਲੋਕ ਹਾਰਮੋਨੀਅਮ 'ਤੇ ਫ਼ਿਲਮੀ ਗਾਣੇ ਚਾਹੁੰਦੇ ਹਨ। ਜੇ ਸਾਨੂੰ ਸੁਰੱਖਿਆ ਮਿਲ਼ੇ, ਤਾਂ ਅਸੀਂ ਆਪਣੇ ਪੁਰਖਿਆਂ ਦੁਆਰਾ ਸਿਖਾਏ ਗਏ ਹੁਨਰਾਂ ਨੂੰ ਅੱਗੇ ਵਧਾਉਣ ਦੇ ਯੋਗ ਹੋਵਾਂਗੇ, '' ਉਨ੍ਹਾਂ ਦਾ ਕਹਿਣਾ ਹੈ।
ਭੱਟ ਇਸ ਸਾਲ ਅਗਸਤ ਵਿੱਚ ਜੈਪੁਰ ਦੇ ਤਿੰਨ ਦਹਾਕੇ ਪੁਰਾਣੇ ਬਹੁ-ਕਲਾ ਕੇਂਦਰ ਜਵਾਹਰ ਕਲਾ ਕੇਂਦਰ ਵਿੱਚ ਮੌਜੂਦ ਸਨ। ਰਾਜਸਥਾਨ ਭਰ ਤੋਂ ਲੋਕ ਕਲਾਕਾਰਾਂ ਦੇ ਕਈ ਸਮੂਹ ਰਾਜ ਸਪਾਂਸਰ ਫੈਸਟੀਵਲ ਵਿੱਚ ਆਏ ਸਨ, ਜਿੱਥੇ ਸਰਕਾਰ ਨੇ ਕਲਾ ਅਤੇ ਰੋਜ਼ੀ-ਰੋਟੀ ਬਚਾਉਣ ਲਈ ਸੰਘਰਸ਼ ਕਰ ਰਹੇ ਕਲਾਕਾਰਾਂ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਸੀ।
ਮੁੱਖ ਮੰਤਰੀ ਲੋਕ ਕਲਾਕਾਰ ਪ੍ਰੋਤਸਾਹਨ ਯੋਜਨਾ ਦੇ ਨਾਮ ਵਾਲ਼ੀ ਇਸ ਯੋਜਨਾ ਵਿੱਚ ਹਰ ਲੋਕ ਕਲਾਕਾਰ ਪਰਿਵਾਰ ਨੂੰ ਉਨ੍ਹਾਂ ਦੇ ਘਰ 500 ਰੁਪਏ ਦਿਹਾੜੀ ਨਾਲ਼ 100 ਦਿਨਾਂ ਦੇ ਸਾਲਾਨਾ ਕੰਮ ਦੀ ਗਰੰਟੀ ਦਿੱਤੀ ਜਾਂਦੀ ਹੈ। ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ 2005 ਪੇਂਡੂ ਪਰਿਵਾਰਾਂ ਲਈ 100 ਦਿਨਾਂ ਦਾ ਰੁਜ਼ਗਾਰ ਯਕੀਨੀ ਬਣਾ ਕੇ ਇਹ ਪਹਿਲਾਂ ਹੀ ਨਿਰਧਾਰਤ ਕਰ ਚੁੱਕਾ ਹੈ।
