ਨਬੋ ਕੁਮਾਰ ਮੈਤੀ ਦੀ ਫ਼ੈਕਟਰੀ ਦੇ ਆਲ਼ੇ-ਦੁਆਲ਼ੇ ਬਤਖਾਂ ਦੇ ਖੰਭ ਫੈਲੇ ਹੋਏ ਹਨ। ਇੱਥੇ ਸਾਫ਼ ਖੰਭ, ਗੰਦੇ ਖੰਭ, ਕੱਟੇ ਹੋਏ ਖੰਭ, ਵੱਖ-ਵੱਖ ਆਕਾਰਾਂ ਤੇ ਬਣਾਵਟਾਂ ਦੇ ਖੰਭ ਹੀ ਖੰਭ ਖਿੰਡੇ ਪਏ ਹਨ। ਖੁੱਲ੍ਹੀ ਖਿੜਕੀ ਥਾਣੀਂ ਆ ਰਹੀ ਰੁਮਕਦੀ ਹਵਾ ਨਾਲ਼ ਖੰਭ ਥੋੜ੍ਹੇ ਉੱਡਣ ਲੱਗੇ ਤੇ ਫਿਰਕੀ ਵਾਂਗਰ ਘੁੰਮੀ, ਭੁੰਜੇ ਆਣ ਡਿੱਗੇ।
ਅਸੀਂ ਉਲੂਬੇਰੀਆ ਵਿਖੇ ਪੈਂਦੇ ਨਬੋ ਕੁਮਾਰ ਬਾਬੂ ਦੇ ਤਿੰਨ-ਮੰਜਲਾ ਘਰ ਦੀ ਪਹਿਲੀ ਮੰਜ਼ਿਲ 'ਤੇ ਬੈਠੇ ਹਾਂ। ਫ਼ੈਕਟਰੀ ਅੰਦਰ ਕੈਂਚੀਆਂ ਚੱਲਣ ਅਤੇ ਲੋਹੇ ਦੇ ਕਟਰ ਚੱਲਣ ਦੀਆਂ ਆਵਾਜ਼ਾਂ ਤੈਰ ਰਹੀਆਂ ਹਨ। ਇੱਥੇ ਹੀ ਭਾਰਤ ਦੀ ਬੈਡਮਿੰਟਨ ਦੀ ਸ਼ਟਲ (ਚਿੜੀ) ਬਣਾਈ ਜਾਂਦੀ ਹੈ। "ਬਤਖ਼ ਦੇ ਚਿੱਟੇ ਖੰਭ, ਸਿੰਥੈਟਿਕ ਅਤੇ ਲੱਕੜ ਦਾ ਅੱਧ-ਗੋਲ਼ਾਕਾਰ ਕਾਰਕ (ਅਧਾਰ), ਨਾਈਲੋਨ ਤੇ ਸੂਤ ਦੇ ਰਲ਼ਵੇਂ ਧਾਗੇ ਅਤੇ ਗੂੰਦ ਨਾਲ਼ ਇੱਕ ਸ਼ਟਲ ਬਣਾਇਆ ਜਾਂਦਾ ਹੈ," ਨਬੋ ਕੁਮਾਰ ਬਾਬੂ ਕਹਿੰਦੇ ਹਨ ਤੇ ਸ਼ਿਪਮੈਂਟ ਭੇਜਣ ਲਈ ਤਿਆਰ ਖੇਪ ਵਿੱਚੋਂ ਇੱਕ ਸ਼ਟਲ ਕੱਢਦੇ ਹਨ।
ਅਗਸਤ 2023 ਦਾ ਅਖ਼ੀਰਲਾ ਸੋਮਵਾਰ ਹੈ। ਧੁੱਪ ਖਿੜੀ ਹੈ ਪਰ ਹੁੰਮਸ ਵੀ ਹੈ। ਸਵੇਰ ਦੇ 8 ਵੱਜੇ ਹਨ। ਅਸੀਂ ਹਾਲੇ ਨਹੀਂ ਜਾਣਦੇ, ਪਰ ਪੰਜ ਹਫ਼ਤਿਆਂ ਹੋਣ ਜਾ ਰਹੀਆਂ ਏਸ਼ੀਆਈ ਖੇਡਾਂ ਵਿੱਚ ਇਹੀ ਸ਼ਟਲ ਭਾਰਤ ਨੂੰ ਦੱਖਣੀ ਕੋਰੀਆ ਤੇ ਜਿੱਤ ( 21-18; 21-16) ਦਵਾਉਣਗੀਆਂ ਤੇ ਭਾਰਤ ਆਪਣਾ ਪਹਿਲਾ ਸੋਨ ਤਮਗ਼ਾ ਜਿੱਤੇਗਾ।
ਉਲੂਬੇਰੀਆ ਦੀ ਫ਼ੈਕਟਰੀ ਦੇ ਬਾਹਰ, ਹਾਲ ਦੇ ਬੂਹੇ ਸਾਹਮਣੇ ਕਾਰੀਗਰਾਂ ਦੇ ਸਾਈਕਲ ਅਤੇ ਸਲੀਪਰ ਕਤਾਰਬੱਧ ਪਏ ਹਨ। ਨਬੋ ਕੁਮਾਰ ਬਾਬੂ ਮੈਰੂਨ ਰੰਗੀ ਪੂਰੀ ਬਾਂਹ ਦੀ ਸ਼ਰਟ ਅਤੇ ਪੈਂਟ ਪਹਿਨੀ ਦਿਨ ਦੀ ਸ਼ੁਰੂਆਤ ਕਰਨ ਨੂੰ ਤਿਆਰ ਖੜ੍ਹੇ ਹਨ।
"ਮੈਂ 12 ਸਾਲ ਦੀ ਉਮਰੇ, ਆਪਣੇ ਪਿੰਡ ਬਨੀਬਨ ਦੀ ਇੱਕ ਫ਼ੈਕਟਰੀ ਵਿਖੇ, ਬਤਖਾਂ ਦੇ ਖੰਭਾਂ ਨਾਲ਼ ਬੈਡਮਿੰਟਨ ਦੀਆਂ ਗੇਂਦਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ," 61 ਸਾਲਾ ਨਬੋ ਕੁਮਾਰ ਬਾਬੂ ਕਹਿੰਦੇ ਹਨ। ਇਸ ਸਫ਼ਰ ਦੀ ਸ਼ੁਰੂਆਤ ਉਨ੍ਹਾਂ ਨੇ ਖੰਭਾਂ ਨੂੰ ਸਹੀ ਆਕਾਰ ਦੇਣ ਦੇ ਕੰਮ ਨਾਲ਼ ਕੀਤੀ। ਹੱਥ 'ਚ ਫੜ੍ਹੀ ਲੋਹੇ ਦੀ ਕੈਂਚੀ ਨਾਲ਼, ਉਹ ਅਕਾਰ ਦੇਣ ਲਈ ਤਿੰਨ ਇੰਚ ਖੰਭਾਂ ਨੂੰ ਕੁਤਰਦੇ। ਕਾਰੀਗਰ ਸ਼ਟਲ ਨੂੰ 'ਗੇਂਦ' ਕਹਿੰਦੇ ਹਨ।
"ਬੰਗਾਲ ਦੇ ਪੀਰਪੁਰ ਪਿੰਡ ਵਿਖੇ ਲੱਗਣ ਵਾਲ਼ੀ ਜੇ. ਬੋਸ ਐਂਡ ਕੰਪਨੀ ਪਹਿਲੀ ਫ਼ੈਕਟਰੀ ਸੀ। ਹੌਲ਼ੀ-ਹੌਲ਼ੀ ਜੇ. ਬੋਸ ਦੇ ਕਾਰੀਗਰਾਂ ਨੇ ਨੇੜਲੇ ਪਿੰਡਾਂ ਵਿੱਚ ਆਪਣੀਆਂ ਇਕਾਈਆਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਇਸੇ ਤਰ੍ਹਾਂ ਦੀ ਇਕਾਈ ਵਿੱਚ ਕੰਮ ਕਰਨਾ ਸਿੱਖਿਆ,'' ਉਹ ਗੱਲ ਜਾਰੀ ਰੱਖਦੇ ਹਨ।
