ਅਮੀਰ ਜਾਂ ਗ਼ਰੀਬ, ਵੱਡਾ ਜਾਂ ਛੋਟਾ, ਹਰ ਕਿਸੇ ਲਈ ਇਹ ਇਲਾਹੀ ਹੁਕਮ ਵਾਂਗ ਹੀ ਸੀ ਕਿ ਉਹ ਆਪਣੇ ਜੋੜੇ ਉਤਾਰ ਕੇ ਰਾਜੇ ਦੇ ਪੈਰੀਂ ਪਵੇ। ਪਰ ਇੱਕ ਕਮਜ਼ੋਰ ਜਿਹੇ ਨੌਜਵਾਨ ਨੂੰ ਝੁਕਣਾ ਮਨਜ਼ੂਰ ਨਹੀਂ ਸੀ। ਉਹ ਸਿੱਧਾ ਖੜ੍ਹਾ ਰਾਜੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ ਲੱਗਾ। ਰੋਸ ਉਸ ਰਾਜੇ ਖਿਲਾਫ਼ ਸੀ, ਜੋ ਕਿਸੇ ਵੀ ਸਿਆਸੀ ਵਿਰੋਧ ਨੂੰ ਬੇਰਹਿਮੀ ਨਾਲ਼ ਕੁਚਲਣ ਲਈ ਜਾਣਿਆ ਜਾਂਦਾ ਸੀ। ਇਹ ਸਭ ਦੇਖ ਕੇ ਪੰਜਾਬ ਦੇ ਜੋਗਾ ਪਿੰਡ ਦੇ ਬਜ਼ੁਰਗ ਸਹਿਮ ਗਏ ਅਤੇ ਵਹਿਸ਼ੀ ਰਾਜਾ ਗੁੱਸੇ ਨਾਲ਼ ਲਾਲ-ਪੀਲ਼ਾ ਹੋ ਗਿਆ।
ਇਹ ਨੌਜਵਾਨ ਜਗੀਰ ਸਿੰਘ ਜੋਗਾ ਸੀ। ਉਸਨੇ ਇਹ ਸਾਹਸ, ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੀ ਸਿਪਾਹੀ ਕੁਲਵਿੰਦਰ ਕੌਰ ਵੱਲੋਂ ਬਾਲੀਵੁੱਡ ਹਸਤੀ ਤੇ ਮੰਡੀ ਸੰਸਦੀ ਹਲਕੇ ਤੋਂ ਹਾਲ ਹੀ ’ਚ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਦੇ ਥੱਪੜ ਮਾਰਨ ਤੋਂ, ਨੌ ਦਹਾਕੇ ਪਹਿਲਾਂ ਦਿਖਾਇਆ ਸੀ। ਜੋਗਾ ਪਟਿਆਲਾ ਰਿਆਸਤ ਦੇ ਮਹਾਰਾਜੇ ਭੁਪਿੰਦਰ ਸਿੰਘ ਦਾ ਵਿਰੋਧ ਕਰ ਰਿਹਾ ਸੀ ਜਿਸ ਦੇ ਕੌਲੀ-ਚੱਟ ਜਗੀਰਦਾਰਾਂ ਨੇ ਗ਼ਰੀਬ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ਕੀਤੀ ਸੀ। ਇਹ ਉੱਨੀ ਸੌ ਤੀਹਵੀਆਂ ਦੀ ਗੱਲ ਹੈ। ਉਸ ਘਟਨਾ ਤੋਂ ਬਾਅਦ ਜੋ ਵਾਪਰਿਆ, ਉਹ ਅੱਜ ਵੀ ਇਤਿਹਾਸ ਤੇ ਦੰਦ ਕਥਾਵਾਂ ਦਾ ਹਿੱਸਾ ਹੈ। ਪਰ, ਲੋਕਾਂ ਨੇ ਜੰਗੀਰ ਸਿੰਘ ਜੋਗਾ ਨੂੰ ਅਜੇ ਹੋਰ ਇਤਿਹਾਸ ਸਿਰਜਦਿਆਂ ਦੇਖਣਾ ਸੀ।
ਉਸ ਘਟਨਾ ਤੋਂ ਕਰੀਬ ਇੱਕ ਦਹਾਕਾ ਬਾਅਦ ਜੋਗਾ ਅਤੇ ਲਾਲ ਪਾਰਟੀ ਦੇ ਉਸ ਦੇ ਸਾਥੀਆਂ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਤੇ ਉਸ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਇਕ ਇਤਿਹਾਸਕ ਸੰਘਰਸ਼ ਦੀ ਅਗਵਾਈ ਕੀਤੀ ਅਤੇ ਉਸੇ ਜ਼ਾਲਮ ਰਾਜੇ ਭੁਪਿੰਦਰ ਸਿੰਘ ਦੇ ਪੁੱਤਰ ਕੋਲੋਂ 784 ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਖੋਹ ਕੇ ਬੇਜ਼ਮੀਨੇ ਕਿਸਾਨਾਂ ਨੂੰ ਵੰਡ ਦਿੱਤੀ। ਪਟਿਆਲਾ ਦਾ ਭੁਪਿੰਦਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਾਦਾ ਸੀ।
ਬੇਜ਼ਮੀਨਿਆਂ ਅਤੇ ਕਈ ਹੋਰ ਸੰਘਰਸ਼ਾਂ ਦੀ ਅਗਵਾਈ ਕਰਦਿਆਂ ਜਗੀਰ ਜੋਗਾ ਨੂੰ ਸਮੇਂ-ਸਮੇਂ ਜੇਲ੍ਹ ਭੇਜਿਆ ਗਿਆ। ਜਦੋਂ 1954 ਵਿੱਚ ਉਹ ਜੇਲ੍ਹ ਵਿੱਚ ਹੀ ਸਨ ਤਾਂ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਪੰਜਾਬ ਵਿਧਾਨ ਸਭਾ ਭੇਜ ਦਿੱਤਾ। ਫਿਰ ਉਹ ਲਗਾਤਾਰ 1962 , 1967 ਤੇ 1972 ਵਿੱਚ ਵੀ ਚੁਣੇ ਜਾਂਦੇ ਰਹੇ।