ਕੇਂਦਰ ਸਰਕਾਰ ਦੀ ਵਿਸ਼ਵਕਰਮਾ ਯੋਜਨਾ ਦਾ ਐਲਾਨ ਸਤੰਬਰ 2023 ਵਿੱਚ ਕਾਰੀਗਰਾਂ ਅਤੇ ਸ਼ਿਲਪਕਾਰਾਂ ਲਈ ਕੀਤਾ ਗਿਆ ਸੀ, ਪਰ ਕਲਾਕਾਰ ਦੀ ਯੋਜਨਾ ਕਲਬੇਲੀਆ, ਤੇਰਾਹ ਤਾਲੀ, ਬਹਿਰੂਪੀਆ ਅਤੇ ਕਈ ਹੋਰ ਪ੍ਰਦਰਸ਼ਨਕਾਰੀ ਭਾਈਚਾਰਿਆਂ ਲਈ ਪਹਿਲੀ ਯੋਜਨਾ ਹੈ। ਕਾਰਕੁਨਾਂ ਅਨੁਸਾਰ ਰਾਜਸਥਾਨ ਵਿੱਚ ਲਗਭਗ 1-2 ਲੱਖ ਲੋਕ ਕਲਾਕਾਰ ਹਨ ਅਤੇ ਕਦੇ ਕਿਸੇ ਨੇ ਉਨ੍ਹਾਂ ਦੀ ਪੂਰੀ ਤਰ੍ਹਾਂ ਗਿਣਤੀ ਨਹੀਂ ਕਰਾਈ। ਇਹ ਯੋਜਨਾ ਭੁਗਤਾਨ ਦੇ ਅਧਾਰ 'ਤੇ ਰੱਖੇ ਗਏ ਆਰਜ਼ੀ ਕਾਮਿਆਂ (ਟਰਾਂਸਪੋਰਟ ਅਤੇ ਡਿਸਟ੍ਰੀਬਿਊਸ਼ਨ) ਅਤੇ ਸੜਕ ਵਿਕ੍ਰੇਤਾਵਾਂ ਨੂੰ ਵੀ ਸਮਾਜਿਕ ਸੁਰੱਖਿਆ ਦੇ ਦਾਇਰੇ ਵਿੱਚ ਲਿਆਉਂਦੀ ਹੈ।
"ਅਸੀਂ ਵਿਆਹ ਦੇ ਸੀਜ਼ਨ ਦੌਰਾਨ ਸਿਰਫ਼ ਕੁਝ ਮਹੀਨੇ ਕੰਮ ਕਰਦੇ ਹਾਂ, ਬਾਕੀ ਸਾਲ ਅਸੀਂ ਘਰ ਬੈਠੇ ਰਹਿੰਦੇ ਹਾਂ," ਲਕਸ਼ਮੀ ਸਪੇਰਾ ਕਹਿੰਦੀ ਹਨ,''ਅਸੀਂ ਇਸ [ਯੋਜਨਾ] ਵਿੱਚ ਨਿਯਮਤ ਤੌਰ 'ਤੇ ਕਮਾਈ ਕਰਨ ਦੀ ਉਮੀਦ ਕਰਦੇ ਹਾਂ।" ਜੈਪੁਰ ਦੇ ਨੇੜੇ ਮਹਾਲਨ ਪਿੰਡ ਦੇ 28 ਸਾਲਾ ਕਾਲਬੇਲੀਆ ਕਲਾਕਾਰ ਆਸਵੰਦ ਹਨ। ਉਹ ਅੱਗੇ ਕਹਿੰਦੀ ਹਨ,"ਜਦੋਂ ਤੱਕ ਮੇਰੇ ਬੱਚੇ ਨਹੀਂ ਚਾਹੁੰਦੇ, ਮੈਂ ਉਨ੍ਹਾਂ ਨੂੰ ਜੱਦੀ ਕਲਾ ਵਿੱਚ ਸ਼ਾਮਲ ਨਹੀਂ ਕਰਾਂਗੀ। ਬਿਹਤਰ ਹੈ ਕਿ ਪੜ੍ਹਾਈ ਕਰਨ ਅਤੇ ਨੌਕਰੀ ਪ੍ਰਾਪਤ ਕਰਨ।''
ਜਵਾਹਰ ਕਲਾ ਕੇਂਦਰ ਦੀ ਡਾਇਰੈਕਟਰ ਜਨਰਲ ਗਾਇਤਰੀ ਏ. ਰਾਠੌੜ ਕਹਿੰਦੀ ਹਨ, "ਇਹ ਲੋਕ ਕਲਾਕਾਰ - 'ਰਾਜ ਦੀਆਂ ਜੀਵਤ ਕਲਾਵਾਂ ਅਤੇ ਸ਼ਿਲਪਕਾਰੀ' - 2021 [ਮਹਾਂਮਾਰੀ] ਵਿੱਚ ਖਾਸ ਤੌਰ 'ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਉਨ੍ਹਾਂ ਨੂੰ ਮਦਦ ਦੀ ਲੋੜ ਸੀ, ਨਹੀਂ ਤਾਂ ਉਹ ਆਪਣੀ ਕਲਾ ਛੱਡ ਕੇ ਨਰੇਗਾ ਮਜ਼ਦੂਰ ਬਣ ਜਾਂਦੇ।'' ਕੋਵਿਡ-19 ਦੌਰਾਨ ਸਾਰੇ ਪ੍ਰਦਰਸ਼ਨ ਰਾਤੋ-ਰਾਤ ਬੰਦ ਹੋ ਗਏ, ਜਿਸ ਕਾਰਨ ਕਲਾਕਾਰ ਬਾਹਰੀ ਸਹਾਇਤੀ 'ਤੇ ਹੀ ਨਿਰਭਰ ਹੋ ਕੇ ਰਹਿ ਗਏ।
ਪੂਜਾ ਕਾਮਡ ਕਹਿੰਦੀ ਹਨ, "ਮਹਾਂਮਾਰੀ ਵਿੱਚ ਸਾਡੀ ਕਮਾਈ ਘੱਟ ਹੋ ਗਈ। ਇਸ ਕਲਾਕਾਰ ਕਾਰਡ ਤੋਂ ਬਾਅਦ ਸ਼ਾਇਦ ਕੁਝ ਬਿਹਤਰ ਹੋਊਗਾ।'' 26 ਸਾਲਾ ਕਾਮਡ ਜੋਧਪੁਰ ਦੇ ਪਾਲੀ ਜ਼ਿਲ੍ਹੇ ਦੇ ਪਦਰਾਲਾ ਪਿੰਡ ਦੇ ਤੇਰਾਹ ਤਾਲੀ ਕਲਾਕਾਰ ਹਨ।
ਮੁਕੇਸ਼ ਗੋਸਵਾਮੀ ਕਹਿੰਦੇ ਹਨ,"ਮੰਗਨੀਆਰ (ਪੱਛਮੀ ਰਾਜਸਥਾਨ ਵਿੱਚ ਸੰਗੀਤਕਾਰਾਂ ਦਾ ਇੱਕ ਪੁਰਾਣਾ ਭਾਈਚਾਰਾ) ਵਰਗੇ ਲੋਕ-ਸੰਗੀਤ ਵਿੱਚ, ਸਿਰਫ਼ ਇੱਕ ਪ੍ਰਤੀਸ਼ਤ ਕਲਾਕਾਰ ਹੀ ਵਿਦੇਸ਼ਾਂ ਵਿੱਚ ਪ੍ਰਦਰਸ਼ਨ ਕਰਨ ਤੇ ਪੈਸਾ ਕਮਾਉਣ ਦੇ ਯੋਗ ਹੋ ਪਾਉਂਦੇ ਹਨ। ਬਾਕੀ 99 ਪ੍ਰਤੀਸ਼ਤ ਨੂੰ ਕੁਝ ਨਹੀਂ ਮਿਲ਼ਦਾ।'' ਕਾਲਬੇਲੀਆ (ਖਾਨਾਬਦੀ ਸਮੂਹਾਂ ਨੂੰ ਪਹਿਲਾਂ ਸਪੇਰਿਆਂ ਅਤੇ ਨੱਚਣ ਵਾਲ਼ਿਆਂ ਵਜੋਂ ਜਾਣਿਆ ਜਾਂਦਾ ਸੀ) ਵਿੱਚੋਂ ਕੁਝ ਚੁਣੇ ਹੋਏ 50 ਲੋਕਾਂ ਨੂੰ ਕੰਮ ਮਿਲ਼ਦਾ ਹੈ, ਜਦੋਂ ਕਿ ਬਾਕੀਆਂ ਨੂੰ ਨਹੀਂ ਮਿਲ਼ਦਾ।''
'ਇਸ ਮਹਾਂਮਾਰੀ ਵਿੱਚ ਸਾਡੀ ਕਮਾਈ ਖ਼ਤਮ ਹੋ ਗਈ। ਇਸ ਕਲਾਕਾਰ ਕਾਰਡ ਨਾਲ਼, ਕੁਝ ਬਿਹਤਰ ਹੋਣ ਦੀ ਉਮੀਦ ਤਾਂ ਬੱਝਦੀ ਹੀ ਹੈ, ' ਪੂਜਾ ਕਾਮਡ ਕਹਿੰਦੀ ਹਨ, ਜੋ ਪਾਲੀ ਜ਼ਿਲ੍ਹੇ ਦੇ ਪਦਰਲਾ ਪਿੰਡ ਦੀ ਤੇਰਾਹ ਤਾਲੀ ਕਲਾਕਾਰ ਹਨ