ਨਬੋ ਕੁਮਾਰ ਮੈਤੀ ਨੇ 1986 ਵਿੱਚ ਉਲੂਬੇਰੀਆ ਦੇ ਬਨੀਬਨ ਪਿੰਡ ਦੇ ਹੱਟਾਲਾ ਵਿਖੇ ਆਪਣੀ ਫ਼ੈਕਟਰੀ ਸ਼ੁਰੂ ਕੀਤੀ ਅਤੇ 1997 ਵਿੱਚ ਯਦੁਰਬੇਰੀਆ ਵਿੱਚ ਇੱਕ ਨਵੀਂ ਫ਼ੈਕਟਰੀ ਅਤੇ ਮਕਾਨ ਬਣਾਇਆ। ਇਹੀ ਉਹ ਥਾਂ ਹੈ ਜਿੱਥੇ ਉਹ ਹੁਣ ਕੰਮ ਕਰਦੇ ਹਨ ਅਤੇ ਰਹਿੰਦੇ ਵੀ ਹਨ। ਉਹ ਇਸ ਫ਼ੈਕਟਰੀ ਵਿੱਚ ਉਤਪਾਦਨ ਦੀ ਨਿਗਰਾਨੀ ਕਰਦੇ ਹਨ, ਕੱਚੇ ਮਾਲ ਦੀ ਸਪਲਾਈ ਦੀ ਨਿਗਰਾਨੀ ਕਰਦੇ ਹਨ ਅਤੇ ਵਿਕਰੀ ਦੀ ਨਿਗਰਾਨੀ ਕਰਦੇ ਹਨ। ਇਸ ਤੋਂ ਇਲਾਵਾ ਨਬੋ ਕੁਮਾਰ ਬਾਬੂ ਚਰਵਾਹੇ ਦਾ ਕੰਮ ਵੀ ਕਰਦੇ ਹਨ।
ਸ਼ਟਲਕਾੱਕ ਉਨ੍ਹਾਂ ਤਿੰਨ ਪ੍ਰਮੁੱਖ ਚੀਜ਼ਾਂ ਵਿੱਚੋਂ ਹੈ, ਜੋ ਮਰਦਮਸ਼ੁਮਾਰੀ 2011 ਮੁਤਾਬਕ ਬਨੀਬਨ ਜਗਦੀਸ਼ਪੁਰ, ਵਰਿੰਦਾਵਨਪੁਰ, ਉੱਤਰ ਪੀਰਪੁਰ ਅਤੇ ਉਲੂਬੇਰੀਆ ਨਗਰ ਪਾਲਿਕਾ ਅਤੇ ਹਾਵੜਾ ਜ਼ਿਲ੍ਹੇ ਦੇ ਆਉਟ ਗ੍ਰੋਥ ਇਲਾਕੇ (ਬਾਹਰਵਾਰ ਬਣੇ) ਇਲਾਕਿਆਂ ਵਿੱਚ ਬਣਦੀਆਂ ਹਨ।
"2000 ਦੇ ਦਹਾਕੇ ਦੇ ਸ਼ੁਰੂ ਵਿੱਚ, ਉਲੂਬੇਰੀਆ ਵਿੱਚ ਲਗਭਗ 100 ਯੂਨਿਟ ਸਨ। ਹੁਣ 50 ਤੋਂ ਵੀ ਘੱਟ ਰਹਿ ਗਈਆਂ ਹਨ। ਉਨ੍ਹਾਂ ਵਿੱਚੋਂ ਤਕਰੀਬਨ 10 ਮੇਰੇ ਕਾਰਖ਼ਾਨੇ ਵਾਂਗਰ ਹੀ ਹਨ, ਜਿਨ੍ਹਾਂ ਅੰਦਰ 10-12 ਕਾਰੀਗਰ ਕੰਮ ਕਰਦੇ ਹਨ," ਨਬੋ ਕੁਮਾਰ ਬਾਬੂ ਕਹਿੰਦੇ ਹਨ।
*****
ਨਬੋ ਕੁਮਾਰ ਦੀ ਫ਼ੈਕਟਰੀ ਦੇ ਸਾਹਮਣੇ ਸੀਮੈਂਟਡ (ਪੱਕਾ) ਵਿਹੜਾ ਹੈ। ਉਸ ਵਿੱਚ ਇੱਕ ਨਲ਼ਕਾ ਲੱਗਿਆ ਹੈ, ਇੱਟਾਂ ਤੇ ਗਾਰੇ ਦਾ ਬਣਿਆ ਚੁੱਲ੍ਹਾ ਹੈ ਤੇ ਭੁੰਜੇ ਦੋ ਭਾਂਡੇ ਪਏ ਹਨ। ਉਹ ਕਹਿੰਦੇ ਹਨ,"ਇਹ ਜਗ੍ਹਾ ਖੰਭਾਂ ਦੀ ਧੁਆਈ ਲਈ ਬਣਾਈ ਗਈ ਹੈ। ਸ਼ਟਲ ਬਣਾਉਣ ਦਾ ਕੰਮ ਇੱਥੋਂ ਹੀ ਸ਼ੁਰੂ ਹੁੰਦਾ ਹੈ," ਉਹ ਕਹਿੰਦੇ ਹਨ।
ਫ਼ੈਕਟਰੀ ਦੇ ਕਾਰੀਗਰ ਰਣਜੀਤ ਮੰਡਲ 10,000 ਬਤਖਾਂ ਦੇ ਖੰਭਾਂ ਦੀ ਖੇਪ ਤਿਆਰ ਕਰ ਰਹੇ ਹਨ। 32 ਸਾਲਾ ਰਣਜੀਤ ਮੰਡਲ ਦੱਸਦੇ ਹਨ, "ਖੰਭਾਂ ਦੀ ਸਪਲਾਈ ਕਰਨ ਵਾਲ਼ੇ ਉੱਤਰੀ ਬੰਗਾਲ ਦੇ ਕੂਚ ਬੇਹਾਰ, ਮੁਰਸ਼ਿਦਾਬਾਦ ਅਤੇ ਮਾਲਦਾ ਅਤੇ ਮੱਧ ਬੰਗਾਲ ਦੀ ਬੀਰਭੂਮ ਦੇ ਬਾਸ਼ਿੰਦੇ ਹਨ। ਕੁਝ ਸਥਾਨਕ ਵਪਾਰੀ ਵੀ ਹਨ, ਪਰ ਉਨ੍ਹਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ।'' ਰਣਜੀਤ ਇੱਥੇ 15 ਸਾਲਾਂ ਤੋਂ ਕੰਮ ਕਰ ਰਹੇ ਹਨ। ਉਹ ਇਸ ਸਮੇਂ ਉਤਪਾਦਨ ਦੇ ਨਿਗਰਾਨੀ ਇੰਚਾਰਜ ਹਨ।
ਖੰਭ 1,000 ਦੇ ਬੰਡਲਾਂ ਵਿੱਚ ਵੇਚੇ ਜਾਂਦੇ ਹਨ। ਕੀਮਤ ਉਨ੍ਹਾਂ ਦੀ ਗੁਣਵੱਤਾ 'ਤੇ ਨਿਰਭਰ ਕਰਦੀ ਹੈ। ਧੁਆਈ ਲਈ ਗਰਮ ਪਾਣੀ ਵਿੱਚ ਪਾਏ ਕੁਝ ਕੁ ਖੰਭਾਂ ਨੂੰ ਬਾਹਰ ਕੱਢਦਿਆਂ ਰਣਜੀਤ ਕਹਿੰਦੇ ਹਨ,"ਹੁਣ ਸਭ ਤੋਂ ਵਧੀਆ ਖੰਭਾਂ ਦੀ ਕੀਮਤ 1,200 ਰੁਪਏ ਹੈ। ਮੇਰਾ ਮਤਲਬ ਹੈ, ਹਰੇਕ ਖੰਭ 1 ਰੁਪਏ 20 ਪੈਸਾ ਦਾ।"
ਉਹ ਦਰਮਿਆਨੇ ਅਕਾਰ ਦੀ ਦੇਗ਼ਚੀ ਵਿੱਚ ਪਾਣੀ ਦੇ ਨਾਲ਼ ਸਰਫ਼ ਐਕਸੇਲ ਡਿਟਰਜੈਂਟ ਪਾਊਡਰ ਮਿਲ਼ਾਉਂਦੇ ਹਨ ਤੇ ਇਹਨੂੰ ਲੱਕੜ ਨਾਲ਼ ਬਲ਼ਣ ਵਾਲ਼ੇ ਖੁੱਲ੍ਹੇ ਚੁੱਲ੍ਹੇ 'ਤੇ ਗਰਮ ਕਰਦੇ ਹਨ। ਉਹ ਕਹਿੰਦੇ ਹਨ,''ਸ਼ਟਲ ਦੇ ਪੰਖ ਬੇਦਾਗ਼ ਚਿੱਟੇ ਹੋਣੇ ਚਾਹੀਦੇ ਹਨ। ਉਨ੍ਹਾਂ ਨੂੰ ਸਾਬਣ ਵਾਲ਼ੇ ਪਾਣੀ ਨਾਲ਼ ਧੋਣ ਨਾਲ਼ ਹਰ ਤਰ੍ਹਾਂ ਦੀ ਗੰਦਗੀ ਲੱਥ ਜਾਂਦੀ ਹੈ।'' ਉਹ ਅੱਗੇ ਕਹਿੰਦੇ ਹਨ,''ਇਨ੍ਹਾਂ ਨੂੰ ਬਹੁਤੇ ਸਮੇਂ ਲਈ ਨਹੀਂ ਰੱਖ ਸਕਦੇ, ਕਿਉਂਕਿ ਫਿਰ ਇਹ ਸੜਨ ਲੱਗਦੇ ਹਨ।''
ਖੰਭਾਂ ਨੂੰ ਮਲ਼-ਮਲ਼ ਕੇ ਕੋਸੇ ਪਾਣੀ ਨਾਲ਼ ਧੋਣ ਤੋਂ ਬਾਅਦ ਸਾਬਣ-ਪਾਣੀ ਨੁਚੜਨ ਵਾਸਤੇ ਬਾਂਸ ਦੀ ਟੇਢੀ ਕੀਤੀ ਟੋਕਰੀ ਵਿੱਚ ਹਰੇਕ ਖੇਪ ਨੂੰ ਬੜੇ ਕਰੀਨੇ ਨਾਲ਼ ਸਜਾਇਆ ਜਾਂਦਾ ਹੈ, ਤਾਂਕਿ ਉਨ੍ਹਾਂ ਨੂੰ ਅਖ਼ੀਰਲੀ ਵਾਰੀ ਸਾਫ਼ ਪਾਣੀ ਵਿੱਚੋਂ ਕੱਢ ਕੇ ਵਿਹੜੇ ਵਿੱਚ ਸੁੱਕਣੇ ਪਾਇਆ ਜਾਵੇ। 10,000 ਖੰਭਾਂ ਦੀ ਟੋਕਰੀ ਧੁੱਪੇ ਸੁਕਾਉਣ ਲਈ ਛੱਤ 'ਤੇ ਲਿਜਾਂਦੇ ਰਣਜੀਤ ਕਹਿੰਦੇ ਹਨ,''ਧੋਣ ਦੀ ਪੂਰੀ ਪ੍ਰਕਿਰਿਆ ਵਿੱਚ ਦੋ ਘੰਟੇ ਲੱਗਦੇ ਹਨ।''
ਉਹ ਅੱਗੇ ਕਹਿੰਦੇ ਹਨ,"ਜ਼ਿਆਦਾਤਰ ਖੰਭ ਬਤਖਾਂ ਤੋਂ ਆਉਂਦੇ ਹਨ, ਜਿਨ੍ਹਾਂ ਨੂੰ ਮੀਟ ਵਾਸਤੇ ਬਤਖ਼-ਫਾਰਮ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਪਿੰਡਾਂ ਦੇ ਕਈ ਪਰਿਵਾਰ ਘਰੇ ਪਾਲ਼ੀਆਂ ਬਤਖਾਂ ਦੇ ਡਿੱਗੇ ਖੰਭ ਇਕੱਠੇ ਕਰਦੇ ਹਨ ਅਤੇ ਵਪਾਰੀਆਂ ਨੂੰ ਵੇਚ ਦਿੰਦੇ ਹਨ।"
ਰਣਜੀਤ ਛੱਤ 'ਤੇ ਕਾਲ਼ੀ ਚੌਰਸ ਤਰਪਾਲ ਵਿਛਾਉਂਦੇ ਹਨ ਤੇ ਉਹਨੂੰ ਉੱਡਣ ਤੋਂ ਰੋਕਣ ਲਈ ਚੁਫ਼ੇਰੇ ਇੱਟਾਂ ਲਾ ਦਿੰਦੇ ਹਨ। ਫਿਰ ਤਰਪਾਲ 'ਤੇ ਖੰਭਾਂ ਨੂੰ ਇੱਕਸਾਰ ਕਰਕੇ ਫੈਲਾਉਂਦੇ ਹੋਏ ਕਹਿੰਦੇ ਹਨ,"ਅੱਜ ਧੁੱਪ ਤੇਜ਼ ਹੈ। ਖੰਭ ਇੱਕ ਘੰਟੇ ਵਿੱਚ ਹੀ ਸੁੱਕ ਜਾਣਗੇ। ਫਿਰ ਉਹ ਬੈਡਮਿੰਟਨ ਦੀਆਂ ਗੇਂਦਾਂ ਬਣਨ ਨੂੰ ਤਿਆਰ ਹੋ ਜਾਣਗੇ।"
ਇੱਕ ਵਾਰ ਖੰਭ ਸੁੱਕਣ 'ਤੇ ਉਨ੍ਹਾਂ ਦਾ ਇੱਕ-ਇੱਕ ਕਰਕੇ ਨਿਰੀਖਣ ਕੀਤਾ ਜਾਂਦਾ ਹੈ। ਰਣਜੀਤ ਕਹਿੰਦੇ ਹਨ,''ਅਸੀਂ ਉਨ੍ਹਾਂ ਨੂੰ ਬਤਖ਼ ਦੇ ਸੱਜੇ ਜਾਂ ਖੱਬੇ ਪੰਖ (ਵਿੰਗ) ਅਤੇ ਖੰਭ ਦੀ ਉਸ ਹਿੱਸੇ ਦੇ ਅਧਾਰ 'ਤੇ ਜਿੱਥੋਂ ਉਹ ਮੂਲ਼ ਰੂਪ ਵਿੱਚ ਆਏ ਸਨ, ਉਨ੍ਹਾਂ ਨੂੰ ਗ੍ਰੇਡ ਇੱਕ ਤੋਂ ਛੇ ਤੱਕ ਛਾਂਟਦੇ ਹਾਂ। ਹਰ ਪੰਖ ਤੋਂ ਸਿਰਫ਼ ਪੰਜ-ਛੇ ਖੰਭ ਹੀ ਸਾਡੀ ਲੋੜ ਮੁਤਾਬਕ ਨਿਕਲ਼ਦੇ ਹਨ।''
