ਹਰ ਸਵੇਰ, ਆਕਿਫ ਐੱਸ.ਕੇ. ਹੇਸਟਿੰਗਜ਼ ਬ੍ਰਿਜ ਨੇੜੇ ਆਪਣੀ ਅਸਥਾਈ ਝੁਪਰੀ (ਝੌਂਪੜੀ) ਛੱਡ ਕੇ ਕੋਲਕਾਤਾ ਦੇ ਪ੍ਰਸਿੱਧ ਸੈਲਾਨੀ ਆਕਰਸ਼ਣ ਕੇਂਦਰ, ਵਿਕਟੋਰੀਆ ਮੈਮੋਰੀਅਲ ਪਹੁੰਚਦੇ ਹਨ। ਰਸਤੇ ਵਿੱਚੋਂ, ਉਹ ਰਾਣੀ ਅਤੇ ਬਿਜਲੀ ਨੂੰ ਆਪਣੇ ਨਾਲ਼ ਲੈ ਜਾਂਦੇ ਹਨ।
ਉਨ੍ਹਾਂ ਵੱਲੋਂ ਨਾਮਕਰਣ ਕੀਤੇ ਇਹ ਚਿੱਟੇ ਘੋੜੇ ਇਸ ਅਸਥਾਈ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ। "ਅਮੀ ਗਾਰੀ ਚਲਾਈ [ਮੈਂ ਗੱਡੀ ਚਲਾਉਂਦਾ ਹਾਂ]," ਆਕਿਫ ਕਹਿੰਦੇ ਹਨ। ਉਹ ਆਪਣੇ ਘੋੜਿਆਂ ਨੂੰ ਹੇਸਟਿੰਗਜ਼ ਨੇੜੇ ਇੱਕ ਤਬੇਲੇ ਵਿੱਚ ਛੱਡ ਦਿੰਦੇ ਹਨ। ਸਵੇਰੇ 10 ਵਜੇ ਦੇ ਕਰੀਬ, ਜਦੋਂ ਉਹ ਕੰਮ 'ਤੇ ਜਾਂਦੇ ਹਨ, ਤਾਂ ਉਹ ਉਨ੍ਹਾਂ ਨੂੰ ਲੈ ਜਾਂਦੇ ਹਨ। ਉਹ ਮਹਾਰਾਣੀ ਵਿਕਟੋਰੀਆ ਦੇ ਨੇੜੇ ਗੱਡੀ ਚਲਾਉਂਦੇ ਹਨ- ਜੋ ਕਿ ਸੰਗਮਰਮਰ ਦੀ ਇਮਾਰਤ ਦਾ ਸਥਾਨਕ ਨਾਮ ਹੈ ਅਤੇ ਮੱਧ ਕੋਲਕਾਤਾ ਦਾ ਇੱਕ ਖੁੱਲ੍ਹਾ ਮੈਦਾਨ ਹੈ। 1921 ਵਿੱਚ, ਬ੍ਰਿਟਿਸ਼ ਸ਼ਾਹੀ ਪਰਿਵਾਰ ਨੇ ਮਹਾਰਾਣੀ ਵਿਕਟੋਰੀਆ ਦੀ ਇਸ ਯਾਦਗਾਰ ਨੂੰ ਜਨਤਾ ਲਈ ਖੋਲ੍ਹ ਦਿੱਤਾ।
ਆਕਿਫ ਦੀ ਘੋੜਾ-ਗੱਡੀ, ਜੋ ਉਹ ਹਰ ਰੋਜ਼ ਕਿਰਾਏ 'ਤੇ ਲੈਂਦੇ ਹਨ, ਵਿਕਟੋਰੀਆ ਮੈਮੋਰੀਅਲ ਦੇ ਨਾਲ਼ ਕੁਈਨਜ਼ ਵੇਅ ਨਾਂ ਦੀ ਸੜਕ 'ਤੇ ਖੜ੍ਹੀ ਹੈ। ਉੱਥੇ ਖੜ੍ਹੀਆਂ 10 ਗੱਡੀਆਂ ਵਿੱਚੋਂ ਉਨ੍ਹਾਂ ਨੇ ਆਪਣੀ ਗੱਡੀ ਵੱਲ ਇਸ਼ਾਰਾ ਕੀਤਾ, "ਮੇਰੀ ਗੱਡੀ ਸੁਨਹਿਰੀ ਵਾਲ਼ੀ ਹੈ।'' ਇੱਥੇ ਜ਼ਿਆਦਾਤਰ ਗੱਡੀਆਂ ਦਾ ਰੰਗ ਇੱਕੋ ਜਿਹਾ ਹੁੰਦਾ ਹੈ। ਉਨ੍ਹਾਂ ਦੀ ਗੱਡੀ 'ਤੇ ਫੁੱਲਾਂ ਦੇ ਪੈਟਰਨ ਅਤੇ ਪੰਛੀ ਵਰਗੇ ਚਿੱਤਰ ਵੀ ਬਣੇ ਹਨ। ਇਸ ਗੱਡੀ ਦੀ ਵਿਸ਼ੇਸ਼ਤਾ ਇਹ ਹੈ ਕਿ ਪਹਿਲੀ ਨਜ਼ਰੇ ਉਹ ਸ਼ਾਹੀ-ਰੱਥ ਵਾਂਗ ਜਾਪਦੀ ਹੈ। ਉਹ ਦਿਨ ਦੇ ਦੋ ਘੰਟੇ ਇਸ ਗੱਡੀ ਦੀ ਸਫਾਈ ਅਤੇ ਪਾਲਿਸ਼ ਕਰਨ ਵਿੱਚ ਬਿਤਾਉਂਦੇ ਹਨ ਤਾਂ ਜੋ ਬ੍ਰਿਟਿਸ਼ ਰਾਜ ਯੁੱਗ ਦੀ ਦਿੱਖ ਤਾਜ਼ਾ ਕੀਤੀ ਜਾ ਸਕੇ।
ਜਦੋਂ ਤੱਕ ਅਸੀਂ ਉੱਥੇ ਪਹੁੰਚੇ, ਲੋਕ ਪਹਿਲਾਂ ਹੀ ਸੜਕ ਦੇ ਕਿਨਾਰੇ ਅਤੇ ਵਿਕਟੋਰੀਆ ਮੈਮੋਰੀਅਲ ਦੇ ਗੇਟਾਂ 'ਤੇ ਇਕੱਠੇ ਹੋ ਚੁੱਕੇ ਸਨ। "ਪਹਿਲੇ ਸਮਿਆਂ ਵਿੱਚ, ਰਾਜੇ ਇੱਥੇ ਰਹਿੰਦੇ ਸਨ। ਉਹ ਇਨ੍ਹਾਂ ਘੋੜਾ-ਗੱਡੀਆਂ ਵਿੱਚ ਸਵਾਰ ਹੁੰਦੇ। ਇੱਥੇ ਆਉਣ ਵਾਲ਼ੇ ਲੋਕ ਉਨ੍ਹਾਂ ਦਿਨਾਂ ਦਾ ਅਨੁਭਵ ਕਰਨਾ ਚਾਹੁੰਦੇ ਹਨ," ਆਕਿਫ ਕਹਿੰਦੇ ਹਨ, ਜਿਨ੍ਹਾਂ ਨੇ 2017 ਵਿੱਚ ਗੱਡੀ ਚਲਾਉਣੀ ਸ਼ੁਰੂ ਕੀਤੀ ਸੀ। "ਜਦੋਂ ਤੱਕ ਵਿਕਟੋਰੀਆ [ਯਾਦਗਾਰ] ਹੈ, ਘੋੜਾ-ਗੱਡੀਆਂ ਵੀ ਇੱਥੇ ਰਹਿਣਗੀਆਂ," ਉਹ ਕਹਿੰਦੇ ਹਨ। ਇਹ ਕਹਿਣ ਦੀ ਲੋੜ ਨਹੀਂ ਹੈ ਕਿ ਇਨ੍ਹਾਂ ਘੋੜਾ-ਗੱਡੀਆਂ ਦੇ ਨਾਲ਼ ਉਹ ਲੋਕ ਵੀ ਹੋਣਗੇ ਜੋ ਉਨ੍ਹਾਂ ਨੂੰ ਚਲਾਉਂਦੇ ਹਨ। ਇਸ ਸਮੇਂ ਇਸ ਖੇਤਰ ਵਿੱਚ ਲਗਭਗ 50 ਘੋੜਾ-ਗੱਡੀਆਂ ਚੱਲ ਰਹੀਆਂ ਹਨ।
ਜਿਓਂ ਹੀ ਸਰਦੀਆਂ ਆਉਂਦੀਆਂ ਹਨ, ਕੋਲਕਾਤਾ ਦੇ ਲੋਕ ਦਿਨ ਦੀ ਰੌਸ਼ਨੀ ਵਿੱਚ ਨਿੱਘ ਮਾਣਨ ਲਈ ਸੈਰ ਕਰਨ ਲਈ ਬਾਹਰ ਜਾਣਾ ਸ਼ੁਰੂ ਕਰ ਦਿੰਦੇ ਹਨ। ਆਕਿਫ ਇਨ੍ਹੀਂ ਦਿਨੀਂ ਬਹੁਤ ਸਰਗਰਮ ਰਹਿੰਦੇ ਹਨ, ਖ਼ਾਸਕਰ ਸ਼ਾਮ ਨੂੰ। ਅਜਿਹਾ ਮੌਸਮ ਇੱਥੇ ਨਵੰਬਰ ਤੋਂ ਫਰਵਰੀ ਤੱਕ ਰਹਿੰਦਾ ਹੈ। ਬਾਅਦ ਦੇ ਮਹੀਨਿਆਂ ਵਿੱਚ ਇੱਥੇ ਬਹੁਤ ਗਰਮੀ ਪੈਂਦੀ ਹੈ। ਉਹ ਦੱਸਦੇ ਹਨ ਕਿ ਉਸ ਸਮੇਂ, ਕਾਫ਼ੀ ਘੱਟ ਲੋਕ ਹੀ ਘੋੜਾ-ਗੱਡੀ 'ਤੇ ਸਵਾਰੀ ਕਰਨ ਬਾਹਰ ਆਉਂਦੇ ਹਨ।
ਅਸੀਂ ਯਾਦਗਾਰ ਦੇ ਸਾਹਮਣੇ ਫੁਟਪਾਥ ਦੇ ਨਾਲ਼ ਕਤਾਰਬੱਧ ਚਾਹ ਅਤੇ ਸਨੈਕਸ ਦੀਆਂ ਬਹੁਤ ਸਾਰੀਆਂ ਦੁਕਾਨਾਂ ਦੇ ਸਾਹਮਣੇ ਬੈਠ ਗਏ। ਇਨ੍ਹਾਂ ਦਾ ਹੋਣਾ ਸੈਲਾਨੀਆਂ ਲਈ ਚੰਗੀ ਗੱਲ ਹੈ।
ਰਾਣੀ ਅਤੇ ਬਿਜਲੀ ਸਾਡੇ ਤੋਂ ਕੁਝ ਦੂਰੀ 'ਤੇ ਖੜ੍ਹੇ ਹਨ ਅਤੇ ਸਿਰ ਹਿਲਾ ਕੇ ਆਪਣਾ ਨਾਸ਼ਤਾ ਗੋਮ-ਇਰਭੂਸ਼ੀ (ਕਣਕ ਦਾ ਚੋਕਰ), ਬਿਚਾਲੀ, ਦਾਨਾ ਅਤੇ ਘਾਸ਼ (ਘਾਹ) ਖਾ ਰਹੇ ਸਨ। ਜਿਓਂ ਹੀ ਉਹ ਆਪਣਾ ਢਿੱਡ ਭਰ ਲੈਂਦੇ ਹਨ, ਆਪਣੇ ਮਾਲਕ ਦੇ ਆਧੁਨਿਕ ਰੱਥ ਨੂੰ ਖਿੱਚਣ ਲਈ ਨਿਕਲ਼ ਜਾਂਦੇ ਹਨ। ਇਨ੍ਹਾਂ ਗੱਡੀਆਂ ਦੇ ਡਰਾਈਵਰਾਂ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਉਹ ਆਪਣੀਆਂ ਗੱਡੀਆਂ ਨੂੰ ਸਾਫ਼ ਰੱਖਣ ਅਤੇ ਘੋੜਿਆਂ ਨੂੰ ਖੁਆਉਣ। ਇਨ੍ਹਾਂ ਤੋਂ ਹੀ ਉਹ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। "ਇੱਕ ਘੋੜੇ ਦੀ ਦੇਖਭਾਲ਼ ਕਰਨ ਲਈ ਇੱਕ ਦਿਨ ਵਿੱਚ 500 ਰੁਪਏ ਖ਼ਰਚਾ ਆਉਂਦਾ ਹੈ," ਆਕਿਫ ਕਹਿੰਦੇ ਹਨ। ਉਹਨਾਂ ਨੂੰ ਖੁਆਏ ਜਾਣ ਵਾਲ਼ੇ ਅਨਾਜ ਤੇ ਘਾਹ ਤੋਂ ਇਲਾਵਾ ਬਿਚਾਲੀ (ਫੱਕ) ਵੀ ਖੁਆਈ ਜਾਂਦੀ ਹੈ। ਫੱਕ ਉਹ ਕਿੱਡਰਪੋਰ ਨੇੜਿਓਂ ਵਾਟਗੂੰਗੇ ਦੀ ਦੁਕਾਨ ਤੋਂ ਖਰੀਦਦੇ ਹਨ।
ਉਨ੍ਹਾਂ ਦਾ ਖਾਣਾ ਦੁਪਹਿਰ ਨੂੰ ਆਉਂਦਾ ਹੈ ਉਨ੍ਹਾਂ ਦੀ ਵੱਡੀ ਭੈਣ ਨੇ ਇਹ ਟਿਫ਼ਨ ਭੇਜਿਆ ਹੈ।
ਜਦੋਂ ਅਸੀਂ ਸਵੇਰੇ ਆਕਿਫ ਨੂੰ ਮਿਲ਼ਣ ਗਏ, ਉਦੋਂ ਤੱਕ ਭੀੜ ਸ਼ੁਰੂ ਨਹੀਂ ਹੋਈ ਸੀ। ਸਮੇਂ-ਸਮੇਂ 'ਤੇ ਸੈਲਾਨੀਆਂ ਦਾ ਇੱਕ ਸਮੂਹ ਗੱਡੀਆਂ ਦੀ ਸਵਾਰੀ ਵਾਸਤੇ ਆਉਂਦਾ ਹੈ, ਉਸ ਸਮੇਂ ਗੱਡੀਆਂ ਦੇ ਸਾਰੇ ਡਰਾਈਵਰ ਸਭ ਤੋਂ ਪਹਿਲਾਂ ਪੈਸੇ ਵੱਟਣ ਲਈ ਉਨ੍ਹਾਂ ਨੂੰ ਘੇਰਾ ਪਾ ਲੈਂਦੇ ਹਨ।
"ਇੱਕ ਚੰਗੇ ਦਿਨ ਮੈਨੂੰ ਤਿੰਨ ਤੋਂ ਚਾਰ ਗੇੜੇ ਮਿਲ਼ ਜਾਂਦੇ ਹਨ," ਆਕਿਫ ਕਹਿੰਦੇ ਹਨ, ਜੋ ਰਾਤੀਂ 9 ਵਜੇ ਤੱਕ ਕੰਮ ਕਰਦੇ ਹਨ। ਹਰੇਕ ਗੇੜਾ 10 ਤੋਂ 15 ਮਿੰਟ ਚੱਲਦਾ ਹੈ। ਵਿਕਟੋਰੀਆ ਮੈਮੋਰੀਅਲ ਗੇਟ ਤੋਂ ਸ਼ੁਰੂ ਹੋ ਕੇ, ਸਵਾਰੀ ਰੇਸ ਕੋਰਸ ਨੂੰ ਪਾਰ ਕਰਦੀ ਹੈ ਅਤੇ ਪੋਰਟ ਵਿਲੀਅਮ ਦੇ ਦੱਖਣੀ ਗੇਟ ਤੋਂ ਮੋੜ ਲੈਂਦੀ ਹੈ। ਇੱਥੇ ਡਰਾਈਵਰ ਹਰੇਕ ਗੇੜੇ ਲਈ 500 ਰੁਪਏ ਲੈਂਦੇ ਹਨ।