ਗੋਸਵਾਮੀ ਮਜ਼ਦੂਰ ਕਿਸਾਨ ਸ਼ਕਤੀ ਸੰਗਠਨ (ਐਮਕੇਐਸਐਸ) ਦੇ ਕਾਰਕੁਨ ਹਨ। ਉਹ ਅੱਗੇ ਕਹਿੰਦੇ ਹਨ, "ਲੋਕ ਕਲਾਕਾਰਾਂ ਨੂੰ ਸਾਰਾ ਸਾਲ ਕਦੇ ਰੁਜ਼ਗਾਰ ਨਹੀਂ ਮਿਲਿਆ... ਜੋ ਰੁਜ਼ਗਾਰ ਤੇ ਸਨਮਾਨ ਦੀ ਭਾਵਨਾ ਲਈ ਜ਼ਰੂਰੀ ਹੈ।'' ਐੱਮਕੇਐੱਸਐੱਸ ਇੱਕ ਜਨ ਸੰਗਠਨ ਹੈ ਜੋ 1990 ਤੋਂ ਮੱਧ ਰਾਜਸਥਾਨ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੇ ਸਸ਼ਕਤੀਕਰਨ ਲਈ ਕੰਮ ਕਰ ਰਿਹਾ ਹੈ।
ਹਾਸ਼ੀਏ 'ਤੇ ਪਏ ਕਲਾਕਾਰਾਂ ਨੂੰ ਸਰਕਾਰ ਤੋਂ ਸਮਾਜਿਕ ਸੁਰੱਖਿਆ, ਬੁਨਿਆਦੀ ਰੋਜ਼ੀ-ਰੋਟੀ ਮਿਲ਼ਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਦੂਜੇ ਸ਼ਹਿਰਾਂ ਵਿੱਚ ਪ੍ਰਵਾਸ ਨਾ ਕਰਨਾ ਪਵੇ। "ਮਜ਼ਦੂਰੀ ਵੀ ਇੱਕ ਕਲਾ ਹੈ," ਗੋਸਵਾਮੀ ਕਹਿੰਦੇ ਹਨ।
ਨਵੀਂ ਯੋਜਨਾ ਦੇ ਤਹਿਤ, ਉਨ੍ਹਾਂ ਨੂੰ ਇੱਕ ਆਈਡੀ (ਪਛਾਣ ਪੱਤਰ) ਮਿਲ਼ਦਾ ਹੈ, ਜੋ ਉਨ੍ਹਾਂ ਦੀ ਪਛਾਣ ਕਲਾਕਾਰਾਂ ਵਜੋਂ ਕਰਦਾ ਹੈ। ਉਹ ਸਰਕਾਰੀ ਸਮਾਗਮਾਂ ਵਿੱਚ ਪ੍ਰਦਰਸ਼ਨ ਕਰਨ ਦੇ ਯੋਗ ਹਨ ਅਤੇ ਸਥਾਨਕ ਸਰਪੰਚ ਦੁਆਰਾ ਵੇਰਵਿਆਂ ਦੀ ਤਸਦੀਕ ਕਰਨ ਤੋਂ ਬਾਅਦ ਕਮਾਏ ਗਏ ਪੈਸੇ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਹੋ ਜਾਂਦੇ ਹਨ।
" ਹਮ ਬਹੁਰੂਪੀ ਰੂਪ ਬਦਲਤੇ ਹੈਂ ," ਅਕਰਮ ਖਾਨ ਬਹੁਰੂਪੀ ਦੀ ਆਪਣੀ ਜੱਦੀ ਪ੍ਰਦਰਸ਼ਨ ਕਲਾ ਬਾਰੇ ਕਹਿੰਦੇ ਹਨ, ਜਿਸ ਵਿੱਚ ਅਭਿਨੇਤਾ ਕਈ ਧਾਰਮਿਕ ਅਤੇ ਮਿਥਿਹਾਸਕ ਭੂਮਿਕਾਵਾਂ ਨਿਭਾਉਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਇਹ ਕਲਾ ਰਾਜਸਥਾਨ ਵਿੱਚ ਸ਼ੁਰੂ ਹੋਈ ਅਤੇ ਫਿਰ ਨੇਪਾਲ ਅਤੇ ਬੰਗਲਾਦੇਸ਼ ਤੱਕ ਗਈ। "ਇਤਿਹਾਸਕ ਤੌਰ 'ਤੇ, ਸਾਡੇ ਸਰਪ੍ਰਸਤ ਸਾਨੂੰ [ਮਜ਼ੇ ਲਈ] ਵੱਖ-ਵੱਖ ਜਾਨਵਰਾਂ ਦੇ ਰੂਪ ਧਾਰਨ ਲਈ ਕਹਿੰਦੇ ਸਨ ਅਤੇ ਇਸ ਦੇ ਬਦਲੇ ਸਾਨੂੰ ਭੋਜਨ, ਜ਼ਮੀਨ ਦਿੰਦੇ, ਸਾਡੀ ਦੇਖਭਾਲ਼ ਕਰਦੇ ਸਨ," ਉਹ ਕਹਿੰਦੇ ਹਨ।
ਖਾਨ ਦਾ ਅਨੁਮਾਨ ਹੈ ਕਿ ਅੱਜ ਇਸ ਕਲਾ ਵਿੱਚ ਉਨ੍ਹਾਂ ਵਰਗੇ ਸਿਰਫ਼ 10,000 ਕਲਾਕਾਰ ਬਚੇ ਹਨ, ਜਿਸ ਵਿੱਚ ਹਿੰਦੂ ਅਤੇ ਮੁਸਲਿਮ ਦੋਵਾਂ ਭਾਈਚਾਰਿਆਂ ਦੇ ਲੋਕ ਹਿੱਸਾ ਲੈਂਦੇ ਹਨ।
ਐੱਮਕੇਐੱਸਐੱਸ ਕਾਰਕੁਨ ਸ਼ਵੇਤਾ ਰਾਓ ਕਹਿੰਦੀ ਹਨ, "ਇਸ (ਯੋਜਨਾ) ਨੂੰ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਸਰਕਾਰ ਬਦਲਣ 'ਤੇ ਵੀ ਕੰਮ ਦੀ ਗਰੰਟੀ ਦਿੱਤੀ ਜਾ ਸਕੇ।" ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਤੀ ਪਰਿਵਾਰ 100 ਦਿਨ ਦੇ ਕੰਮ ਦੀ ਗਰੰਟੀ ਦੀ ਥਾਂ ਪ੍ਰਤੀ ਕਲਾਕਾਰ 100 ਦਿਨ ਦੀ ਗਰੰਟੀ ਹੋਣੀ ਚਾਹੀਦੀ ਹੈ। ''ਹਾਲੇ ਜਿਹੜੇ ਕਲਾਕਾਰ ਨੂੰ ਇਸਦੀ ਲੋੜ ਹੈ, ਜੋ ਦੂਰ-ਦੁਰਾਡੇ ਦੇ ਪਿੰਡ ਵਿੱਚ ਜਜਮਾਨੀ ਪ੍ਰਣਾਲੀ ਤਹਿਤ ਕਿਤੇ ਪ੍ਰਦਰਸ਼ਨ ਕਰ ਰਿਹਾ ਹੈ, ਉਸ ਨੂੰ ਇਸ ਨਾਲ਼ ਜੋੜ ਕੇ ਲਾਭ ਦੇਣਾ ਚਾਹੀਦਾ ਹੈ।''