ਨਬੋ ਕੁਮਾਰ ਮੁਤਾਬਕ,''ਇੱਕ ਸ਼ਟਲ 16 ਖੰਭਾਂ ਤੋਂ ਬਣਦਾ ਹੈ, ਜਿਸ ਵਿੱਚੋਂ ਹਰੇਕ ਖੰਭ ਇੱਕੋ ਪੰਖ ਦਾ ਹੋਣਾ ਚਾਹੀਦਾ ਹੈ ਤੇ ਸ਼ਾਫਟ ਦੀ ਤਾਕਤ, ਉਹਦੇ ਦੋਵਾਂ ਪਾਸੇ ਦੀ ਖੰਭਾਂ ਦੀ ਮੋਟਾਈ ਤੇ ਗੋਲਾਈ ਇੱਕਸਾਰ ਹੋਣੀ ਚਾਹੀਦੀ ਹੈ, ਨਹੀਂ ਤਾਂ ਇਹ ਹਵਾ ਵਿੱਚ ਡੋਲਣ ਲੱਗੇਗੀ।''
"ਆਮ ਵਿਅਕਤੀ ਨੂੰ ਸਾਰੇ ਖੰਭ ਇੱਕੋ ਜਿਹੇ ਦਿੱਸਦੇ ਹਨ, ਪਰ ਅਸੀਂ ਛੂਹ ਕੇ ਹੀ ਵੱਖਰੇ ਵਾਲ਼ੇ ਦਾ ਫ਼ਰਕ ਦੱਸ ਸਕਦੇ ਹਾਂ," ਉਹ ਅੱਗੇ ਕਹਿੰਦੇ ਹਨ।
ਇੱਥੇ ਬਣੇ ਸ਼ਟਲਕਾੱਕ ਜ਼ਿਆਦਾਤਰ ਕੋਲਕਾਤਾ ਦੇ ਸਥਾਨਕ ਬੈਡਮਿੰਟਨ ਕਲੱਬਾਂ ਅਤੇ ਪੱਛਮੀ ਬੰਗਾਲ, ਮਿਜ਼ੋਰਮ, ਨਾਗਾਲੈਂਡ ਅਤੇ ਪੋਂਡੀਚੇਰੀ ਦੇ ਥੋਕ ਵਿਕਰੇਤਾਵਾਂ ਨੂੰ ਵੇਚੇ ਜਾਂਦੇ ਹਨ। ਨਬੋ ਕੁਮਾਰ ਕਹਿੰਦੇ ਹਨ, "ਉੱਚ ਪੱਧਰੀ ਮੈਚਾਂ ਲਈ ਹੰਸ ਵਿੰਗਾਂ ਦੀ ਵਰਤੋਂ ਕਰਨ ਵਾਲ਼ੀ ਜਾਪਾਨੀ ਕੰਪਨੀ ਯੋਨੇਕਸ ਨੇ ਪੂਰੇ ਬਾਜ਼ਾਰ 'ਤੇ ਕਬਜ਼ਾ ਕਰ ਲਿਆ ਹੈ। ਅਸੀਂ ਉਸ ਪੱਧਰ 'ਤੇ ਮੁਕਾਬਲਾ ਨਹੀਂ ਕਰ ਸਕਦੇ। ਸਾਡੇ ਸ਼ਟਲਕਾੱਕ ਹੇਠਲੇ ਪੱਧਰ 'ਤੇ ਅਤੇ ਨਵੇਂ-ਖਿਡਾਰੀਆਂ ਦੇ ਅਭਿਆਸ ਕਰਨ ਲਈ ਵਰਤੇ ਜਾਂਦੇ ਹਨ।''
ਭਾਰਤ ਚੀਨ, ਹਾਂਗਕਾਂਗ, ਜਾਪਾਨ, ਸਿੰਗਾਪੁਰ, ਤਾਈਵਾਨ ਅਤੇ ਬ੍ਰਿਟੇਨ ਤੋਂ ਵੀ ਸ਼ਟਲਕਾੱਕ ਦੀ ਦਰਾਮਦ ਕਰਦੇ ਹਨ। ਭਾਰਤ ਸਰਕਾਰ ਦੇ ਡਾਇਰੈਕਟੋਰੇਟ ਜਨਰਲ ਆਫ ਕਮਰਸ਼ੀਅਲ ਇਨਫਰਮੇਸ਼ਨ ਐਂਡ ਸਟੈਟਿਸਟਿਕਸ ਦੀ ਇੱਕ ਰਿਪੋਰਟ ਮੁਤਾਬਕ ਅਪ੍ਰੈਲ 2019 ਤੋਂ ਮਾਰਚ 2021 ਦਰਮਿਆਨ 122 ਕਰੋੜ ਰੁਪਏ ਦੇ ਸ਼ਟਲਕਾੱਕ ਆਯਾਤ ਕੀਤੇ ਗਏ। "ਸਰਦੀਆਂ ਦੇ ਮਹੀਨਿਆਂ ਵਿੱਚ ਮੰਗ ਵੱਧ ਜਾਂਦੀ ਹੈ ਕਿਉਂਕਿ ਇਹ ਖੇਡ ਜ਼ਿਆਦਾਤਰ ਅੰਦਰ ਹੀ ਖੇਡੀ ਜਾਂਦੀ ਹੈ," ਨਬੋ ਕੁਮਾਰ ਕਹਿੰਦੇ ਹਨ, ਜੋ ਦੱਸਦੇ ਹਨ ਕਿ ਉਨ੍ਹਾਂ ਦੀ ਯੂਨਿਟ ਵਿੱਚ ਉਤਪਾਦਨ ਸਾਲ ਭਰ ਹੁੰਦਾ ਹੈ, ਪਰ ਸਤੰਬਰ ਤੋਂ ਕਾਫ਼ੀ ਵੱਧ ਜਾਂਦਾ ਹੈ।
*****
ਦੋ ਕਮਰਿਆਂ ਦੇ ਮੈਟ ਵਿਛੇ ਫਰਸ਼ 'ਤੇ ਭੁੰਜੇ ਚੌਂਕੜੀ ਮਾਰੀ ਕਾਰੀਗਰ ਕੰਮੇ ਲੱਗੇ ਹੋਏ ਹਨ ਅਤੇ ਸ਼ਟਲਕਾੱਕ ਬਣਾਉਣ ਦੀ ਪ੍ਰਕਿਰਿਆ ਨਾਲ਼ ਜੁੜੇ ਵੱਖ-ਵੱਖ ਕੰਮ ਕਰ ਰਹੇ ਹਨ। ਉਨ੍ਹਾਂ ਦੀਆਂ ਹੁਨਰਮੰਦ ਉਂਗਲਾਂ ਅਤੇ ਸਥਿਰ ਅੱਖਾਂ ਸਿਰਫ਼ ਉਦੋਂ ਭਟਕਦੀਆਂ ਹਨ ਜਦੋਂ ਇੱਥੋਂ ਲੰਘਣ ਵਾਲ਼ੀ ਹਵਾ ਖੰਭਾਂ ਨੂੰ ਝਟਕਾ ਦਿੰਦੀ ਹੈ ਜੋ ਸ਼ਟਲਾਂ ਵਿੱਚ ਤਬਦੀਲ ਹੋਣ ਦੇ ਵੱਖ-ਵੱਖ ਪੜਾਵਾਂ ਲਈ ਰੱਖੇ ਗਏ ਹਨ।