"ਹਰ 100 [ਰੁਪਏ] ਵਿੱਚੋਂ ਮੈਨੂੰ 25 ਰੁਪਏ ਮਿਲ਼ਦੇ ਹਨ," ਆਕਿਫ ਕਹਿੰਦੇ ਹਨ। ਬਾਕੀ ਪੈਸਾ ਮਾਲਕ ਦਾ ਹੈ। ਚੰਗੇ ਦਿਨੀਂ ਗੱਡੀ ਦੇ ਗੇੜਿਆਂ ਤੋਂ ਲਗਭਗ 2,000-3,000 ਰੁਪਏ ਵੀ ਕਮਾਈ ਹੋ ਜਾਂਦੀ ਹੈ।
ਪਰ ਕਮਾਈ ਦੇ ਹੋਰ ਵੀ ਤਰੀਕੇ ਹਨ। ਜਦੋਂ "ਵਿਆਹਾਂ ਲਈ ਗੱਡੀ ਕਿਰਾਏ 'ਤੇ ਦਿੱਤੀ ਜਾਂਦੀ ਹੈ," ਉਹ ਕਹਿੰਦੇ ਹਨ, ਤਾਂ ਕਾਫ਼ੀ ਮਦਦਗਾਰ ਰਹਿੰਦੀ ਹੈ। ਲਾੜੇ ਨੂੰ ਲਿਜਾਣ ਲਈ ਇੱਕ ਗੱਡੀ ਕਿਰਾਏ 'ਤੇ ਲਈ ਜਾਂਦੀ ਹੈ। ਦੂਰੀ ਦੇ ਅਧਾਰ 'ਤੇ ਕਿਰਾਇਆ ਵਸੂਲਿਆ ਜਾਂਦਾ ਹੈ। ਸ਼ਹਿਰ ਦੇ ਅੰਦਰ, ਕਿਰਾਇਆ 5,000-6,000 ਰੁਪਏ ਦੇ ਵਿਚਕਾਰ ਰਹਿੰਦਾ ਹੈ।
"ਸਾਡਾ ਕੰਮ ਲਾੜੇ ਨੂੰ ਵਿਆਹ ਵਾਲ਼ੀ ਥਾਂ 'ਤੇ ਲਿਆਉਣਾ ਹੈ। ਇੱਕ ਵਾਰ ਜਦੋਂ ਉਹ ਆਪਣੀ ਥਾਵੇਂ ਪਹੁੰਚ ਜਾਵੇ, ਅਸੀਂ ਉੱਥੋਂ ਵਾਪਸ ਆ ਜਾਂਦੇ ਹਾਂ," ਆਕਿਫ ਦੱਸਦੇ ਹਨ। ਕੰਮ ਵਾਸਤੇ ਕਈ ਵਾਰੀਂ ਉਨ੍ਹਾਂ ਨੂੰ ਸ਼ਹਿਰੋਂ ਬਾਹਰ ਵੀ ਜਾਣਾ ਪੈਂਦਾ ਹੈ ਤੇ ਇਸੇ ਤਰ੍ਹਾਂ ਆਕਿਫ ਆਪਣੀ ਗੱਡੀ ਲੈ ਕੇ ਮੇਦਿਨੀਪੁਰ ਅਤੇ ਖੜਗਪੁਰ ਜਾਂਦੇ ਰਹੇ ਹਨ। "ਮੈਂ ਲਗਾਤਾਰ ਦੋ-ਤਿੰਨ ਘੰਟੇ ਹਾਈਵੇਅ 'ਤੇ ਗੱਡੀ ਚਲਾਈ ਹੈ ਤੇ ਲੋੜ ਪੈਣ 'ਤੇ ਅਰਾਮ ਵੀ ਕੀਤਾ," ਉਹ ਕਹਿੰਦੇ ਹਨ, ਅਤੇ ਰਾਤ ਨੂੰ ਉਹ ਹਾਈਵੇਅ ਕਿਨਾਰੇ ਗੱਡੀ ਖੜ੍ਹੀ ਕਰਦੇ ਅਤੇ ਘੋੜਿਆਂ ਨੂੰ ਗੱਡੀ ਤੋਂ ਵੱਖ ਕਰ ਦਿੰਦੇ। ਫਿਰ ਉਹ ਖ਼ੁਦ ਬੱਗੀ ਵਿੱਚ ਹੀ ਸੌਂ ਜਾਂਦੇ।
