ਨਵਲਗਵਹਾਣ ਪਿੰਡ ਜਿਓਂ ਸੂਰਜ ਢਲ਼ਣ ਲੱਗਦਾ ਹੈ ਜਵਾਨ ਕੀ ਬਜ਼ੁਰਗ ਕੀ ਹਰ ਕੋਈ ਸਕੂਲ ਦੇ ਖੇਡ ਮੈਦਾਨ ਦੇ ਰਾਹੇ ਪੈ ਜਾਂਦਾ ਹੈ। ਕੋਈ ਖੇਡਣ ਦੀ ਥਾਂ ਸਾਫ਼ ਕਰਨ ਲੱਗਦਾ ਹੈ ਤੇ ਕੋਈ ਉੱਥੋਂ ਰੋਡੇ-ਰੱਪੇ ਚੁਗਣ ਲੱਗਦਾ ਹੈ, ਕੋਈ ਚੂਨੇ ਨਾਲ਼ ਬਾਊਂਡਰੀ ਲਾਈਨਾਂ ਗੂੜ੍ਹੀਆ ਕਰਨ ਲੱਗਦਾ ਹੈ ਤੇ ਕੋਈ ਫਲੱਡ ਲਾਈਟਾਂ ਠੀਕ ਕਰਦਾ ਹੈ।
ਛੇਤੀ ਹੀ 8 ਤੋਂ 16 ਸਾਲ ਦੇ ਬੱਚੇ ਨੀਲੀਆਂ ਜਰਸੀਆਂ ਪਾ ਤਿਆਰ ਹੋ ਸੱਤ-ਸੱਤ ਦੀਆਂ ਦੋ ਟੀਮਾਂ ਵਿੱਚ ਵੰਡੇ ਜਾਣੇ ਹਨ।
ਕਬੱਡੀ! ਕਬੱਡੀ! ਕਬੱਡੀ!
ਖੇਡ ਸ਼ੁਰੂ ਹੁੰਦੀ ਹੈ ਤੇ ਤਿਰਕਾਲਾਂ ਤਾਈਂ ਚੱਲਦੀ ਹੈ। ਰਾਤ ਹੁੰਦੇ-ਹੁੰਦੇ ਜੋਸ਼ ਨਾਲ਼ ਭਰੇ ਖਿਡਾਰੀਆਂ ਦੀਆਂ ਹਵਾ ਵਿੱਚ ਤੈਰਦੀਆਂ ਚੀਕਾਂ ਹੋਰ ਉੱਚੀਆਂ ਹੋ ਜਾਂਦੀਆਂ ਹਨ। ਮਰਾਠਵਾੜਾ ਦੇ ਹਿੰਗਾਲੀ ਜ਼ਿਲ੍ਹੇ ਦੇ ਇਸ ਪਿੰਡ ਦੇ ਪਰਿਵਾਰ ਤੇ ਦੋਸਤ-ਮਿੱਤਰ ਹੌਂਸਲਾ-ਅਫ਼ਜਾਈ ਕਰਨ ਆਏ ਹੋਏ ਹਨ। ਸਾਹ ਰੋਕੀ ਕਬੱਡੀ-ਕਬੱਡੀ ਕਹਿੰਦਾ ਇੱਕ ਖਿਡਾਰੀ ਵਿਰੋਧੀ ਟੀਮ ਦੇ ਕੋਰਟ (ਇਲਾਕੇ) ਵਿੱਚ ਵੜ੍ਹਦਾ ਹੈ ਤੇ ਵੱਧ ਤੋਂ ਵੱਧ ਜਣਿਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦਿਆਂ ਆਪਣੇ ਕੋਰਟ ਵਿੱਚ ਮੁੜਨ ਨੂੰ ਹੁੰਦਾ ਹੈ। ਇੰਨੇ ਸਮੇਂ ਦੌਰਾਨ ਉਹ 'ਕਬੱਡੀ-ਕਬੱਡੀ' ਬੋਲਣਾ ਓਦੋਂ ਤੱਕ ਬੰਦ ਨਹੀਂ ਕਰਦਾ, ਜਦੋਂ ਤੱਕ ਉਹ ਫੜ੍ਹਿਆ ਨਹੀਂ ਜਾਂਦਾ ਜਾਂ ਖੇਡ ਵਿੱਚੋਂ ਆਊਟ ਨਹੀਂ ਹੋ ਜਾਂਦਾ।