ਹਰ ਸਵੇਰ, ਨਬੋ ਕੁਮਾਰ ਦੀ ਪਤਨੀ, 51 ਸਾਲਾ ਕ੍ਰਿਸ਼ਨਾ ਮਾਇਆਤੀ, ਪ੍ਰਾਰਥਨਾ ਕਰਦਿਆਂ ਫੈਕਟਰੀ ਦੀਆਂ ਪੌੜੀਆਂ ਉਤਰਦੀ ਹਨ। ਸ਼ਾਂਤੀ ਨਾਲ਼ ਜਾਪ ਕਰਦੇ ਹੋਏ, ਉਹ ਦੋਵਾਂ ਕਮਰਿਆਂ ਵਿੱਚ ਘੁੰਮਦੀ ਹੋਈ ਵੱਖ-ਵੱਖ ਥਾਵਾਂ 'ਤੇ ਧੁੱਖਦੀਆਂ ਅਗਰਬੱਤੀਆਂ ਘੁਮਾਉਂਦੀ ਹਨ, ਜੋ ਸਵੇਰ ਦੀ ਹਵਾ ਨੂੰ ਫੁੱਲਾਂ ਦੀ ਖੁਸ਼ਬੂ ਨਾਲ਼ ਭਰ ਦਿੰਦੀ ਹੈ।
ਕਮਰੇ ਵਿੱਚ ਕੰਮ ਦੀ ਸ਼ੁਰੂਆਤ 63 ਸਾਲਾ ਸ਼ੰਕਰ ਬੇਰਾ ਤੋਂ ਹੁੰਦੀ ਹੈ, ਜੋ ਇੱਕ ਸਾਲ ਤੋਂ ਯੂਨਿਟ ਵਿੱਚ ਕੰਮ ਕਰ ਰਹੇ ਹਨ। ਉਹ ਇੱਕ-ਇੱਕ ਖੰਭ ਚੁੱਕਦੇ ਹੋਏ ਅਤੇ ਤਿੰਨ-ਤਿੰਨ ਇੰਚ ਦੂਰੀ 'ਤੇ ਬੋਲਟਾਂ ਨਾਲ਼ ਕੱਸੀ ਲੋਹੇ ਦੀ ਕੈਂਚੀ ਦੇ ਵਿਚਕਾਰ ਰੱਖਦੇ ਤੇ ਕੁਤਰਦੇ ਹਨ। "ਲਗਭਗ ਛੇ ਤੋਂ ਦਸ ਇੰਚ ਦੇ ਖੰਭ ਇੱਕੋ ਜਿਹੀ ਲੰਬਾਈ ਵਿੱਚ ਕੱਟੇ ਜਾਂਦੇ ਹਨ," ਉਹ ਕਹਿੰਦੇ ਹਨ।
ਸ਼ੰਕਰ ਕਹਿੰਦੇ ਹਨ, "ਵਿੰਗ ਸ਼ਾਫਟ ਦਾ ਵਿਚਕਾਰਲਾ ਹਿੱਸਾ ਸਭ ਤੋਂ ਮਜ਼ਬੂਤ ਹੁੰਦਾ ਹੈ ਅਤੇ ਸ਼ਟਲ ਬਣਾਉਣ ਲਈ ਅਜਿਹੇ 16 ਹਿੱਸਿਆਂ ਨੂੰ ਬਣਾਇਆ ਜਾਂਦਾ ਹੈ," ਸ਼ੰਕਰ ਕਹਿੰਦੇ ਹਨ, ਉਹ ਉਨ੍ਹਾਂ ਨੂੰ ਕੱਟਦੇ ਹਨ ਅਤੇ ਉਨ੍ਹਾਂ ਨੂੰ ਪਲਾਸਟਿਕ ਦੀਆਂ ਛੋਟੀਆਂ ਟੋਕਰੀਆਂ ਵਿੱਚ ਇਕੱਠਾ ਕਰਦੇ ਹਨ, ਜਿਨ੍ਹਾਂ ਨੂੰ ਦੂਜੇ ਪੜਾਅ ਲਈ ਚਾਰ ਕਾਰੀਗਰਾਂ ਨੂੰ ਸੌਂਪ ਦਿੱਤਾ ਜਾਂਦਾ ਹੈ।
ਪ੍ਰਹਿਲਾਦ ਪਾਲ (35), ਮੋਂਟੂ ਪਾਰਥੋ (42), ਭਵਾਨੀ ਅਧਿਕਾਰੀ (50) ਅਤੇ ਲਿਖਾਨ ਮਾਝੀ (60) ਨੇ ਦੂਜੇ ਪੜਾਅ ਦੀ ਸ਼ੁਰੂਆਤ ਤਿੰਨ ਇੰਚ ਦੇ ਸਾਈਜ ਵਿੱਚ ਕੱਟੇ ਖੰਭਾਂ ਨੂੰ ਆਕਾਰ ਦੇਣ ਨਾਲ਼ ਕੀਤੀ। ਉਹ ਖੰਭਾਂ ਨੂੰ ਲੱਕੜ ਦੀਆਂ ਟ੍ਰੇਆਂ ਵਿੱਚ ਰੱਖਦੇ ਹਨ, ਜੋ ਉਨ੍ਹਾਂ ਦੀਆਂ ਗੋਦਾਂ ਵਿੱਚ ਰੱਖੇ ਜਾਂਦੇ ਹਨ।
ਸ਼ਾਫਟ ਦੇ ਹੇਠਲੇ ਹਿੱਸੇ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਗਿਆ ਹੈ ਅਤੇ ਉੱਪਰਲੇ ਹਿੱਸੇ ਨੂੰ ਸ਼ਾਫਟ ਦੇ ਵਕਰਦਾਰ ਕਿਨਾਰੇ ਦੇ ਨਾਲ਼ ਇੱਕ ਪਾਸੇ ਅਤੇ ਦੂਜੇ ਪਾਸੇ ਸਿੱਧਾ ਕੱਟਿਆ ਗਿਆ ਹੈ। ਖੰਭ ਕੱਟਣ ਅਤੇ ਆਕਾਰ ਦੇਣ ਵਾਲ਼ੇ ਕਾਰੀਗਰ ਹਰ 1,000 ਖੰਭਾਂ ਬਦਲੇ 155 ਰੁਪਏ ਕਮਾਉਂਦੇ ਹਨ, ਜੋ ਪ੍ਰਤੀ ਸ਼ਟਲਕਾੱਕ 2.45 ਰੁਪਏ ਲੈਂਦੇ ਹਨ।
ਨਬੋ ਕੁਮਾਰ ਕਹਿੰਦੇ ਹਨ, "ਖੰਭਾਂ ਦਾ ਭਾਰ ਨਹੀਂ ਹੁੰਦਾ, ਪਰ ਉਨ੍ਹਾਂ ਦੇ ਸ਼ਾਫਟ ਸਖ਼ਤ ਅਤੇ ਮਜ਼ਬੂਤ ਹੁੰਦੇ ਹਨ। ਹਰ 10-15 ਦਿਨਾਂ ਬਾਅਦ, ਸਾਨੂੰ ਕੈਂਚੀ ਨੂੰ ਤਿੱਖਾ ਕਰਨ ਲਈ ਉਨ੍ਹਾਂ ਨੂੰ ਸਥਾਨਕ ਲੁਹਾਰਾਂ ਕੋਲ਼ ਭੇਜਣਾ ਪੈਂਦਾ ਹੈ।
ਇਸ ਦੌਰਾਨ, 47 ਸਾਲਾ ਸੰਜੀਬ ਬੋਦਕ ਇੱਕ ਅਰਧ-ਗੋਲਾਕਾਰ ਕਾਰਕ ਬੇਸ ਦੀ ਡ੍ਰਿਲਿੰਗ ਕਰ ਰਹੇ ਹਨ ਜੋ ਪੂਰੀ ਉਤਪਾਦਨ ਪ੍ਰਕਿਰਿਆ ਵਿੱਚ ਵਰਤੀ ਜਾਣ ਵਾਲ਼ੀ ਇੱਕੋ ਇੱਕ ਹੈਂਡ ਮਸ਼ੀਨ ਹੈ। ਆਪਣੇ ਹੱਥਾਂ ਦੀ ਸਥਿਰਤਾ ਅਤੇ ਪੂਰੀ ਨੀਝ ਲਾਈ ਉਹ ਹਰੇਕ ਅਧਾਰ ਵਿੱਚ ਬਰਾਬਰ ਦੂਰੀ 'ਤੇ 16 ਛੇਕ ਬਣਾਉਂਦੇ ਹਨ। ਉਹ ਹਰ ਡ੍ਰਿਲ ਕੀਤੇ ਕਾਰਕ ਲਈ 3.20 ਰੁਪਏ ਕਮਾਉਂਦੇ ਹਨ।