"ਕਈ ਵਾਰ ਫਿਲਮਾਂ ਦੀ ਸ਼ੂਟਿੰਗ ਲਈ ਵੀ ਗੱਡੀਆਂ ਕਿਰਾਏ 'ਤੇ ਲਈਆਂ ਜਾਂਦੀਆਂ ਹਨ," ਆਕਿਫ ਕਹਿੰਦੇ ਹਨ। ਕੁਝ ਸਾਲ ਪਹਿਲਾਂ, ਉਨ੍ਹਾਂ ਨੇ ਇੱਕ ਬੰਗਾਲੀ ਟੀਵੀ ਸੀਰੀਅਲ ਦੀ ਸ਼ੂਟਿੰਗ ਲਈ ਬੋਲਪੁਰ ਸ਼ਹਿਰ ਵਿੱਚ ਲਗਭਗ 160 ਕਿਲੋਮੀਟਰ ਦੀ ਯਾਤਰਾ ਕੀਤੀ। ਪਰ ਵਿਆਹ ਅਤੇ ਸ਼ੂਟਿੰਗ ਉਨ੍ਹਾਂ ਦੀ ਆਮਦਨੀ ਦਾ ਨਿਯਮਤ ਸਰੋਤ ਨਹੀਂ ਹਨ ਅਤੇ ਜਦੋਂ ਇੱਥੇ ਬਹੁਤ ਘੱਟ ਕੰਮ ਹੁੰਦਾ ਹੈ, ਤਾਂ ਉਨ੍ਹਾਂ ਨੂੰ ਕਮਾਈ ਦੇ ਹੋਰ ਤਰੀਕੇ ਲੱਭਣੇ ਪੈਂਦੇ ਹਨ।
ਆਕਿਫ ਅਕਤੂਬਰ 2023 ਤੋਂ ਇਨ੍ਹਾਂ ਦੋਵਾਂ ਘੋੜਿਆਂ ਨਾਲ਼ ਕੰਮ ਕਰਦੇ ਆਏ ਹਨ। "ਜਦੋਂ ਮੈਂ ਇਹ ਕੰਮ ਕਰਨਾ ਸ਼ੁਰੂ ਕੀਤਾ, ਤਾਂ ਸ਼ੁਰੂ-ਸ਼ੁਰੂ ਵਿੱਚ ਮੈਂ ਆਪਣੀ [ਵਿਆਹੀ] ਭੈਣ ਦੇ ਪਰਿਵਾਰ ਦੇ ਘੋੜਿਆਂ ਨਾਲ਼ ਪਾਰਟ-ਟਾਈਮ ਕੰਮ ਕੀਤਾ," 22 ਸਾਲਾ ਆਕਿਫ਼ ਕਹਿੰਦੇ ਹਨ। ਕੁਝ ਸਮੇਂ ਤੱਕ, ਆਕਿਫ ਨੇ ਕਿਸੇ ਹੋਰ ਦੇ ਅਧੀਨ ਕੰਮ ਕੀਤਾ ਅਤੇ ਹੁਣ, ਉਹ ਆਪਣੀ ਭੈਣ ਦੇ ਪਰਿਵਾਰ ਦੀ ਮਾਲਕੀ ਵਾਲ਼ੀ ਗੱਡੀ ਨਾਲ਼ ਕੰਮ ਕਰ ਰਿਹਾ ਹੈ।
ਆਕਿਫ ਸਮੇਤ ਇੱਥੇ ਬਹੁਤ ਸਾਰੇ ਕਾਮਿਆਂ ਲਈ, ਘੋੜਾ-ਗੱਡੀਆਂ ਨੂੰ ਚਲਾਉਣਾ ਜਾਂ ਘੋੜਿਆਂ ਦੀ ਦੇਖਭਾਲ਼ ਕਰਨਾ ਕੋਈ ਪੂਰੇ ਸਮੇਂ ਦਾ ਕੰਮ ਨਹੀਂ ਹੈ।
"ਮੈਂ ਘਰਾਂ ਨੂੰ ਰੰਗਣਾ ਸਿੱਖ ਲਿਆ ਹੈ। ਮੈਂ ਬੁਰਾਬਾਜ਼ਾਰ ਵਿੱਚ ਇੱਕ ਦੋਸਤ ਦੀ ਕੱਪੜੇ ਦੀ ਦੁਕਾਨ 'ਤੇ ਵੀ ਕੰਮ ਕਰਦਾ ਹਾਂ," ਆਕਿਫ ਕਹਿੰਦੇ ਹਨ, "ਮੇਰੇ ਪਿਤਾ ਇੱਕ ਰੋਂਗ-ਮਿਸਤਰੀ (ਘਰਾਂ ਅਤੇ ਇਮਾਰਤਾਂ ਨੂੰ ਰੰਗਣ ਵਾਲ਼ਾ ਰਾਜ ਮਿਸਤਰੀ) ਸਨ। ਉਹ ਮੇਰੇ ਜਨਮ ਤੋਂ ਪਹਿਲਾਂ 1998 ਵਿੱਚ ਕੋਲਕਾਤਾ ਆਏ ਸਨ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਬਾਰਾਸਤ ਵਿੱਚ ਰਹਿੰਦੇ ਸਨ, ਜਿੱਥੇ ਉਹ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ। ਬਾਅਦ ਵਿੱਚ, ਆਕਿਫ ਦੇ ਮਾਪੇ ਚੰਗੀ ਆਮਦਨੀ ਕਮਾਉਣ ਲਈ ਕੋਲਕਾਤਾ ਚਲੇ ਗਏ, ਜਿੱਥੇ ਉਨ੍ਹਾਂ ਦੀ ਮਾਸੀ ਰਹਿੰਦੀ ਸੀ। "ਮੇਰੀ ਮਾਸੀ ਨੇ ਮੇਰੀ ਦੇਖਭਾਲ਼ ਕੀਤੀ ਕਿਉਂਕਿ ਉਸਦਾ ਕੋਈ ਪੁੱਤਰ ਨਹੀਂ ਸੀ," ਆਕਿਫ ਕਹਿੰਦੇ ਹਨ। ਫਿਲਹਾਲ ਉਨ੍ਹਾਂ ਦੇ ਪਿਤਾ ਅਲਾਉਦੀਨ ਸ਼ੇਖ ਅਤੇ ਮਾਂ ਸਈਦਾ ਉੱਤਰੀ 24 ਪਰਗਨਾ ਦੇ ਬਾਰਾਸਤ ਸਥਿਤ ਆਪਣੇ ਜੱਦੀ ਘਰ ਪਰਤ ਆਏ ਹਨ, ਜਿੱਥੇ ਅਲਾਉਦੀਨ ਕਾਸਮੈਟਿਕਸ ਵੇਚਣ ਦੀ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ।
ਆਕਿਫ ਹੁਣ ਇਕੱਲੇ ਰਹਿੰਦੇ ਹਨ; ਉਨ੍ਹਾਂ ਦਾ ਛੋਟਾ ਭਰਾ ਆਪਣੀਆਂ ਭੈਣਾਂ ਨਾਲ਼ ਰਹਿੰਦਾ ਹੈ ਅਤੇ ਕਦੇ-ਕਦਾਈਂ ਉਨ੍ਹਾਂ ਦੇ ਸਹੁਰਿਆਂ ਦੀ ਮਲਕੀਅਤ ਵਾਲ਼ੀਆਂ ਗੱਡੀਆਂ ਚਲਾਉਂਦੇ ਹਨ।
ਇਹ ਸਿਰਫ਼ ਕੰਮ ਦੀ ਘਾਟ ਨਹੀਂ ਹੈ ਜੋ ਇਨ੍ਹਾਂ ਕਾਮਿਆਂ ਨੂੰ ਪਰੇਸ਼ਾਨ ਕਰ ਰਹੀ ਹੈ। ਇਸ ਤੋਂ ਇਲਾਵਾ, ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਵੀ ਖਰਚਾ-ਪਾਣੀ ਦਿੱਤਾ ਜਾਂਦਾ ਹੈ। "ਮੈਨੂੰ ਦਿਹਾੜੀ ਦੇ 50 ਰੁਪਏ ਦੇਣੇ ਪੈਂਦੇ ਹਨ," ਆਕਿਫ ਕਹਿੰਦੇ ਹਨ। ਜਦੋਂ ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਪੀਪਲ ਫਾਰ ਦਿ ਐਥਿਕਲ ਟ੍ਰੀਟਮੈਂਟ ਆਫ ਐਨੀਮਲਜ਼ ਦੁਆਰਾ ਘੋੜਾ-ਗੱਡੀਆਂ 'ਤੇ ਪਾਬੰਦੀ ਲਗਾਉਣ ਲਈ ਦਾਇਰ ਪਟੀਸ਼ਨ ਬਾਰੇ ਸੁਣਿਆ ਹੈ, ਤਾਂ ਉਨ੍ਹਾਂ ਨੇ ਜਵਾਬ ਦਿੱਤਾ: "ਹਰ ਮਹੀਨੇ ਕੋਈ ਨਾ ਕੋਈ ਆਉਂਦਾ ਹੈ ਅਤੇ ਮੈਨੂੰ ਘੋੜਾ-ਗੱਡੀਆਂ ਦੀ ਸਵਾਰੀ ਬੰਦ ਕਰਨ ਲਈ ਕਹਿੰਦਾ ਹੈ। ਫਿਰ ਅਸੀਂ ਉਨ੍ਹਾਂ ਨੂੰ ਪੁੱਛਦੇ ਹਾਂ, 'ਤੁਸੀਂ ਇਹ ਘੋੜੇ ਅਤੇ ਗੱਡੀਆਂ ਹੀ ਕਿਉਂ ਨਹੀਂ ਖਰੀਦ ਲੈਂਦੇ ਅਤੇ ਉਨ੍ਹਾਂ ਬਦਲੇ ਭੁਗਤਾਨ ਕਰ ਦਿੰਦੇ? ਇਹ ਘੋੜੇ ਸਾਡੀ ਰੋਜ਼ੀਰੋਟੀ ਹਨ।''
ਪੇਟਾ ਦੀ ਪਟੀਸ਼ਨ ਵਿੱਚ ਘੋੜਾ-ਗੱਡੀਆਂ ਦੀ ਬਜਾਏ ਇਲੈਕਟ੍ਰਿਕ ਗੱਡੀਆਂ ਦੀ ਵਰਤੋਂ ਕਰਨ ਦੀ ਮੰਗ ਕੀਤੀ ਗਈ ਹੈ। "ਜੇ ਘੋੜਾ ਨਹੀਂ ਹੋਊਗਾ ਤਾਂ ਤੁਸੀਂ ਇਸ ਨੂੰ ਘੋਰਾਗਾੜੀ (ਘੋੜਾ-ਗੱਡੀ) ਕਿਵੇਂ ਕਹਿ ਸਕਦੇ ਹੋ?" ਉਹ ਮੁਸਕਰਾਉਂਦੇ ਹੋਏ ਪੁੱਛਦੇ ਹਨ।
"ਕੁਝ ਲੋਕ ਆਪਣੇ ਘੋੜਿਆਂ ਦੀ ਚੰਗੀ ਤਰ੍ਹਾਂ ਦੇਖਭਾਲ਼ ਨਹੀਂ ਕਰਦੇ," ਆਕਿਫ ਦਾ ਮੰਨਦਾ ਹੈ। "ਪਰ ਮੈਂ ਆਪਣੇ ਘੋੜਿਆਂ ਦੀ ਚੰਗੀ ਤਰ੍ਹਾਂ ਦੇਖਭਾਲ਼ ਕਰਦਾ ਹਾਂ। ਜੇ ਤੁਸੀਂ ਉਨ੍ਹਾਂ ਨੂੰ ਵੇਖੋਗੇ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ!''
ਤਰਜਮਾ: ਕਮਲਜੀਤ ਕੌਰ