ਜਿਵੇਂ-ਜਿਵੇਂ ਅਸੀਂ ਕਰੀਬ 200 ਸਾਲ ਪੁਰਾਣੀ ਇਮਾਰਤ ਦੇ ਹੇਠਾਂ ਪੌੜੀਆਂ ਉੱਤਰਦੇ ਜਾਂਦੇ ਹਾਂ, ਸ਼੍ਰੀ ਭਾਦਰੀਆ ਮਾਤਾ ਜੀ ਮੰਦਿਰ ਦੀ ਡਿਊਢੀ 'ਤੇ ਬੈਠੇ ਸੰਗੀਤਵਾਦਕਾਂ ਦੀਆਂ ਅਵਾਜ਼ਾਂ ਮੱਧਮ ਪੈਂਦੀਆਂ ਜਾਂਦੀਆਂ ਹਨ। ਇੱਕਦਮ ਹਰ ਅਵਾਜ਼ ਸੁਣਾਈ ਦੇਣੀ ਬੰਦ ਹੋ ਜਾਂਦੀ ਹੈ - ਅਸੀਂ ਹੁਣ ਜ਼ਮੀਨ ਦੇ 20 ਫੁੱਟ ਹੇਠਾਂ ਹਾਂ।
ਸਾਹਮਣੇ 15000 ਵਰਗ ਫੁੱਟ 'ਚ ਫੈਲੀ ਵਿਸ਼ਾਲ ਲਾਇਬ੍ਰੇਰੀ ਦਿਖਾਈ ਦਿੰਦੀ ਹੈ ਜੋ ਕਿਸੇ ਭੁੱਲ-ਭਲੱਈਏ ਤੋਂ ਘੱਟ ਨਹੀਂ ਜਾਪਦੀ।। ਭੀੜੇ ਗਲਿਆਰਿਆਂ 'ਚ ਥੋੜ੍ਹੀ-ਥੋੜ੍ਹੀ ਵਿੱਥ 'ਤੇ ਬਣੀਆਂ 562 ਅਲਮਾਰੀਆਂ 'ਚ ਦੋ ਲੱਖ ਕਿਤਾਬਾਂ ਹਨ। ਹਿੰਦੂਤਵ, ਇਸਲਾਮ, ਇਸਾਈਅਤ ਅਤੇ ਹੋਰਨਾਂ ਧਰਮਾਂ 'ਤੇ ਲਿਖੀਆਂ ਚਮੜੇ ਦੀ ਜਿਲਦ ਵਾਲੀਆਂ ਕਿਤਾਬਾਂ, ਛਿੱਲ 'ਤੇ ਲਿਖਿਆ ਇੱਕ ਖਰੜਾ, ਪੁਰਾਣੀਆਂ ਜਿਲਦਾਂ ਤੇ ਪੇਪਰਬੈਕ ਜਿਲਦਾਂ ਤੋਂ ਲੈ ਕੇ ਕਾਨੂੰਨ, ਦਵਾਈਆਂ, ਦਰਸ਼ਨ, ਭੂਗੋਲ, ਇਤਿਹਾਸ ਅਤੇ ਹੋਰਨਾਂ ਵਿਸ਼ਿਆਂ 'ਤੇ ਨਵੀਆਂ ਨਕੋਰ ਕਿਤਾਬਾਂ। ਗਲਪ ਵਾਲਾ ਹਿੱਸਾ ਵੀ ਸ਼ਾਹਕਾਰਾਂ ਤੇ ਹਾਲੀਆ ਨਾਵਲਾਂ ਨਾਲ ਭਰਪੂਰ ਹੈ। ਜ਼ਿਆਦਾਤਰ ਕਿਤਾਬਾਂ ਹਿੰਦੀ 'ਚ ਹਨ, ਜਦਕਿ ਕੁਝ ਅੰਗਰੇਜ਼ੀ ਅਤੇ ਸੰਸਕ੍ਰਿਤ 'ਚ ਹਨ।
ਲਾਇਬ੍ਰੇਰੀ ਬਣਾਉਣ ਦਾ ਖਿਆਲ ਪੰਜਾਬ ਦੇ ਇੱਕ ਧਾਰਮਿਕ ਵਿਦਵਾਨ, ਹਰਵੰਸ਼ ਸਿੰਘ ਨਿਰਮਲ ਦਾ ਸੀ। ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਮੰਦਿਰ ਦੇ ਪਰਿਸਰ 'ਚ 25 ਸਾਲ ਇੱਕ ਗੁਫਾ ਅੰਦਰ ਇਕਾਂਤਵਾਸ 'ਚ ਰਹੇ ਅਤੇ ਉਹਨਾਂ ਨੇ ਇਸਦੇ ਹੇਠਾਂ ਲਾਇਬ੍ਰੇਰੀ ਬਣਾਉਣ ਦਾ ਫੈਸਲਾ ਕੀਤਾ। ਨਿਰਮਲ ਦੀ 2010 'ਚ ਮੌਤ ਹੋ ਗਈ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਸਿੱਖਿਆ ਅਤੇ ਜਾਨਵਰਾਂ ਦੀ ਦੇਖਭਾਲ ਲਈ ਪੈਸਾ ਇਕੱਠਾ ਕੀਤਾ।
"ਉਹ ਮਾਨਵਤਾਵਾਦੀ ਸਨ। ਸਾਰੇ ਧਰਮਾਂ ਦਾ ਇੱਕੋ ਹੀ ਸੁਨੇਹਾ ਹੈ : ਕਿ ਇਨਸਾਨਾਂ ਦੀ ਚਮੜੀ ਭਾਵੇਂ ਵੱਖੋ-ਵੱਖਰੀ ਹੋਵੇ, ਵਾਲ ਵੱਖਰੇ ਹੋਣ, ਪਰ ਅੰਦਰੋਂ ਅਸੀਂ ਸਭ ਇੱਕੋ ਹਾਂ," ਮੰਦਿਰ ਅਤੇ ਲਾਇਬ੍ਰੇਰੀ ਦਾ ਪ੍ਰਬੰਧ ਚਲਾਉਣ ਵਾਲੀ, ਅਤੇ 40,000 ਤੋਂ ਵੱਧ ਗਾਵਾਂ ਲਈ ਗਊਸ਼ਾਲਾ ਚਲਾਉਣ ਵਾਲੀ ਸ਼੍ਰੀ ਜਗਦੰਬਾ ਸੇਵਾ ਸਮਿਤੀ ਦੇ ਸਕੱਤਰ ਜੁਗਲ ਕਿਸ਼ੋਰ ਨੇ ਕਿਹਾ।






