"ਕਾਰਕ ਬੇਸ ਦੋ ਕਿਸਮਾਂ ਦੇ ਹੁੰਦੇ ਹਨ. "ਕੁਦਰਤੀ ਕਾਰਕ ਦੀ ਵਰਤੋਂ ਬਿਹਤਰ ਗੁਣਵੱਤਾ ਵਾਲ਼ੇ ਖੰਭਾਂ ਲਈ ਕੀਤੀ ਜਾਂਦੀ ਹੈ," ਉਹ ਅੱਗੇ ਕਹਿੰਦੇ ਹਨ। ਸੰਜੀਬ ਅਨੁਸਾਰ, "ਸਿੰਥੈਟਿਕ ਕਾਰਕ ਦੀ ਕੀਮਤ ਲਗਭਗ ਇੱਕ ਰੁਪਿਆ ਹੈ, ਜਦੋਂ ਕਿ ਕੁਦਰਤੀ ਕਾਰਕ ਦੀ ਕੀਮਤ ਲਗਭਗ ਪੰਜ ਰੁਪਏ ਹੈ।''
ਇੱਕ ਵਾਰ ਜਦੋਂ ਕਾਰਕ ਬੇਸ ਡ੍ਰਿਲ ਹੋ ਜਾਂਦਾ ਹੈ, ਤਾਂ ਉਨ੍ਹਾਂ ਨੂੰ ਸੀਨੀਅਰ ਗ੍ਰਾਫਟਿੰਗ ਮਾਹਰ ਤਾਪਸ ਪੰਡਿਤ (52) ਅਤੇ ਸ਼ਿਆਮਸੁੰਦਰ ਘੋਰੋਈ (60) ਨੂੰ ਸੌਂਪ ਦਿੱਤਾ ਜਾਂਦਾ ਹੈ। ਉਹ ਇਨ੍ਹਾਂ ਖੰਭਾਂ ਨੂੰ ਕਾਰਕ ਹੋਲ ਵਿੱਚ ਪਾਉਣ ਦਾ ਸਭ ਤੋਂ ਮਹੱਤਵਪੂਰਣ ਕੰਮ ਕਰਦੇ ਹਨ।
ਹਰੇਕ ਖੰਭ ਨੂੰ ਉਹਦੀ ਕਲਮ ਤੋਂ ਫੜ੍ਹ ਕੇ ਉਹ ਉਹਦੇ ਹੇਠਲੇ ਹਿੱਸੇ 'ਤੇ ਥੋੜ੍ਹੀ ਜਿਹੀ ਕੁਦਰਤੀ ਗੂੰਦ ਲਗਾਉਂਦੇ ਹਨ ਤੇ ਫਿਰ ਉਹ ਹਰੇਕ ਖੰਭ ਨੂੰ ਡ੍ਰਿਲ ਕੀਤੇ ਛੇਕ ਵਿੱਚ ਇੱਕ-ਇੱਕ ਕਰਕੇ ਲਾਉਂਦੇ ਜਾਂਦੇ ਹਨ। ਨਬੋ ਕੁਮਾਰ ਦੱਸਦੇ ਹਨ, "ਖੰਭ 'ਤੇ ਕੰਮ ਕਰਨ ਵਾਲ਼ਾ ਹਰ ਕੰਮ ਵਿਗਿਆਨਕ ਢੰਗ ਨਾਲ਼ ਕੀਤਾ ਜਾਂਦਾ ਹੈ। ਜੇ ਕਿਸੇ ਵੀ ਪੜਾਅ 'ਤੇ ਕੁਝ ਗ਼ਲਤ ਹੋ ਜਾਵੇ ਤਾਂ ਸ਼ਟਲ ਦੀ ਉਡਾਣ, ਰੋਟੇਸ਼ਨ ਅਤੇ ਦਿਸ਼ਾ ਬਦਲ ਜਾਵੇਗੀ।''
"ਖੰਭਾਂ ਨੂੰ ਇੱਕ ਵਿਸ਼ੇਸ਼ ਕੋਣ 'ਤੇ ਇੱਕ ਦੇ ਉੱਪਰ ਇੱਕ ਟਿਕਾਉਣਾ ਹੁੰਦਾ ਹੈ ਤੇ ਇੱਕਸਾਰ ਕਰਨਾ ਪੈਂਦਾ ਹੈ। ਅਜਿਹਾ ਕਰਨ ਲਈ ਸਰੋਤੇ (ਟਵੀਜ਼ਰ) ਦੀ ਵਰਤੋਂ ਕੀਤੀ ਜਾਂਦੀ ਹੈ," ਤਾਪਸ ਨੇ ਪਿਛਲੇ 30 ਸਾਲਾਂ ਵਿੱਚ ਹਾਸਲ ਕੀਤੀ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕਰਦੇ ਹੋਏ ਕਿਹਾ। ਉਨ੍ਹਾਂ ਦੀ ਅਤੇ ਸ਼ਿਆਮਸੁੰਦਰ ਦੀ ਤਨਖਾਹ ਉਨ੍ਹਾਂ ਦੁਆਰਾ ਭਰੇ ਗਏ ਸ਼ਟਲ ਬੈਰਲਾਂ ਦੀ ਗਿਣਤੀ 'ਤੇ ਨਿਰਧਾਰਤ ਹੁੰਦੀ ਹੈ। ਇੱਕ ਬੈਰਲ ਵਿੱਚ 10 ਸ਼ਟਲਾਂ ਹੁੰਦੀਆਂ ਹਨ; ਉਹ 15 ਰੁਪਏ ਪ੍ਰਤੀ ਬੈਰਲ ਕਮਾਉਂਦੇ ਹਨ।
ਕਾਰਕ 'ਤੇ ਖੰਭ ਲਗਾਉਣ ਤੋਂ ਬਾਅਦ, ਇੱਕ ਸ਼ਟਲ ਹੁਣ ਆਪਣਾ ਸ਼ੁਰੂਆਤੀ ਆਕਾਰ ਲੈਂਦਾ ਹੈ। ਇਸ ਤੋਂ ਬਾਅਦ ਸ਼ਟਲ ਨੂੰ ਧਾਗੇ ਬੰਨ੍ਹਣ ਦੀ ਪਹਿਲੀ ਪਰਤ ਲਈ 42 ਸਾਲਾ ਤਾਰੋਖ ਕੋਇਲ ਨੂੰ ਸੌਂਪ ਦਿੱਤਾ ਜਾਂਦਾ ਹੈ। "ਇਹ ਧਾਗੇ ਸਥਾਨਕ ਤੌਰ 'ਤੇ ਖਰੀਦੇ ਜਾਂਦੇ ਹਨ। ਕਪਾਹ ਦੇ ਨਾਲ਼ ਮਿਲ਼ੀ ਨਾਇਲਾਨ ਦੇ ਕਾਰਨ ਉਹ ਬੇਹੱਦ ਮਜ਼ਬੂਤ ਵੀ ਹੁੰਦੇ ਹਨ।'' ਤਾਰੋਖ ਹੱਥ ਵਿੱਚ ਦਸ ਇੰਚ ਲੰਬਾ ਧਾਗਾ ਜਿਸਦੇ ਸਿਰੇ ਬੰਨ੍ਹੇ ਹੁੰਦੇ ਹਨ ਅਤੇ ਦੂਜੇ ਹੱਥ ਵਿੱਚ ਇੱਕ ਸੰਯੋਜਤ ਕਾਰਕ ਅਤੇ ਖੰਭ ਫੜ੍ਹੀ।