ਮਈ ਤੋਂ ਅਗਸਤ 2023 ਦੇ ਵਿਚਕਾਰ, ਲਗਭਗ 13,000-14,000 ਕਲਾਕਾਰਾਂ ਨੇ ਨਵੀਂ ਯੋਜਨਾ ਲਈ ਅਰਜ਼ੀ ਦਿੱਤੀ ਸੀ। ਅਗਸਤ ਤੱਕ, 3,000 ਨੂੰ ਮਨਜ਼ੂਰੀ ਮਿਲ਼ ਸਕੀ ਸੀ ਅਤੇ ਤਿਉਹਾਰ ਤੋਂ ਬਾਅਦ, ਬਿਨੈਕਾਰਾਂ ਦੀ ਗਿਣਤੀ 20,000-25,000 ਹੋ ਗਈ।
ਹਰੇਕ ਕਲਾਕਾਰ ਦੇ ਪਰਿਵਾਰ ਨੂੰ ਉਨ੍ਹਾਂ ਦੇ ਸੰਗੀਤ ਯੰਤਰ ਨੂੰ ਖਰੀਦਣ ਲਈ 5,000 ਰੁਪਏ ਦੀ ਇੱਕਮੁਸ਼ਤ ਰਕਮ ਵੀ ਦਿੱਤੀ ਜਾ ਰਹੀ ਹੈ। ਰਾਠੌਰ ਕਹਿੰਦੇ ਹਨ, "ਸਾਨੂੰ ਹੁਣ ਸਮਾਗਮਾਂ ਦਾ ਕੈਲੰਡਰ ਬਣਾਉਣਾ ਪਵੇਗਾ ਕਿਉਂਕਿ ਕਲਾਕਾਰਾਂ ਦੀ ਆਪਣੇ ਜ਼ਿਲ੍ਹਿਆਂ ਵਿੱਚ ਕਲਾ ਅਤੇ ਸੱਭਿਆਚਾਰ ਦੀ ਮੌਜੂਦਗੀ ਨਹੀਂ ਹੈ ਅਤੇ ਉਹ ਆਪਣੇ ਕਲਾ ਰੂਪਾਂ ਅਤੇ ਸਥਾਨਕ ਭਾਸ਼ਾ ਦੀ ਵਰਤੋਂ ਕਰਕੇ ਸਰਕਾਰੀ ਸੰਦੇਸ਼ ਫੈਲਾਉਣ ਦੇ ਯੋਗ ਹੋ ਸਕਣਗੇ।''
ਲੋਕ ਕਲਾਵਾਂ ਦੇ ਪ੍ਰਦਰਸ਼ਨ ਲਈ ਇੱਕ ਸੰਸਥਾ ਦੀ ਵੀ ਮੰਗ ਕੀਤੀ ਜਾ ਰਹੀ ਹੈ ਜਿੱਥੇ ਸੀਨੀਅਰ ਕਲਾਕਾਰ ਭਾਈਚਾਰੇ ਦੇ ਅੰਦਰ ਅਤੇ ਬਾਹਰ ਆਪਣੇ ਗਿਆਨ ਨੂੰ ਸਾਂਝਾ ਕਰ ਸਕਣ। ਇਸ ਨਾਲ਼ ਕਲਾਕਾਰਾਂ ਦੇ ਕੰਮ ਨੂੰ ਬਚਾਉਣ ਅਤੇ ਸੰਗ੍ਰਹਿ ਤਿਆਰ ਕਰਨ ਵਿੱਚ ਮਦਦ ਮਿਲ਼ੇਗੀ ਅਤੇ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਕਿਤੇ ਉਨ੍ਹਾਂ ਦਾ ਗਿਆਨ ਗੁੰਮ ਨਾ ਜਾਵੇ।
ਤਰਜਮਾ: ਕਮਲਜੀਤ ਕੌਰ