16 ਖੰਭਾਂ ਨੂੰ ਜੋੜਨ ਵਿੱਚ ਸਿਰਫ਼ 35 ਸਕਿੰਟ ਲੱਗਦੇ ਹਨ। ਤਾਰੋਖ ਦੱਸਦੇ ਹਨ, "ਧਾਗਾ ਹਰ ਖੰਭ ਸ਼ਾਫਟ ਨੂੰ ਗੰਢ ਤੋਂ ਫੜ੍ਹਨ ਲਈ ਬਣਾਇਆ ਜਾਂਦਾ ਹੈ, ਜਿਸ ਤੋਂ ਬਾਅਦ ਸ਼ਾਫਟ ਵਿਚਕਾਰ ਉਨ੍ਹਾਂ ਨੂੰ ਕੱਸ ਕੇ ਦੋ ਵਾਰੀਂ ਮਰੋੜਿਆ ਜਾਂਦਾ ਹੈ।''
ਉਨ੍ਹਾਂ ਦੇ ਗੁੱਟ ਇੰਨੀ ਤੇਜ਼ੀ ਨਾਲ਼ ਘੁੰਮਦੇ ਹਨ ਕਿ ਉਨ੍ਹਾਂ 'ਤੇ ਨੀਝ ਲੱਗ ਹੀ ਨਹੀਂ ਪਾਉਂਦੀ। ਇਹ 16 ਗੰਢਾਂ ਅਤੇ 32 ਮੋੜ ਉਦੋਂ ਹੀ ਦਿਖਾਈ ਦਿੰਦੇ ਹਨ ਜਦੋਂ ਤਾਰੋਖ ਆਖਰੀ ਗੱਠ ਬੰਨ੍ਹ ਰਹੇ ਹੁੰਦੇ ਹਨ ਅਤੇ ਕੈਂਚੀ ਨਾਲ਼ ਵਾਧੂ ਧਾਗਾ ਕੱਟ ਰਹੇ ਹੁੰਦੇ ਹਨ। ਉਹ ਹਰ 10 ਸ਼ਟਲਾਂ ਬਣਾਉਣ ਲਈ 11 ਰੁਪਏ ਕਮਾਉਂਦੇ ਹਨ।
50 ਸਾਲਾ ਪ੍ਰੋਬਾਸ਼ ਸ਼ਾਸ਼ਮਲ ਹਰ ਸ਼ਟਲਕਾੱਕ ਦੀ ਆਖਰੀ ਵਾਰ ਜਾਂਚ ਕਰਦੇ ਹਨ ਤਾਂ ਜੋ ਸਿੱਧੀ ਲਾਈਨ ਅਤੇ ਧਾਗੇ ਦੀ ਸਥਿਤੀ ਦੀ ਜਾਂਚ ਕੀਤੀ ਜਾ ਸਕੇ। ਜੇ ਲੋੜ ਪੈਂਦੀ ਹੋਵੇ ਤਾਂ ਉਹ ਉਨ੍ਹਾਂ ਦੀ ਮੁਰੰਮਤ ਕਰਦੇ ਹਨ ਅਤੇ ਫਿਰ ਉਹ ਸ਼ਟਲਾਂ ਨੂੰ ਇੱਕ ਤੋਂ ਬਾਅਦ ਦੂਜੇ ਬੈਰਲਾਂ ਵਿੱਚ ਭਰਦੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਵਾਪਸ ਸੰਜੀਬ ਨੂੰ ਭੇਜਦੇ ਹਨ, ਜੋ ਸ਼ਟਲ ਦੀ ਤਾਕਤ ਵਧਾਉਣ ਲਈ ਸਾਫ਼ ਸ਼ਾਫਟਾਂ ਅਤੇ ਧਾਗੇ 'ਤੇ ਸਿੰਥੈਟਿਕ ਰਾਲ ਅਤੇ ਹਾਰਡਨਰ ਦਾ ਮਿਸ਼ਰਣ ਲਗਾਉਂਦੇ ਹਨ।
ਇੱਕ ਵਾਰ ਸੁੱਕਣ ਤੋਂ ਬਾਅਦ, ਸ਼ਟਲਾਂ ਬ੍ਰਾਂਡਿੰਗ ਲਈ ਤਿਆਰ ਹਨ, ਜੋ ਆਖਰੀ ਕਦਮ ਹੈ। "ਅਸੀਂ ਕਾਰਕ ਦੇ ਕਿਨਾਰੇ 'ਤੇ ਬ੍ਰਾਂਡ ਨਾਮ ਵਾਲ਼ੀ ਢਾਈ ਇੰਚ ਲੰਬੀ ਨੀਲੀ ਪੱਟੀ ਚਿਪਕਾਉਂਦੇ ਹਾਂ ਅਤੇ ਸ਼ਾਫਟ ਦੇ ਅਧਾਰ 'ਤੇ ਗੋਲ਼ ਸਟਿੱਕਰ ਲਗਾਉਂਦੇ ਹਾਂ। ਫਿਰ ਹਰੇਕ ਸ਼ਟਲਕਾੱਕ ਨੂੰ ਇੱਕਸਾਰਤਾ ਦੇ ਅਨੁਸਾਰ ਤੋਲਿਆ ਜਾਂਦਾ ਹੈ ਅਤੇ ਬੈਰਲ ਵਿੱਚ ਰੱਖਿਆ ਜਾਂਦਾ ਹੈ।''
*****
ਨਬੋ ਕੁਮਾਰ ਨੇ ਅਗਸਤ 2023 ਵਿੱਚ ਪਾਰੀ ਨਾਲ਼ ਗੱਲਬਾਤ ਵਿੱਚ ਕਿਹਾ ਸੀ, "ਸਾਨੂੰ ਸਾਇਨਾ ਨੇਹਵਾਲ ਅਤੇ ਪੀਵੀ ਸਿੰਧੂ ਤੋਂ ਤਿੰਨ ਓਲੰਪਿਕ ਤਮਗ਼ੇ ਮਿਲ਼ੇ ਹਨ। ਬੈਡਮਿੰਟਨ ਬਹੁਤ ਮਸ਼ਹੂਰ ਹੋ ਰਿਹਾ ਹੈ ਪਰ ਜੇ ਉਲੂਬੇਰੀਆ ਦੇ ਨੌਜਵਾਨ ਭਾਵੇਂ ਖੰਭਾਂ ਨਾਲ਼ ਉੱਡਣਾ ਸਿੱਖ ਰਹੇ ਹੋਣ, ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਉਨ੍ਹਾਂ ਦਾ ਭਵਿੱਖ ਖਿਡਾਰੀਆਂ ਵਾਂਗ ਸੁਰੱਖਿਅਤ ਹੀ ਹੋਵੇਗਾ।''
ਉਲੂਬੇਰੀਆ ਨਗਰ ਪਾਲਿਕਾ ਨੂੰ ਪੱਛਮੀ ਬੰਗਾਲ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਡਾਇਰੈਕਟੋਰੇਟ ਦੁਆਰਾ ਸ਼ਟਲਕਾੱਕ ਨਿਰਮਾਣ ਕਲੱਸਟਰ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਪਰ ਨਬੋ ਕੁਮਾਰ ਕਹਿੰਦੇ ਹਨ, "ਇਸ ਖੇਤਰ ਨੂੰ ਕਲੱਸਟਰ ਵਜੋਂ ਰੱਖਣ ਤੋਂ ਬਾਅਦ ਵੀ ਕੁਝ ਨਹੀਂ ਬਦਲਿਆ ਹੈ। ਇਹ ਸਿਰਫ਼ ਦਿਖਾਵੇ ਲਈ ਹੈ। ਅਸੀਂ ਸਭ ਕੁਝ ਆਪਣੇ ਦਮ 'ਤੇ ਕਰ ਰਹੇ ਹਾਂ।''
ਜਨਵਰੀ 2020 ਵਿੱਚ, ਵਿੰਗ-ਸ਼ਟਲ ਉਦਯੋਗ ਨੂੰ ਬਹੁਤ ਨੁਕਸਾਨ ਹੋਇਆ। ਬੈਡਮਿੰਟਨ ਵਰਲਡ ਫੈਡਰੇਸ਼ਨ ਨੇ ਖੇਡ ਦੀ ਸਥਿਰਤਾ, ''ਆਰਥਿਕ ਅਤੇ ਵਾਤਾਵਰਣਕ ਲਾਭਾਂ'' ਅਤੇ ''ਲੰਬੇ ਸਮੇਂ ਦੀ ਸਥਿਰਤਾ'' ਦਾ ਹਵਾਲਾ ਦਿੰਦੇ ਹੋਏ ਖੇਡ ਦੇ ਸਾਰੇ ਪੱਧਰਾਂ 'ਤੇ ਸਿੰਥੈਟਿਕ ਵਿੰਗਡ ਸ਼ਟਲਾਂ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ । ਫਿਰ ਇਹ ਕਲਾਜ਼ 2.1 ਵਿੱਚ ਬੈਡਮਿੰਟਨ ਦੇ ਨਿਯਮਾਂ ਦਾ ਅਧਿਕਾਰਤ ਹਿੱਸਾ ਬਣ ਗਿਆ, ਜਿਸ ਵਿੱਚ ਕਿਹਾ ਗਿਆ ਸੀ ਕਿ "ਸ਼ਟਲ ਕੁਦਰਤੀ ਅਤੇ/ਜਾਂ ਸਿੰਥੈਟਿਕ ਸਮੱਗਰੀ ਤੋਂ ਬਣੀ ਹੋਵੇਗੀ।''
ਨਬੋ ਕੁਮਾਰ ਪੁੱਛਦੇ ਹਨ, "ਕੀ ਪਲਾਸਟਿਕ ਜਾਂ ਨਾਈਲੋਨ ਦੇ ਖੰਭਾਂ ਤੋਂ ਬਣਿਆ ਸ਼ਟਲਕਾੱਕ ਇਸ ਦਾ ਮੁਕਾਬਲਾ ਕਰ ਸਕਦਾ ਹੈ? ਮੈਨੂੰ ਨਹੀਂ ਪਤਾ ਕਿ ਖੇਡ ਦਾ ਕੀ ਹੋਵੇਗਾ, ਪਰ ਜੇ ਇਹ ਫੈਸਲਾ ਵਿਸ਼ਵ ਪੱਧਰ 'ਤੇ ਲਿਆ ਜਾਂਦਾ ਹੈ, ਤਾਂ ਤੁਹਾਨੂੰ ਲੱਗਦਾ ਹੈ ਕਿ ਅਸੀਂ ਕਿੰਨੇ ਸਮੇਂ ਤੱਕ ਬਚ ਸਕਾਂਗੇ? ਸਾਡੇ ਕੋਲ਼ ਸਿੰਥੈਟਿਕ ਸ਼ਟਲ ਬਣਾਉਣ ਦੀ ਤਕਨਾਲੋਜੀ ਜਾਂ ਹੁਨਰ ਨਹੀਂ ਹੈ।''
"ਅੱਜ ਜ਼ਿਆਦਾਤਰ ਕਾਰੀਗਰ ਮੱਧ ਉਮਰ ਜਾਂ ਬਜ਼ੁਰਗ ਹਨ ਜਿਨ੍ਹਾਂ ਕੋਲ਼ 30 ਜਾਂ ਇਸ ਤੋਂ ਵੱਧ ਸਾਲਾਂ ਦਾ ਤਜ਼ਰਬਾ ਹੈ। ਅਗਲੀ ਪੀੜ੍ਹੀ ਹੁਣ ਇਸ ਨੂੰ ਰੋਜ਼ੀ-ਰੋਟੀ ਦੇ ਵਿਕਲਪ ਵਜੋਂ ਨਹੀਂ ਦੇਖਦੀ," ਉਨ੍ਹਾਂ ਕਿਹਾ ਕਿ ਘੱਟ ਤਨਖਾਹ ਅਤੇ ਇਸ ਹੁਨਰ ਨੂੰ ਪ੍ਰਾਪਤ ਕਰਨ ਲਈ ਲੋੜੀਂਦੇ ਲੰਬੇ ਘੰਟੇ ਨਵੇਂ ਆਉਣ ਵਾਲ਼ਿਆਂ ਲਈ ਰੁਕਾਵਟ ਵਾਂਗ ਜਾਪਦੇ ਹਨ।
ਨਬੋ ਕੁਮਾਰ ਕਹਿੰਦੇ ਹਨ, "ਜੇਕਰ ਸਰਕਾਰ ਗੁਣਵੱਤਾ ਵਾਲ਼ੇ ਖੰਭਾਂ ਦੀ ਸਪਲਾਈ ਨੂੰ ਸੁਖਾਲਾ ਬਣਾਉਣ, ਖੰਭਾਂ ਦੀਆਂ ਕੀਮਤਾਂ ਨੂੰ ਸੀਮਤ ਕਰਨ ਅਤੇ ਨਵੀਆਂ ਤਕਨੀਕੀ ਮਸ਼ੀਨਾਂ ਮੁਹੱਈਆ ਕਰਵਾਉਣ ਲਈ ਕਦਮ ਨਹੀਂ ਚੁੱਕਦੀ, ਤਾਂ ਉਦਯੋਗ ਨੂੰ ਪੂਰੀ ਤਰ੍ਹਾਂ ਅਲੋਪ ਹੋਣ ਵਿੱਚ ਬਹੁਤਾ ਸਮਾਂ ਨਹੀਂ ਲੱਗਣਾ।''
ਰਿਪੋਰਟਰ ਇਸ ਕਹਾਣੀ ਵਿੱਚ ਆਪਣੀ ਬੇਸ਼ਕੀਮਤੀ ਮਦਦ ਲਈ ਅਦ੍ਰਿਸ਼ ਮੈਤੀ ਦਾ ਧੰਨਵਾਦ ਕਰਨਾ ਚਾਹੁੰਦੀ ਹਨ।
ਇਹ ਕਹਾਣੀ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐਮਐਮਐਫ) ਦੀ ਫੈਲੋਸ਼ਿਪ ਤਹਿਤ ਲਿਖੀ ਗਈ ਹੈ।
ਤਰਜਮਾ: ਕਮਲਜੀਤ ਕੌਰ